ਕਿਵੇਂ ਭਰੀਏ SIR ਫਾਰਮ? ਬੀਐਲਓ ਨਾਲ ਕਿਵੇਂ ਕਰੀਏ ਸੰਪਰਕ? ਕਦੋਂ ਤੱਕ ਚੱਲੇਗੀ ਇਹ ਪ੍ਰਕਿਰਿਆ? ਵੇਖੋ ਲੁਧਿਆਣਾ ਤੋਂ ਵਰਿੰਦਰ ਥਿੰਦ ਦੀ ਖਾਸ ਰਿਪੋਰਟ।
03 ਜੁਲਾਈ, 2026 – ਲੁਧਿਆਣਾ: ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR-Special Intensive Revision) ਦੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਦੇ ਤਹਿਤ 25 ਜੂਨ ਤੋਂ ਹੁਣ ਬੀਐਲਓ ਘਰ-ਘਰ ਜਾ ਕੇ ਵੋਟਰਾਂ ਨੂੰ ਫਾਰਮ ਦੇ ਰਹੇ ਹਨ। ਇਹ ਫਾਰਮ ਭਰ ਕੇ ਵੋਟਰਾਂ ਨੂੰ ਬੀਐਲਓ ਨੂੰ ਵਾਪਸ ਕਰਨੇ ਹਨ। ਇਹ ਫਾਰਮ ਕਿਵੇਂ ਭਰਨੇ ਹਨ? ਇਸ ਸਬੰਧੀ ਬੀਐਲਓ ਵੀ ਵੋਟਰਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ, ਕੁਝ ਦਸਤਾਵੇਜ਼ ਵੀ ਨਾਲ ਅਟੈਚ ਹੋਣੇ ਹਨ ਜਿਸ ਨਾਲ ਤੁਹਾਡੀ ਵੋਟ ਦੀ ਤਸਦੀਕ ਹੋਵੇਗੀ। ਇਹ ਫਾਰਮ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੀ ਵੋਟ 2003 ਦੀ ਵੋਟਰ ਸੂਚੀ ਦੇ ਨਾਲ ਮਿਲ ਰਹੀ ਹੈ। ਇਨ੍ਹਾਂ ਫਾਰਮਾਂ ਦੇ ਨਾਲ ਉਨ੍ਹਾਂ ਦੀ ਵੋਟ ਦੀ ਤਸਦੀਕ ਹੋਵੇਗੀ।
ਕਿਵੇਂ ਭਰੀਏ ਫਾਰਮ, ਕੀ–ਕੀ ਜਾਣਕਾਰੀ ਭਰਨੀ ਹੋਵੇਗੀ?
ਬੀਐਲਓ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ, “ਜਿਹੜੇ ਫਾਰਮ ਤੁਹਾਡੇ ਤੱਕ ਪਹੁੰਚਣਗੇ, ਉਨ੍ਹਾਂ ਉੱਤੇ ਪਹਿਲਾਂ ਹੀ QR ਕੋਡ ਦੇ ਨਾਲ ਤੁਹਾਡੀ ਫੋਟੋ ਲੱਗੀ ਹੋਵੇਗੀ, ਸਭ ਤੋਂ ਪਹਿਲਾਂ ਬੀਐਲਓ ਦਾ ਨਾਮ ਉਸ ਦਾ ਮੋਬਾਇਲ ਨੰਬਰ ਅਤੇ ਫਿਰ ਪਰਿਵਾਰ ਦੇ ਮੈਂਬਰ ਦੀ ਜਾਣਕਾਰੀ ਦੇਣੀ ਹੈ। ਫਾਰਮ ਦੇ ਖੱਬੇ ਪਾਸੇ ਕਾਲਮ ਪੁਰਾਣੇ ਵੋਟਰਾਂ ਲਈ ਹੈ। ਉਨ੍ਹਾਂ ਵੱਲੋਂ ਨਾਮ ਜੋ ਕਿ ਪਹਿਲੀ ਵੋਟਰ ਸੂਚੀ ਦੇ ਮੁਤਾਬਕ ਹੈ, ਵੋਟਰ ਦਾ ਨਾਮ, ਵੋਟਰ ਦਾ ਕਾਰਡ ਨੰਬਰ, ਰਿਸ਼ਤੇਦਾਰ ਦਾ ਨਾਮ ਅਤੇ ਸਬੰਧ ਪਤੀ ਜਾਂ ਆਪਣੇ ਪਿਤਾ ਦਾ ਨਾਮ ਬਾਕਸ ਵਿੱਚ ਲਿਖਣਾ ਹੈ। ਸੱਜੇ ਪਾਸੇ ਵਾਲਾ ਕਾਲਮ ਨਵੀਂ ਵੋਟਰਾਂ ਲਈ ਹੈ। ਇਸ ਵਿੱਚ ਉਨ੍ਹਾਂ ਵੋਟਰਾਂ ਵੱਲੋਂ ਆਪਣੀ ਜਾਣਕਾਰੀ ਭਰੀ ਜਾਣੀ ਹੈ, ਜਿਨ੍ਹਾਂ ਦਾ ਨਾਮ 2003 ਦੀ ਪਿਛਲੀ ਸੂਚੀ ਵਿੱਚ ਨਹੀਂ ਹੈ।”
ਉਦਾਹਰਨ ਦੇ ਤੌਰ ਉੱਤੇ ਇਸ ਵਿੱਚ ਨਵੀਂ ਨੂੰਹ, ਜੋ ਵਿਆਹ ਕੇ ਘਰ ਆਈ ਹੋਵੇ, ਤਾਂ ਉਸ ਨੂੰ ਆਪਣਾ ਪੁਰਾਣਾ ਵੋਟਰ ਆਈਡੀ ਕਾਰਡ ਨੰਬਰ ਪਾਉਣਾ ਪਵੇਗਾ, ਜੋ ਇਸ ਪਰਿਵਾਰ ਨਾਲ ਲਿੰਕ ਹੋ ਜਾਵੇਗਾ। ਜਾਂ ਫਿਰ ਕੋਈ ਨਵਾਂ ਨੌਜਵਾਨ ਜਿਸ ਦੀ ਉਮਰ ਘਰ ਵਿੱਚ 18 ਸਾਲ ਹੋਈ ਹੋਵੇ, ਉਨ੍ਹਾਂ ਨੇ ਵੀ ਇਹ ਫਾਰਮ ਭਰਨਾ ਹੈ। ਉਸ ਨੂੰ ਆਪਣੇ ਪਰਿਵਾਰਿਕ ਮੈਂਬਰ ਨਾਲ ਸਬੰਧ ਦਰਸ਼ਾ ਕੇ ਅਤੇ ਆਪਣੇ ਪਛਾਣ ਪੱਤਰ ਦੀ ਜਾਣਕਾਰੀ ਭਰਨੀ ਪਵੇਗੀ।
ਇਸ ਤੋਂ ਇਲਾਵਾ ਕੀ ਕਰ ਸਕਦੇ ਹੋ?
ਇਸ ਤੋਂ ਇਲਾਵਾ ਫਾਰਮ ਦੇ ਹੇਠਾਂ ਵੋਟਰ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਜਿਸ ਵਿੱਚ ਆਧਾਰ ਨੰਬਰ, ਜਨਮ ਤਰੀਕ ਅਤੇ ਮੋਬਾਇਲ ਨੰਬਰ ਆਦਿ ਲਿਖਣਾ ਹੈ। ਇਸ ਤੋਂ ਬਾਅਦ ਤਸਦੀਕ ਦੇ ਲਈ ਦਸਤਖ਼ਤ ਕਰਨੇ ਹਨ। ਭਾਵ ਕਿ ਜਿਹੜੀ ਵੀ ਜਾਣਕਾਰੀ ਤੁਸੀਂ ਫਾਰਮ ਵਿੱਚ ਭਰੀ ਹੈ, ਉਹ ਸਹੀ ਹੈ ਇਸ ਦੀ ਤੁਸੀਂ ਆਪ ਤਸਦੀਕ ਕਰਨੀ ਹੈ।
ਵੋਟਰ ਵੱਲੋਂ ਪਿਛਲੀ ਸੂਚੀਆਂ ਲਈ ਚੋਣ ਕਮਿਸ਼ਨ ਦੀ ਵੋਟਰ ਈਸੀਆਈ (ECI) ਵੈਬਸਾਈਟ ‘ਤੇ ਜਾ ਕੇ ਆਪਣਾ ਨਾਮ ਅਤੇ ਸਬੰਧਤ ਰਿਸ਼ਤੇਦਾਰ ਦਾ ਨਾਮ ਵੇਖਿਆ ਜਾ ਸਕਦਾ ਹੈ। ਜਿਸ ਨਾਲ ਉਨ੍ਹਾਂ ਨੂੰ ਵੇਰਵਾ ਪ੍ਰਾਪਤ ਹੋਵੇਗਾ। ਇਸ ਸਬੰਧੀ ਮਦਦ ਲਈ ਵੋਟਰ ਸੰਬੰਧਿਤ ਬੀਐਲਓ ਦੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ। – ਰਮਨਦੀਪ ਸਿੰਘ, BLO
ਜ਼ਰੂਰੀ ਦਸਤਾਵੇਜ਼
ਬੀਐਲਓ ਨੇ ਦੱਸਿਆ ਕਿ, “ਮੁੱਖ ਤੌਰ ਜਿਹੜੇ ਦਸਤਾਵੇਜ਼ ਚੱਲ ਸਕਦੇ ਹਨ, ਉਨ੍ਹਾਂ ਵਿੱਚ ਕਿਸੇ ਵੀ ਕੇਂਦਰੀ/ਰਾਜ ਸਰਕਾਰ/ਸਰਵਜਨਕ ਖੇਤਰ ਦੇ ਅਦਾਰਿਆਂ ਦੇ ਰੈਗੂਲਰ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਕੀਤਾ ਕੋਈ ਵੀ ਪਛਾਣ ਪੱਤਰ/ਪੈਨਸ਼ਨ ਭੁਗਤਾਨ ਆਰਡਰ ਸ਼ਾਮਲ ਹੈ।”
- 01.07.1987 ਤੋਂ ਪਹਿਲਾਂ ਭਾਰਤ ਵਿੱਚ ਸਰਕਾਰ/ਸਥਾਨਕ ਸਰਕਾਰਾਂ/ਬੈਂਕਾਂ/ਡਾਕਘਰ/ਐਲ.ਆਈ.ਸੀ./ਸਰਵਜਨਕ ਖੇਤਰ ਦੇ ਅਦਾਰਿਆਂ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਪਛਾਣ ਪੱਤਰ/ਸਰਟੀਫਿਕੇਟ/ਦਸਤਾਵੇਜ਼।
- ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਜਨਮ ਸਰਟੀਫਿਕੇਟ।
- ਪਾਸਪੋਰਟ
- ਮਾਨਤਾ ਪ੍ਰਾਪਤ ਬੋਰਡਾਂ/ਯੂਨੀਵਰਸਿਟੀਆਂ ਦੁਆਰਾ ਜਾਰੀ ਮੈਟ੍ਰਿਕ/ਵਿਦਿਅਕ ਸਰਟੀਫਿਕੇਟ।
- ਸਮਰੱਥ ਰਾਜ ਅਥਾਰਟੀ ਦੁਆਰਾ ਜਾਰੀ ਸਥਾਈ ਨਿਵਾਸ ਸਰਟੀਫਿਕੇਟ।
- ਜੰਗਲਾਤ ਅਧਿਕਾਰ ਸਰਟੀਫਿਕੇਟ
- ਓ.ਬੀ.ਸੀ/ਐਸ.ਸੀ/ਐਸ.ਟੀ ਜਾਂ ਸਮਰੱਥ ਅਥਾਰਣੀ ਦੁਆਰਾ ਜਾਰੀ ਕੀਤਾ ਕੋਈ ਜਾਤੀ ਸਰਟੀਫਿਕੇਟ।
- ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਵੀ ਇਹ ਮੌਜੂਦ ਹੋਵੇ)।
- ਕਾਨੂੰਨੀ/ਪ੍ਰਬੰਧਕੀ ਨਿਯਮਾਂ ਤਹਿਤ ਸਰਕਾਰੀ ਅਧਿਕਾਰੀਆਂ ਦੁਆਰਾ ਤਿਆਰ ਕੀਤਾ ਪਰਿਵਾਰਕ ਰਜਿਸਟਰ।
- ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕੋਈ ਜ਼ਮੀਨ/ਮਕਾਨ ਅਲਾਟਮੈਂਟ ਸਰਟੀਫਿਕੇਟ
ਪੁਰਾਣੀ ਸੂਚੀ ਨਾਲ ਤਾਲਮੇਲ
ਲੁਧਿਆਣਾ ਦੇ ਫੁੱਲਾਂਵਾਲ ਵਿੱਚ ਐਸਆਈਆਰ (SIR) ਦੀ ਪ੍ਰਕਿਰਿਆ ਕਰ ਰਹੇ ਬੀਐਲਓ ਪਰਮਜੀਤ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਦੱਸਿਆ ਕਿ, “ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਅਸੀਂ 2003 ਦੀ ਸੂਚੀ ਨਾਲ ਮੇਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ, 4 ਦਸਤਾਵੇਜ਼ ਜਿਸ ਵਿੱਚ ਆਧਾਰ ਕਾਰਡ, ਸਕੂਲ ਸਰਟੀਫਿਕੇਟ, ਬਿਜਲੀ ਬਿੱਲ ਅਤੇ ਪਾਸਪੋਰਟ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ, “60 ਫੀਸਦੀ ਮੈਪਿੰਗ ਹੋ ਚੁੱਕੀ ਹੈ, 40 ਫੀਸਦੀ ਹੁਣ ਬੀਐਲਓ ਪੂਰੀ ਕਰਨਗੇ।”
ਉਨ੍ਹਾਂ ਨੇ ਫਾਰਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ, “2003 ਵਿੱਚ ਵੋਟ ਵਾਲੇ ਅਤੇ ਬਿਨ੍ਹਾਂ ਵੋਟ ਵਾਲਿਆਂ ਦੇ ਲਈ ਵੱਖ ਵੱਖ ਕਾਲਮ ਦਿੱਤੇ ਗਏ ਹਨ।” ਉਨ੍ਹਾਂ ਕਿਹਾ ਕਿ, ‘ਜਿਹੜੇ ਫਾਰਮ ਦਿੱਤੇ ਹਨ, ਉਨ੍ਹਾਂ ਦੇ ਪਿੱਛੇ ਵੀ ਦਸਤਾਵੇਜ਼ਾਂ ਦਾ ਵੇਰਵਾ ਦਿੱਤਾ ਹੈ। ਪਰਿਵਾਰ ਦਾ ਕੋਈ ਦੂਜਾ ਮੈਂਬਰ ਜੋ ਕਿ 18 ਸਾਲ ਤੋਂ ਉਪਰ ਹੈ, ਉਹ ਵੀ ਫਾਰਮ ਭਰ ਕੇ ਦੇ ਸਕਦਾ ਹੈ।‘
ਚੋਣ ਕਮਿਸ਼ਨ ਦੀ ਸਾਈਟ ‘ਤੇ ਜਾ ਕੇ BLO ਨਾਲ ਸੰਪਰਕ
ਉੱਥੇ ਹੀ, ਬੀਐਲਓ ਰਮਨਦੀਪ ਸਿੰਘ ਨੇ ਵੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਕਿ, “ਅਸੀਂ ਵੋਟਰਾਂ ਨੂੰ ਇਹੀ ਅਪੀਲ ਕਰਦੇ ਹਨ ਕਿ ਉਹ ਸਾਨੂੰ ਸਹਿਯੋਗ ਕਰਨ ਆਪਣੀ ਜਾਣਕਾਰੀ ਦੇਣ ਅਤੇ ਜੇਕਰ ਉਹ ਸਾਡੇ ਨਾਲ ਸੰਪਰਕ ਨਹੀਂ ਕਰ ਪਾ ਰਹੇ, ਤਾਂ ਚੋਣ ਕਮਿਸ਼ਨ ਦੀ ਸਾਈਟ ਉੱਤੇ ਜਾ ਕੇ ਆਪਣੇ ਇਲਾਕੇ ਦੀ ਚੋਣ ਕਰਕੇ ਆਪਣਾ ਆਧਾਰ ਨੰਬਰ ਪਾ ਕੇ, ਉਥੋਂ ਵੀ ਆਪਣੇ ਬੀਐਲਓ ਦੇ ਨਾਲ ਉਹ ਸੰਪਰਕ ਕਰ ਸਕਦੇ ਹਨ।’
ਆਖਰੀ ਤਰੀਕ ਕਦੋਂ?
ਘਰ-ਘਰ ਪਹੁੰਚ ਕਰ ਰਹੇ ਬੀਐਲਓ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਇਹ ਫਾਰਮ ਭਰੇ ਜਾ ਰਹੇ ਹਨ। ਡਰਾਫਟ ਵੋਟਰ ਸੂਚੀ 3 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਅਤੇ 3 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਜੇਕਰ ਕਿਸੇ ਨੂੰ ਵੀ ਇਨ੍ਹਾਂ ਸੂਚੀਆਂ ਦੇ ਅੰਦਰ ਕੋਈ ਵੀ ਪਰੇਸ਼ਾਨੀ ਹੈ, ਤਾਂ ਉਹ ਆਪਣੇ ਸੁਝਾਅ ਜਾਂ ਸ਼ਿਕਾਇਤ ਦੇ ਸਕਦਾ ਹੈ। ਆਖਰੀ ਵੋਟਰ ਸੂਚੀ ਅਕਤੂਬਰ 2026 ਵਿੱਚ ਦਿੱਤੀ ਜਾਵੇਗੀ।
SIR ਕਿਉਂ ਜ਼ਰੂਰੀ?
ਬੀਐਲਓ ਅਤੇ ਸਥਾਨਕ ਵੋਟਰਾਂ ਨੇ ਦੱਸਿਆ ਕਿ, “ਇਹ ਪ੍ਰਕਿਰਿਆ ਜ਼ਰੂਰੀ ਹੈ, ਕਿਉਂਕਿ ਵੱਡੇ ਸ਼ਹਿਰਾਂ ਵਿੱਚ ਕਈ ਲੋਕ ਜਿਹੜੇ ਦੂਰ ਦੁਰਾਡੇ ਤੋਂ ਆ ਕੇ ਵਸੇ ਹਨ, ਉਨ੍ਹਾਂ ਦੀਆਂ ਆਪਣਿਆਂ ਸ਼ਹਿਰਾਂ/ਸੂਬਿਆਂ ਵਿੱਚ ਵੀ ਵੋਟਾਂ ਹਨ ਅਤੇ ਇੱਥੇ ਆ ਕੇ ਵੀ ਉਨ੍ਹਾਂ ਨੇ ਵੋਟਾਂ ਬਣਵਾ ਲਈਆਂ ਹਨ, ਪਰ ਸੰਵਿਧਾਨ ਸਾਨੂੰ ਸਿਰਫ਼ ਇੱਕ ਹੀ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ।”
ਇਸ ਤੋਂ ਇਲਾਵਾ ਵੋਟਰਾਂ ਨੇ ਕਿਹਾ ਕਿ, “ਜਿਹੜੇ ਐਨਆਰਆਈ ਹਨ, ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਆਪਣੀ ਵੋਟ ਉੱਥੇ ਬਣਵਾਉਣੀ ਹੈ ਜਾਂ ਫਿਰ ਭਾਰਤ ਵਿੱਚ। ਉਨ੍ਹਾਂ ਨੇ ਕਿਹਾ ਕਿ, ਕਈ ਵੋਟਰ ਇੱਥੇ ਆ ਕੇ ਵੀ ਵੋਟਾਂ ਪਾਉਂਦੇ ਹਨ, ਜਿਹੜੇ ਉੱਥੇ ਪੀਆਰ ਨਹੀਂ ਹਨ ਜਾਂ ਫਿਰ ਪੀਆਰ ਹੋਣ ਦੇ ਬਾਵਜੂਦ ਵੀ ਇਧਰ ਹੀ ਉਹ ਵੋਟਾਂ ਪਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੰਵਿਧਾਨ ਇਸ ਦਾ ਹੱਕ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ, ਇਹ ਪ੍ਰਕਿਰਿਆ ਜ਼ਰੂਰੀ ਵੀ ਹੈ, ਕਿਉਂਕਿ ਇਸ ਨਾਲ ਜਿੱਥੇ ਵੋਟਾਂ ਲਈ ਮੈਪਿੰਗ ਹੋਵੇਗੀ, ਉੱਥੇ ਹੀ ਨਵੇਂ ਵੋਟਰਾਂ ਨੂੰ ਵੀ ਜਾਣਕਾਰੀ ਮਿਲ ਸਕੇਗੀ।”
ETV BHARAT