ਮੁਲਾਜ਼ਮਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ; ਲੋਕ ਹੋ ਰਹੇ ਖੱਜਲ ਖੁਆਰ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਦਾ ਚੱਕਾ ਜਾਮ, ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ
11 ਜੂਨ, 2026 – ਲੁਧਿਆਣਾ/ਮੋਗਾ/ਸੰਗਰੂਰ/ਪਟਿਆਲਾ/ਫਿਰੋਜ਼ਪੁਰ: ਪੰਜਾਬ ਭਰ ਦੇ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ। ਲੁਧਿਆਣੇ ਦੇ ਵਿੱਚ ਵੀ ਅੱਜ ਸਰਕਾਰੀ ਬੱਸਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਸਭ ਤੋਂ ਵੱਧ ਵਿਰੋਧ ਕਿਲੋਮੀਟਰ ਸਕੀਮ ਦਾ ਕਰ ਰਹੇ ਹਾਂ, ਜੇਕਰ ਸਰਕਾਰ ਨੇ ਬੱਸਾਂ ਨੂੰ ਪ੍ਰਾਈਵੇਟ ਹੀ ਕਰਨਾ ਹੈ ਤਾਂ ਫਿਰ ਸਰਕਾਰੀ ਬੱਸਾਂ ਦਾ ਕੀ ਫਾਇਦਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੀ 5 ਨਵੀਆਂ ਵਲਵੋ ਬਸਾਂ ਜੋ ਕਿ ਕਿਲੋਮੀਟਰ ਸਕੀਮ ਦੇ ਤਹਿਤ ਲਿਆਂਦੀਆਂ ਗਈਆਂ ਹਨ ਉਨ੍ਹਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ।
ਮਜਬੂਰੀ ‘ਚ ਕਰ ਰਹੇ ਚੱਕਾ ਜਾਮ
ਕੱਚੇ ਮੁਲਾਜ਼ਮਾਂ ਦਾ ਕਹਿਣਾ ਕਿ ਇਸ ਕਰਕੇ ਸਾਨੂੰ ਇਸ ਸਕੀਮ ਦਾ ਵਿਰੋਧ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਅਸੀਂ ਮੰਨਦੇ ਹਾਂ ਕਿ ਸਾਡੇ ਯਾਤਰੀ ਜ਼ਰੂਰ ਪਰੇਸ਼ਾਨ ਹੋਣਗੇ ਪਰ ਅਸੀਂ ਵੀ ਉਹਨਾਂ ਵਿੱਚੋਂ ਹੀ ਹਾਂ। ਉਹ ਸਾਡੇ ਹੀ ਪਰਿਵਾਰਾਂ ਦੇ ਮੈਂਬਰ ਹਨ ਜੋ ਸਾਡੇ ਨਾਲ ਬੀਤ ਰਹੀ ਹੈ, ਅਸੀਂ ਮਜਬੂਰੀ ਦੇ ਵਿੱਚ ਇਹ ਕੰਮ ਕਰ ਰਹੇ ਹਾਂ।‘ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਸਾਡੇ ਸਾਥੀ ਕਈ ਮਹੀਨਿਆਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹਨ, ਉਨ੍ਹਾਂ ਨੂੰ ਪੁਲਿਸ ਛੱਡ ਨਹੀਂ ਰਹੀ, ਜਦੋਂ ਕਿ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਸਰਕਾਰ ਸਾਡੀ ਗੱਲ ‘ਤੇ ਸਹਿਮਤੀ ਜਤਾਉਣ ਦੇ ਬਾਵਜੂਦ ਵੀ ਵਾਅਦੇ ਪੂਰੇ ਨਹੀਂ ਕਰ ਰਹੀ। ਇਸ ਕਰਕੇ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ।‘
ਜੇਲ੍ਹਾਂ ‘ਚ ਬੰਦ ਸਾਥੀ ਰਿਹਾਅ ਕਰਨ ਦੀ ਮੰਗ
ਇਸ ਤੋਂ ਪਹਿਲਾਂ ਬੀਤੇ ਦਿਨ ਯਾਨੀ 9 ਜੂਨ ਨੂੰ ਪੰਜਾਬ ਰੋਡਵੇਜ਼ ਵੱਲੋਂ ਕਿਲੋਮੀਟਰ ਸਕੀਮ ਦੇ ਤਹਿਤ ਪਾਈਆਂ ਜਾ ਰਹੀਆਂ ਬੱਸਾਂ ਅਤੇ ਉਨ੍ਹਾਂ ਦੇ ਜੇਲ੍ਹਾਂ ਦੇ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਅੱਜ ਦੁਪਹਿਰ 12 ਵਜੇ ਤੋਂ ਬਾਅਦ ਪੀਆਰਟੀਸੀ ਦੀਆਂ ਬੱਸਾਂ ਬੰਦ ਕੀਤੀਆਂ ਜਾ ਰਹੀਆਂ ਨੇ, ਇਸ ਤੋਂ ਇਲਾਵਾ 11 ਜੂਨ ਯਾਨੀ ਕੱਲ੍ਹ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਚੰਡੀਗੜ੍ਹ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਗਈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਨਿੱਜੀਕਰਨ ਨੂੰ ਸ਼ਹਿ ਦੇ ਰਹੀ ਸਰਕਾਰ
ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਕਿਲੋਮੀਟਰ ਸਕੀਮ ਨੂੰ ਬੰਦ ਕਰਨ ਦੀ ਥਾਂ ‘ਤੇ ਹੋਰ ਵੀ ਵਧਾਵਾ ਦੇ ਰਹੀ ਹੈ, ਜਿਸ ਨਾਲ ਨਿੱਜੀਕਰਨ ਬੱਸਾਂ ਦਾ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਕਈ ਸਾਥੀ ਜਿਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਗੰਭੀਰ ਧਰਾਵਾਂ ਲਗਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ, ਉਨ੍ਹਾਂ ਨੂੰ ਵੀ ਛੱਡਣ ਲਈ ਕੋਈ ਸਹਿਮਤੀ ਨਹੀਂ ਜਤਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਹ ਲਗਾਤਾਰ ਕੱਲ੍ਹ-ਕੱਲ੍ਹ ਕਰ ਰਹੇ ਹਨ ਪਰ ਸਰਕਾਰ ਕੋਈ ਰਾਹ ਨਹੀਂ ਦੇ ਰਹੀ, ਜਿਸ ਕਰਕੇ ਮਜਬੂਰੀ ‘ਚ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ 22 ਜੂਨ ਨੂੰ ਧਰਨੇ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਕੱਲ੍ਹ ਤੋਂ ਹੀ ਇਸ ਦੀ ਸ਼ੁਰੂਆਤ ਉਹਨਾਂ ਵੱਲੋਂ ਕਰ ਦਿੱਤੀ ਗਈ ਹੈ।
ਮੋਗਾ ਵਿੱਚ ਵੀ ਚੱਕਾ ਜਾਮ
ਉਥੇ ਹੀ ਪੰਜਾਬ ਦੇ ਮੋਗਾ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦਾ ਸੰਘਰਸ਼ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਹੜਤਾਲ ਜਾਰੀ ਹੈ। ਅੱਜ ਜਿੱਥੇ ਪਨਬੱਸ ਦੀਆਂ ਬੱਸਾਂ ਦਾ ਪੂਰਨ ਚੱਕਾ ਜਾਮ ਰਿਹਾ, ਉੱਥੇ ਹੀ ਪੀਆਰਟੀਸੀ ਦੀਆਂ ਬੱਸਾਂ ਵੀ ਦੁਪਹਿਰ 2 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮ ਯੂਨੀਅਨਾਂ ਦਾ ਕਹਿਣਾ ਹੈ ਕਿ ‘ਕਈ ਸਾਲਾਂ ਤੋਂ ਸਰਕਾਰ ਕੋਲ ਆਪਣੀਆਂ ਮੰਗਾਂ ਰੱਖਦੇ ਆ ਰਹੇ ਹਨ, ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਅਤੇ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ। ਹੜਤਾਲ ਦੇ ਚੱਲਦਿਆਂ ਅੱਜ ਸੂਬੇ ਭਰ ਵਿੱਚ ਪਨਬੱਸ ਦੀਆਂ ਬੱਸਾਂ ਦਾ ਚੱਕਾ ਜਾਮ ਰਿਹਾ। ਇਸ ਦੇ ਨਾਲ ਹੀ ਪੀਆਰਟੀਸੀ ਮੁਲਾਜ਼ਮਾਂ ਨੇ ਵੀ ਐਲਾਨ ਕੀਤਾ ਕਿ ਦੁਪਹਿਰ 2 ਵਜੇ ਤੋਂ ਉਨ੍ਹਾਂ ਦੀਆਂ ਬੱਸਾਂ ਵੀ ਸੜਕਾਂ ਤੋਂ ਹਟਾ ਦਿੱਤੀਆਂ ਜਾਣਗੀਆਂ। ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਨਿੱਜੀ ਜਾਂ ਹੋਰ ਵਿਕਲਪਕ ਸਾਧਨਾਂ ਦਾ ਸਹਾਰਾ ਲੈਣਾ ਪਿਆ।
ਸੰਗਰੂਰ ਵਿਖੇ ਤਪਦੀ ਧੁੱਪ ‘ਚ ਬੈਠੇ ਕੱਚੇ ਕਾਮੇ
ਅੱਜ ਸੰਗਰੂਰ ਵਿਖੇ ਵੀ ਤਪਦੀ ਧੁੱਪ ਅਤੇ ਗਰਮੀ ‘ਚ ਚੱਕਾ ਜਾਮ ਕਰ ਕੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ‘ਸਾਡੀ ਹਰਿਆਣਾ ਰੋਡਵੇਜ਼ ਅਤੇ ਸੀਟੀਯੂ ਦੇ ਨਾਲ ਵੀ ਮੀਟਿੰਗ ਚੱਲ ਰਹੀ ਹੈ। ਪੰਜਾਬ ਦੇ ਕੱਚੇ ਕਾਮਿਆਂ ਨੂੰ ਗੁਆਂਢੀ ਸੂਬਿਆਂ ਤੋਂ ਵੀ ਸਮਰਥਨ ਮਿਲ ਸਕਦਾ ਹੈ। ਜਿਹੜੀਆਂ ਇਹ ਸਾਡੀਆਂ ਮੰਗਾਂ ਨੇ ਕੋਈ ਅੱਜ ਦੀਆਂ ਨਹੀਂ ਬਲਕਿ ਇਨ੍ਹਾਂ ਲਈ ਅਸੀਂ ਪਹਿਲਾਂ ਤੋਂ ਹੀ ਸੰਘਰਸ਼ ਲੜਦੇ ਆ ਰਹੇ ਹਾਂ ਪਰ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਹੈ। ਤਕਰੀਬਨ ਛੇ ਮਹੀਨੇ ਉੱਪਰ ਦਾ ਸਮਾਂ ਹੋ ਚੁੱਕਾ ਹੈ। ਸਾਡੇ ਜਿਹੜੇ ਸਾਥੀ ਹਨ ਜੇਲ੍ਹਾਂ ਦੇ ਵਿੱਚ ਬੰਦ ਹਨ ਉਨ੍ਹਾਂ ਦੀ ਰਿਹਾਈ ਵਾਸਤੇ ਅਸੀਂ ਤਕਰੀਬਨ ਪੰਜਾਬ ਤੋਂ 60 ਮੀਟਿੰਗਾਂ ਸਰਕਾਰ ਦੇ ਨੁਮਾਇੰਦਿਆਂ ਨਾ ਕਰ ਚੁੱਕੇ ਹਾਂ ਪਰ ਸੁਣਵਾਈ ਨਹੀਂ ਹੋਈ।‘
ਸ਼ਾਹੀ ਸ਼ਹਿਰ ਪਟਿਆਲਾ ‘ਚ ਚੱਕਾ ਜਾਮ
ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮ ਯੂਨੀਅਨ ਦੇ ਪਟਿਆਲਾ ਪ੍ਰਧਾਨ ਰਮੇਸ਼ ਕੁਮਾਰ ਵਿਕੀ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਮੰਗਾਂ ਦੇ ਹੱਲ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਪਹਿਲਾਂ ਹੀ ਹੜਤਾਲ ‘ਤੇ ਹਨ ਅਤੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਪੀ.ਆਰ.ਟੀ.ਸੀ. ਦੀ ਵੀ ਮੁਕੰਮਲ ਹੜਤਾਲ ਸ਼ੁਰੂ ਹੋ ਗਈ ਹੈ। ਮੁਲਾਜ਼ਮ ਵਿੱਕੀ ਨੇ ਕਿਹਾ ਕਿ ‘ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਠੇਕੇਦਾਰੀ ਸਿਸਟਮ ਖ਼ਤਮ ਕਰਨਾ, ਵਿਭਾਗ ਵਿੱਚ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਦੀ ਗਿਣਤੀ ਵਧਾਉਣਾ ਅਤੇ ਪਿਛਲੇ ਸੰਘਰਸ਼ਾਂ ਦੌਰਾਨ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਡਿਪੂ ਦੇ ਕਰੀਬ 10 ਮੁਲਾਜ਼ਮ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਜਦਕਿ ਉਹ ਕੋਈ ਅਪਰਾਧੀ ਜਾਂ ਗੈਂਗਸਟਰ ਨਹੀਂ ਸਗੋਂ ਆਪਣੇ ਹੱਕਾਂ ਅਤੇ ਵਿਭਾਗ ਦੀ ਭਲਾਈ ਲਈ ਸੰਘਰਸ਼ ਕਰ ਰਹੇ ਮੁਲਾਜ਼ਮ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਮੁਲਾਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜੇਲ੍ਹਾਂ ਵਿੱਚ ਬੰਦ ਮੁਲਾਜ਼ਮਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲਏ ਜਾਣ।
ਫਿਰੋਜ਼ਪੁਰ ਵਿਖੇ ਗਰਮੀ ‘ਚ ਖੱਜਲ ਹੋ ਰਹੇ ਲੋਕਾਂ ‘ਚ ਰੋਸ
ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅਸਰ ਅੱਜ ਫਿਰੋਜ਼ਪੁਰ ਵਿੱਚ ਸਪੱਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਸਰਕਾਰੀ ਬੱਸਾਂ ਦੇ ਚੱਕਾ ਜਾਮ ਕਾਰਨ ਬੱਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ, ਜਿਸ ਕਾਰਨ ਬੱਸ ਅੱਡੇ ‘ਤੇ ਪਹੁੰਚੇ ਸੈਂਕੜੇ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀ ਘੰਟਿਆਂ ਤੱਕ ਬੱਸਾਂ ਦੀ ਉਡੀਕ ਕਰਦੇ ਰਹੇ ਪਰ ਉਨ੍ਹਾਂ ਨੂੰ ਆਪਣੇ ਮੰਜ਼ਿਲ ਤੱਕ ਜਾਣ ਲਈ ਕੋਈ ਸਰਕਾਰੀ ਬੱਸ ਨਹੀਂ ਮਿਲੀ। ਬੱਸ ਅੱਡੇ ‘ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਘੰਟਿਆਂ ਤੋਂ ਵੱਧ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਹੇ ਹਨ। ਬੱਸ ਸੇਵਾਵਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖਰਚੇ ਵੀ ਵੱਧ ਗਏ ਹਨ। ਯਾਤਰੀਆਂ ਨੇ ਕਿਹਾ ਕਿ ਅਚਾਨਕ ਬੱਸਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਜ਼ਰੂਰੀ ਕੰਮਾਂ, ਨੌਕਰੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੱਸ ਅੱਡੇ ‘ਤੇ ਮੌਜੂਦ ਔਰਤਾਂ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ‘ਇੱਕ ਪਾਸੇ ਸਰਕਾਰ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਪਨਬਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਹੀ ਨਹੀਂ ਚੱਲ ਰਹੀਆਂ‘। ਉਨ੍ਹਾਂ ਕਿਹਾ ਕਿ ‘ਜਦੋਂ ਬੱਸਾਂ ਹੀ ਉਪਲਬਧ ਨਹੀਂ ਹੋਣਗੀਆਂ ਤਾਂ ਮੁਫ਼ਤ ਸਫ਼ਰ ਦੀ ਸਹੂਲਤ ਦਾ ਕੋਈ ਲਾਭ ਨਹੀਂ। ਯਾਤਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਹੜਤਾਲ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ ਜੋ ਰੋਜ਼ਾਨਾ ਸਫ਼ਰ ਲਈ ਸਰਕਾਰੀ ਬੱਸਾਂ ‘ਤੇ ਨਿਰਭਰ ਹਨ।‘
ETV BHARAT