ਕਿਸਾਨਾਂ ਨੂੰ ਖੇਤੀ ਮਾਹਰਾਂ ਨੇ ਦਿੱਤੀ ਸਲਾਹ
ਕਿਸਾਨਾਂ ਮੁਤਾਬਕ ਹਰ ਸਾਲ ਨਰਮੇ ਦੀ ਫਸਲ ਵਿੱਚ ਪੈ ਰਹੇ ਘਾਟੇ ਕਾਰਨ ਹੁਣ ਝੋਨੇ ਦੀ ਲਵਾਈ ਸ਼ੁਰੂ ਕੀਤੀ ਪਰ ਨੁਕਸਾਨ ਹੀ ਝਲਣਾ ਪੈ ਰਿਹਾ ਹੈ।
03 ਅੱਗਸਤ, 2026 – ਬਠਿੰਡਾ : ਇੱਕ ਪਾਸੇ ਪੰਜਾਬ ਸਰਕਾਰ ਨਰਮੇ ਹੇਠ ਰਕਬਾ ਵਧਾਉਣ ਲਈ ਲਗਾਤਾਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ, ਪਰ ਦੂਸਰੇ ਪਾਸੇ ਨਰਮਾ ਪੱਟੀ ਇੱਕ ਵਾਰ ਫਿਰ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਫਸਲ ਦਾ ਝਾੜ ਘਟਣ ਦੇ ਅਸਾਰ ਪੈਦਾ ਹੋ ਗਏ ਹਨ। ਇਸ ਤਹਿਤ ਮਾਲਵੇ ਅੰਦਰ ਕਿਸਾਨਾਂ ਲਈ ਇੱਕ ਵਾਰ ਫਿਰ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਨਰਮੇ ਦੀ ਫਸਲ ਉੱਤੇ ਚਿੱਟੇ ਮੱਛਰ ਦਾ ਹਮਲਾ ਹੋਣ ਤੋਂ ਦੁਖੀ ਸਨ, ਪਰ ਹੁਣ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮੁਸ਼ਕਲ ਦਾ ਹਲ ਕੀਤਾ ਜਾਵੇ।
ਦੱਸਣਯੋਗ ਹੈ ਕਿ ਲਗਭਗ ਪਿਛਲੇ ਇੱਕ ਦਹਾਕੇ ਤੋਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨਾਂ ਨੇ ਨਰਮੇ ਦੀ ਫਸਲ ਤੋਂ ਮੂੰਹ ਮੋੜ ਲਿਆ ਅਤੇ ਨਰਮੇ ਦੀ ਖੇਤੀ ਸ਼ੁਰੂ ਕਰ ਦਿੱਤੀ, ਪਰ ਹੁਣ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਲੈ ਕੇ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਦੀ ਥਾਂ ਨਰਮੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਥੇ ਹੀ ਕਿਸਾਨ ਚਿੱਟੇ ਮੱਛਰ ਦੀ ਮਾਰ ਤੋਂ ਪਰੇਸ਼ਾਨ ਹੋ ਗਏ ਹਨ। ਕਿਸਾਨ ਨਰਮੇ ਦੀ ਫਸਲ ਦੀ ਥਾਂ ਹੁਣ ਝੋਨੇ ਦੀ ਖੇਤੀ ਕਰਨ ਲੱਗੇ, ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕੀ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ।
ਕਿਸਾਨ ਨਰਮੇ ਤੋਂ ਬਣੇ ਰਹੇ ਹਨ ਦੂਰੀ
“ਜੇਕਰ ਗੁਲਾਬੀ ਸੁੰਡੀ ਦਾ ਹਮਲਾ ਇਸ ਤਰ੍ਹਾਂ ਜਾਰੀ ਰਿਹਾ ਤਾਂ ਨਰਮੇ ਦਾ ਝਾੜ ਘਟੇਗਾ ਅਤੇ ਇਸ ਵਾਰ ਨਰਮੇ ਦੀ ਫਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਬਣੇਗੀ। ਪਹਿਲਾਂ ਹੀ ਕਿਸਾਨ ਠੇਕੇ ਉੱਤੇ ਲੈ ਕੇ ਜ਼ਮੀਨਾਂ ਖੇਤੀ ਕਰ ਰਹੇ ਹਨ ਪਰ ਜੋ ਹਲਾਤ ਹੁਣ ਬਣ ਗਏ ਹਨ, ਉਹ ਆਉਣ ਵਾਲੇ ਸਮੇਂ ‘ਚ ਖੇਤੀ ਦੇ ਧੰਦੇ ਤੋਂ ਦੂਰ ਕਰਨ ਵਾਲੇ ਹਨ ਕਿਉਂਕਿ ਇਹ ਹੁਣ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਭਾਵੇਂ ਸਰਕਾਰ ਵੱਲੋਂ ਨਰਮੇ ਹੇਠ ਰਕਬਾ ਵਧਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਹੁਣ ਨਰਮੇ ਦੀ ਫਸਲ ਉੱਤੇ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਲਗਾਤਾਰ ਨਰਮੇ ਦੀ ਫਸਲ ਤੋਂ ਦੂਰੀ ਬਣਾਈ ਜਾ ਰਹੀ ਹੈ। ਕਿਸਾਨ ਛਿੰਦਰਪਾਲ ਸਿੰਘ, ਵਾਸੀ ਪਿੰਡ ਭੁੱਚੋ
ਸਰਕਾਰ ਤੋਂ ਚੰਗੇ ਕੀਟਨਾਸ਼ਕਾਂ ਦੀ ਮੰਗ
ਮਾਲਵਾ ਖੇਤਰ ਵਿੱਚ ਚਿੱਟੇ ਮੱਛਰ ਤੋਂ ਬਾਅਦ ਨਰਮੇ ‘ਤੇ ਗੁਲਾਬੀ ਸੁੰਡੀ ਦੀ ਆਮਦ ਵੇਖਣ ਨੂੰ ਮਿਲੀ ਹੈ। ਜਿਸ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ। ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨ ਬੂਟਾ ਸਿੰਘ ਵਾਸੀ ਪਿੰਡ ਭੁੱਚੋ ਕਲਾਂ ਦਾ ਕਹਿਣਾ ਹੈ ਕਿ ‘ਨਰਮਾ ਹੁਣ ਮਜਬੂਰੀ ਬਣ ਗਿਆ ਹੈ ਕਿਉਂਕਿ ਸਾਡੇ ਖੇਤਾਂ ਨੂੰ ਪਾਣੀ ਦਾ ਪੱਕਾ ਪ੍ਰਬੰਧ ਨਹੀਂ ਹੈ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਨਰਮਾ ਪੱਟੀ ਬਰਬਾਦ ਕਰਕੇ ਰੱਖ ਦਿੱਤੀ ਹੈ। ਜਿਸ ਕਾਰਨ ਲਗਾਤਾਰ ਕਿਸਾਨਾਂ ਦਾ ਮੋਹ ਨਰਮੇ ਦੀ ਫਸਲ ਤੋਂ ਭੰਗ ਹੁੰਦਾ ਜਾ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਬੀਜਾਂ ਦੇ ਨਾਲ–ਨਾਲ ਚੰਗੇ ਕੀਟਨਾਸ਼ਕ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨ ਨਰਮੇ ਦੀ ਫਸਲ ਨੂੰ ਬਚਾ ਸਕਣ‘।
ਖਰਚਿਆਂ ਨਾਲ ਕਿਸਾਨਾਂ ਦੀ ਵਧੀ ਮੁਸ਼ਕਲ
ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਪਰੇਸ਼ਾਨ ਕਿਸਾਨ ਚੰਦ ਸਿੰਘ ਦਾ ਕਹਿਣਾ ਹੈ ਕਿ ‘ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਲਾਉਂਦੇ ਆ ਰਹੇ ਹਨ ਪਰ ਹੁਣ ਸਿਰਫ਼ ਇੱਕ ਏਕੜ ਵਿੱਚ ਨਰਮੇ ਦੀ ਖੇਤੀ ਕੀਤੀ ਗਈ ਹੈ। ਚਾਰ ਏਕੜ ਵਿੱਚ ਝੋਨਾ ਲਗਾਇਆ ਗਿਆ ਹੈ, ਜਿਸ ਪਿੱਛੇ ਵੱਡਾ ਕਾਰਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਹੈ। ਪਿਛਲੇ ਕਰੀਬ ਇੱਕ ਦਹਾਕੇ ਤੋਂ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਨੇ ਨਰਮਾ ਪੱਟੀ ਬਰਬਾਦ ਕਰਕੇ ਰੱਖ ਦਿੱਤੀ ਹੈ। ਜਿਸ ਜ਼ਮੀਨ ਵਿੱਚੋਂ 40 ਤੋਂ 45 ਮਣ ਨਰਮਾ ਹੁੰਦਾ ਸੀ ਉਹ ਘੱਟ ਕੇ 15 ਮਣ ਰਹਿ ਗਿਆ ਹੈ ਅਤੇ ਖਰਚੇ ਲਗਾਤਾਰ ਵੱਧ ਗਏ ਹਨ। ਜਿਸ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਤੋਂ ਮੁੱਖ ਮੋੜਿਆ ਹੋਇਆ ਹੈ। ਜੇਕਰ ਸਰਕਾਰ ਚੰਗਾ ਬੀਜ ਅਤੇ ਕੀਟਨਾਸ਼ਕ ਦੇਵੇ ਤਾਂ ਕਿਸਾਨ ਮੁੜ ਨਰਮੇ ਦੀ ਫਸਲ ਵੱਲ ਪਰਤ ਸਕਦਾ ਹੈ ਕਿਉਂਕਿ ਝੋਨੇ ਦੀ ਫਸਲ ਨਾਲ ਜਿੱਥੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਉੱਥੇ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ‘।
ਖੇਤੀਬਾੜੀ ਮਾਹਰਾਂ ਦੀ ਅਪੀਲ
ਇਸ ਮੌਕੇ ਖੇਤੀਬਾੜੀ ਮਾਹਰ ਡਾ. ਹਰਪ੍ਰੀਤ ਪਾਲ ਕੌਰ ਨੇ ਈਟੀਵੀ ਭਾਰਤ ਨਾਲ ਫੋਨ ਰਾਹੀਂ ਕੀਤੀ ਖ਼ਾਸ ਗੱਲ ਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਹੈ ‘ਗੁਲਾਬੀ ਸੁੰਡੀ ਦਾ ਸ਼ੁਰੂਆਤੀ ਹਮਲਾ ਹੈ ਅਤੇ ਗੁਲਾਬੀ ਸੁੰਡੀ ਤੋਂ ਬਚਾਓ ਦੇ ਲਈ ਪੀਏਯੂ ਵੱਲੋਂ ਨਿਰਧਾਰਿਤ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਵੇ, ਜੇਕਰ ਅਗੇਤੀ ਫ਼ਸਲ ਦੇ ਵਿਚ 100 ਫੁੱਲਾਂ ਦੇ ਵਿੱਚੋਂ 5 ਫੁੱਲਾਂ ਦੇ ਵਿੱਚ ਗੁਲਾਬੀ ਸੁੰਡੀ ਵੇਖੀ ਜਾਂਦੀ ਹੈ ਤਾਂ ਓਸਦੇ ਲਈ ਕੀਟਨਾਸ਼ਕ ਦਵਾਈਆਂ ਦੀ ਸਲਾਹ ਦਿੱਤੀ ਜਾਂਦੀ ਹੈ।‘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ, ਡਾ. ਹਰਪ੍ਰੀਤ ਪਾਲ ਕੌਰ ਨੇ ਜ਼ਿਲ੍ਹੇ ਦੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਨਰਮੇ ਦੀ ਫਸਲ ਫੁੱਲ-ਫਲਾਕੇ ਤੇ ਆ ਗਈ ਹੈ, ਜਿਸ ਨੂੰ ਹੁਣ ਸਮੇਂ-ਸਿਰ ਸੰਭਾਲਣ ਦੀ ਜ਼ਰੂਰਤ ਹੈ।
ਇਨ੍ਹਾਂ ਦਵਾਈਆਂ ਦਾ ਕਰੋ ਇਸਤੇਮਾਲ: ਖੇਤੀ ਮਾਹਰ
ਉਨ੍ਹਾਂ ਕਿਹਾ ਕਿ ‘ਇਸ ਸਮੇਂ ਗੁਲਾਬੀ ਸੁੰਡੀ ਦੇ ਹਮਲੇ ਦਾ ਖਤਰਾ ਹੁੰਦਾ ਹੈ। ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਮੁਤਾਬਕ ਬਲੈਂਕੇਟ ਸਪਰੇਅ ਪਰੋਕਲੇਮ 5 ਐਸ.ਜੀ (ਐਮਾਮੈਕਟੀਨ ਬੈਨਜੋਏਟ) 100 ਗਰਾਮ ਪ੍ਰਤੀ ਏਕੜ ,ਡੈਲੀਗੇਟ 11.7 (ਸਪਾਈਨਟੋਰਮ 170 ਮਿਲੀਲਿਟਰ ਪ੍ਰਤੀ ਏਕੜ, ਪਰਫੈਨੋਫਾਸ 50 ਈ.ਸੀ. 500 ਮਿਲੀਲਿਟਰ ਪ੍ਰਤੀ ਏਕੜ, ਫਾਸਮਾਈਟ (ਈਥੀਆਨ 50 ਈ.ਸੀ) 800 ਮਿਲੀਲਿਟਰ ਪ੍ਰਤੀ ਏਕੜ, ਫੇਮ 480 ਐਸ.ਸੀ. (ਫਲੂਬੈਡੀਆਮਾਈਡ) 40 ਐਮ.ਐਲ. ਪ੍ਰਤੀ ਏਕੜ ਦੇ ਹਿਸਾਬ ਨਾਲ ਕੋਈ ਵੀ ਇੱਕ ਸਪਰੇਅ ਕਰ ਲਈ ਜਾਵੇ।‘
ਉਨ੍ਹਾਂ ਦੱਸਿਆ ਕਿ ‘ਗੁਲਾਬੀ ਸੁੰਡੀ ਨਰਮੇ ਦੀ ਇੱਕ ਬਹੁਤ ਹੀ ਨੁਕਸਾਨਦੇਹ ਕੀਟ ਹੈ, ਜੋ ਟੀਂਡਿਆਂ ਦੇ ਅੰਦਰ ਦਾਖ਼ਲ ਹੋ ਕੇ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਇਸ ਕੀਟ ਦੀ ਸਮੇਂ–ਸਿਰ ਰੋਕਥਾਮ ਨਾ ਕਰਨ ਨਾਲ ਝਾੜ ਅਤੇ ਰੇਸ਼ੇ ਦੀ ਗੁਣਵੱਤਾ ਦੋਵਾਂ ਪ੍ਰਭਾਵਿਤ ਹੁੰਦੀਆਂ ਹਨ। ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਾਰੇ ਕਿਸਾਨ ਇੱਕੋ ਸਮੇਂ ਆਪਣੇ ਖੇਤਰ ਵਿੱਚ ਬਲੈਂਕੇਟ ਸਪਰੇਅ ਕਰਨ, ਤਾਂ ਜੋ ਕੀਟ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।‘
ਕਿਸਾਨ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ : ਖੇਤੀ ਮਾਹਰ
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਸਪਰੇਅ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਅਤੇ ਨਿਰਧਾਰਤ ਮਾਤਰਾ ਮੁਤਾਬਕ ਹੀ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ‘ਕਿਸਾਨ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਜੇਕਰ ਗੁਲਾਬੀ ਸੁੰਡੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕਰਨ। ਸਹੀ ਸਮੇਂ ਕੀਤੀ ਗਈ ਬਲੈਂਕੇਟ ਸਪਰੇਅ ਨਾਲ ਗੁਲਾਬੀ ਸੁੰਡੀ ਦੇ ਹਮਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਕੇ ਨਰਮੇ ਦੀ ਫਸਲ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਦੇ ਹੋਏ ਸਮੂਹਿਕ ਤੌਰ ‘ਤੇ ਗੁਲਾਬੀ ਸੁੰਡੀ ਦਾ ਪ੍ਰਬੰਧਨ ਕਰਨ, ਤਾਂ ਜੋ ਨਰਮੇ ਦੀ ਵੱਧ ਤੋਂ ਵੱਧ ਪੈਦਾਵਾਰ ਅਤੇ ਵਧੀਆ ਗੁਣਵੱਤਾ ਪ੍ਰਾਪਤ ਕੀਤੀ ਜਾ ਸਕੇ।‘
ETV BHARAT