ਵਕੀਲਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸੂਬੇ ਭਰ ਵਿੱਚ ਐੱਲ ਏ ਡੀ ਸੀ (ਲੀਗਲ ਏਡ ਡਿਫੈਂਸ ਕੌਂਸਲ) ਖ਼ਿਲਾਫ਼ ਵਿੱਢੀ ਹੜਤਾਲ ਦੇ ਸਬੰਧ ਵਿੱਚ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨੇ ਕਚਹਿਰੀਆਂ ਦਾ ਕੰਮ ਠੱਪ ਰੱਖਿਆ।
21 ਜੁਲਾਈ, 2026 – ਐਸਏਐਸ ਨਗਰ (ਮੁਹਾਲੀ): ਵਕੀਲਾਂ ਦੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸੂਬੇ ਭਰ ਵਿੱਚ ਐੱਲ ਏ ਡੀ ਸੀ (ਲੀਗਲ ਏਡ ਡਿਫੈਂਸ ਕੌਂਸਲ) ਖ਼ਿਲਾਫ਼ ਵਿੱਢੀ ਹੜਤਾਲ ਦੇ ਸਬੰਧ ਵਿੱਚ ਅੱਜ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨੇ ਕਚਹਿਰੀਆਂ ਦਾ ਕੰਮ ਠੱਪ ਰੱਖਿਆ। ਵਕੀਲਾਂ ਨੇ ਕਚਹਿਰੀਆਂ ਵਿੱਚ ਹੜਤਾਲ ਕਰ ਕੇ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵੱਲੋਂ ਇਹ ਪਾਲਿਸੀ ਵਕੀਲਾਂ ਅਤੇ ਬਾਰ ਐਸੋਸੀਏਸ਼ਨਾਂ ਦੀ ਸਹਿਮਤੀ ਤੋਂ ਬਿਨਾਂ ਬਣਾਈ ਗਈ ਹੈ। ਇਹ ਪਾਲਿਸੀ ਕੁਦਰਤੀ ਨਿਆਂ ਅਤੇ ਭਾਰਤ ਦੇ ਸੰਵਿਧਾਨ ਦੇ ਉਲਟ ਹੈ ਅਤੇ ਇਸ ਨੀਤੀ ਕਾਰਨ ਵਕੀਲਾਂ ਦੀ ਪੇਸ਼ੇਵਾਰ ਆਜ਼ਾਦੀ ਅਤੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਸਨੇਹਪ੍ਰੀਤ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਜਸਪਾਲ ਸਿੰਘ ਦੱਪਰ, ਐੱਚ ਐੱਸ ਰੱਕੜ, ਗੁਰਵਿੰਦਰ ਸਿੰਘ ਔਲਖ, ਸਾਹਿਲ, ਪ੍ਰਭਦੀਪ, ਵਰੁਣ ਸ਼ਰਮਾ, ਅਮਰਜੀਤ ਸਿੰਘ ਲੌਂਗੀਆ, ਅਕਸ਼ ਚੇਤਲ ਅਤੇ ਨੀਸ਼ਾ ਰਠੌਰ ਵੀ ਸ਼ਾਮਲ ਸਨ।
ਪੰਜਾਬੀ ਟ੍ਰਿਬਯੂਨ