ਉਪਜਾਉ ਬਣਾਉਣ ਲਈ ਕਿਹੜੇ ਕਰੀਏ ਉਪਾਅ, ਜਾਣਨ ਲਈ ਪੜ੍ਹੋ
ਡਾਕਟਰ ਸਤਬੀਰ ਗੋਸਲ ਵੀਸੀ ਪੀਏਯੂ ਨੇ ਦੱਸੇ ਖੇਤਾਂ ਦੀ ਉਪਜ ਵਧਾਉਣ ਦੇ ਤਰੀਕੇ, ਪੜ੍ਹੋ ਵਰਿੰਦਰ ਸਿੰਘ ਥਿੰਦ ਦੀ ਰਿਪੋਰਟ
11 ਜੁਲਾਈ, 2026 – ਲੁਧਿਆਣਾ: ਕਿਸਾਨਾਂ ਲਈ ਸਾਵਧਾਨੀ ਜ਼ਰੂਰੀ, ਪੰਜਾਬ ਦੇਸ਼ ਦਾ ਅੰਨਦਾਤਾ ਅਤੇ ਹਰੀ ਕ੍ਰਾਂਤੀ ਭਾਰਤ ਵਿੱਚ ਲਿਆਉਣ ਦੇ ਲਈ ਪੰਜਾਬ ਦਾ ਵੱਡਾ ਰੋਲ ਰਿਹਾ ਹੈ। ਪੰਜਾਬ ਦਾ ਅੱਜ ਵੀ ਕੇਂਦਰੀ ਅੰਨ ਭੰਡਾਰਨ ਵਿੱਚ ਕਣਕ ਦਾ 40 ਫੀਸਦੀ ਤੱਕ ਹਿੱਸਾ ਅਤੇ ਝੋਨੇ ਵਿੱਚ 25 ਫੀਸਦੀ ਤੱਕ ਦਾ ਹਿੱਸਾ ਪਾ ਰਿਹਾ ਹੈ। ਪੰਜਾਬ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਲਈ ਆਪਣੀਆਂ ਜ਼ਮੀਨਾਂ ਉੱਤੇ ਕਣਕ ਅਤੇ ਝੋਨੇ ਦੀ ਪੈਦਾਵਾਰ ਪੂਰੇ ਦੇਸ਼ ਦੇ ਲਈ ਪੈਦਾ ਕਰਕੇ ਭਾਰਤ ਦੀ ਨਿਰਭਰਤਾ ਵਿਦੇਸ਼ਾਂ ਤੋਂ ਘਟਾਈ ਪਰ ਇਸ ਲਈ ਪੰਜਾਬ ਨੇ ਆਪਣੀ ਜ਼ਮੀਨ ਤੋਂ ਨਾ ਸਿਰਫ ਪਾਣੀ ਕੱਢਿਆ ਸਗੋਂ ਵੱਧ ਪੈਦਾਵਾਰ ਲੈਣ ਦੇ ਲਈ ਕੈਮੀਕਲ ਖਾਧਾਂ ਦਾ ਵੀ ਇਸਤੇਮਾਲ ਕੀਤਾ। ਜਿਸ ਦੇ ਸਿੱਟੇ ਵਜੋਂ ਅੱਜ ਪੰਜਾਬ ਦੀ ਮਿੱਟੀ ਦੀ ਸਿਹਤ ਪਿਛਲੇ ਕੁਝ ਸਾਲਾਂ ਦੇ ਦੌਰਾਨ ਖਰਾਬ ਹੋ ਰਹੀ ਹੈ। ਜੋ ਕਿ ਆਉਣ ਵਾਲੀ ਪੀੜੀਆਂ ਦੇ ਲਈ ਖਤਰੇ ਦੀ ਘੰਟੀ ਹੈ। ਇੰਨਾ ਹੀ ਨਹੀਂ ਧਰਤੀ ਵਿਚਲੇ ਜੈਵਿਕ ਤੱਤ ਵੀ ਘੱਟ ਹੁੰਦੇ ਜਾ ਰਹੇ ਨੇ। ਰਸਾਇਣਿਕ ਖੇਤੀ ਵੱਲ ਵਧੇਰੇ ਰੁਝਾਨ ਹੋਣ ਕਰਕੇ ਜੈਵਿਕ ਖੇਤੀ ਤੋਂ ਪੰਜਾਬ ਦੀ ਦੂਰੀ ਵੱਧਦੀ ਗਈ ਹੈ।
‘ਮਿੱਟੀ ਦੀ ਵਿਗੜ ਰਹੀ ਸਿਹਤ‘
ਪੀਏਯੂ ਵੱਲੋਂ ਸੂਬੇ ਭਰ ਵਿੱਚ ਖੇਤੀ ਬਚਾਓ ਅਭਿਆਨ ਚਲਾਇਆ ਜਾ ਰਿਹਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀਸੀ ਡਾਕਟਰ ਸਤਬੀਰ ਗੋਸਲ ਨੇ ਦੱਸਿਆ ਕਿ “ਜਦੋਂ ਕੋਈ ਵੀ ਫਸਲ ਉਗਾਉਂਦੇ ਹੋ ਤਾਂ ਉਸ ਫਸਲ ਵਿੱਚ ਧਰਤੀ ਅੰਦਰੋਂ ਕੁਝ ਰਸਾਇਣਿਕ ਤੱਕ ਜਿਨ੍ਹਾਂ ਵਿੱਚ ਨਾਈਟਰੋਜਨ, ਫਾਸਫੋਰਸ, ਆਇਰਨ ਅਤੇ ਜ਼ਿੰਕ ਆਦਿ ਦੇ ਤੱਤ ਚਲੇ ਜਾਂਦੇ ਹਨ ਇਹਨਾਂ ਤੱਤਾਂ ਨੂੰ ਪੂਰਾ ਕਰਨ ਲਈ ਸਾਨੂੰ ਧਰਤੀ ਵਿੱਚ ਮੁੜ ਤੋਂ ਇਹਨਾਂ ਦੀ ਪੂਰਤੀ ਕਰਨੀ ਪੈਂਦੀ ਹੈ। ਜਿਸ ਕਾਰਨ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ। ਇਸ ਦੇ ਨਾਲ ਹੀ ਫਸਲਾਂ ਲਾਉਣ ਦੇ ਨਾਲ ਜੈਵਿਕ ਤੱਤ ਵੀ ਘਟ ਜਾਂਦੇ ਨੇ, ਮੌਜੂਦਾ ਸਮੇਂ ਵਿੱਚ ਪੰਜਾਬ ਦੀ ਮਿੱਟੀ ਵਿੱਚ ਜੈਵਿਕ ਤੱਤ 0.3 ਤੋਂ 0.4 ਤੱਕ ਹੈ। ਰਸਾਇਣਿਕ ਖਾਦਾਂ ਵਿੱਚ ਯੂਰੀਆ ਅਤੇ ਡੀਏਪੀ ਆਦੀ ਸ਼ਾਮਿਲ ਹਨ। ਅਜਿਹੀਆਂ ਖਾਦਾਂ ਪਾਉਣ ਕਾਰਨ ਮਿੱਟੀ ਦੇ ਵਿੱਚ ਜੈਵਿਕ ਤੱਤ ਨਹੀਂ ਵੱਧ ਰਹੇ, ਇਸ ਦਾ ਹੱਲ ਰੀ ਜਨਰੇਟਡ ਖੇਤੀਬਾੜੀ ਹੈ। ਜਿਸ ਵਿੱਚ ਅਸੀਂ ਕਣਕ ਜਾਂ ਝੋਨੇ ਦੇ ਨਾੜ ਨੂੰ ਖੇਤ ਦੇ ਵਿੱਚ ਹੀ ਵਾਹ ਦਿੰਦੇ ਹਾਂ। ਇਹ ਉਸ ਤਰ੍ਹਾਂ ਹੀ ਕੰਮ ਕਰਦਾ ਹੈ, ਮਨੁੱਖੀ ਸਰੀਰ ਵਿੱਚ ਜਿਵੇਂ ਹਿਮੋ ਗਲੋਬਿਨ ਹੈ।”
‘ਰਸਾਇਣਿਕ ਖਾਦਾਂ ਦਾ ਘੱਟ ਇਸਤੇਮਾਲ‘
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਸਾਨੂੰ ਖੇਤੀ ਵਿਭਿੰਨਤਾ ਦੇ ਨਾਲ ਰਸਾਇਣਿਕ ਖਾਦਾਂ ਤੋਂ ਪਰਹੇਜ਼ ਕਰਨਾ ਹੋਵੇਗਾ, ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋ ਦੇ ਨਾਲ ਨਾ ਸਿਰਫ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਸਗੋਂ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਅਸੀਂ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਬਾਇਓ ਖਾਦਾਂ ਸਿਫਾਰਿਸ਼ ਕੀਤੀਆਂ ਹਨ। ਇਸ ਤੋਂ ਇਲਾਵਾ ਫਸਲੀ ਵਿਭਿੰਨਤਾ ਜ਼ਰੂਰੀ ਹੈ, ਜਿਸ ਵਿੱਚ ਕਿਸਾਨ ਨੂੰ ਜੈਵਿਕ ਖਾਦਾਂ ਅਤੇ ਹਰੀ ਖਾਦਾਂ ਅਪਣਾਉਣ ਦੀ ਉਹਨਾਂ ਵੱਲੋਂ ਸਲਾਹ ਦਿੱਤੀ ਗਈ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਝੋਨੇ ਦੀ ਕਾਸ਼ਤ ਤੋਂ ਪਹਿਲਾਂ ਜੇਕਰ ਗਰਮੀ ਰੁੱਤ ਵਿੱਚ ਮੂੰਗੀ ਦੀ ਰਹਿੰਦ ਖੂੰਦ ਨੂੰ ਖੇਤ ਦੇ ਵਿੱਚ ਵਾਹਿਆ ਜਾਵੇ ਤਾਂ ਪ੍ਰਤੀ ਏਕੜ 35 ਕਿਲੋ ਯੂਰੀਆ ਦੀ ਬੱਚਤ ਹੋ ਸਕਦੀ ਹੈ।
“50-60 ਸਾਲ ਪਹਿਲਾਂ ਖੇਤਾਂ ਵਿੱਚ ਜ਼ਿਆਦਾਰ ਲੋਕ ਰੂੜੀ ਦੀ ਖਾਧ ਪਾਉਂਦੇ ਸੀ, ਹੁਣ ਪਿੰਡਾਂ ਵਿੱਚ ਪਸ਼ੂ ਵੀ ਘੱਟ ਹੋ ਗਏ ਅਤੇ ਦੂਜਾ ਲੋਕ ਹੁਣ ਸੋਚਦੇ ਨੇ ਕਿਹੜਾ ਲੇਬਰ ਲਗਾ ਕੇ ਟਰਾਲੀਆਂ ਨਾਲ ਭਰ-ਭਰ ਕੇ ਇੰਨੀ ਮਿਹਨਤ ਕਰੇਗਾ। ਇਸ ਤੋਂ ਸੌਖਾ ਤਰੀਕਾ ਉਨ੍ਹਾਂ ਨੂੰ ਲੱਗਦਾ ਕੀ 3-4 ਬੋਰੀਆਂ ਲਿਆ ਕੇ ਪਾ ਦਿਓ, ਬਹੁਤ ਹੈ। ਦੂਜਾ ਹਰੀਆਂ ਸਬਜ਼ੀਆਂ ਦੇ ਗਲੇ-ਸੜੇ ਪੱਤਿਆਂ ਦੀ ਖਾਧ ਪਾਉਣੀ ਚਾਹੀਦੀ ਹੈ, ਇਸ ਨਾਲ ਵੀ ਮਿੱਟੀ ਵਿੱਚ ਜੈਵਿਕ ਤੱਤ ਪੈਦਾ ਹੁੰਦੇ ਹਨ।” – ਡਾ. ਸਤਬੀਰ ਗੋਸਲ, ਵੀਸੀ ਪੀਏਯੂ
‘ਦੇਸੀ ਖਾਦਾਂ ਦੀ ਵਰਤੋਂ‘
ਡਾਕਟਰ ਸਤਬੀਰ ਗੋਸਲ ਦੱਸਦੇ ਨੇ ਕਿ, “40 ਤੋਂ 50 ਸਾਲ ਪਹਿਲਾਂ ਅਕਸਰ ਹੀ ਇਹ ਰਿਵਾਜ ਹੁੰਦਾ ਸੀ ਕਿ ਖੇਤ ਵਿੱਚ ਰੂੜੀ ਦੀ ਖਾਦ ਸੁੱਟੀ ਜਾਂਦੀ ਸੀ। ਹੁਣ ਪਿੰਡਾਂ ਵਿੱਚ ਜਿੱਥੇ ਡੰਗਰ ਪਸ਼ੂ ਘੱਟ ਗਏ ਨੇ ਉੱਥੇ ਹੀ ਕਿਸਾਨ ਵੀ ਰੂੜੀ ਦੀ ਖਾਦ ਦੀ ਟਰਾਲੀ ਪਾਉਣ ਦੀ ਥਾਂ ‘ਤੇ ਦੋ ਥੈਲੇ ਯੂਰੀਆ ਪਾਉਣਾ ਜਿਆਦਾ ਪਸੰਦ ਕਰਦੇ ਹਨ। ਰੂੜੀ ਦੀ ਖਾਦ ਦੇ ਨਾਲ ਮਿੱਟੀ ਵਿੱਚ ਜੈਵਿਕ ਤੱਤ ਵੱਧਦੇ ਹਨ। ਸਿਰਫ ਰੂੜੀ ਦੀ ਖਾਦ ਹੀ ਨਹੀਂ ਸਗੋਂ ਸਬਜ਼ੀਆਂ ਦੇ ਗਲੇ ਸੜੇ ਪੱਤੇ ਆਦਿ ਵੀ ਰੂੜੀ ਦੀ ਖਾਦ ਦੇ ਵਿੱਚ ਮਿਲਾ ਕੇ ਜ਼ਰੂਰ ਪਾਉਣੇ ਚਾਹੀਦੇ ਹਨ। ਸਾਡੇ ਕਿਸਾਨਾਂ ਨੇ ਹੁਣ ਪਰਾਲੀ ਨੂੰ ਅੱਗ ਲਾਉਣੀ ਬੰਦ ਘਰ ਦਿੱਤੀ ਹੈ। ਝੋਨੇ ਦੀ ਪਰਾਲੀ ਦੇ ਵਿੱਚ 33 ਫੀਸਦੀ ਤੱਕ ਹੁੰਦੇ ਹਨ ਅਤੇ ਜਦੋਂ ਪਹਿਲਾ ਕਿਸਾਨ ਇਸ ਨੂੰ ਅੱਗ ਲਾ ਦਿੰਦਾ ਸੀ ਤਾਂ ਇਸ ਨਾਲ ਕੋਈ ਤੱਤ ਖਤਮ ਹੋ ਜਾਂਦੇ ਸਨ। ਪਰ ਹੁਣ ਕਿਸਾਨ ਇਸ ਨੂੰ ਧਰਤੀ ਦੇ ਵਿੱਚ ਹੀ ਵਾਹ ਰਿਹਾ ਹੈ। ਵੀਸੀ ਨੇ ਕਿਹਾ ਕਿ ਹਰੀਆਂ ਖਾਦਾਂ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।‘
‘ਮਿੱਟੀ ਦੀ ਪਰਖ ਜ਼ਰੂਰੀ ‘
ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਨ ਕਿ ਉਹ ਅਵੇਸਲੇ ਹੋ ਜਾਂਦੇ ਨੇ, ਉਨ੍ਹਾਂ ਕਿਹਾ ਕਿ “ਅਸੀਂ ਬਾਹਰੋਂ ਬੀਜ ਵੀ ਖਰੀਦਦੇ ਹਾਂ ਅਤੇ ਖਾਧਾਂ ਵੀ ਲਿਆਉਂਦੇ ਹਾਂ। ਸਾਨੂੰ ਆਪਣੀ ਮਿੱਟੀ ਦੀ ਪਰਖ ਵੀ ਕਰਵਾਉਣੀ ਚਾਹੀਦੀ ਹੈ। ਆਪਣੀ ਮਿੱਟੀ ਦੀ ਪਰਖ ਕਰਵਾਉਣਾ ਕੋਈ ਔਖਾ ਕੰਮ ਨਹੀਂ ਹੈ। ਮਿੱਟੀ ਦੀ ਪਰਖ ਕਰਵਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਸੀਂ ਇਸ ਤਰ੍ਹਾਂ ਦੇ ਤੱਤ ਪਾਉਣੇ ਸ਼ੁਰੂ ਕਰ ਦਿੰਦੇ ਹਾਂ, ਜਿਸ ਦੀ ਮਿੱਟੀ ਨੂੰ ਲੋੜ ਨਹੀਂ ਹੁੰਦੀ, ਅਜਿਹੇ ਵਿੱਚ ਕਈ ਅਜਿਹੇ ਤੱਤ ਰਹਿ ਜਾਂਦੇ ਨੇ ਜਿਨਾਂ ਦੀ ਲੋੜ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਇਸ ਵੱਲ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।”
ਕਿਸਾਨ ਦੀ ਮਜਬੂਰੀ
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਸ ਤਰ੍ਹਾਂ ਅਸੀਂ ਖੇਤ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਕੋ ਹੀ ਫਸਲ ਵਾਰ-ਵਾਰ ਲਗਾ ਕੇ ਖੇਤੀ ਉਪਜਾਊ ਸ਼ਕਤੀ ਘਟਾਈ ਹੈ, ਹੁਣ ਸਾਨੂੰ ਵੱਧ ਤੋਂ ਵੱਧ ਯੂਰੀਆ ਅਤੇ ਡਾਇਆ ਖਾਦਾਂ ਪਾਉਣੀਆਂ ਪੈਂਦੀਆਂ ਹਨ। ਜੇਕਰ ਇਹ ਨਾ ਪਾਈਏ ਤਾਂ ਫਸਲ ਹੁੰਦੀ ਹੀ ਨਹੀਂ ਹੈ, ਮਿੱਟੀ ਨੂੰ ਇਸ ਦੀ ਆਦਤ ਹੋ ਗਈ ਹੈ। ਜੇਕਰ ਸਰਕਾਰ ਚਾਹੁੰਦੀ ਹੈ ਕਿ ਅਸੀਂ ਫਸਲੀ ਵਿਭਿੰਨਤਾ ਅਪਣਾਈਏ ਅਤੇ ਕਣਕ ਅਤੇ ਝੋਨੇ ਦੇ ਚੱਕਰਵਿਊ ਵਿੱਚੋਂ ਨਿਕਲ ਕੇ ਹੋਰ ਫਸਲਾਂ ਲਈਏ ਤਾਂ ਸਾਨੂੰ ਇਸ ਉੱਤੇ ਐਮਐਸਪੀ ਨਹੀਂ ਮਿਲਦਾ। ਜੇਕਰ ਸਰਕਾਰ ਐਮਐਸਪੀ ਦੇ ਦੇਵੇ ਤਾਂ ਅਸੀਂ ਹੋਰ ਵੀ ਫਸਲਾਂ ਲਾਉਣ ਨੂੰ ਤਿਆਰ ਹਾਂ। ਸਰਕਾਰਾਂ ਐਲਾਨ ਤਾਂ ਜ਼ਰੂਰ ਕਰ ਦਿੰਦੀਆਂ ਹਨ ਪਰ ਸਾਨੂੰ ਫਸਲਾਂ ‘ਤੇ ਐਮਐਸਪੀ ਨਹੀਂ ਮਿਲਦਾ, ਜਿਸ ਕਰਕੇ ਅਸੀਂ ਇਹ ਫਸਲਾਂ ਉਗਾ ਰਹੇ ਹਾਂ।
ਹੁਣ ਖੇਤਾਂ ਵਿੱਚ ਖਾਧਾਂ ਬਹੁਤ ਪੈਣ ਲੱਗ ਪਈਆਂ, ਜਿਵੇਂ ਹੁਣ ਝੋਨੇ ਦੀ ਫਸਲ ਹੈ, ਇਸ ਵਿੱਚ ਪਹਿਲਾਂ ਖਾਧ ਪਾਉਣੀ ਪੈਂਦੀ ਹੈ ਬਾਅਦ ਵਿੱਚ ਵੀ ਪਾਉਣੀ ਪੈਂਦੀ ਹੈ, ਕਰੀਏ ਵੀ ਕੀ, ਖਾਧਾਂ ਪਾਏ ਬਿਨ੍ਹਾਂ ਕੋਈ ਫਸਲ ਵੀ ਨਹੀਂ ਹੁੰਦੀ। ਜਦੋਂ ਲਗਾਤਾਰ ਖੇਤਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਖਾਧਾਂ ਸੁੱਟ ਰਹੇ ਹਾਂ ਤਾਂ ਮਿੱਟੀ ਦੇ ਤੱਤ ਤਾਂ ਘੱਟ ਹੋਣਗੇ ਹੀ।- ਕਿਸਾਨ
ETV BHARAT