2027 ਲਈ ਦਿੱਤੀ ਚੇਤਾਵਨੀ
ਬਰਨਾਲਾ ਵਿੱਚ ਆਸ਼ਾ ਵਰਕਰਾਂ ਨੇ ਭਾਂਡੇ ਖੜਕਾ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ।
13 ਜੂਨ, 2026 – ਬਰਨਾਲਾ/ਮੋਗਾ: ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁੱਕਰਨ ਦੇ ਰੋਸ ਵਜੋਂ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਡੀ.ਸੀ. ਦਫ਼ਤਰਾਂ ਸਾਹਮਣੇ ‘ਭਾਂਡੇ ਖੜਕਾਓ, ਪੰਜਾਬ ਸਰਕਾਰ ਜਗਾਓ‘ ਮੁਹਿੰਮ ਤਹਿਤ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਵਿਖੇ ਬਲਾਕ ਧਨੌਲਾ, ਮਹਿਲ ਕਲਾਂ ਅਤੇ ਤਪਾ ਦੀਆਂ ਸੈਂਕੜੇ ਵਰਕਰਾਂ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਪਿੱਟ-ਸਿਆਪਾ ਕੀਤਾ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ“
ਯੂਨੀਅਨ ਦੀ ਸੂਬਾ ਪ੍ਰਧਾਨ ਪਾਵਨਪ੍ਰੀਤ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਆਸ਼ਾ ਵਰਕਰਾਂ ਦੇ 2500 ਰੁਪਏ ਦੇ ਭੱਤੇ ਨੂੰ ਦੁੱਗਣਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਘੱਟੋ–ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਪਰ ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਜੇਕਰ ਇੱਕ ਔਰਤ ਸਬਰ ਰੱਖ ਸਕਦੀ ਹੈ, ਤਾਂ ਸਬਰ ਦਾ ਭਾਂਡਾ ਭਰਨ ‘ਤੇ ਉਹ ‘ਝਾਂਸੀ ਦੀ ਰਾਣੀ‘ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਜੇਕਰ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਇਸ ਦਾ ਖ਼ਾਮਿਆਜ਼ਾ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।”
ਸਰਕਾਰ ਸਾਹਮਣੇ ਰੱਖੀਆਂ ਮੁੱਖ ਮੰਗ
ਯੂਨੀਅਨ ਨੇ ਸਰਕਾਰ ਸਾਹਮਣੇ ਆਪਣੀਆਂ ਮੁੱਖ ਮੰਗਾਂ ਰੱਖਦਿਆਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ 24,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਦੂਜੇ ਸਰਕਾਰੀ ਮੁਲਾਜ਼ਮਾਂ ਵਾਂਗ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ 62 ਸਾਲ ਦੀ ਸੇਵਾਮੁਕਤੀ ‘ਤੇ ਖਾਲੀ ਹੱਥ ਘਰ ਭੇਜਣ ਦੀ ਬਜਾਏ 5 ਲੱਖ ਰੁਪਏ ਗ੍ਰੈਚੁਟੀ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪ੍ਰੀਖਿਆ ਪਾਸ ਕਰ ਚੁੱਕੀਆਂ ਭੈਣਾਂ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਹਰਿਆਣਾ ਦੀ ਤਰਜ਼ ‘ਤੇ ਪੰਜਾਬ ਵਿੱਚ ਇੱਕ ਬਿਹਤਰ ‘ਪੰਜਾਬ ਪੈਟਰਨ’ ਲਾਗੂ ਕੀਤਾ ਜਾਵੇ।
“ਸੀਐਮ ਮਾਨ ਆਪਣੀ ਪਤਨੀ ਨੂੰ 2500 ਰੁਪਏ ਦੇ ਕੇ ਇੱਕ ਦਿਨ ਦੀ ਸ਼ਾਪਿੰਗ ਕਰਵਾ ਕੇ ਦਿਖਾਉਣ“
ਧਰਨੇ ਵਿੱਚ ਸ਼ਾਮਲ ਬਲਾਕ ਧਨੌਲਾ ਦੇ ਪਿੰਡ ਸੇਖਾ ਤੋਂ ਆਸ਼ਾ ਵਰਕਰ ਇੰਦਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸਿਆਸੀ ਵਾਣ ਛੱਡਦਿਆਂ ਕਿਹਾ ਕਿ “ਮਾਨ ਸਾਹਿਬ ਕਹਿੰਦੇ ਸਨ ਕਿ ਸਾਡੀ ਸਰਕਾਰ ਆਉਣ ‘ਤੇ ਕੋਈ ਧਰਨਾ ਨਹੀਂ ਲੱਗੇਗਾ, ਪਰ ਅੱਜ ਸਾਨੂੰ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਕੀਤਾ ਗਿਆ ਹੈ। ਜਿਹੜਾ 2500 ਰੁਪਏ ਦਾ ਮਾਮੂਲੀ ਭੱਤਾ ਸਾਨੂੰ ਮਿਲਦਾ ਹੈ, ਉਹ ਵੀ ਤਿੰਨ–ਤਿੰਨ ਮਹੀਨੇ ਲੇਟ ਆਉਂਦਾ ਹੈ। ਮਾਨ ਸਾਬ੍ਹ ਆਪਣੀ ਪਤਨੀ ਨੂੰ 2500 ਰੁਪਏ ਦੇਕੇ ਇੱਕ ਦਿਨ ਦੀ ਸ਼ਾਪਿੰਗ ਕਰਵਾ ਕੇ ਦਿਖਾਉਣ, ਫਿਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਗੁਜ਼ਾਰਾ ਕਿਵੇਂ ਹੁੰਦਾ ਹੈ। ਸਰਕਾਰ ਕਰੋੜਾਂ ਰੁਪਏ ਆਪਣੇ ਬੈਨਰਾਂ ਅਤੇ ਲੂਣ ਦੀਆਂ ਥੈਲੀਆਂ ‘ਤੇ ਫੋਟੋਆਂ ਲਗਾਉਣ ‘ਤੇ ਬਰਬਾਦ ਕਰ ਰਹੀ ਹੈ, ਪਰ ਗਰੀਬ ਵਰਕਰਾਂ ਵੱਲ ਕੋਈ ਧਿਆਨ ਨਹੀਂ ਹੈ।”
“ਪੂਰੇ ਪੰਜਾਬ ਵਿੱਚ ਲਗਭਗ 27,000 ਆਸ਼ਾ ਵਰਕਰਾਂ ਹਨ“
ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਲਗਭਗ 27,000 ਆਸ਼ਾ ਵਰਕਰਾਂ ਹਨ, ਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ। ਬੀਤੇ ਦਿਨ੍ਹੀਂ ਪਟਿਆਲਾ ਵਿਖੇ ਧਾਰਾ 144 ਲੱਗੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਇਕੱਠੇ ਹੋ ਕੇ ਰੋਸ ਜਤਾਇਆ। ਵਰਕਰਾਂ ਨੇ ਸਰਕਾਰ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਕੋਲ ਦੇਣ ਲਈ ਕੁਝ ਨਹੀਂ ਹੁੰਦਾ, ਤਾਂ ਉਹ ਲਾਠੀਆਂ ਦਾ ਸਹਾਰਾ ਲੈਂਦੀ ਹੈ। ਯੂਨੀਅਨ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ।
‘ਮੋਗਾ ਵਿੱਚ ਪ੍ਰਦਰਸ਼ਨ‘
ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਅੱਜ ਮੋਗਾ ਦੇ ਬੱਸ ਸਟੈਂਡ ਚੌਂਕ ਵਿੱਚ ਥਾਲੀਆਂ ਵਜਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦੀਦਾਰੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ। ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ।
‘ਆਸ਼ਾ ਵਰਕਰਾਂ ਕਰ ਰਹੀਆਂ ਮਿਹਨਤ‘
ਉਨ੍ਹਾਂ ਕਿਹਾ ਕਿ ਭਿਆਨਕ ਗਰਮੀ ਅਤੇ 45 ਡਿਗਰੀ ਤੋਂ ਵੱਧ ਤਾਪਮਾਨ ਦੇ ਬਾਵਜੂਦ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ, ਗਰਭਵਤੀ ਮਹਿਲਾਵਾਂ ਅਤੇ ਨਵਜਾਤ ਬੱਚਿਆਂ ਦੀ ਦੇਖਭਾਲ, ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਦਵਾਈ ਪਿਲਾਉਣ, ਟੀਬੀ ਮਰੀਜ਼ਾਂ ਦੀ ਨਿਗਰਾਨੀ ਅਤੇ ਬਜ਼ੁਰਗਾਂ ਦੀ ਸੰਭਾਲ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਆਸ਼ਾ ਵਰਕਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਹਨ।
ਪ੍ਰਧਾਨ ਮਨਦੀਪ ਕੌਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ, ਹੜ੍ਹਾਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਦੌਰਾਨ ਵੀ ਆਸ਼ਾ ਵਰਕਰਾਂ ਨੇ ਫਰੰਟਲਾਈਨ ‘ਤੇ ਰਹਿ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਨਾਲ ਭੇਦਭਾਵਪੂਰਨ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੀਆਂ ਮੁੱਖ ਮੰਗਾਂ ਵਿੱਚ ਘੱਟੋ-ਘੱਟ ਤਨਖ਼ਾਹ ਕਾਨੂੰਨ ਤਹਿਤ 24 ਹਜ਼ਾਰ ਰੁਪਏ ਮਹੀਨਾਵਾਰ ਵੇਤਨ ਲਾਗੂ ਕਰਨਾ, ਬੰਦ ਕੀਤੇ ਗਏ ਇਨਸੈਂਟਿਵ ਮੁੜ ਬਹਾਲ ਕਰਨਾ, ਫੈਸਿਲੀਟੇਟਰਾਂ ਦੇ ਭੱਤੇ ਵਿੱਚ ਵਾਧਾ ਕਰਨਾ, ਏਐਨਐਮ ਪ੍ਰੀਖਿਆ ਪਾਸ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨਾ ਅਤੇ ਸਰਕਾਰੀ ਸਰਵੇਖਣਾਂ ਤੇ ਯੋਜਨਾਵਾਂ ਵਿੱਚ ਉਚਿਤ ਸਨਮਾਨ ਦੇ ਨਾਲ ਸ਼ਾਮਲ ਕਰਨਾ ਸ਼ਾਮਲ ਹੈ। ਆਸ਼ਾ ਵਰਕਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਦੇ ਘਰਾਂ ਦਾ ਘੇਰਾਓ ਵੀ ਕੀਤਾ ਜਾਵੇਗਾ।
ETV BHARAT