ਪਿੰਡ ਦੇ ਲੋਕਾਂ ਨੂੰ ਡਰਾ ਰਿਹਾ ਬਿਮਾਰੀਆਂ ਦਾ ਖ਼ਤਰਾ
ਵੱਡਾ ਛੱਪੜ ਪਿੰਡ ਦੇ ਵਸਨੀਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਛੱਪੜ ਵਿੱਚ ਜਮ੍ਹਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ।
14 ਜੁਲਾਈ, 2026 – ਅੰਮ੍ਰਿਤਸਰ: ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਅਤੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਉਥੇ ਹੀ ਦੁਜੇ ਪਾਸੇ, ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਮੂਲੇ ਚੱਕ ਦੇ ਲੋਕ ਛੱਪੜ ਦੇ ਪਾਣੀ ਤੋਂ ਤੰਗ ਪਰੇਸ਼ਾਨ ਹੋ ਕੇ ਦਿਨ ਕੱਟਣ ਨੂੰ ਮਜਬੂਰ ਹਨ। ਸਥਾਨਕ ਵਾਸੀਆਂ ਮੁਤਾਬਕ ਪਿੰਡਾ ਦਾ ਇੱਕ ਵੱਡਾ ਛੱਪੜ ਵਸਨੀਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਛੱਪੜ ਵਿੱਚ ਜਮ੍ਹਾਂ ਗੰਦਗੀ ਅਤੇ ਬਦਬੂਦਾਰ ਪਾਣੀ ਕਾਰਨ ਪੂਰੇ ਪਿੰਡ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਚਮੜੀ ਦੇ ਰੋਗ ਅਤੇ ਹੋਰ ਨਾਮੁਰਾਦ ਬਿਮਾਰੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਪਿੰਡ ਵਾਸੀਆਂ ਨੇ ਇਨ੍ਹਾਂ ਹਲਾਤਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਛੱਪੜ ਦਾ ਪਾਣੀ ਬਣਿਆ ਮੁਸੀਬਤ
ਪਿੰਡ ਦੇ ਲੋਕਾਂ ਨੇ ਇਲਜ਼ਾਮ ਲਾਇਆ ਕਿ ‘ਛੱਪੜ ਦੇ ਨੇੜੇ ਸਥਿਤ ਡੇਅਰੀਆਂ ਦਾ ਗੋਹਾ ਸਿੱਧਾ ਇਸ ਛੱਪੜ ਵਿੱਚ ਸੁੱਟਿਆ ਜਾਂਦਾ ਹੈ, ਜਿਸ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ। ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਾ ਹੈ। ਬਰਸਾਤ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ, ਜਦੋਂ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੜ੍ਹ ਜਾਂਦਾ ਹੈ। ਇਸ ਤੋਂ ਇਲਾਵਾ ਛੱਪੜ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੇ ਜੀਵ–ਜੰਤੂ ਅਤੇ ਸੱਪ ਅਕਸਰ ਘਰਾਂ ਵਿੱਚ ਆ ਜਾਂਦੇ ਹਨ, ਜਿਸ ਨਾਲ ਹਰ ਵੇਲੇ ਜਾਨੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ।‘ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਕੁਝ ਸਾਲ ਪਹਿਲਾਂ ਇਸੇ ਛੱਪੜ ਵਿੱਚੋਂ ਇੱਕ ਲਾਸ਼ ਵੀ ਬਰਾਮਦ ਹੋਈ ਸੀ, ਜਿਸ ਦੀ ਪਛਾਣ ਨਹੀਂ ਹੋ ਸਕੀ ਸੀ।
ਵੋਟਾਂ ਵੇਲੇ ਜਾਗਦੇ ਹਨ ਲੀਡਰ
ਪਿੰਡ ਵਾਸੀਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ, “ਚੋਣਾਂ ਵੇਲੇ ਲੀਡਰ ਹੱਥ ਜੋੜ ਕੇ ਵੋਟਾਂ ਮੰਗਣ ਆਉਂਦੇ ਹਨ ਅਤੇ ਛੱਪੜ ਨੂੰ ਠੀਕ ਕਰਵਾਉਣ ਦੇ ਵੱਡੇ–ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਮੂੰਹ ਨਹੀਂ ਦਿਖਾਉਂਦਾ। ਇੱਥੋਂ ਤੱਕ ਕਿ ਮੌਜੂਦਾ ਹਲਕਾ ਵਿਧਾਇਕ ਅਤੇ ਅਧਿਕਾਰੀ ਵੀ ਸਿਰਫ਼ ਬਾਹਰੋਂ ਗੇੜਾ ਮਾਰ ਕੇ ਚਲੇ ਗਏ, ਪਰ ਕਿਸੇ ਨੇ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ।” ਪਿੰਡ ਵਾਸੀਆਂ ਨੇ ਨਗਰ ਨਿਗਮ, ਸਥਾਨਕ ਸਰਪੰਚ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਦਰਖਾਸਤਾਂ ਦਿੱਤੀਆਂ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਬਰਸਾਤ ਦੇ ਦਿਨਾਂ ਤੋਂ ਪਹਿਲਾਂ ਇਸ ਦਾ ਕੋਈ ਪੱਕਾ ਹੱਲ ਨਾ ਕੱਢਿਆ ਗਿਆ, ਤਾਂ ਪਿੰਡ ਵਿੱਚ ਕੋਈ ਵੱਡੀ ਮਹਾਮਾਰੀ ਫੈਲ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਹੋਵੇਗੀ।
ਮੌਕੇ ‘ਤੇ ਪਹੁੰਚੇ ‘ਆਪ‘ ਆਗੂ
ਦੂਜੇ ਪਾਸੇ, ਮਾਮਲਾ ਗੰਭੀਰ ਹੁੰਦਾ ਦੇਖ ਇਸ ਮੌਕੇ ‘ਤੇ ਹਲਕਾ ਸੈਂਟਰ ਦੇ ਐਮ.ਐਲ.ਏ.ਅਜੇ ਗੁਪਤਾ ਜੀ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ‘ਉਹ ਲੋਕਾਂ ਦੀ ਇਸ ਮੁਸ਼ਕਲ ਤੋਂ ਜਾਣੂ ਹਨ ਅਤੇ ਛੇਤੀ ਹੀ ਡੀ.ਸੀ. (ਡਿਪਟੀ ਕਮਿਸ਼ਨਰ) ਨਾਲ ਗੱਲਬਾਤ ਕਰਕੇ ਇਸ ਛੱਪੜ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ।
ETV BHARAT