ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ਨੂੰ 21-17, 21-17 ਨਾਲ ਹਰਾੲਿਆ; ਭਾਰਤੀ ਸ਼ਟਲਰ ਦੀ ਦੋ ਸਾਲਾਂ ’ਚ ਪਹਿਲੀ ਖ਼ਿਤਾਬੀ ਜਿੱਤ
21 ਜੁਲਾਈ, 2026 – ਟੋਕੀਓ : ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਸ਼ਟਲਰ ਪੀ ਵੀ ਸਿੰਧੂ ਨੇ ਐਤਵਾਰ ਨੂੰ ਜਪਾਨ ਓਪਨ ਵਿੱਚ ਹਮਲਾਵਰ ਖੇਡ ਦਿਖਾਉਂਦਿਆਂ ਮੁਕਾਮੀ ਖਿਡਾਰਨ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਪਹਿਲੀ ਵਾਰ ਸੁਪਰ 750 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ 31 ਸਾਲਾ ਸਿੰਧੂ ਨੇ ਲਗਾਤਾਰ ਹਮਲੇ ਕੀਤੇ ਅਤੇ ਰਣਨੀਤਕ ਅਨੁਸ਼ਾਸਨ ਦੇ ਨਾਲ ਅਹਿਮ ਪਲਾਂ ’ਚ ਸੰਜਮ ਬਣਾ ਕੇ ਰੱਖਦਿਆਂ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯਾਮਾਗੁਚੀ ਨੂੰ 21-17, 21-17 ਨਾਲ ਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਜਿੱਤ ’ਤੇ ਸਿੰਧੂ ਨੂੰ ਵਧਾਈ ਦਿੱਤੀ ਹੈ।
ਸਿੰਧੂ ਨੇ ਪਿਛਲੇ ਦੋ ਸਾਲਾਂ ਵਿੱਚ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਹੈ। ਸਿੰਧੂ ਨੇ ਮੈਚ ਉਪਰੰਤ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ, ਮੇਰੇ ਕੋਲ ਸ਼ਬਦ ਨਹੀਂ ਹਨ ਕਿਉਂਕਿ ਆਖਰੀ ਜਿੱਤ ਨੂੰ 19 ਮਹੀਨੇ ਹੋ ਗਏ ਸਨ। ਮੈਨੂੰ ਲੱਗਦਾ ਹੈ ਕਿ ਮੇਰਾ ਆਤਮ ਵਿਸ਼ਵਾਸ ਵਧਿਆ ਹੈ।’’ ਸਿੰਧੂ ਨੇ ਆਪਣਾ ਪਿਛਲਾ ਖ਼ਿਤਾਬ 2024 ਵਿੱਚ ਸੱਯਦ ਮੋਦੀ ਕੌਮਾਂਤਰੀ ਟੂਰਨਾਮੈਂਟ ਵਿਚ ਜਿੱਤਿਆ ਸੀ। ਜਪਾਨ ਓਪਨ ਦੀ ਇਹ ਜਿੱਤ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਮਗਰੋਂ ਉਸ ਦੀ ਸਭ ਤੋਂ ਵੱਡੀ ਖ਼ਿਤਾਬੀ ਜਿੱਤ ਹੈ।
ਪੰਜਾਬੀ ਟ੍ਰਿਬਯੂਨ