ਇਲਾਕੇ ਵਿੱਚ ਵਧ ਰਹੇ ਨਸ਼ੇ ਕਾਰਨ ਲੋਕਾਂ ਵਿੱਚ ਭਾਰੀ ਚਿੰਤਾ
13 ਜੂਨ, 2026 – ਦਿੜ੍ਹਬਾ ਮੰਡੀ : ਦਿੜ੍ਹਬਾ ਮੰਡੀ ਵਿੱਚ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਮਨਪ੍ਰੀਤ ਸਿੰਘ (24) ਉਰਫ ਮਨੀ ਵਜੋਂ ਹੋਈ ਹੈ। ਮਾਤਾ ਜਸਵੰਤ ਕੌਰ ਦਾ ਇੱਕ ਪੁੱਤਰ ਵਿਦੇਸ਼ ਰਹਿੰਦਾ ਹੈ ਅਤੇ ਉਹ ਮਨਪ੍ਰੀਤ ਸਿੰਘ ਨਾਲ ਦਿੜ੍ਹਬਾ ਵਿਖੇ ਆਪਣੇ ਘਰ ਰਹਿ ਰਹੀ ਸੀ।
ਮ੍ਰਿਤਕ ਦੇ ਚਚੇਰੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਚਾਰ ਵਜੇ ਘਰ ਆ ਕੇ ਬਾਥਰੂਮ ਵਿੱਚ ਦੇਖਿਆ ਤਾਂ ਮਨਪ੍ਰੀਤ ਸਿੰਘ ਮਨੀ ਤੜਫ ਰਿਹਾ ਸੀ ਅਤੇ ਉਸ ਦੀ ਬਾਂਹ ’ਤੇ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ, ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਉਹ 2023 ਤੋਂ ਨਸ਼ਾ ਕਰਨ ਲੱਗਿਆ ਸੀ।
ਪਤਾ ਲੱਗਿਆ ਹੈ ਉਸ ਨੇ ਨਸ਼ੇ ਲਈ ਘਰ ਦਾ ਕਾਫੀ ਸਾਮਾਨ ਵੀ ਵੇਚ ਦਿੱਤਾ ਸੀ ਅਤੇ ਜ਼ਮੀਨ ਵੀ ਬਹੁਤ ਘੱਟ ਗਈ ਸੀ। ਨਗਰ ਪੰਚਾਇਤ ਦਿੜ੍ਹਬਾ ਦੇ ਐੱਮ ਸੀ ਪ੍ਰਗਟ ਸਿੰਘ ਅਤੇ ਦਿੜ੍ਹਬਾ ਵਾਸੀਆਂ ਨੇ ਦੱਸਿਆ ਕਿ ਜੇ ਸਰਕਾਰ ਨੇ ਨਸ਼ਿਆਂ ਪ੍ਰਤੀ ਜ਼ਮੀਨੀ ਪੱਧਰ ’ਤੇ ਧਿਆਨ ਨਾ ਦਿੱਤਾ ਤਾਂ ਨਸ਼ੇ ਦਾ ਦੈਂਤ ਹੋਰ ਵੀ ਨੌਜਵਾਨਾਂ ਨੂੰ ਨਿਗਲੇਗਾ।
ਪੰਜਾਬੀ ਟ੍ਰਿਬਯੂਨ