ਬਾਸਕਟਬਾਲ ਖਿਡਾਰੀ ਫਤਿਹਜੀਤ ਸਿੰਘ ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਰਹਿਣ ਵਾਲਾ ਹੈ।
12 ਜੂਨ, 2026 – ਮਾਨਸਾ: ਇੰਡੀਆ ਟੀਮ ਦਾ ਬਾਸਕਟਬਾਲ ਖਿਡਾਰੀ ਫਤਿਹਜੀਤ ਸਿੰਘ ਸ਼੍ਰੀਲੰਕਾ ‘ਚ ਹੋਈ ਬਾਸਕਟਬਾਲ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਮਾਨਸਾ ਵਿਖੇ ਆਪਣੇ ਜੱਦੀ ਪਿੰਡ ਭੈਣੀ ਬਾਘਾ ਵਿਖੇ ਪਹੁੰਚਿਆ। ਇਸ ਦੌਰਾਨ ਜਿਸ ਗਰਾਊਂਡ ਦੇ ਵਿੱਚ ਫਤਿਹਜੀਤ ਸਿੰਘ ਨੇ ਪ੍ਰੈਕਟਿਸ ਕੀਤੀ ਸੀ, ਉਹ ਉਸ ਗਰਾਊਂਡ ਦੇ ਵਿੱਚ ਵੀ ਪਹੁੰਚੇ, ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਚੈਂਪੀਅਨਸ਼ਿਪ ਜਿੱਤ ਕੇ ਪਿੰਡ ਪਹੁੰਚਿਆ
ਇਸ ਦੌਰਾਨ ਫਤਿਹਜੀਤ ਸਿੰਘ ਨੇ ਦੱਸਿਆ ਕਿ “ਉਹਨਾਂ ਵੱਲੋਂ ਪਿੰਡ ਭੈਣੀ ਬਾਘਾ ਦੇ ਵਿੱਚ ਪ੍ਰੈਕਟਿਸ ਕੀਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਵਿਖੇ ਲਗਾਤਾਰ ਅਕੈਡਮੀ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਨ। ਉਹ ਇਸ ਸਮੇਂ ਭਾਰਤੀ ਟੀਮ ਦਾ ਹਿੱਸਾ ਬਣੇ ਹੋਏ ਹਨ ਅਤੇ ਸ਼੍ਰੀਲੰਕਾ ਦੇ ਵਿੱਚ ਹੋਈ ਚੈਂਪੀਅਨਸ਼ਿਪ ਦੇ ਦੌਰਾਨ ਭਾਰਤੀ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਸੀ। ਅੱਜ ਉਹਨਾਂ ਨੂੰ ਆਪਣੇ ਸ਼ਹਿਰ ਆ ਕੇ ਬਹੁਤ ਮਾਨ–ਸਨਮਾਨ ਮਿਲ ਰਿਹਾ।”
ਮਾਨਸਾ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ
ਇਸ ਦੌਰਾਨ ਆਈਪੀਐਸ ਭਾਵਨਾ ਗੁਪਤਾ ਵੱਲੋਂ ਵੀ ਫਤਿਹਜੀਤ ਸਿੰਘ ਦੀ ਖੇਡ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ “ਅਜਿਹੇ ਨੌਜਵਾਨ ਆਪਣੇ ਏਰੀਏ ਦਾ ਨਾਮ ਰੌਸ਼ਨ ਕਰਦੇ ਹਨ, ਜੋ ਖੇਡਾਂ ਦੇ ਵਿੱਚ ਚੰਗਾ ਨਾਮਣਾ ਖੱਟਦੇ ਹਨ। ਉਹਨਾਂ ਕਿਹਾ ਕਿ ਫਤਿਹਜੀਤ ‘ਤੇ ਸਾਨੂੰ ਮਾਣ ਹੈ, ਜਿਸ ਨੇ ਭਾਰਤੀ ਟੀਮ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।”
ਪਿੰਡ ‘ਚ ਹੋਇਆ ਭਰਵਾਂ ਸਵਾਗਤ
ਇਸ ਦੌਰਾਨ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਅਤੇ ਪਿੰਡ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੱਥੋਂ ਦਾ ਨੌਜਵਾਨ ਭਾਰਤ ਦੀ ਬਾਸਕਟਬਾਲ ਟੀਮ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਪ੍ਰਾਪਤੀ ਨੇ ਜਿੱਥੇ ਸਾਡੇ ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਤਾਂ ਉਥੇ ਹੀ ਸੂਬੇ ਦਾ ਨਾਂ ਵੀ ਚਮਕਾਇਆ ਹੈ।
ਭਾਰਤੀ ਬਾਸਕਟਬਾਲ ਟੀਮ ਦਾ ਹੈ ਹਿੱਸਾ
ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦਾ ਨੌਜਵਾਨ ਫਤਿਹਜੀਤ ਸਿੰਘ, ਜੋ ਭਾਰਤੀ ਬਾਸਕਟਬਾਲ ਟੀਮ ਦੇ ਵਿੱਚ ਖੇਡ ਰਿਹਾ ਹੈ। ਫਤਿਹਜੀਤ ਸਿੰਘ ਸ਼੍ਰੀਲੰਕਾ ‘ਚ ਹੋਈ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਵੱਲੋਂ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਮਾਨਸਾ ਪਹੁੰਚੇ। ਇਸ ਦੌਰਾਨ ਉਹ ਪਿੰਡ ਭੈਣੀ ਬਾਘਾ ਦੇ ਉਸ ਖੇਡ ਗਰਾਊਂਡ ‘ਚ ਵੀ ਪਹੁੰਚੇ, ਜਿੱਥੋਂ ਉਨ੍ਹਾਂ ਨੇ ਆਪਣੀ ਖੇਡ ਦੀ ਸ਼ੁਰੂਆਤ ਕੀਤੀ ਸੀ। ਜਿੱਥੇ ਪਿੰਡ ਭੈਣੀ ਬਾਘਾ ਦੀ ਪੰਚਾਇਤ ਵੱਲੋਂ ਉਨ੍ਹਾਂ ਦਾ ਢੋਲ ਨਾਲ ਅਤੇ ਕੇਕ ਕੱਟ ਕੇ ਸਵਾਗਤ ਕੀਤਾ ਗਿਆ।
ETV BHARAT