ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਬਿਜਲੀ ਨਾ ਆਉਣਾ ਅਤੇ ਮੀਂਹ ਨਾ ਹੋਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ।
23 ਜੁਲਾਈ, 2026 – ਬਠਿੰਡਾ: ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਪੰਜਾਬ ਦੇ ਮਾਲਵਾ ਖੇਤਰ ਵਿੱਚ ਹਾਲੇ ਤੱਕ ਮਾਨਸੂਨ ਨੇ ਦਸਤਕ ਨਹੀਂ ਦਿੱਤੀ, ਜਿਸ ਕਾਰਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਚੱਲਦੇ ਕਿਸਾਨਾਂ ਨੂੰ ਹੁਣ ਦੋਹਰੀ ਮਾਰ ਝੱਲਣੀ ਪੈ ਰਹੀ ਹੈ।
ਕਿਸਾਨਾਂ ‘ਤੇ ਪੈ ਰਹੀ ਦੋਹਰੀ ਮਾਰ
ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਪੱਪਾ ਸਿੰਘ ਅਤੇ ਰਾਮ ਸਿੰਘ ਨਹੀਂ ਦੱਸਿਆ ਕਿ “ਇੱਕ ਪਾਸੇ ਮੀਂਹ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਸੁੱਕ ਰਹੀ ਹੈ, ਦੂਜੇ ਪਾਸੇ ਤਾਪਮਾਨ ਵੱਧਣ ਕਾਰਨ ਕਿਸਾਨਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਵਿੱਚ ਪਾਣੀ ਖੜਾ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਹੁਣ ਜਿੰਕ ਅਤੇ ਆਇਰਨ ਦੀ ਵੱਧ ਵਰਤੋਂ ਕਰਨੀ ਪੈ ਰਹੀ ਹੈ। ਜੇਕਰ ਇਹ ਹੀ ਹਾਲਾਤ ਰਹੇ ਤਾਂ ਆਉਂਦੇ ਦਿਨਾਂ ਵਿੱਚ ਕਿਸਾਨਾਂ ਨੂੰ ਝੋਨਾ ਵਾਹ ਕੇ ਦੁਬਾਰਾ ਬੀਜਣਾ ਪਵੇਗਾ ਤੇ ਕਿਸਾਨਾਂ ਨੂੰ ਮੁੜ ਓਨਾਂ ਹੀ ਖਰਚਾ ਕਰਨਾ ਪਵੇਗਾ ਕਿਉਂਕਿ ਇੱਕ ਕਿੱਲੇ ‘ਚ ਝੋਨੇ ਦੀ ਲਵਾਈ 4500 ਲੇਬਰ ਵੱਲੋਂ ਲਈ ਜਾਂਦੀ ਹੈ। ਉਸ ਤੋਂ ਇਲਾਵਾ ਖਾਦ, ਸਪਰੇਆਂ ਦੇ ਨਾਲ–ਨਾਲ ਤੇਲ ਦਾ ਖਰਚਾ ਵੱਖਰਾ ਹੈ।”
ਬਿਜਲੀ ਨਾ ਹੋਣ ਕਾਰਨ ਫੂਕ ਰਹੇ ਡੀਜ਼ਲ
ਕਿਸਾਨਾਂ ਨੇ ਕਿਹਾ ਕਿ ਇੱਕ ਏਕੜ ‘ਤੇ ਮੁੜ 15 ਤੋਂ 20 ਹਜ਼ਾਰ ਰੁਪਏ ਕਿਸਾਨਾਂ ਨੂੰ ਖਰਚਣੇ ਪੈਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ 24 ਘੰਟਿਆਂ ਵਿੱਚੋਂ ਅੱਠ ਘੰਟੇ ਬਿਜਲੀ ਕਿਸਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਸਾਨਾਂ ਨੂੰ ਸਿਰਫ਼ ਮਾਤਰ ਚਾਰ ਤੋਂ ਛੇ ਘੰਟੇ ਬਿਜਲੀ ਮਿਲ ਰਹੀ ਹੈ। ਇਸ ਤੋਂ ਇਲਾਵਾ ਨਹਿਰੀ ਪਾਣੀ ਵੀ ਲਗਾਤਾਰ ਕਿਸਾਨਾਂ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿੰਨਾ ਸਮਾਂ ਝੋਨੇ ਦੀ ਫ਼ਸਲ ਵਿੱਚ ਪਾਣੀ ਨਹੀਂ ਖੜਦਾ, ਓਨਾਂ ਸਮਾਂ ਝੋਨੇ ਦੀ ਫ਼ਸਲ ‘ਚ ਵਾਧਾ ਨਹੀਂ ਹੋਵੇਗਾ। ਜੇਕਰ ਇਹ ਹੀ ਹਾਲਾਤ ਬਣੇ ਰਹੇ ਤਾਂ ਆਉਂਦੇ ਦਿਨਾਂ ਵਿੱਚ ਝੋਨੇ ਦਾ ਝਾੜ ਘਟੇਗਾ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਝੋਨੇ ਨੂੰ ਲੱਗਣਗੀਆਂ, ਜਿਸ ਨਾਲ ਕਿਸਾਨ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਕਿਸਾਨਾਂ ਨੂੰ ਨਹੀਂ ਮਿਲ ਰਿਹਾ ਨਹਿਰੀ ਪਾਣੀ
ਉਥੇ ਹੀ ਕਿਸਾਨ ਮੱਖਣ ਸਿੰਘ ਦਾ ਕਹਿਣਾ ਹੈ ਕਿ “ਇਸ ਵਾਰ ਸਭ ਤੋਂ ਵੱਧ ਕੁਦਰਤੀ ਮਾਰ ਕਿਸਾਨ ਨੂੰ ਝੱਲਣੀ ਪੈ ਰਹੀ ਹੈ। ਮੀਂਹ ਨਾ ਹੋਣ ਕਾਰਨ ਖੇਤਾਂ ਵਿੱਚ ਖੜਾ ਝੋਨਾ ਸੁੱਕ ਰਿਹਾ ਹੈ, ਪਾਣੀ ਨਾ ਮਿਲਣ ਕਾਰਨ ਝੋਨੇ ਦਾ ਵਾਧਾ ਰੁੱਕ ਗਿਆ ਹੈ। ਨਹਿਰੀ ਪਾਣੀ ਬਹੁਤ ਘੱਟ ਆ ਰਿਹਾ ਹੈ, ਜਿਸ ਕਾਰਨ ਝੋਨੇ ਦੀ ਸਿੰਚਾਈ ਨਹੀਂ ਹੋ ਰਹੀ। ਕਿਸਾਨਾਂ ਨੂੰ ਸਾਰਾ–ਸਾਰਾ ਦਿਨ ਖੇਤਾਂ ਵਿੱਚ ਗੁਜ਼ਾਰਨਾ ਪੈ ਰਿਹਾ, ਤਾਂ ਜੋ ਕਿਸੇ ਸਮੇਂ ਪਾਣੀ ਦਾ ਪ੍ਰਬੰਧ ਕਰਕੇ ਉਹ ਆਪਣੀ ਫ਼ਸਲ ਬਚਾ ਸਕਣ। ਹਾਲਾਤ ਦਿਨ ਪਰ ਦਿਨ ਹੋਰ ਖ਼ਰਾਬ ਹੋ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਹੁਣ ਮੁੜ ਝੋਨਾ ਵਾਹ ਕੇ ਬੀਜਣ ਲਈ ਸੋਚਣਾ ਪੈ ਰਿਹਾ ਹੈ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਨਿਰਵਿਘਨ ਬਿਜਲੀ ਦਿੱਤੀ ਜਾਵੇ।”
ਟੀਮਾਂ ਕਰ ਰਹੀਆਂ ਸਰਵੇਖਣ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰਪ੍ਰੀਤ ਪਾਲ ਕੌਰ ਦਾ ਕਹਿਣਾ ਹੈ ਕਿ “ਇਸ ਵਾਰ ਸਾਡੀਆਂ ਫ਼ਸਲਾਂ ਠੀਕ ਹਾਲਾਤ ‘ਚ ਹਨ, ਜਿਸ ‘ਚ ਝੋਨਾ ਅਤੇ ਨਰਮਾ ਸਭ ਠੀਕ ਹੈ। ਅਜਿਹੇ ਮੌਸਮ ‘ਚ ਕੀਟ–ਪਤੰਗਿਆਂ ਦਾ ਹਮਲਾ ਵੱਧ ਜਾਂਦਾ ਹੈ, ਪਰ ਸਾਡੀਆਂ ਟੀਮਾਂ ਲਗਾਤਾਰ ਹੀ ਸਰਵੇਖਣ ਕਰ ਰਹੀਆਂ ਹਨ। ਪਿਛਲੇ ਹਫ਼ਤੇ ਸ਼ੁੱਕਰਵਾਰ ਤੱਕ ਜੋ ਸਰਵੇਖਣ ਹੋਇਆ ਹੈ, ਉਸ ‘ਚ ਸਾਡੇ ਕਿਸੇ ਵੀ ਫ਼ਸਲ ‘ਤੇ ਕੀਟ–ਪਤੰਗੇ ਦਾ ਹਮਲਾ ਨਹੀਂ ਹੋਇਆ ਹੈ। ਅੱਜ ਫਿਰ ਤੋਂ ਸਾਡੀਆਂ ਟੀਮਾਂ ਫੀਲਡ ‘ਚ ਹਨ ਤੇ ਜੋ ਜਾਂਚ ਕਰਨਗੀਆਂ ਤੇ ਜੇਕਰ ਕਿਤੇ ਲੋੜ ਪਈ ਤਾਂ ਕਿਸਾਨਾਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਜਾਵੇਗੀ ਅਤੇ ਲੋੜੀਂਦੀ ਸਪਰੇਅ ਵੀ ਕਰਵਾਈ ਜਾਵੇਗੀ। ਗਰਮੀ ਵੱਧਣ ਕਾਰਨ ਕਈ ਵਾਰ ਫ਼ਸਲਾਂ ਨੂੰ ਔੜ ਲੱਗ ਜਾਂਦੀ ਹੈ ਪਰ ਕਿਸਾਨ ਵੀਰ ਇਸ ਨਾਲ ਘਬਰਾਉਣ ਨਾ ਸਗੋਂ ਲੋੜ ਮੁਤਾਬਕ ਫ਼ਸਲਾਂ ਨੂੰ ਪਾਣੀ ਲਗਾਉਂਦੇ ਰਹਿਣ। ਇਸ ਦੇ ਨਾਲ ਹੀ ਇਸ ਸਮੇਂ ਜਿਆਦਾ ਯੂਰੀਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ।”
ETV BHARAT