ਸੰਗਤ ਦਾ ਹੈ ਅਟੁੱਟ ਵਿਸ਼ਵਾਸ
ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਜੁੜਿਆ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਦਾ ਇਤਿਹਾਸ। ਜਿੱਥੇ 4 ਪਸਿੱਧ ਗੁਰਦੁਆਰੇ ਅੱਜ ਵੀ ਸਥਿਤ ਹਨ।
15 ਜੂਨ, 2026 – ਲੁਧਿਆਣਾ: ਲੁਧਿਆਣਾ ਦਾ ਪਿੰਡ ਘੁਡਾਣੀ ਕਲਾਂ ਸਿੱਖ ਕੌਮ ਦੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ। ਜਿੱਥੇ ਉਹ 1688 ਈਸਵੀ ਦੇ ਵਿੱਚ ਇਸ ਥਾਂ ‘ਤੇ ਆਏ ਸਨ। ਇੱਥੇ ਸਥਿਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਹੈਡ ਗ੍ਰੰਥੀ ਮੁਤਾਬਿਕ ਜਦੋਂ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ। ਤਾਂ ਉਨ੍ਹਾਂ ਨੇ ਮੀਰੀ ਪੀਰੀ ਦਾ ਐਲਾਨ ਕੀਤਾ ਸੀ।
ਪਿੰਡ ਘੁਡਾਣੀ ਕਲਾਂ ਵਿੱਚ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕਈ ਇਤਿਹਾਸਕ ਗੁਰਦੁਆਰੇ ਸੁਭਾਇਮਾਨ ਹਨ। ਜਿਵੇਂ ਕਿ…
- ਗੁਰਦੁਆਰਾ ਸ੍ਰੀ ਚੋਲਾ ਸਾਹਿਬ:ਇਹ ਪਿੰਡ ਦਾ ਮੁੱਖ ਅਤੇ ਸਭ ਤੋਂ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਹੈ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਪਵਿੱਤਰ ਚੋਲਾ ਸਾਹਿਬ ਅਤੇ ਪਾਵਨ ਪੋਥੀ ਸੁਸ਼ੋਭਿਤ ਹਨ, ਜਿਨ੍ਹਾਂ ਦੇ ਸੰਗਤਾਂ ਖਾਸ ਤੌਰ ‘ਤੇ ਦਰਸ਼ਨ ਕਰਦੀਆਂ ਹਨ।
- ਗੁਰਦੁਆਰਾ ਨਿੰਮਸਰ ਸਾਹਿਬ:ਇਹ ਪਵਿੱਤਰ ਅਸਥਾਨ ਵੀ ਗੁਰੂ ਜੀ ਦੀ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਹੈ।
- ਗੁਰਦੁਆਰਾ ਦਮਦਮਾ ਸਾਹਿਬ:ਇਹ ਇਤਿਹਾਸਕ ਅਸਥਾਨ ਪਿੰਡ ਦੇ ਬਾਹਰਵਾਰ ਸਥਿਤ ਹੈ।
- ਗੁਰਦੁਆਰਾ ਭੜੋਲਾ ਸਾਹਿਬ:ਇਹ ਵੀ ਛੇਵੇਂ ਪਾਤਸ਼ਾਹ ਦੀ ਯਾਦ ਨਾਲ ਜੁੜਿਆ ਇੱਕ ਮਹੱਤਵਪੂਰਨ ਸਥਾਨ ਹੈ।
ਇਹ ਸਾਰੇ ਅਸਥਾਨ ਪਾਇਲ ਤੋਂ ਰਾੜਾ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਸਥਿਤ ਹਨ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੁਆਰਾ ਕੀਤਾ ਜਾਂਦਾ ਹੈ।
ਹੈਡ ਗ੍ਰੰਥੀ ਨੇ ਦੱਸਿਆ ਕਿ ਗੁਰੂ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਜ਼ੁਲਮ ਦੇ ਵਿਰੁੱਧ ਸ਼ਸਤਰ ਚੁੱਕੇ ਜਾਣਗੇ। ਜਿਸ ਲਈ ਮਹਿੰਗੇ ਸ਼ਸਤਰ, ਮਹਿੰਗੇ ਘੋੜੇ ਅਤੇ ਨੌਜਵਾਨ ਤਿਆਰ ਕਰਨੇ ਸਨ। ਉਸੇ ਦੇ ਤਹਿਤ ਗੁਰੂ ਸਾਹਿਬ ਵੱਲੋਂ ਖੁਦ ਪਿੰਡਾਂ ਦੇ ਵਿੱਚ ਦੌਰੇ ਕਰਨੇ ਸ਼ੁਰੂ ਕੀਤੇ ਅਤੇ ਕਈ ਪਿੰਡਾਂ ਤੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ 1688 ਈਸਵੀ ਦੇ ਵਿੱਚ ਉਹ ਪਿੰਡਾਂ ਦੇ ਵਿੱਚੋਂ ਜਦੋਂ ਦੌਰਾ ਕਰ ਰਹੇ ਸਨ ਤਾਂ ਉਦੋਂ ਘੁਡਾਣੀ ਕਲਾਂ ਪਹੁੰਚੇ।
ਪਿੰਡ ਘੁਡਾਣੀ ਕਲਾਂ ਦਾ ਇਤਿਹਾਸ
ਹੈਡ ਗ੍ਰੰਥੀ ਅਜੀਤ ਸਿੰਘ ਦੇ ਦੱਸਣ ਮੁਤਾਬਿਕ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਪਿੰਡ ਦੇ ਵਿੱਚ ਪਹੁੰਚੇ ਤਾਂ ਇੱਕ ਫਕੀਰ ਦੀ ਝੋਪੜੀ ਸੀ, ਇਸ ਦੌਰਾਨ ਉਹ ਉੱਥੇ ਆ ਕੇ ਠਹਿਰੇ ਘੋੜੇ ਨੂੰ ਵੀ ਦਮ ਦਿਵਾਇਆ। ਇਸ ਦੌਰਾਨ ਜਦੋਂ ਨਗਰ ਦੇ ਵਾਸੀਆਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਜੀ ਇੱਥੇ ਪਹੁੰਚੇ ਹਨ ਤਾਂ ਬੜੇ ਹੀ ਉਤਸਾਹ ਦੇ ਨਾਲ ਗੁਰੂ ਸਾਹਿਬ ਦਾ ਸਵਾਗਤ ਕੀਤਾ ਗਿਆ। ਪਿੰਡ ਦੀ ਸੰਗਤ ਵੱਲੋਂ ਉਨ੍ਹਾਂ ਨੂੰ ਜਲ ਲੰਗਰ ਆਦਿ ਛਕਾਇਆ ਗਿਆ। ਜਦੋਂ ਦਿਨ ਢਲਣ ਲੱਗਾ ਤਾਂ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਕਿ ਉਹ ਇੱਥੇ ਹੀ ਰੁਕ ਜਾਣ, ਪਰ ਜਦੋਂ ਮਹਾਰਾਜ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਸੈਂਕੜੇ ਸਿੰਘ ਹਨ, ਰਾਤ ਨੂੰ ਰਹਿਣ ਦਾ ਬੰਦੋਬਸਤ ਨਹੀਂ ਹੋ ਪਾਵੇਗਾ। ਤਾਂ ਨਗਰ ਦੀ ਬੇਨਤੀ ਕੀਤੀ ਗਈ ਸਾਡੇ ਪਿੰਡ ਦੇ ਕੋਲ ਇੱਕ ਖੁੱਲੀ ਥਾਂ ਹੈ। ਜਿੱਥੇ ਟੋਭਾ ਵੀ ਹੈ, ਜਿੱਥੇ ਆ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚੰਗਾ ਮਹਿਸੂਸ ਹੋਇਆ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਉਹ ਇੱਥੇ ਸਵਾ ਮਹੀਨਾ ਰਹਿ ਕੇ ਅਸੀਂ ਸ਼ਬਦ ਕੀਰਤਨ ਕਰਨਗੇ, ਜਿਸ ਤੋਂ ਬਾਅਦ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਗਿਆ।
ਲਗਭਗ 45 ਦਿਨ ਉਹ ਇਸ ਪਿੰਡ ਦੇ ਵਿੱਚ ਰਹੇ ਸਨ ਛੇਵੇਂ ਗੁਰੂ
ਹੈਡ ਗ੍ਰੰਥੀ ਨੇ ਦੱਸਿਆ ਕਿ “ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਕੁਝ ਸਿੰਘਾਂ ਦੇ ਨਾਲ ਮੰਜੀ ‘ਤੇ ਬੈਠਦੇ ਸਨ। ਲਗਭਗ 45 ਦਿਨ ਉਹ ਇਸ ਪਿੰਡ ਦੇ ਵਿੱਚ ਰਹੇ ਸਨ। ਇਥੋਂ ਤੱਕ ਕਿ ਜਦੋਂ ਗੁਰੂ ਸਾਹਿਬ ਟੋਬੇ ਦੇ ਵਿੱਚ ਇਸ਼ਨਾਨ ਕਰਨ ਵੇਲੇ ਨਿੰਮ ਦੀ ਦਾਤਣ ਕਰਦੇ ਸਨ ਤਾਂ ਵਛੀਆਂ ਹੋਈਆਂ ਦਾਤਣਾ ਉਹ ਟੋਬੇ ਦੇ ਕੰਢੇ ਹੀ ਗਡ ਦਿੰਦੇ ਸਨ ਅਤੇ ਜਿੱਥੇ ਅੱਜ ਗੁਰਦੁਆਰਾ ਸ੍ਰੀ ਨਿੰਮਸਰ ਸਾਹਿਬ ਸੁਸ਼ੋਭਿਤ ਹੈ। ਜਿੱਥੇ ਹੁਣ ਗੁਰਦੁਆਰਾ ਨਿੰਮਸ਼ਰ ਸਾਹਿਬ ਵੀ ਸਥਿਤ ਹੈ।” ਹੈਡ ਗ੍ਰੰਥੀ ਨੇ ਦੱਸਿਆ ਕਿ ਇਹ ਨਿੰਮ ਬਹੁਤ ਵੱਡੀ ਸੀ ਇਹ ਦੁਬਾਰਾ ਡਿੱਗ ਕੇ ਫਿਰ ਹਰੀ ਹੋਈ ਹੈ।
ਗੁਰਦੁਆਰਾ ਭੜੋਲਾ ਸਾਹਿਬ
ਹੈਡ ਗ੍ਰੰਥੀ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਘੁਡਾਣੀ ਕਲਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚ ਗਈਆਂ ਹਨ। 6 ਹਾਜ਼ਰੀਆਂ ਭਰਨ ਦੇ ਨਾਲ ਸਭ ਦੀਆਂ ਮਨੋਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਹਨ। ਉਸ ਤੋਂ ਇਲਾਵਾ ਭੜੋਲਾ ਸਾਹਿਬ ਜਿੱਥੇ ਭੜੋਲੇ ਦੇ ਵਿੱਚ ਦਾਣੇ ਪਾ ਕੇ 180 ਸਾਲ ਲੰਗਰ ਚਲਾਇਆ ਹੈ।
ਗੁਰਦੁਆਰਾ ਸ੍ਰੀ ਚੋਲਾ ਸਾਹਿਬ
ਹੈਡ ਗ੍ਰੰਥੀ ਨੇ ਦੱਸਿਆ ਕਿ ਜਿਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ। ਉੱਥੇ ਜਦੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਲਈ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਸੀ। ਉਹ ਚੋਲਾ ਸਾਹਿਬ ਅਤੇ ਇੱਕ ਪੰਜ ਗ੍ਰੰਥੀ ਵੀ ਇਸ ਗੁਰਦੁਆਰੇ ਵਿੱਚ ਹੀ ਹੈ। ਉਸ ਤੋਂ ਇਲਾਵਾ ਇੱਕ ਮੰਜੀ ਦਾ ਬਾਣ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਜਿੱਥੇ ਬੈਠ ਕੇ ਮਹਾਰਾਜ ਸ਼ਬਦ ਕੀਰਤਨ ਕਰਿਆ ਕਰਦੇ ਸਨ।
ਗੁਰੂ ਸਾਹਿਬ ਦੇ ਨਾਲ ਜੁੜਿਆ ਪਿੰਡ ਦਾ ਇਤਿਹਾਸ
ਹੈਡ ਗ੍ਰੰਥੀ ਨੇ ਦੱਸਿਆ ਕਿ ਸਾਡੇ ਪਿੰਡ ਦਾ ਇਤਿਹਾਸ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਅੱਜ ਨਗਰ ਵੱਸਦਾ ਹੈ। ਜਦੋਂ ਗੁਰੂ ਸਾਹਿਬ ਇੱਥੋਂ ਜਾਣ ਲੱਗੇ ਤਾਂ ਉਨ੍ਹਾਂ ਨੇ ਸੇਵਾ ਕਰਨ ਵਾਲਿਆਂ ਨੂੰ ਵਰ ਮੰਗਣ ਲਈ ਕਿਹਾ ਸੀ। ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਇੱਥੇ ਸਾਡੇ ਲੁੱਟ ਬਹੁਤ ਹੁੰਦੀ ਹੈ ਅਤੇ ਤੁਸੀਂ ਇਹ ਸਾਨੂੰ ਵਰ ਦੇ ਦਿਓ ਕਿ ਇੱਥੇ ਜੋ ਵੀ ਚੜ੍ਹਾਈ ਕਰਕੇ ਆਵੇ ਉਹ ਕਦੇ ਵੀ ਜਿੱਤ ਕੇ ਨਾ ਜਾਵੇ, ਇਸੇ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਹ ਵਰ ਦਿੱਤਾ।
ਡ ਗ੍ਰੰਥੀ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਪਿੰਡ ਦੇ ਦੋ ਹਿੱਸੇ ਹਨ। ਜਿਨ੍ਹਾਂ ਵਿੱਚ ਇੱਕ ਛੋਟੀ ਘੁਡਾਣੀ ਹੈ ਅਤੇ ਇੱਕ ਵੱਡੀ ਘੁਢਾਣੀ ਹੈ। ਫਿਰ ਵੀ 5000 ਦੇ ਕਰੀਬ ਨਗਰ ਦੇ ਵਿੱਚ ਵੋਟ ਹੈ। “ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਕਦੇ ਵੀ ਕੋਈ ਵੀ ਮੁਸ਼ਕਿਲਾਂ ਨਹੀਂ ਆਈ। ਪਿੰਡ ਦੇ ਵਿੱਚ ਅੱਜ ਵੀ ਉਹ ਸਥਾਨ ਸੁਸ਼ੋਭਿਤ ਹੈ। ਜਿੱਥੇ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਅਵਸਥਾ ਪਈਆਂ ਹਨ। ਭਾਵੇਂ ਉਹ ਉਨ੍ਹਾਂ ਵੱਲੋਂ ਲਾਈ ਗਈ ਨਿੰਮ, ਭਾਵੇਂ ਬਾਣ, ਭਾਵੇਂ ਉਨ੍ਹਾਂ ਦਾ ਚੋਲਾ ਸਾਹਿਬ।”
ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਬਾਰੇ…
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ। ਆਪ ਜੀ ਨੇ ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ (ਰਾਜਸੀ ਤੇ ਧਾਰਮਿਕ) ਦੀਆਂ ਦੋ ਤਲਵਾਰਾਂ ਧਾਰਨ ਕਰਕੇ ‘ਸੰਤ-ਸਿਪਾਹੀ’ ਦੀ ਨੀਂਹ ਰੱਖੀ ਅਤੇ ਮੁਗ਼ਲ ਜ਼ੁਲਮ ਖਿਲਾਫ਼ ਸਿੱਖਾਂ ਨੂੰ ਸ਼ਸਤਰ-ਵਿੱਦਿਆ ਨਾਲ ਤਿਆਰ ਕੀਤਾ।
ਮੁੱਢਲਾ ਜੀਵਨ
- ਜਨਮ: 19 ਜੂਨ 1595 ਈ: ਨੂੰ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਗੁਰੂ ਕੀ ਵਡਾਲੀ (ਅੰਮ੍ਰਿਤਸਰ) ਵਿਖੇ ਹੋਇਆ।
- ਬਚਪਨ: ਆਪ ਜੀ ਦੇ ਤਾਇਆ ਪ੍ਰਿਥੀ ਚੰਦ ਵੱਲੋਂ ਗੁਰਗੱਦੀ ਦੇ ਲਾਲਚ ਵਿੱਚ ਕਈ ਵਾਰ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਪਰ ਹਰ ਵਾਰ ਅਕਾਲ ਪੁਰਖ ਨੇ ਆਪ ਜੀ ਦੀ ਰੱਖਿਆ ਕੀਤੀ।
- ਗੁਰਿਆਈ: ਆਪ ਜੀ ਨੂੰ 1606 ਈ: ਵਿੱਚ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਛੋਟੀ ਉਮਰ ਵਿੱਚ ਗੁਰਗੱਦੀ ਪ੍ਰਾਪਤ ਹੋਈ।
ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਕਾਰਜ
- ਮੀਰੀ–ਪੀਰੀ: ਆਪ ਜੀ ਨੇ ਗੁਰਗੱਦੀ ਸੰਭਾਲਣ ਸਮੇਂ ਦੋ ਤਲਵਾਰਾਂ ਪਹਿਨੀਆਂ—ਮੀਰੀ (ਦੁਨਿਆਵੀ/ਰਾਜਸੀ ਸ਼ਕਤੀ ਦਾ ਪ੍ਰਤੀਕ) ਅਤੇ ਪੀਰੀ (ਆਤਮਿਕ/ਧਾਰਮਿਕ ਸ਼ਕਤੀ ਦਾ ਪ੍ਰਤੀਕ)।
- ਅਕਾਲ ਤਖ਼ਤ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1606 ਈ: ਵਿੱਚ ਸਿੱਖ ਕੌਮ ਦੇ ਸਰਵਉੱਚ ਸਥਾਨ ‘ਸ੍ਰੀ ਅਕਾਲ ਤਖ਼ਤ ਸਾਹਿਬ’ ਦੀ ਸਥਾਪਨਾ ਕੀਤੀ।
- ਲੋਹਗੜ੍ਹ ਦਾ ਕਿਲਾ: ਆਪ ਜੀ ਨੇ ਸਿੱਖਾਂ ਦੀ ਸਵੈ-ਰੱਖਿਆ ਲਈ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਕਿਲ੍ਹਾ ਲੋਹਗੜ੍ਹ ਦੀ ਉਸਾਰੀ ਕਰਵਾਈ ਅਤੇ ਫ਼ੌਜਾਂ ਤਿਆਰ ਕੀਤੀਆਂ।
- ਬੰਦੀ ਛੋੜ ਦਾਤਾ: ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਸੀ। ਬਾਅਦ ਵਿੱਚ ਆਪ ਜੀ ਦੀ ਰਿਹਾਈ ਦੇ ਨਾਲ-ਨਾਲ 52 ਹਿੰਦੂ ਰਾਜੇ ਵੀ ਰਿਹਾਅ ਹੋਏ, ਜਿਸ ਕਰਕੇ ਆਪ ਜੀ ਨੂੰ “ਬੰਦੀ ਛੋੜ ਦਾਤਾ“ ਵੀ ਕਿਹਾ ਜਾਂਦਾ ਹੈ।
ETV BHARAT