ਮਨਪ੍ਰੀਤ ਕੌਰ ਨੇ ਜਿੱਤਿਆ ਚਾਂਦੀ ਅਤੇ ਕਾਂਸੀ ਦਾ ਤਗਮਾ
ਪੰਜਾਬ ਦੀ ਧੀ ਦਾ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਜੂਨੀਅਰ ਅਤੇ ਸਬ–ਜੂਨੀਅਰ ਕਨੋਇੰਗ ਸਪਰਿੰਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
18 ਜੂਨ, 2026 – ਸੁਲਤਾਨਪੁਰ ਲੋਧੀ (ਕਪੂਰਥਲਾ): ਪਿੰਡਾਂ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ। ਜੇਕਰ ਉਨ੍ਹਾਂ ਨੂੰ ਸਹੀ ਮੌਕੇ, ਮਾਹਿਰ ਰਹਿਨੁਮਾਈ ਅਤੇ ਲੋੜੀਂਦੀਆਂ ਸਹੂਲਤਾਂ ਮਿਲਣ ਤਾਂ ਉਹ ਕੌਮੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੀਆਂ ਹਨ। ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਹੋਣਹਾਰ ਖਿਡਾਰਨ ਮਨਪ੍ਰੀਤ ਕੌਰ। ਜਿਸ ਨੇ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਜੂਨੀਅਰ ਅਤੇ ਸਬ-ਜੂਨੀਅਰ ਕਨੋਇੰਗ ਸਪਰਿੰਟ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਝੋਲੀ ਵਿੱਚ ਦੋ ਮੈਡਲ ਪਾਏ ਹਨ।
ਵੱਕਾਰੀ ਕੌਮੀ ਚੈਂਪੀਅਨਸ਼ਿਪ ਵਿੱਚ ਮਨਪ੍ਰੀਤ ਨੇ ਜਿੱਤਿਆ ਚਾਂਦੀ ਤੇ ਕਾਂਸੀ ਦਾ ਤਗਮਾ
ਇੰਡੀਅਨ ਕਿਆਕਿੰਗ ਐਂਡ ਕਨੋਇੰਗ ਐਸੋਸੀਏਸ਼ਨ ਵੱਲੋਂ 12 ਤੋਂ 14 ਜੂਨ ਤੱਕ ਕਰਵਾਈ ਗਈ ਇਸ ਵੱਕਾਰੀ ਕੌਮੀ ਚੈਂਪੀਅਨਸ਼ਿਪ ਵਿੱਚ ਮਨਪ੍ਰੀਤ ਕੌਰ ਨੇ 500 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਮੈਡਲ ਅਤੇ 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਸੈਂਟਰ ਦਾ ਨਾਮ ਰੌਸ਼ਨ ਕੀਤਾ, ਸਗੋਂ ਪੰਜਾਬ ਦੀ ਸ਼ਾਨ ਨੂੰ ਵੀ ਦੇਸ਼ ਭਰ ਵਿੱਚ ਉੱਚਾ ਕੀਤਾ।
ਪੰਜ ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨਾਲ ਸਬੰਧਤ
ਚੈਂਪੀਅਨਸ਼ਿਪ ਵਿੱਚ ਦੇਸ਼ ਦੀਆਂ 23 ਟੀਮਾਂ ਨੇ ਭਾਗ ਲਿਆ, ਜਦਕਿ ਪੰਜਾਬ ਵੱਲੋਂ 22 ਖਿਡਾਰੀ ਮੈਦਾਨ ਵਿੱਚ ਉਤਰੇ ਸਨ। ਇਨ੍ਹਾਂ ਵਿੱਚੋਂ ਪੰਜ ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨਾਲ ਸਬੰਧਤ ਸਨ। ਜੋ ਇਸ ਸੈਂਟਰ ਦੀ ਗੁਣਵੱਤਾ ਅਤੇ ਸਿਖਲਾਈ ਦਾ ਸਪੱਸ਼ਟ ਪ੍ਰਮਾਣ ਹੈ। ਰੂਪਨਗਰ ਵਿਖੇ ਹੋਏ ਟਰਾਇਲਾਂ ਤੋਂ ਬਾਅਦ ਚੁਣੀ ਗਈ ਟੀਮ ਜਦੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।
“ਸਹੂਲਤਾਂ ਦੀ ਕਮੀ ਕਾਰਨ ਇਹ ਹੁਨਰ ਦਬ ਕੇ ਰਹਿ ਜਾਂਦਾ ਹੈ“
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ “ਪੰਜਾਬ ਦੇ ਪਿੰਡਾਂ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਪਰ ਅਕਸਰ ਯੋਗ ਮੰਚ ਅਤੇ ਸਹੂਲਤਾਂ ਦੀ ਕਮੀ ਕਾਰਨ ਇਹ ਹੁਨਰ ਦਬ ਕੇ ਰਹਿ ਜਾਂਦਾ ਹੈ। ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਸਥਾਪਨਾ ਦਾ ਮਕਸਦ ਹੀ ਪੇਂਡੂ ਇਲਾਕਿਆਂ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਪਹੁੰਚਾਉਣਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਇਹ ਖੇਡ ਬੱਚਿਆਂ ਨੂੰ ਆਪਣੇ ਪਾਣੀਆਂ ਨਾਲ ਦੁਬਾਰਾ ਜੋੜ ਰਹੀ ਹੈ। ਮਨਪ੍ਰੀਤ ਕੌਰ ਦੀ ਪ੍ਰਾਪਤੀ ਹੋਰ ਲੜਕੀਆਂ ਲਈ ਇੱਕ ਨਵੀਂ ਪ੍ਰੇਰਣਾ ਬਣੇਗੀ।”
ਖੇਡ ਵਿੱਚ ਅੱਗੇ ਵਧਣ ਲਈ ਮਹਿੰਗੇ ਸਾਜ਼ੋ–ਸਾਮਾਨ ਅਤੇ ਵਿਸ਼ੇਸ਼ ਸਿਖਲਾਈ ਦੀ ਲੋੜ
ਮਨਪ੍ਰੀਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸੰਤ ਬਲਬੀਰ ਸਿੰਘ ਸੀਚੇਵਾਲ, ਆਪਣੇ ਕੋਚਾਂ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਹ ਇੱਕ ਸਧਾਰਨ ਅਤੇ ਆਰਥਿਕ ਤੌਰ ‘ਤੇ ਸੀਮਤ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ “ਕਿਆਕਿੰਗ ਅਤੇ ਕਨੋਇੰਗ ਵਰਗੀ ਖੇਡ ਵਿੱਚ ਅੱਗੇ ਵਧਣ ਲਈ ਮਹਿੰਗੇ ਸਾਜ਼ੋ–ਸਾਮਾਨ ਅਤੇ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ, ਜੋ ਉਸਦੇ ਪਰਿਵਾਰ ਲਈ ਸੰਭਵ ਨਹੀਂ ਸੀ। ਪਰ ਸੈਂਟਰ ਵੱਲੋਂ ਮੁਫ਼ਤ ਸਿਖਲਾਈ, ਬੋਟਾਂ, ਸਾਜ਼ੋ–ਸਾਮਾਨ ਅਤੇ ਮਾਹਿਰ ਕੋਚਾਂ ਦੀ ਰਹਿਨੁਮਾਈ ਨੇ ਉਸਦੇ ਸੁਪਨਿਆਂ ਨੂੰ ਖੰਭ ਲਗਾਏ।”
“ਜੇਕਰ ਸੰਤ ਸੀਚੇਵਾਲ ਜੀ ਵੱਲੋਂ ਇਹ ਵਾਟਰ ਸਪੋਰਟਸ ਸੈਂਟਰ ਨਾ ਬਣਾਇਆ ਜਾਂਦਾ ਤਾਂ ਸ਼ਾਇਦ ਮੈਂ ਕਦੇ ਵੀ ਇਸ ਖੇਡ ਦਾ ਹਿੱਸਾ ਨਾ ਬਣ ਸਕਦੀ। ਇੱਥੇ ਮਿਲੀ ਮੁਫ਼ਤ ਸਿਖਲਾਈ, ਲੋੜੀਂਦਾ ਸਾਜ਼ੋ-ਸਾਮਾਨ ਅਤੇ ਮਾਹਿਰ ਕੋਚਾਂ ਦੀ ਰਹਿਨੁਮਾਈ ਨੇ ਹੀ ਮੈਨੂੰ ਅੱਜ ਕੌਮੀ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਬਣਾਇਆ ਹੈ। ਮੈਂ ਚਾਹੁੰਦੀ ਹਾਂ ਕਿ ਪਿੰਡਾਂ ਦੀਆਂ ਹੋਰ ਧੀਆਂ ਵੀ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।” –ਮਨਪ੍ਰੀਤ ਕੌਰ
ਮਿਹਨਤ ਦਾ ਨਤੀਜਾ ਅੱਜ ਮੈਡਲਾਂ ਦੇ ਰੂਪ ਵਿੱਚ ਸਾਹਮਣੇ ਆਇਆ
ਮੁੱਖ ਕੋਚ ਅਮਨਦੀਪ ਸਿੰਘ ਖਹਿਰਾ ਨੇ ਕਿਹਾ ਕਿ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਨਤੀਜਾ ਅੱਜ ਮੈਡਲਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਹਾਇਕ ਕੋਚ ਵਰਿੰਦਰ ਸਿੰਘ ਨੇ ਕਿਹਾ ਕਿ “ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਹੀ ਖੇਤਰ ਵਿੱਚ ਆਧੁਨਿਕ ਖੇਡ ਸਹੂਲਤਾਂ ਮਿਲ ਰਹੀਆਂ ਹਨ। ਜਿਸ ਨਾਲ ਉਹ ਆਪਣੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ–ਨਾਲ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿ ਰਹੇ ਹਨ।”
ਸਹਾਇਕ ਕੋਚ ਪ੍ਰਿਆ ਸੈਣੀ ਨੇ ਕਿਹਾ ਕਿ “ਸੈਂਟਰ ਵਿੱਚ ਲੜਕੀਆਂ ਨੂੰ ਬਰਾਬਰ ਦੇ ਮੌਕੇ ਅਤੇ ਉੱਚ ਪੱਧਰੀ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਉਪਰਾਲੇ ਨੇ ਪਿੰਡਾਂ ਦੀਆਂ ਧੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇ ਹਨ ਅਤੇ ਹੁਣ ਉਹ ਵੀ ਦੇਸ਼ ਲਈ ਮੈਡਲ ਜਿੱਤਣ ਦੇ ਸੁਪਨੇ ਨੂੰ ਸਾਕਾਰ ਕਰ ਰਹੀਆਂ ਹਨ।”
ETV BHARAT