ਡਾਇਬਟੀਜ਼ ਤੋਂ ਨੌਜਵਾਨ ਅਤੇ ਬੱਚੇ ਵੀ ਪੀੜਤ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅੰਕੜਿਆਂ ਵਿੱਚ ਖੁਲਾਸਾ।
27 ਜੁਲਾਈ, 2026 – ਚੰਡੀਗੜ੍ਹ/ਮੋਹਾਲੀ: ਪੰਜਾਬ ਵਿੱਚ ਡਾਇਬਟੀਜ਼ (ਸ਼ੂਗਰ) ਹੁਣ ਸਿਰਫ਼ ਇੱਕ ਆਮ ਬਿਮਾਰੀ ਨਹੀਂ ਰਹੀ, ਸਗੋਂ ਤੇਜ਼ੀ ਨਾਲ ਵਧ ਰਹੀ ਜਨਤਕ ਸਿਹਤ ਚੁਣੌਤੀ ਵਜੋਂ ਉਭਰ ਰਹੀ ਹੈ। ਹੁਣ ਤੱਕ 2,300 ਡਾਇਬਟੀਜ਼ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਭਾਵੇਂ ਇਹ ਅੰਕੜਾ ਸਿਰਫ਼ ਯੋਜਨਾ ਦੇ ਲਾਭਪਾਤਰੀਆਂ ਦਾ ਹੈ, ਪਰ ਇਹ ਸੂਬੇ ਵਿੱਚ ਡਾਇਬਟੀਜ਼ ਦੇ ਵਧਦੇ ਬੋਝ ਵੱਲ ਜ਼ਰੂਰ ਇਸ਼ਾਰਾ ਕਰਦਾ ਹੈ। ਅਸਲ ਤਸਵੀਰ ਇਸ ਤੋਂ ਕਿਤੇ ਵੱਧ ਚਿੰਤਾਜਨਕ ਹੈ, ਕਿਉਂਕਿ ਪੰਜਾਬ ਵਿੱਚ ਲੱਖਾਂ ਲੋਕ ਡਾਇਬਟੀਜ਼ ਨਾਲ ਜੂਝ ਰਹੇ ਹਨ ਜਾਂ ਇਸ ਦੇ ਖਤਰੇ ਹੇਠ ਹਨ। ਇਸੇ ਵਧਦੀ ਚਿੰਤਾ ਨੂੰ ਦੇਖਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਲੋਕਾਂ ਨੂੰ ਸਮੇਂ ਸਿਰ ਜਾਂਚ ਕਰਵਾਉਣ ਅਤੇ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਆਖ਼ਰ ਪੰਜਾਬ ਵਿੱਚ ਡਾਇਬਟੀਜ਼ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ? ਕੀ ਸਰਕਾਰੀ ਸਿਹਤ ਯੋਜਨਾਵਾਂ ਦੇ ਅੰਕੜੇ ਕਿਸੇ ਵੱਡੇ ਸਿਹਤ ਸੰਕਟ ਵੱਲ ਇਸ਼ਾਰਾ ਕਰ ਰਹੇ ਹਨ? ਇਸ ਬਿਮਾਰੀ ਦੇ ਪਿੱਛੇ ਮੁੱਖ ਕਾਰਨ ਕੀ ਹਨ ਅਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਕਿਹੜੀਆਂ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ? ਇਸ ਖ਼ਾਸ ਰਿਪੋਰਟ ਵਿੱਚ ਅਸੀਂ ਅਧਿਕਾਰਕ ਅੰਕੜਿਆਂ, ਮਾਹਿਰਾਂ ਦੀ ਰਾਏ ਅਤੇ ਉਪਲਬਧ ਤੱਥਾਂ ਦੇ ਆਧਾਰ ‘ਤੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਅੰਕੜੇ ਦਰਸਾਉਂਦੇ ਹਨ ਕਿ, ਹੁਣ ਤੱਕ 2,300 ਸ਼ੂਗਰ (ਡਾਇਬਟੀਜ਼) ਮਰੀਜ਼ਾਂ ਦਾ ਕਰੀਬ 6.5 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਇਲਾਜ ਕੀਤਾ ਗਿਆ ਹੈ। ਲਾਭਪਾਤਰੀਆਂ ਵਿੱਚ ਸਭ ਤੋਂ ਵੱਡਾ ਹਿੱਸਾ 37 ਤੋਂ 60 ਸਾਲ ਉਮਰ ਵਰਗ ਦਾ ਹੈ, ਜਿੱਥੇ 1,150 ਮਰੀਜ਼ ਸ਼ਾਮਲ ਹਨ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਕਰੀਬ 800 ਮਰੀਜ਼ਾਂ ਨੇ ਯੋਜਨਾ ਦਾ ਲਾਭ ਲਿਆ। ਇਸ ਦੇ ਨਾਲ ਹੀ, 35 ਸਾਲ ਤੋਂ ਘੱਟ ਉਮਰ ਦੇ 250 ਮਰੀਜ਼ ਅਤੇ 14 ਸਾਲ ਤੋਂ ਘੱਟ ਉਮਰ ਦੇ 125 ਬੱਚੇ ਵੀ ਇਲਾਜ ਕਰਵਾ ਚੁੱਕੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਡਾਇਬਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀ, ਸਗੋਂ ਕੰਮਕਾਜੀ ਉਮਰ ਵਰਗ, ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਏਮਜ਼ ਮੋਹਾਲੀ ਦੇ ਮਾਹਿਰ ਡਾਕਟਰਾਂ ਮੁਤਾਬਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਇਹ ਅੰਕੜੇ ਮੁੱਖ ਤੌਰ ‘ਤੇ ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨਾਲ ਸਬੰਧਤ ਹਨ। ਓਪੀਡੀ ਵਿੱਚ ਆਉਣ ਵਾਲੇ ਡਾਇਬਟੀਜ਼ ਮਰੀਜ਼ ਇਸ ਵਿੱਚ ਸ਼ਾਮਲ ਨਹੀਂ ਹੁੰਦੇ। ਮੋਹਾਲੀ ਦੇ ਸਿਵਲ ਹਸਪਤਾਲ ਦੀ ਓਪੀਡੀ ਵਿੱਚ ਹੀ ਰੋਜ਼ਾਨਾ ਕਰੀਬ 30 ਤੋਂ 35 ਡਾਇਬਟੀਜ਼ ਮਰੀਜ਼ ਜਾਂਚ ਅਤੇ ਇਲਾਜ ਲਈ ਪਹੁੰਚਦੇ ਹਨ।
ICMR ਅਤੇ NFHS ਦੇ ਅੰਕੜੇ ਕੀ ਕਹਿੰਦੇ ਹਨ?
NFHS-6 (2023–24) ਮੁਤਾਬਕ, ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ 21.3 ਫੀਸਦੀ ਔਰਤਾਂ ਅਤੇ ਕਰੀਬ 21 ਫੀਸਦੀ ਮਰਦਾਂ ਵਿੱਚ ਬਲੱਡ ਸ਼ੂਗਰ ਦਾ ਪੱਧਰ ਵੱਧ ਪਾਇਆ ਗਿਆ ਜਾਂ ਉਹ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਦਵਾਈ ਲੈ ਰਹੇ ਸਨ। ਇਹ ਦਰਸਾਉਂਦਾ ਹੈ ਕਿ ਸੂਬੇ ਵਿੱਚ ਹਰ ਪੰਜਵਾਂ ਬਾਲਗ ਉੱਚ ਬਲੱਡ ਸ਼ੂਗਰ ਜਾਂ ਡਾਇਬਟੀਜ਼ ਨਾਲ ਪ੍ਰਭਾਵਿਤ ਹੈ।
ਦੂਜੇ ਪਾਸੇ, ICMR ਵੱਲੋਂ 2023 ਵਿੱਚ ਪ੍ਰਕਾਸ਼ਿਤ INDIAB ਅਧਿਐਨ, ਜਿਸ ਲਈ ਪੰਜਾਬ ਵਿੱਚ ਸਰਵੇਖਣ 2014–2016 ਦੌਰਾਨ ਕੀਤਾ ਗਿਆ ਸੀ, ਮੁਤਾਬਕ ਸੂਬੇ ਵਿੱਚ ਬਾਲਗਾਂ ਵਿੱਚ ਡਾਇਬਟੀਜ਼ ਦੀ ਪ੍ਰਸਾਰ ਦਰ ਕਰੀਬ 10 ਫੀਸਦੀ ਦਰਜ ਕੀਤੀ ਗਈ। ਇਹ ਅਧਿਐਨ ਦੇਸ਼ ਵਿੱਚ ਡਾਇਬਟੀਜ਼ ਬਾਰੇ ਸਭ ਤੋਂ ਮਹੱਤਵਪੂਰਨ ਵਿਗਿਆਨਕ ਖੋਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਸਿਹਤ ਨੀਤੀਆਂ ਬਣਾਉਣ ਲਈ ਵੀ ਇਸ ਦਾ ਹਵਾਲਾ ਦਿੱਤਾ ਜਾਂਦਾ ਹੈ।
ਪੰਜਾਬ ਵਿੱਚ ਸਕ੍ਰੀਨਿੰਗ ਮੁਹਿੰਮ, ਜ਼ਿਲ੍ਹਾਵਾਰ ਅੰਕੜੇ ਉਪਲਬਧ ਨਹੀਂ
ਪੰਜਾਬ ਵਿੱਚ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਲਈ ਸਕ੍ਰੀਨਿੰਗ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੇਂਸ਼ਨ ਐਂਡ ਕੰਟਰੋਲ ਆਫ਼ ਨਾਨ-ਕਮਿਊਨੀਕੇਬਲ ਡਿਜ਼ੀਜ਼ (NP-NCD) ਤਹਿਤ ਕੀਤੀ ਜਾਂਦੀ ਹੈ। ਹਾਲਾਂਕਿ, 2023 ਤੋਂ 2026 ਤੱਕ ਦੀ ਜ਼ਿਲ੍ਹਾਵਾਰ ਅਤੇ ਸਾਲ-ਵਾਰ ਡਾਇਬਟੀਜ਼ ਸਕ੍ਰੀਨਿੰਗ ਦੇ ਅੰਕੜੇ ਪੰਜਾਬ ਸਰਕਾਰ ਜਾਂ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਜਨਤਕ ਤੌਰ ‘ਤੇ ਜਾਰੀ ਨਹੀਂ ਕੀਤੇ ਗਏ। ਇਸ ਕਾਰਨ ਇਹ ਪਤਾ ਨਹੀਂ ਲੱਗਦਾ ਕਿ ਕਿਸ ਜ਼ਿਲ੍ਹੇ ਵਿੱਚ ਕਿੰਨੇ ਲੋਕਾਂ ਦੀ ਜਾਂਚ ਹੋਈ ਅਤੇ ਕਿੰਨੇ ਨਵੇਂ ਮਰੀਜ਼ ਸਾਹਮਣੇ ਆਏ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਭਰ ਵਿੱਚ NP-NCD ਤਹਿਤ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਡਾਇਬਟੀਜ਼ ਲਈ 38.77 ਕਰੋੜ ਤੋਂ ਵੱਧ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 3.45 ਕਰੋੜ ਤੋਂ ਵੱਧ ਲੋਕ ਡਾਇਬਟੀਜ਼ ਨਾਲ ਪੀੜਤ ਪਾਏ ਗਏ, ਜਦਕਿ 2.83 ਕਰੋੜ ਤੋਂ ਵੱਧ ਮਰੀਜ਼ ਇਲਾਜ ਅਧੀਨ ਹਨ।
ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ
ICMR-INDIAB 2014 ਤੋਂ 2016 ਦਾ ਅਧਿਐਨ ਵੀ ਸਾਹਮਣੇ ਆਇਆ ਹੈ। ਚੁਣੇ ਗਏ ਸੂਬਿਆਂ ਵਿੱਚ ਡਾਇਬਟੀਜ਼ ਦੀ ਪ੍ਰਸਾਰ ਦਰ ਕੁੱਝ ਇਸ ਤਰ੍ਹਾਂ ਹੈ। ਤਾਮਿਲਨਾਡੂ ਵਿੱਚ 10.4 ਫੀਸਦੀ, ਪੰਜਾਬ ਵਿੱਚ 9.8 ਤੋਂ 10 ਫੀਸਦੀ, ਤ੍ਰਿਪੁਰਾ ‘ਚ 8.6 ਫੀਸਦੀ, ਮਹਾਰਾਸ਼ਟਰ ਵਿੱਚ 8.4 ਫੀਸਦੀ, ਆਂਧਰਾ ਪ੍ਰਦੇਸ਼ ਵਿੱਚ 8 ਫੀਸਦੀ, ਕਰਨਾਟਕ ਵਿੱਚ 7.5 ਫੀਸਦੀ, ਗੁਜਰਾਤ ਵਿੱਚ 7.1 ਫੀਸਦੀ ਅਤੇ ਬਿਹਾਰ ਵਿੱਚ 4.3 ਫੀਸਦੀ ਹੈ।
ਪੰਜਾਬ ਵਿੱਚ ਸ਼ੂਗਰ ਦੀ ਸਥਿਤੀ ਕਿੰਨੀ ਚਿੰਤਾਜਨਕ?
ਏਮਜ਼ ਮੋਹਾਲੀ ਦੇ ਮੈਡੀਸਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਕਿਰਨਪ੍ਰੀਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, “ਪੰਜਾਬ ਵਿੱਚ ਸ਼ੂਗਰ ਦੀ ਸਥਿਤੀ ਚਿੰਤਾਜਨਕ ਹੈ। ICMR ਵੱਲੋਂ 2023 ਵਿੱਚ ਪ੍ਰਕਾਸ਼ਿਤ INDIAB ਅਧਿਐਨ ਮੁਤਾਬਕ ਸੂਬੇ ਵਿੱਚ ਕਰੀਬ 10 ਤੋਂ 11 ਫੀਸਦੀ ਬਾਲਗ ਡਾਇਬਟੀਜ਼ ਨਾਲ ਪ੍ਰਭਾਵਿਤ ਹਨ। ਜੇਕਰ ਇਹ ਪ੍ਰਸਾਰ ਦਰ ਪੰਜਾਬ ਦੀ ਮੌਜੂਦਾ ਆਬਾਦੀ ‘ਤੇ ਲਾਗੂ ਕੀਤੀ ਜਾਵੇ, ਤਾਂ ਅੰਦਾਜ਼ਨ 25 ਤੋਂ 30 ਲੱਖ ਲੋਕ ਡਾਇਬਟੀਜ਼ ਨਾਲ ਪ੍ਰਭਾਵਿਤ ਹੋ ਸਕਦੇ ਹਨ।”
ਪੰਜਾਬੀਆਂ ਵਿੱਚ ਸ਼ੂਗਰ ਵਧਣ ਦੇ ਮੁੱਖ ਕਾਰਨ
ਡਾ. ਕਿਰਨਪ੍ਰੀਤ ਕੌਰ ਮੁਤਾਬਕ ਪੰਜਾਬ ਵਿੱਚ ਸ਼ੂਗਰ ਵਧਣ ਦੇ ਮੁੱਖ ਕਾਰਨ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਹਨ। ਜਿਵੇਂ ਕਿ ਸਰੀਰਕ ਐਕਟੀਵਿਟੀ ਘੱਟ ਹੈ। ਇਸ ਤੋਂ ਇਲਾਵਾ, ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਅਤੇ ਵੱਧ ਚਰਬੀ ਵਾਲੀ ਚੀਜ਼ਾਂ ਦੀ ਵਰਤੋਂ। ਮਾਨਸਿਕ ਤਣਾਅ ਹੋਣਾ ਅਤੇ ਇਨਸੁਲਿਨ ਰਜਿਸਟੈਂਸ ਆਦਿ ਵਰਗੇ ਕਾਰਨ ਸ਼ੂਗਰ ਨੂੰ ਸੱਦਾ ਦੇ ਰਹੇ ਹਨ।
ਬੱਚਿਆਂ ਅਤੇ ਨੌਜਵਾਨਾਂ ਵਿੱਚ ਸ਼ੂਗਰ ਸਭ ਤੋਂ ਵੱਡੀ ਚਿੰਤਾ
ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ, “ਪਹਿਲਾਂ ਇਹ ਬਿਮਾਰੀ ਮੁੱਖ ਤੌਰ ‘ਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਸੀ, ਪਰ ਹੁਣ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਇਸ ਦੇ ਮਾਮਲੇ ਵੱਧ ਰਹੇ ਹਨ। ਸਿਹਤ ਮੰਤਰੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 14 ਸਾਲ ਤੋਂ ਘੱਟ ਉਮਰ ਦੇ 125 ਬੱਚੇ ਵੀ ਇਸ ਯੋਜਨਾ ਤਹਿਤ ਇਲਾਜ ਕਰਵਾ ਚੁੱਕੇ ਹਨ।”
ਇਸ ਦੇ ਮੁੱਖ ਕਾਰਨ ਵਧਦਾ ਸਕਰੀਨ ਟਾਈਮ, ਫਾਸਟ ਫੂਡ ਦੀ ਆਦਤ, ਮੋਟਾਪਾ, ਘੱਟ ਸਰੀਰਕ ਸਰਗਰਮੀ ਅਤੇ ਪਰਿਵਾਰਕ (ਜੈਨੇਟਿਕ) ਹਨ।
ਕੀ ਸ਼ੂਗਰ ਔਰਤਾਂ ਜਾਂ ਮਰਦਾਂ ਵਿੱਚੋਂ ਕਿਸੇ ਇੱਕ ਨੂੰ ਜ਼ਿਆਦਾ ਹੁੰਦੀ ਹੈ?
ਡਾ. ਕਿਰਨਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਡਾਇਬਟੀਜ਼ ਦਾ ਲਿੰਗ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਇਹ ਬਿਮਾਰੀ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦਾ ਸਭ ਤੋਂ ਵੱਡਾ ਸਬੰਧ ਜੀਵਨ ਸ਼ੈਲੀ, ਖੁਰਾਕ, ਮੋਟਾਪੇ ਅਤੇ ਜੈਨੇਟਿਕ ਕਾਰਕਾਂ ਨਾਲ ਹੈ।
ਸ਼ੂਗਰ ਦੀ ਬਿਮਾਰੀ ਨੂੰ ਕਿਵੇਂ ਪਛਾਣੀਏ ?
ਡਾ. ਕਿਰਨਪ੍ਰੀਤ ਕੌਰ ਮੁਤਾਬਕ, ਡਾਇਬਟੀਜ਼ ਇੱਕ “ਸਾਈਲੈਂਟ ਕਿਲਰ” ਹੈ ਅਤੇ ਸ਼ੁਰੂਆਤੀ ਪੜਾਅ ਵਿੱਚ ਕਈ ਵਾਰ ਇਸ ਦੇ ਲੱਛਣ ਸਪੱਸ਼ਟ ਨਹੀਂ ਹੁੰਦੇ।
ਮੁੱਖ ਲੱਛਣ ਹਨ–
- ਬਹੁਤ ਜ਼ਿਆਦਾ ਭੁੱਖ ਲੱਗਣਾ
- ਵਾਰ-ਵਾਰ ਪਿਆਸ ਲੱਗਣਾ
- ਵਾਰ-ਵਾਰ ਪਿਸ਼ਾਬ ਆਉਣਾ
- ਬਿਨਾਂ ਕਾਰਨ ਭਾਰ ਘਟਣਾ
- ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ
- ਅੱਖਾਂ ਅੱਗੇ ਧੁੰਦਲਾਪਣ ਆਉਣਾ
ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਰੈਂਡਮ ਜਾਂ ਫਾਸਟਿੰਗ ਬਲੱਡ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
‘ਮੈਟਾਬੋਲਿਕ ਸਿੰਡਰੋਮ‘ ਡਾਇਬਟੀਜ਼ ਦਾ ਚੇਤਾਵਨੀ ਸੰਕੇਤ
ਡਾ. ਕਿਰਨਪ੍ਰੀਤ ਕੌਰ ਮੁਤਾਬਕ, ਜੇਕਰ ਕਿਸੇ ਵਿਅਕਤੀ ਦਾ ਭਾਰ ਵੱਧ ਰਿਹਾ ਹੈ, ਕਮਰ ਦਾ ਘੇਰਾ ਮਰਦਾਂ ਵਿੱਚ 90 ਸੈਂਟੀਮੀਟਰ ਅਤੇ ਔਰਤਾਂ ਵਿੱਚ 80 ਸੈਂਟੀਮੀਟਰ ਤੋਂ ਵੱਧ ਹੈ, ਟ੍ਰਾਈਗਲਿਸਰਾਈਡ 150 mg/dL ਤੋਂ ਵੱਧ ਹੈ, HDL ਘੱਟ ਹੈ, ਬਲੱਡ ਪ੍ਰੈਸ਼ਰ 130/85 mmHg ਜਾਂ ਇਸ ਤੋਂ ਵੱਧ ਹੈ ਅਤੇ ਖਾਲੀ ਪੇਟ ਸ਼ੂਗਰ 100 mg/dL ਤੋਂ ਉੱਪਰ ਹੈ, ਤਾਂ ਇਸ ਨੂੰ ‘ਮੈਟਾਬੋਲਿਕ ਸਿੰਡਰੋਮ’ ਮੰਨਿਆ ਜਾਂਦਾ ਹੈ। ਇਹ ਭਵਿੱਖ ਵਿੱਚ ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਦਾ ਮਹੱਤਵਪੂਰਨ ਸੰਕੇਤ ਹਨ।
ਸ਼ੂਗਰ ਤੋਂ ਬਚਾਅ ਲਈ ਮਾਹਿਰਾਂ ਦੀ ਸਲਾਹ
ਸੰਤੁਲਿਤ ਅਤੇ ਸਿਹਤਮੰਦ ਖੁਰਾਕ ਅਪਣਾਓ। ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ ਕਰੋ।- ਬੱਚਿਆਂ ਦਾ ਸਕਰੀਨ ਟਾਈਮ ਘਟਾਓ ਅਤੇ ਖੇਡਾਂ ਲਈ ਉਤਸ਼ਾਹਿਤ ਕਰੋ। ਤਣਾਅ ਘਟਾਉਣ ਲਈ ਯੋਗਾ ਅਤੇ ਧਿਆਨ ਕਰੋ। ਸਮੇਂ-ਸਮੇਂ ‘ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਓ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਪੀਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣ, ਸੰਤੁਲਿਤ ਖੁਰਾਕ ਅਪਣਾਉਣ ਅਤੇ ਰੋਜ਼ਾਨਾ ਸੈਰ, ਯੋਗ ਜਾਂ ਸਾਈਕਲਿੰਗ ਵਰਗੀਆਂ ਸਰੀਰਕ ਗਤੀਵਿਧੀਆਂ ਨੂੰ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ, “ਜਿਹੜੇ ਲੋਕ ਯੋਜਨਾ ਲਈ ਯੋਗ ਹਨ, ਉਹ ਆਪਣਾ ਸਿਹਤ ਬੀਮਾ ਕਾਰਡ ਬਣਵਾਉਣ ਤਾਂ ਜੋ ਲੋੜ ਪੈਣ ‘ਤੇ ਮੁਫ਼ਤ ਇਲਾਜ ਦਾ ਲਾਭ ਮਿਲ ਸਕੇ। ਉਨ੍ਹਾਂ ਡਾਇਬਟੀਜ਼ ਦੇ ਮਰੀਜ਼ਾਂ ਨੂੰ ਪੈਰਾਂ ਦੀ ਖ਼ਾਸ ਦੇਖਭਾਲ ਕਰਨ, ਡਾਕਟਰ ਦੀ ਸਲਾਹ ਮੁਤਾਬਕ, ਦਵਾਈਆਂ ਲੈਣ ਅਤੇ ਸਮੇਂ–ਸਮੇਂ ‘ਤੇ ਲੋੜੀਂਦੀਆਂ ਜਾਂਚਾਂ ਕਰਵਾਉਣ ਦੀ ਵੀ ਸਲਾਹ ਦਿੱਤੀ।
ETV BHARAT