ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ
ਮਾਨਸਾ ਦੇ ਕਸਬਾ ਭੀਖੀ ਦੇ ਵਿੱਚੋਂ ਮੁੜ ਤੋਂ ਨਹਿਰ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ।
19 ਜੂਨ, 2026 – ਮਾਨਸਾ: ਜ਼ਿਲ੍ਹੇ ਦੇ ਕਸਬਾ ਭੀਖੀ ਦੇ ਵਿੱਚ ਹਾਲੇ 13 ਜੂਨ ਨੂੰ ਨਹਿਰ ‘ਚ ਵੱਡਾ ਪਾੜ ਪਿਆ ਸੀ, ਜਿਸ ਕਾਰਨ ਕਿਸਾਨਾਂ ਅਤੇ ਇੱਕ ਕਬਾੜ ਦੇ ਕਾਰੋਬਾਰ ਕਰਨ ਵਾਲੇ ਵਿਅਕਤੀ ਦਾ ਭਾਰੀ ਨੁਕਸਾਨ ਹੋਇਆ ਸੀ। ਉਥੇ ਹੀ ਹੁਣ ਇੱਕ ਵਾਰ ਮੁੜ ਤੋਂ ਭੀਖੀ ਨਹਿਰ ਵਿੱਚ ਪਾਣੀ ਛੱਡਣ ਦੇ ਕਾਰਨ ਨਹਿਰ ਟੁੱਟ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਅਤੇ ਆਸ ਪਾਸ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਹੈ। ਇਸ ਦੇ ਚੱਲਦਿਆਂ ਸਥਾਨਕ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।
ਭੀਖੀ ਨਹਿਰ ‘ਚ ਪਿਆ ਪਾੜ
ਸਥਾਨਕ ਵਾਸੀਆਂ ਨੇ ਕਿਹਾ ਕਿ “ਨਹਿਰ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਹ ਨਹਿਰ ਮੁੜ ਤੋਂ ਫਿਰ ਟੁੱਟੇਗੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਕਿਸਾਨਾਂ ਅਤੇ ਘਰਾਂ ਦਾ ਵੱਡਾ ਨੁਕਸਾਨ ਕਰੇਗੀ। ਉਹਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਦੌਰਾਨ ਨਹਿਰੀ ਪਾਣੀ ਦੇਣ ਤੋਂ ਅਸਫ਼ਲ ਹੋ ਚੁੱਕੀ ਹੈ, ਉਥੇ ਹੀ ਨਹਿਰ ਦੀ ਮੁਰੰਮਤ ਕਰਨ ਦੇ ਵਿੱਚ ਵੀ ਅਸਫ਼ਲ ਹੋਈ ਹੈ।”
ਕਿਸਾਨਾਂ ਅਤੇ ਆਮ ਘਰਾਂ ਦਾ ਨੁਕਸਾਨ
ਉਹਨਾਂ ਕਿਹਾ ਕਿ “ਅੱਜ ਕਿਸਾਨਾਂ ਦੀ ਬੀਜੀ ਗਈ ਝੋਨੇ ਦੀ ਫ਼ਸਲ ਅਤੇ ਪਨੀਰੀ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਘਰਾਂ ਦੇ ਤੱਕ ਪਾਣੀ ਪਹੁੰਚਣ ਕਾਰਨ ਘਰਾਂ ਦਾ ਵੀ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਨਹਿਰ ਦੇ ਨੇੜੇ ਹੀ ਇੱਕ ਵਿਅਕਤੀ ਕਬਾੜ ਦਾ ਕਾਰੋਬਾਰ ਕਰਕੇ ਆਪਣਾ ਘਰ ਚਲਾਉਂਦਾ ਹੈ, ਜਿਸ ਦਾ ਇੱਕ ਹਫ਼ਤੇ ‘ਚ ਦੂਜੀ ਵਾਰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਸੰਬੰਧਿਤ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ ਵੀ ਕੀਤੀ।”
ਹਫ਼ਤੇ ‘ਚ ਦੂਜੀ ਵਾਰ ਟੁੱਟੀ ਨਹਿਰ
ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਝੋਨੇ ਦੀ ਬਿਜਾਈ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਖ਼ਤ ਜ਼ਰੂਰਤ ਹੈ, ਪਰ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਵਿੱਚ ਨਹਿਰ ਦੀ ਖਸਤਾ ਹਾਲਤ ਹੋਣ ਦੇ ਚੱਲਦਿਆਂ ਪਿਛਲੇ ਇੱਕ ਹਫ਼ਤੇ ‘ਚ ਨਹਿਰ ਦੋ ਵਾਰ ਟੁੱਟ ਚੁੱਕੀ ਹੈ। ਜਾਣਕਾਰੀ ਮੁਤਾਬਕ ਲੰਘੀ 13 ਜੂਨ ਨੂੰ ਨਹਿਰ ‘ਚ ਵੱਡਾ ਪਾੜ ਪਿਆ ਸੀ, ਜਿਸ ਕਾਰਨ ਮੁੜ ਤੋਂ ਇਸ ਨਹਿਰ ਦੀ ਮੁਰੰਮਤ ਕਰਨ ਤੋਂ ਬਾਅਦ ਪਾਣੀ ਛੱਡ ਦਿੱਤਾ ਗਿਆ। ਇਸ ਵਿਚਾਲੇ ਮੁੜ ਇਸ ਨਹਿਰ ਦੇ ਵਿੱਚ ਵੱਡੀ ਦਰਾਰ ਪਈ ਹੈ, ਜਿਸ ਕਾਰਨ ਪਾਣੀ ਜਿੱਥੇ ਕਿਸਾਨਾਂ ਦੀ ਝੋਨੇ ਦੀ ਫਸਲ, ਪਨੀਰੀ ਅਤੇ ਆਸ ਪਾਸ ਦੇ ਘਰਾਂ ਤੱਕ ਪਹੁੰਚ ਗਿਆ ਹੈ, ਉਥੇ ਹੀ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ।
ETV BHARAT