ਮੰਗਾਂ ਨੂੰ ਲੈਕੇ 2600 ਅਪ੍ਰੈਂਟਿਸ਼ਿਪ ਮੁਲਾਜ਼ਮਾਂ ਦਾ ਧਰਨਾ ਲਗਾਤਾਰ ਜਾਰੀ ਹੈ। ਗੁੱਸੇ ਵਿੱਚ ਆਏ ਹੋਰ ਨੌਜਵਾਨ ਟਾਵਰ ’ਤੇ ਚੜ੍ਹ ਗਏ।
20 ਜੂਨ, 2026 – ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਖ਼ਿਲਾਫ਼ ਪਿਛਲੇ ਕਈ ਸਮੇਂ ਤੋਂ ਸੰਘਰਸ਼ ਕਰ ਰਹੇ 2600 ਅਪ੍ਰੈਂਟਿਸ਼ਿਪ ਮੁਲਾਜ਼ਮਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਸ਼ਾਸਨ ਦੀ ਕਥਿਤ ਧੱਕੇਸ਼ਾਹੀ ਅਤੇ ਪਰੇਸ਼ਾਨ ਕੀਤੇ ਜਾਣ ਕਾਰਨ ਹੋਰ ਨੌਜਵਾਨ ਵੀ ਟਾਵਰ ‘ਤੇ ਚੜ੍ਹਨ ਲਈ ਮਜਬੂਰ ਹੋਏ ਹਨ।
ਪ੍ਰਦਰਸ਼ਨਕਾਰੀਆਂ ਦੇ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ
2600 ਅਪ੍ਰੈਂਟਿਸ਼ਿਪ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੂਬਾ ਖ਼ਜ਼ਾਨਚੀ ਰਾਜ ਸਿੰਘ ਨੇ ਕਿਹਾ ਕਿ “ਉਹ ਕਿਸੇ ਸ਼ੌਕ ਨਾਲ ਟਾਵਰ ‘ਤੇ ਨਹੀਂ ਚੜ੍ਹੇ, ਸਗੋਂ ਪ੍ਰਸ਼ਾਸਨ ਦੇ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਸਾਡੇ 6 ਤੋਂ 8 ਸਾਥੀ ਪਿਛਲੇ ਕਰੀਬ 10 ਦਿਨਾਂ ਤੋਂ ਟਾਵਰ ‘ਤੇ ਡਟੇ ਹੋਏ ਹਨ, ਜਦਕਿ ਹੋਰ ਮੁਲਾਜ਼ਮ ਹੇਠਾਂ ਟੈਂਟ ਲਗਾ ਕੇ ਸ਼ਾਂਤਮਈ ਧਰਨਾ ਦੇ ਰਹੇ ਸਨ। ਪ੍ਰਸ਼ਾਸਨ ਨੇ ਖੇਤ ਦੇ ਮਾਲਕ ‘ਤੇ ਦਬਾਅ ਪਾ ਕੇ ਉਨ੍ਹਾਂ ਨੂੰ ਉੱਥੋਂ ਵੀ ਹਟਾ ਦਿੱਤਾ ਅਤੇ ਕਈ ਵਾਰ ਧਰਨਾਕਾਰੀਆਂ ਦਾ ਸਮਾਨ ਜ਼ਬਤ ਕਰ ਲਿਆ।”
- “ਇੱਕ ਪਾਸੇ ਵਿਭਾਗ ਨਾਲ ਗੱਲਬਾਤ ਜਾਰੀ ਹੈ, ਜਦਕਿ ਦੂਜੇ ਪਾਸੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰੀ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ ਤਾਂ ਗ੍ਰਿਫ਼ਤਾਰੀ ਕਿਸ ਗੱਲ ਦੀ ਦਿੱਤੀ ਜਾਵੇ ।ਜੇ ਦਬਾਅ ਦਾ ਸਿਲਸਿਲਾ ਜਾਰੀ ਰਿਹਾ ਤਾਂ ਹੋਰ ਨੌਜਵਾਨ ਵੀ ਟਾਵਰ ‘ਤੇ ਚੜ੍ਹ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।”–ਰਾਜ ਸਿੰਘ,ਸੂਬਾ ਖ਼ਜ਼ਾਨਚੀ,2600 ਅਪ੍ਰੈਂਟਿਸ਼ਿਪ ਮੁਲਾਜ਼ਮ ਸੰਘਰਸ਼ ਕਮੇਟੀ
ਪ੍ਰਸ਼ਾਸਨ ‘ਤੇ ਪਰੇਸ਼ਾਨ ਕਰਨ ਦੇ ਇਲਜ਼ਾਮ
ਰਾਜ ਸਿੰਘ ਨੇ ਦੱਸਿਆ ਕਿ “ਦੋ ਦਿਨ ਪਹਿਲਾਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਵਿਭਾਗ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਭਰੋਸੇ ਦੇ ਅਧਾਰ ‘ਤੇ ਜਥੇਬੰਦੀ ਨੇ ਭੁੱਖ ਹੜਤਾਲ ‘ਤੇ ਬੈਠੇ ਆਪਣੇ ਇੱਕ ਸਾਥੀ ਨੂੰ ਵੀ ਉਠਾ ਲਿਆ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਜਾਰੀ ਹੈ।”
ਪ੍ਰਦਰਸ਼ਨਕਾਰੀਆਂ ਦੀਆਂ ਸਰਕਾਰ ਨੂੰ ਖਰੀਆਂ–ਖਰੀਆਂ
ਉਨ੍ਹਾਂ ਇਲਜ਼ਾਮ ਲਗਾਇਆ ਕਿ ਮੌਕੇ ’ਤੇ ਭਾਰੀ ਪੁਲਿਸ ਫੋਰਸ ਅਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ ਪੰਜਾਬ ਵਿੱਚ ਨਸ਼ੇ ਵਰਗੇ ਗੰਭੀਰ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਰੁਜ਼ਗਾਰ ਦੇ ਸਰਕਾਰੀ ਦਾਅਵਿਆਂ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਠੇਕੇ ਜਾਂ ਕੰਪਨੀਆਂ ਰਾਹੀਂ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਇੱਕ ਠੇਕੇਦਾਰ ਤੋਂ ਦੂਜੇ ਠੇਕੇਦਾਰ ਹੇਠ ਲਿਆਉਣਾ ਨਵਾਂ ਰੁਜ਼ਗਾਰ ਨਹੀਂ ਮੰਨਿਆ ਜਾ ਸਕਦਾ।
ਕਿਵੇਂ ਕੀਤਾ ਜਾ ਰਿਹਾ ਲੰਗਰ ਦਾ ਪ੍ਰਬੰਧ ?
ਰਾਜ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪਹਿਲਾਂ ਨੇੜਲੇ ਗੁਰਦੁਆਰਾ ਪਰਮੇਸ਼ਰ ਦੁਆਰ ਵੱਲੋਂ ਲੰਗਰ ਦੀ ਸੇਵਾ ਦਿੱਤੀ ਜਾ ਰਹੀ ਸੀ, ਪਰ ਪ੍ਰਸ਼ਾਸਨ ਦੇ ਦਬਾਅ ਕਾਰਨ ਉਹ ਵੀ ਬੰਦ ਕਰਵਾ ਦਿੱਤੀ ਗਈ। ਹੁਣ ਪਿੰਡਾਂ ਤੋਂ ਰਾਸ਼ਨ ਇਕੱਠਾ ਕਰਕੇ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ETV BHARAT