ਪੰਜਾਬ ਵਿੱਚ ਵਧ ਰਿਹਾ ਕੁਪੋਸ਼ਣ, ਸਿਰਫ਼ ਬੱਚੇ ਹੀ ਨਹੀਂ, ਬਾਲਗ ਵੀ ਇਸ ਦੇ ਸ਼ਿਕਾਰ। ਦੇਖੋ ਪੱਤਰਕਾਰ ਕਵਲਜੀਤ ਕੌਰ ਦੀ ਖਾਸ ਰਿਪੋਰਟ।
17 ਜੂਨ, 2026 – ਚੰਡੀਗੜ੍ਹ: ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਤਾਜ਼ਾ ਰਿਪੋਰਟ ਨੇ ਪੰਜਾਬ ਵਿੱਚ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਦੇ ਕੁਝ ਚਿੰਤਾਜਨਕ ਅੰਕੜੇ ਪੇਸ਼ ਕੀਤੇ ਹਨ। ਰਿਪੋਰਟ ਮੁਤਾਬਕ, ਸੂਬੇ ਵਿੱਚ ਅੱਜ ਵੀ ਬੱਚਿਆਂ ਦੀ ਇੱਕ ਵੱਡੀ ਗਿਣਤੀ ਕੁਪੋਸ਼ਣ ਦਾ ਸ਼ਿਕਾਰ ਹੈ। ਬੱਚੇ ਹੀ ਨਹੀਂ, ਬਲਕਿ ਬਾਲਗਾਂ ਵਿਚ ਵੀ ਕੁਪੋਸ਼ਣ ਦੀ ਗੰਭੀਰ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ। ਜਿਸ ਤੋਂ ਬਾਅਦ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਪੰਜਾਬ ਵਰਗੇ ਖੁਸ਼ਹਾਲ ਅਤੇ ਖੁੱਲੇ ਖਾਣ ਪੀਣ ਵਾਲੇ ਸੂਬੇ ਵਿਚ ਵੀ ਕੁਪੋਸ਼ਣ ਨੇ ਪੈਰ ਕਿਵੇਂ ਪਸਾਰੇ?
ਇਸ ਖਾਸ ਰਿਪੋਰਟ ਵਿਚ ਅਸੀਂ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
ਕੁਪੋਸ਼ਣ ਨੂੰ ਲੈ ਕੇ ਰਿਪੋਰਟ ਕੀ ਕਹਿੰਦੀ ਹੈ?
ਅੰਕੜਿਆਂ ਮੁਤਾਬਕ ਸ਼ਹਿਰਾਂ ਵਿੱਚ ਹਰ ਚੌਥਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਪੰਜ ਸਾਲ ਤੱਕ ਦੇ 23% ਸ਼ਹਿਰੀ ਬੱਚਿਆਂ ਦਾ ਕੱਦ ਉਮਰ ਦੇ ਹਿਸਾਬ ਨਾਲ ਨਹੀਂ ਵਧ ਰਿਹਾ, ਜੋ ਦਿਮਾਗੀ ਵਿਕਾਸ ‘ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਤੋਂ ਇਲਾਵਾ, 23.7% ਬੱਚਿਆਂ ਦਾ ਭਾਰ ਘੱਟ ਹੈ ਤੇ 17.2% ਬੱਚੇ ਕੱਦ ਦੇ ਮੁਕਾਬਲੇ ਬਹੁਤ ਦੁਬਲੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ 4% ਬੱਚੇ ਗੰਭੀਰ ਕੁਪੋਸ਼ਣ ਦੀ ਮਾਰ ਹੇਠ ਹਨ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਰਹਿੰਦਾ ਹੈ।
ਪਿੰਡਾਂ ਦੇ ਹਾਲਾਤ – ਸ਼ਹਿਰਾਂ ਨਾਲੋਂ ਬਿਹਤਰ, ਪਰ ਖ਼ਤਰਾ ਬਰਕਰਾਰ
ਪਿੰਡਾਂ ਵਿੱਚ ਕੁਪੋਸ਼ਣ ਦੀ ਸਥਿਤੀ ਸ਼ਹਿਰਾਂ ਦੇ ਮੁਕਾਬਲੇ ਕੁਝ ਬਿਹਤਰ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ। ਰਿਪੋਰਟ ਮੁਤਾਬਕ ਪੇਂਡੂ ਖੇਤਰਾਂ ਵਿੱਚ 18.9% ਬੱਚੇ ਛੋਟੇ ਕੱਦ ਦਾ ਸ਼ਿਕਾਰ ਹਨ, ਜੋ ਸ਼ਹਿਰਾਂ ਦੇ 23% ਨਾਲੋਂ 4.1% ਘੱਟ ਹੈ। ਹਾਲਾਂਕਿ, ਭਾਰ ਦੇ ਮਾਮਲੇ ਵਿੱਚ ਪਿੰਡ-ਸ਼ਹਿਰ ਲੱਗਭੱਗ ਬਰਾਬਰ ਹਨ। ਪਿੰਡਾਂ ਵਿੱਚ ਵੀ 23.6% ਬੱਚਿਆਂ ਦਾ ਭਾਰ ਉਮਰ ਮੁਤਾਬਕ ਘੱਟ ਹੈ। ਪਿੰਡਾਂ ਵਿੱਚ ਕੁਦਰਤੀ ਖੁਰਾਕ ਤੇ ਖੁੱਲ੍ਹਾ ਵਾਤਾਵਰਣ ਹੋਣ ਦੇ ਬਾਵਜੂਦ ਗਰੀਬੀ, ਜਾਗਰੂਕਤਾ ਦੀ ਕਮੀ, ਤੇ ਆਂਗਣਵਾੜੀ ਵਰਕਰਾਂ ਦੀ ਘਾਟ ਕਰਕੇ ਸਮੱਸਿਆ ਬਣੀ ਹੋਈ ਹੈ।
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕੁਪੋਸ਼ਣ ਦੇ ਅੰਕੜੇ
ਨੀਤੀ ਆਯੋਗ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਐਨ.ਐਫ.ਐਚ.ਐਸ-5 ਆਧਾਰਿਤ ਡਾਟਾ ਮੁਤਾਬਕ ਪੰਜਾਬ ਵਿੱਚ ਕੁਪੋਸ਼ਣ ਦੀ ਸਥਿਤੀ ਬਾਕੀ ਰਾਜਾਂ ਨਾਲੋਂ ਕਾਫ਼ੀ ਬਿਹਤਰ ਹੈ। ਰਾਸ਼ਟਰੀ ਪੱਧਰ ‘ਤੇ ਰੂਪਨਗਰ ਜ਼ਿਲ੍ਹਾ ਸਟੰਟਿੰਗ – 15.1% ਨਾਲ ਭਾਰਤ ਦੇ 4 ਸਭ ਤੋਂ ਵਧੀਆ ਜ਼ਿਲ੍ਹਿਆਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਲੁਧਿਆਣਾ – 5.9% ਅਤੇ ਫ਼ਤਹਿਗੜ੍ਹ ਸਾਹਿਬ – 7.1% ਵੇਸਟਿੰਗ ਵਿੱਚ ਦੇਸ਼ ਦੇ ਟਾਪ-10 ਜ਼ਿਲ੍ਹਿਆਂ ਵਿੱਚ ਹਨ। ਫਿਰ ਵੀ ਰਾਜ ਦੇ ਅੰਦਰ ਫ਼ਰਕ ਹੈ।
ਨੀਤੀ ਆਯੋਗ ਜ਼ਿਲ੍ਹਾ ਪੋਸ਼ਣ ਪ੍ਰੋਫਾਈਲ 2020 ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ 37% ਬੱਚੇ ਨਾਟੇ ਹਨ ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ। ਮੋਗਾ ਵਿੱਚ ਵੀ 22% ਸਟੰਟਿੰਗ ਅਤੇ 12% ਵੇਸਟਿੰਗ ਦਰਜ ਕੀਤੀ ਗਈ ਹੈ।
ਕੁਪੋਸ਼ਣ ਨਾਲ ਪ੍ਰਭਾਵਿਤ ਜ਼ਿਲ੍ਹੇ
ਕੁਪੋਸ਼ਣ ਨਾਲ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਧਿਆਨ ਵਿੱਚ ਰੱਖਦਿਆਂ ਨੀਤੀ ਆਯੋਗ ਨੇ ਮੋਗਾ ਅਤੇ ਫ਼ਿਰੋਜ਼ਪੁਰ ਨੂੰ ਸਭ ਤੋਂ ਵੱਧ ਕੁਪੋਸ਼ਣ ਵਾਲੇ ਜ਼ਿਲ੍ਹੇ ਬਣਾਇਆ ਜ਼ਿਲ੍ਹਾ ਬਣਾਇਆ ਹੈ, ਤਾਂ ਜੋ ਸਿਹਤ-ਪੋਸ਼ਣ ਦੇ ਸੂਚਕ ਸੁਧਾਰੇ ਜਾ ਸਕਣ। ਪੋਸ਼ਣ ਟ੍ਰੈਕਰ ਜੂਨ 2025 ਮੁਤਾਬਕ ਪੰਜਾਬ ਦੀ ਸਮੁੱਚੀ ਸਥਿਤੀ ਬਿਹਤਰ ਹੈ – ਸਟੰਟਿੰਗ 17.14%, ਵੇਸਟਿੰਗ 2.95%, ਅੰਡਰਵੇਟ 5.12%। ਇਸ ਦੇ ਬਾਵਜੂਦ ਮਾਨਸਾ, ਮੋਗਾ, ਫ਼ਿਰੋਜ਼ਪੁਰ ਬੈਲਟ ਵਿੱਚ ਕੁਪੋਸ਼ਣ ਰਾਜ ਦੀ ਔਸਤ ਨਾਲੋਂ ਜ਼ਿਆਦਾ ਹੈ, ਜਦਕਿ ਲੁਧਿਆਣਾ, ਰੂਪਨਗਰ, ਫ਼ਤਹਿਗੜ੍ਹ ਸਾਹਿਬ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹੇ ਹਨ।
ਅਸਲ ਵਿਚ ਕੁਪੋਸ਼ਣ ਕੀ ਹੁੰਦਾ ਹੈ ?
ਮੋਹਾਲੀ ਵਿਚ ਬਾਲ ਰੋਗਾਂ ਦੇ ਮਾਹਿਰ ਡਾਕਟਰ ਸੰਨੀ ਨਰੂਲਾ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ,
“ਕੁਪੋਸ਼ਣ ਦਾ ਮਤਲਬ ਸਿਰਫ਼ ਭੁੱਖਾ ਰਹਿਣਾ ਨਹੀਂ ਹੈ। ਇਹ ਸਰੀਰ ਵਿੱਚ ਲੋੜੀਂਦੇ ਪੋਸ਼ਕ ਤੱਤਾਂ ਦੀ ਕਮੀ ਜਾਂ ਅਸੰਤੁਲਨ ਦੀ ਉਹ ਸਥਿਤੀ ਹੈ, ਜਿੱਥੇ ਬੱਚੇ ਨੂੰ ਲੰਬੇ ਸਮੇਂ ਤੱਕ ਸਹੀ ਮਾਤਰਾ ਵਿੱਚ ਕੈਲੋਰੀ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਜ਼ ਨਹੀਂ ਮਿਲਦੇ। ਬੱਚੇ ਦਾ ਆਪਣੀ ਉਮਰ ਦੇ ਹਿਸਾਬ ਨਾਲ ਸਹੀ ਕੱਦ ਅਤੇ ਭਾਰ ਨਾ ਵਧਣਾ ਕੁਪੋਸ਼ਣ ਅਖਵਾਉਂਦਾ ਹੈ। ਇਸ ਵਿੱਚ ਖੁਰਾਕ ਦੀ ਘਾਟ (Under-nutrition) ਅਤੇ ਓਵਰ-ਨਿਊਟ੍ਰੀਸ਼ਨ (ਜਿਵੇਂ ਮੋਟਾਪਾ) ਦੋਵੇਂ ਸ਼ਾਮਲ ਹਨ।”
ਕੁਪੋਸ਼ਣ ਬਿਮਾਰੀਆਂ ਦਾ ਘਰ
ਡਾ. ਸੰਨੀ ਨਰੂਲਾ ਮੁਤਾਬਿਕ, ਅੱਜ-ਕੱਲ੍ਹ ਬੱਚਿਆਂ ਦੀ ਖੁਰਾਕ ਰਵਾਇਤੀ ਭੋਜਨ (ਅਨਾਜ, ਫਲ, ਸਬਜ਼ੀਆਂ) ਤੋਂ ਬਦਲ ਕੇ ਜੰਕ ਅਤੇ ਅਲਟ੍ਰਾ-ਪ੍ਰੋਸੈਸਡ ਫੂਡ ਵੱਲ ਚਲੀ ਗਈ ਹੈ, ਜਿਸ ਕਾਰਨ ਪੋਸ਼ਕ ਤੱਤਾਂ ਦੀ ਘਾਟ ਪੈਦਾ ਹੋ ਰਹੀ ਹੈ। ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਬੱਚਿਆਂ ਅੰਦਰ ਆਇਰਨ ਦੀ ਘਾਟ ਕਾਰਨ ਅਨੀਮੀਆ ਅਤੇ ਪੇਟ ਦੇ ਕੀੜਿਆਂ (Worm infestations) ਦੀ ਸਮੱਸਿਆ ਕਾਫੀ ਆਮ ਹੈ। ਕੁਪੋਸ਼ਣ ਕਾਰਨ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਉਹ ਵਾਰ-ਵਾਰ ਸਾਹ ਅਤੇ ਪੇਟ ਦੀਆਂ ਇਨਫੈਕਸ਼ਨਾਂ ਦਾ ਸ਼ਿਕਾਰ ਹੁੰਦੇ ਹਨ। ਬਿਮਾਰੀ ਕਾਰਨ ਕੁਪੋਸ਼ਣ ਵੱਧਦਾ ਹੈ ਅਤੇ ਕੁਪੋਸ਼ਣ ਕਾਰਨ ਬਿਮਾਰੀਆਂ, ਜੋ ਕਿ ਇੱਕ ਖ਼ਤਰਨਾਕ ਚੱਕਰ (Vicious cycle) ਬਣ ਜਾਂਦਾ ਹੈ।
ਪੈਸੇ ਦੀ ਨਹੀਂ, ਜਾਗਰੂਕਤਾ ਦੀ ਘਾਟ
ਮੈਡੀਸਨ ਦੇ ਸਾਬਕਾ ਸਹਾਇਕ ਪ੍ਰੋਫੈਸਰ ਰਹੇ ਡਾ. ਐਚ ਕੇ ਖਰਬੰਦਾ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ,
ਸ਼ਹਿਰੀ ਇਲਾਕਿਆਂ ਵਿੱਚ ਪੈਸੇ ਦੀ ਕਮੀ ਕਾਰਨ ਨਹੀਂ, ਸਗੋਂ ਸਹੀ ਜਾਣਕਾਰੀ ਨਾ ਹੋਣ ਕਾਰਨ ਕੁਪੋਸ਼ਣ ਵੱਧ ਰਿਹਾ ਹੈ। ਮਾਪੇ ਬੱਚਿਆਂ ਨੂੰ ਪੈਕਡ ਅਤੇ ਬੋਤਲਬੰਦ ਭੋਜਨ ਜ਼ਿਆਦਾ ਦੇ ਰਹੇ ਹਨ। ਪੈਕਡ ਖਾਣਿਆਂ ਵਿੱਚ ਪਾਮ ਆਇਲ (Palm oil) ਅਤੇ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਦਕਿ ਬੱਚੇ ਦੇ ਵਿਕਾਸ ਲਈ ਜ਼ਰੂਰੀ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਇਹਨਾਂ ਵਿੱਚ ਬਿਲਕੁਲ ਨਹੀਂ ਹੁੰਦੀ।
ਗ਼ਲਤ ਖਾਣ–ਪੀਣ ਦੀਆਂ ਆਦਤਾਂ
ਡਾ. ਖਰਬੰਦਾ ਮੁਤਾਬਿਕ, “ਘਰ ਵਿੱਚ ਖਾਣਾ ਬਣਾਉਣ ਦਾ ਰੁਝਾਨ ਘੱਟ ਗਿਆ ਹੈ। ਮਾਪੇ ਬੱਚਿਆਂ ਦੇ ਸਵਾਦ ਲਈ ਉਹਨਾਂ ਨੂੰ ਫਾਸਟ ਫੂਡ (ਜਿਵੇਂ ਕਿ ਪੀਜ਼ਾ, ਬਰਗਰ, ਮੋਮੋਜ਼) ਦੇ ਰਹੇ ਹਨ। ਇਹਨਾਂ ਵਿੱਚ ਵਰਤੇ ਜਾਣ ਵਾਲੇ ਮੈਦੇ ਨੂੰ ਹਜ਼ਮ ਹੋਣ ਵਿੱਚ ਹੀ ਲਗਭਗ 10 ਘੰਟੇ ਲੱਗ ਜਾਂਦੇ ਹਨ। ਇਸ ਤਰ੍ਹਾਂ ਦੀ ਗੈਰ-ਸਿਹਤਮੰਦ ਖੁਰਾਕ ਕਾਰਨ ਛੋਟੇ ਬੱਚਿਆਂ ਵਿੱਚ ‘ਫੈਟੀ ਲਿਵਰ’ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਆਉਣ ਵਾਲੇ 10 ਸਾਲਾਂ ਵਿੱਚ ਡਾਇਬਟੀਜ਼ (ਸ਼ੂਗਰ) ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।”
ਆਨਲਾਈਨ ਫੂਡ ਡਿਲੀਵਰੀ ਅਤੇ ਸ਼ਹਿਰੀ ਜੀਵਨ ਸ਼ੈਲੀ ਦਾ ਅਸਰ
ਸਰਟੀਫਾਈਡ ਡਾਇਟੀਸ਼ੀਅਨ ਹਰਜੋਤ ਕੌਰ ਨੇ ਸ਼ਹਿਰੀ ਜੀਵਨ ਸ਼ੈਲੀ ਬਾਰੇ ਗੱਲ ਕਰਦਿਆਂ ਕਿਹਾ ਕਿ, “ਆਨਲਾਈਨ ਫੂਡ ਆਰਡਰ ਕਰਨ ਦੀ ਸਹੂਲਤ ਨੇ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਮਾਪੇ ਬੱਚਿਆਂ ਦੀ ਜ਼ਿੱਦ ਪੂਰੀ ਕਰਨ ਲਈ ਆਸਾਨੀ ਨਾਲ ਜੰਕ ਫੂਡ ਮੰਗਵਾ ਦਿੰਦੇ ਹਨ। ਪੋਸ਼ਕ ਤੱਤਾਂ ਦੀ ਘਾਟ ਕਾਰਨ ਬੱਚੇ ਥਕਾਵਟ, ਚਿੜਚਿੜਾਪਨ ਅਤੇ ਕਮਜ਼ੋਰੀ ਮਹਿਸੂਸ ਕਰਦੇ ਹਨ ਅਤੇ ਉਹਨਾਂ ਦਾ ਮਾਨਸਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ। ਜਦੋਂ ਬੱਚਾ ਬਿਮਾਰ ਹੁੰਦਾ ਹੈ, ਤਾਂ ਖੁਰਾਕ ਸੁਧਾਰਨ ਦੀ ਬਜਾਏ ਮਾਪੇ ਸਿੱਧਾ ਸਪਲੀਮੈਂਟਸ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਨ। ਆਇਰਨ, ਵਿਟਾਮਿਨ ਸੀ ਅਤੇ ਡੀ ਦੀ ਕਮੀ ਨਾਲ ਅਨੀਮੀਆ, ਸਕਰਵੀ ਅਤੇ ਰਿਕੇਟਸ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ।”
ਮਾਪਿਆਂ ਲਈ ਜ਼ਰੂਰੀ ਡਾਇਟ ਪਲਾਨ ਅਤੇ ਸੁਝਾਅ
ਸਰਟੀਫਾਈਡ ਡਾਈਟੀਸ਼ੀਅਨ ਹਰਜੋਤ ਕੌਰ ਵੱਲੋਂ ਸੁਝਾਅ ਦਿੱਤੇ ਗਏ ਹਨ ਰੋਜ਼ਾਨਾ ਖੁਰਾਕ ਵਿੱਚ ਆਂਡਾ, ਦੁੱਧ, ਦਹੀਂ, ਪਨੀਰ ਅਤੇ ਦਾਲਾਂ ਸ਼ਾਮਲ ਕੀਤੀਆਂ ਜਾਣ। ਜਿਨ੍ਹਾਂ ਬੱਚਿਆਂ ਦਾ ਭਾਰ ਨਹੀਂ ਵੱਧ ਰਿਹਾ, ਉਹਨਾਂ ਨੂੰ ਚੌਲ, ਓਟਸ ਅਤੇ ਉਬਲੇ ਹੋਏ ਆਲੂ ਦਿੱਤੇ ਜਾ ਸਕਦੇ ਹਨ। ਖਾਣੇ ਵਿੱਚ ਇੱਕ ਚਮਚ ਦੇਸੀ ਘਿਓ ਜਾਂ ਮੱਖਣ ਜ਼ਰੂਰ ਐਡ ਕਰਨਾ ਚਾਹੀਦਾ ਹੈ।
- ਸਮਾਰਟ ਕੁਕਿੰਗ (ਮਾਈਕ੍ਰੋ–ਨਿਊਟ੍ਰੀਐਂਟਸ): ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸਿੱਧਾ ਦੇਣ ਦੀ ਬਜਾਏ ਸੈਂਡਵਿਚ ਜਾਂ ਪਰੌਂਠੇ ਵਿੱਚ ਮਿਕਸ ਕਰਕੇ ਬੱਚਿਆਂ ਦੇ ਸਵਾਦ ਅਨੁਸਾਰ ਬਣਾ ਕੇ ਦਿੱਤਾ ਜਾਵੇ।
- ਵਿਟਾਮਿਨ ਸੀ: ਅਮਰੂਦ ਅਤੇ ਹੋਰ ਖੱਟੇ ਫਲ ਡਾਇਟ ਵਿੱਚ ਸ਼ਾਮਲ ਕਰਨੇ ਲਾਜ਼ਮੀ ਹਨ ਤਾਂ ਜੋ ਇਮਿਊਨਿਟੀ ਵਧੇ ਅਤੇ ਆਇਰਨ ਸਰੀਰ ਵਿੱਚ ਆਸਾਨੀ ਨਾਲ ਜਜ਼ਬ (absorb) ਹੋ ਸਕੇ।
- ਖਾਣੇ ਦੀ ਵੰਡ: ਜੇਕਰ ਬੱਚਾ ਇੱਕ ਵਾਰ ਵਿੱਚ ਜ਼ਿਆਦਾ ਖਾਣਾ ਨਹੀਂ ਖਾਂਦਾ, ਤਾਂ ਉਸ ਦੀ ਡਾਇਟ ਨੂੰ ਦਿਨ ਵਿੱਚ ਪੰਜ ਛੋਟੇ ਹਿੱਸਿਆਂ (Meals) ਵਿੱਚ ਵੰਡ ਦੇਣਾ ਚਾਹੀਦਾ ਹੈ।
ETV BHARAT