ਬੇਹਾਲ ਲੋਕ ਬੋਲੇ– ਅਸੀਂ ਤਾਂ ਹੁਣ ਢੰਗ ਨਾਲ ਰੋਟੀ ਵੀ ਨਹੀਂ ਖਾ ਸਕਦੇ
ਪਿਛਲੇ ਕੁਝ ਦਿਨ੍ਹਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ
30 ਜੁਲਾਈ, 2026 – ਬਠਿੰਡਾ: ਉੱਤਰੀ ਭਾਰਤ ਦੇ ਵਿੱਚ ਪਿਛਲੇ ਮਹੀਨੇ ਪਈ ਲਗਾਤਾਰ ਗਰਮੀ ਅਤੇ ਹੁਣ ਲਗਾਤਾਰ ਪੈ ਰਹੇ ਮੀਂਹ ਕਾਰਨ ਕਾਰਨ ਸਬਜ਼ੀ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਬਜ਼ੀ ਦੀ ਪੈਦਾਵਾਰ ‘ਤੇ ਗਰਮੀ ਦੇ ਅਸਰ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਘੱਟ ਹੋਣ ਕਾਰਨ ਭਾਅ ਦੁਗਣੇ ਹੋ ਗਏ ਹਨ। ਜਿਸ ਨੇ ਜਿੱਥੇ ਆਮ ਲੋਕਾਂ ਦੇ ਰਸੋਈ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਵੀ ਸਬਜ਼ੀ ਖਰੀਦਣ ਲਈ ਆਪਣੀ ਦਿਹਾੜੀ ਤੋਂ ਵੱਧ ਪੈਸਾ ਵਿੱਚ ਕਰਨਾ ਪੈ ਰਿਹਾ ਹੈ।
ਰਸੋਈ ਦਾ ਬਜਟ ਹਿੱਲਿਆ
ਮੰਡੀ ਵਿੱਚ ਸਬਜ਼ੀ ਲੈਣ ਆਏ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਕਾਰਨ ਉਹਨਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ, ਜਿੱਥੇ ਪਹਿਲਾਂ ਉਹ ਇਕ ਮਹੀਨੇ ਵਿੱਚ ਦੋ ਤੋਂ ਤਿੰਨ ਹਜ਼ਾਰ ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸਨ ਪਰ ਸਬਜੀਆਂ ਦੀਆਂ ਵਧੀਆ ਕੀਮਤਾਂ ਕਾਰਨ ਹੁਣ ਸਬਜ਼ੀ ਖਰੀਦਣ ਲਈ ਉਨ੍ਹਾਂ ਚਾਰ ਤੋਂ ਪੰਜ ਹਜ਼ਾਰ ਰੁਪਏ ਖਰਚ ਕਰਨੇ ਪੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੇ ਉਹ ਪਹਿਲਾਂ 1 ਕਿਲੋ ਸਬਜ਼ੀ ਖਰੀਦਦੇ ਸਨ, ਉਥੇ ਹੀ ਹੁਣ ਅੱਧਾ ਕਿਲੋ ਸਬਜ਼ੀ ਖਰੀਦ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
“ਗਰੀਬ ਲੋਕਾਂ ਦੇ ਵੱਸੋਂ ਬਾਹਰ ਹੋਈ ਗੱਲ“
ਇਸੇ ਸਬੰਧੀ ਗੱਲਬਾਤ ਕਰਦਿਆਂ ਗ੍ਰਾਹਕ ਜਸਪਾਲ ਸਿੰਘ ਨੇ ਕਿਹਾ ਕਿ “ਕੋਈ ਇੱਕ ਅੱਧੀ ਨਹੀਂ ਬਲਕਿ ਸਾਰੀਆਂ ਹੀ ਸਬਜ਼ੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਜਿੱਥੇ ਪਹਿਲਾਂ ਲੋਕ ਸਬਜ਼ੀਆਂ ਦਾ ਝੋਲੇ–ਝੋਲੇ ਭਰ ਕੇ ਲੈ ਜਾਂਦੇ ਸਨ, ਉੱਥੇ ਹੀ ਹੁਣ ਸਿਰਫ ਜ਼ਰੂਰਤ ਦੀਆਂ ਸਬਜੀਆਂ ਹੀ ਖ਼ਰੀਦ ਕੇ ਲੈ ਜਾ ਰਹੇ ਹਨ। ਜਿੱਥੇ ਦਿਹਾੜੀਦਾਰ ਲੋਕਾਂ ਨੇ ਮਹੀਨੇ ਦਾ ਬਜਟ ਬਣਾਇਆ ਹੁੰਦਾ ਹੈ, ਉਨ੍ਹਾਂ ਵਿਚਾਰਿਆਂ ਦਾ ਤਾਂ ਹੁਣ ਬੁਰਾ ਹਾਲ ਹੋ ਜਾਣਾ, ਉਹ ਤਾਂ ਹੁਣ ਢੰਗ ਨਾਲ ਰੋਟੀ ਵੀ ਨਹੀਂ ਖਾ ਸਕਦੇ, ਸਰਕਾਰ ਨੂੰ ਇਨ੍ਹਾਂ ਬਾਰੇ ਕੁਝ ਸੋਚਣਾ ਚਾਹੀਦਾ ਹੈ।”
“ਇੱਕ ਤਾਂ ਗਰਮੀ ਬਹੁਤ ਤੇਜ਼ ਪੈਂਦੀ ਹੈ ਦੂਜਾ ਮੀਂਹ ਪਈ ਜਾਂਦਾ ਹੈ, ਜਿਸ ਕਾਰਨ ਇਸਦਾ ਸਿੱਧਾ ਅਸਰ ਸਬਜ਼ੀਆਂ ‘ਤੇ ਪੈਂਦਾ ਹੈ। ਉਪਰੋਂ ਇਨ੍ਹਾਂ ਦਿਨਾਂ ਵਿੱਚ ਕਿਸਾਨ ਸਬਜ਼ੀਆਂ ਦੀ ਫਸਲ ਵਾਹ ਕੇ ਉਸ ਵਿੱਚ ਝੋਨਾ ਲਗਾ ਦਿੰਦੇ ਹਨ, ਜਿਸ ਕਾਰਨ ਸਬਜ਼ੀਆਂ ਦੀ ਕਮੀ ਪੈਦਾ ਹੋ ਜਾਂਦੀ ਹੈ, ਮੀਂਹ ਨਾਲ ਵੀ ਬਹੁਤ ਜਿਆਦਾ ਸਬਜ਼ੀਆਂ ਖਰਾਬ ਹੋ ਜਾਂਦੀਆਂ ਹਨ। ਜਿਸ ਕਾਰਨ ਬਚੀ-ਖੁਚੀਆਂ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਜਿਆਦਾ ਵਧ ਜਿਆਦਾ ਵਧ ਜਾਂਦੀਆਂ ਨੇ। ਬਾਕੀ ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਵਿੱਚ ਹਿਮਾਚਲ, ਦਿੱਲੀ ਅਤੇ ਜੈਪੂਰ ਤੋਂ ਸਬਜ਼ੀਆਂ ਮੰਗਵਾਈਆਂ ਜਾ ਰਹੀਆਂ ਹਨ, ਪਰ ਸਾਰੀਆਂ ਹੀ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਜਿਆਦਾ ਵੱਧ ਚੁੱਕੀਆਂ ਹਨ।” – ਹਰਮਨਪਾਲ ਸਿੰਘ ਸਿੱਧੂ, ਆੜ੍ਹਤੀ
“ਮੀਂਹ ਕਾਰਨ ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਵਿੱਚ ਵੀ ਆ ਰਹੀ ਦਿੱਕਤ“
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹੜ੍ਹ ਵਰਗੇ ਹਲਾਤਾਂ ਦੇ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚ ਸਬਜ਼ੀਆਂ ਦੀ ਆਮਦ ਘਟ ਗਈ ਹੈ, ਜਿਸ ਕਾਰਨ ਸਬਜ਼ੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਆਦਾ ਮੀਂਹ ਪੈਣ ਕਾਰਨ ਦੂਜੇ ਸੂਬਿਆਂ ਤੋਂ ਆ ਰਹੀਆਂ ਸਬਜ਼ੀਆਂ ਵਿੱਚ ਵਿੱਚ ਵੀ ਰੁਕਾਵਟ ਪੈਦਾ ਹੋਇਆ ਹੈ, ਜਿਵੇਂ ਹਿਮਾਚਲ ਤੋਂ ਆਉਣ ਵਾਲੀ ਸਬਜ਼ੀਆਂ ਰਸਤੇ ਖਰਾਬ ਕਾਰਨ ਪਹੁੰਚ ਨਹੀਂ ਪਾ ਰਹੀਆਂ ਜਿਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਇਸੇ ਸਬੰਧੀ ਇੱਕ ਦੁਕਾਨਦਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੀ ਤਰੀਕੇ ਦੇ ਹਾਲਾਤ ਬਣੇ ਰਹੇ ਤਾਂ ਸਬਜ਼ੀਆਂ ਦੇ ਭਾਅ ਹੋਰ ਜ਼ਿਆਦਾ ਮਹਿੰਗੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਕਾਰੋਬਾਰ ਵਿੱਚ ਇਨਵੈਸਟਮੈਂਟ ਵਧ ਗਈ ਹੈ ਜਦੋਂ ਕਿ ਲੋਕ ਸਬਜ਼ੀ ਖਰੀਦ ਕਰਨ ਤੋਂ ਗੁਰੇਜ ਕਰ ਰਹੇ ਹਨ।
ETV BHARAT