ਈ 20 ਪੈਟਰੋਲ ਦਾ ਵਾਹਨਾਂ ‘ਤੇ ਅਸਰ, ਲੁਧਿਆਣਾ ਇੰਜੀਨੀਅਰਿੰਗ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦਿੱਤਾ ਜਵਾਬ।
05 ਅਗਸਤ, 2026 – ਲੁਧਿਆਣਾ : ਪੂਰੇ ਦੇਸ਼ ਦੇ ਵਿੱਚ ਈਥਾਨੌਲ ਨਾਲ ਸੋਧੇ ਹੋਏ ਪੈਟਰੋਲ, ਜਿਸ ਨੂੰ ਆਮ ਭਾਸ਼ਾ ਦੇ ਵਿੱਚ ਈ20 ਪੈਟਰੋਲ ਵੀ ਕਿਹਾ ਜਾ ਰਿਹਾ ਹੈ ਉਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਲਗਾਤਾਰ ਨਿੱਤ ਨਵੀਂ ਵੀਡੀਓ ਆ ਰਹੀਆਂ ਹਨ। ਜਿਸ ਵਿੱਚ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਪੈਟਰੋਲ ਦੇ ਨਾਲ ਕਾਰਾਂ ਦੇ ਪੁਰਜੇ, ਦੋ ਪਹੀਆ ਵਾਹਨਾਂ ਦੀ ਐਵਰੇਜ ਇੱਥੋਂ ਤੱਕ ਕਿ ਕਈ ਵਾਹਨਾਂ ਦੇ ਇੰਜੈਕਟਰ ਤੱਕ ਵੀ ਬਦਲਣੇ ਪੈ ਰਹੇ ਹਨ। ਬੀਤੇ ਦਿਨੀਂ ਪੰਜਾਬੀ ਅਦਾਕਾਰ ਰੇਸ਼ਮ ਅਨਮੋਲ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਨਜ਼ਰ ਆਇਆ ਜਿਸ ਵਿੱਚ ਉਹ ਇਸ ਪੈਟਰੋਲ ਨੂੰ ਲੈ ਕੇ ਸਵਾਲ ਕਰਦੇ ਨਜ਼ਰ ਆਏ।
ਲੋਕ ਸਭਾ ਤੋਂ ਸੁਪਰੀਮ ਕੋਰਟ ਤੱਕ ਉਠਿਆ ਮੁੱਦਾ
ਸਿਰਫ ਸੋਸ਼ਲ ਮੀਡੀਆ ‘ਤੇ ਹੀ ਨਹੀਂ ਸਗੋਂ ਈ 20 ਪੈਟਰੋਲ ਦਾ ਮੁੱਦਾ ਸੰਸਦ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਉੱਠ ਚੁੱਕਾ ਹੈ। ਜਿੱਥੇ ਸੁਪਰੀਮ ਕੋਰਟ ਵੱਲੋਂ ਇਸ ਪੈਟਰੋਲ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗਿਆ ਗਿਆ। ਉੱਥੇ ਹੀ ਸੰਸਦ ਦੇ ਵਿੱਚ ਵੀ ਈ 20 ਪੈਟਰੋਲ ਨੂੰ ਲੈ ਕੇ ਬੀਤੇ ਦਿਨੀ ਕੇਂਦਰੀ ਮੰਤਰੀ ਵੱਲੋਂ ਆਪਣਾ ਬਿਆਨ ਦਰਜ ਕਰਵਾਇਆ ਗਿਆ। ਜਿਸ ਵਿੱਚ ਉਨ੍ਹਾਂ ਮੰਨਿਆ ਕਿ ਇਸ ਫਿਊਲ ਦੇ ਨਾਲ 2 ਤੋਂ 6 ਫੀਸਦੀ ਤੱਕ ਜਿੱਥੇ ਮਾਈਲੇਜ ਘੱਟਦੀ ਹੈ, ਉੱਥੇ ਹੀ ਕੁਝ ਪੁਰਜੇ ਜੋ ਖਾਸ ਕਰਕੇ ਰਬੜ ਦੇ ਬਣੇ ਹੋਏ ਹਨ, ਉਨ੍ਹਾਂ ਵਿੱਚ ਵੀ ਦਿੱਕਤਾਂ ਆਉਂਦੀਆਂ ਹਨ। ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਇਸ ਤਰ੍ਹਾਂ ਦੀਆਂ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪੈਟਰੋਲ ਦੇ ਕਰਕੇ ਵਾਹਨਾਂ ਨੂੰ ਨੁਕਸਾਨ ਹੋ ਰਿਹਾ ਹੈ। ਖਾਸ ਕਰਕੇ ਉਹ ਵਾਹਨ ਜੋ ਕਿ BS3 ਅਤੇ BS4 ਕੈਟਾਗਰੀ ਦੇ ਹਨ।
ਇੰਜੀਨੀਅਰਿੰਗ ਕਾਲਜ ਦੇ ਅਧਿਆਪਕਾਂ ਦਾ ਤਰਕ
ਈ 20 ਪੈਟਰੋਲ ਦੀ ਚਰਚਾ ਜਿੱਥੇ ਦੇਸ਼ ਭਰ ਦੇ ਵਿੱਚ ਹੋ ਰਹੀ ਹੈ। ਉੱਥੇ ਹੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਇਸ ਪੈਟਰੋਲ ਦੇ ਨਾਲ ਖਰਾਬ ਹੋ ਰਹੇ ਪੁਰਜਿਆਂ ਨੂੰ ਲੈ ਕੇ ਲਗਾਤਾਰ ਰਿਸਰਚ ਚੱਲ ਰਹੀ ਹੈ। ਕਾਲਜ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਪ੍ਰਭਗੁਣ ਸਿੰਘ ਨੇ ਦੱਸਿਆ ਕਿ “ਈ 20 ਪੈਟਰੋਲ ਅਜਿਹਾ ਪੈਟਰੋਲ ਹੈ, ਜਿਸ ਵਿੱਚ 20 ਫੀਸਦੀ ਈਥਾਨੌਲ ਹੈ। ਕਿਉਂਕਿ ਪੈਟਰੋਲ ਦੇ ਵਿੱਚ ਸਾਡੇ ਵਾਹਨ ਦੀ ਟੈਂਕੀ ਦੇ ਵਿੱਚ ਮੌਜੂਦ ਬਾਕੀ ਸਮਾਨ ਘੁਲ ਨਹੀਂ ਸਕਦਾ। ਇਸ ਕਰਕੇ ਪੈਟਰੋਲ ਦੇ ਵਿੱਚ ਮੌਜੂਦ ਈਥਾਨੌਲ ਦੇ ਨਾਲ ਇਹ ਸਧਾਰਨ ਸ਼ਬਦਾਂ ਦੇ ਵਿੱਚ ਕਚਰਾ ਜਾਂ ਫਿਰ ਪਾਣੀ ਜਾਂ ਫਿਰ ਜੈਲ ਨੁਮਾ ਵਾਧੂ ਦੇ ਸਬਸਟਾਂਸ ਮਿਲ ਕੇ ਪੈਟਰੋਲ ਪੰਪ ਰਾਹੀਂ ਪਾਈਪ ਲਾਈਨ ਤੋਂ ਹੁੰਦੇ ਹੋਏ ਕਾਰ ਦੇ ਇੰਜੈਕਟਰ ਤੱਕ ਪਹੁੰਚਦੇ ਹਨ। ਇਸ ਕਰਕੇ ਇਸ ਦੌਰਾਨ ਜਿਹੜੇ ਵੀ ਪੁਰਜੇ ਇਸ ਪਾਈਪ ਲਾਈਨ ਦੇ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਉੱਤੇ ਇਸਦਾ ਅਸਰ ਵੇਖਣ ਨੂੰ ਮਿਲਦਾ ਹੈ। ਖਾਸ ਕਰਕੇ ਰਬੜ ਦੇ ਪੁਰਜੇ ਅਤੇ ਗੈਸ ਕਿੱਟ ਇਸ ਨਾਲ ਖਰਾਬ ਹੋ ਰਹੀਆਂ ਹਨ।”
“ਫਿਲਹਾਲ ਕਈ ਮੁਲਕਾਂ ਦੇ ਵਿੱਚ ਪਹਿਲਾ ਈ 20 ਪੈਟਰੋਲ ਦਾ ਇਸਤੇਮਾਲ ਹੋ ਰਿਹਾ ਹੈ ਪਰ ਉਹ ਸੋਧਿਆ ਹੋਇਆ ਤੇਲ ਹੈ। ਇਸ ਕਰਕੇ ਉਥੋਂ ਦੀਆਂ ਗੱਡੀਆਂ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ। ਖਾਸ ਕਰਕੇ ਬਠਿੰਡਾ ਦੇ ਵਿੱਚ ਐਸਪੀਸੀਐਲ ਵੱਲੋਂ ਇੱਕ ਨਵਾਂ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਜਿੱਥੇ ਰਹਿੰਦ-ਖੂੰਦ ਤੋਂ ਈਥਾਨੌਲ ਤਿਆਰ ਕੀਤਾ ਜਾਵੇਗਾ ਜੋ ਕਿ ਵਧੇਰੇ ਕਾਰਗਰ ਗੱਡੀਆਂ ਲਈ ਸਾਬਿਤ ਹੋ ਸਕੇਗਾ।” –ਪ੍ਰਭਗੁਣ ਸਿੰਘ, ਇੰਜੀਨੀਅਰ ਅਧਿਆਪਕ ਜੀਐਨਈ ਕਾਲਜ
ਕਿਹੜੇ–ਕਿਹੜੇ ਪੁਰਜ਼ੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ?
E20 ਪੈਟਰੋਲ ਨਾਲ ਵਾਹਨਾਂ ਦੇ ਮੁੱਖ ਤੌਰ ‘ਤੇ ਫਿਊਲ ਸਿਸਟਮ (Fuel System) ਦੇ ਪੁਰਜ਼ੇ ਨੁਕਸਾਨੇ ਜਾ ਰਹੇ ਹਨ:-
- ਰਬੜ ਦੀਆਂ ਫਿਊਲ ਪਾਈਪਾਂ ਅਤੇ ਸੀਲਾਂ (Fuel Hoses & O-Rings): ਪੁਰਾਣੇ ਵਾਹਨਾਂ ਵਿੱਚ ਵਰਤੀ ਗਈ ਰਬੜ E20 ਦੇ ਸੰਪਰਕ ਵਿੱਚ ਆ ਕੇ ਨਰਮ ਪੈ ਜਾਂਦੀ ਹੈ, ਫਟ ਜਾਂਦੀ ਹੈ ਜਾਂ ਗਲਣ ਲੱਗਦੀ ਹੈ, ਜਿਸ ਨਾਲ ਪੈਟਰੋਲ ਲੀਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
- ਕਾਰਬੂਰੇਟਰ/ਫਿਊਲ ਇੰਜੈਕਟਰ (Carburetor & Fuel Injectors): ਇੱਥੇਨੋਇਲ ਦੁਆਰਾ ਸੋਖੇ ਗਏ ਪਾਣੀ ਅਤੇ ਖੋਰੇ ਕਾਰਨ ਕਾਰਬੂਰੇਟਰ ਜਾਂ ਫਿਊਲ ਇੰਜੈਕਟਰ ਦੀਆਂ ਬਾਰੀਕ ਨੋਜ਼ਲਾਂ ਵਿੱਚ ਜੰਗਾਲ ਜਾਂ ਕੂੜਾ ਜੰਮ ਜਾਂਦਾ ਹੈ, ਜਿਸ ਨਾਲ ਇੰਜਣ ਨੂੰ ਸਹੀ ਫਿਊਲ ਦੀ ਸਪਲਾਈ ਨਹੀਂ ਮਿਲਦੀ।
- ਫਿਊਲ ਪੰਪ (Fuel Pump): ਟੈਂਕੀ ਦੇ ਅੰਦਰ ਲੱਗਿਆ ਫਿਊਲ ਪੰਪ ਪਾਣੀ ਅਤੇ ਇੱਥੇਨੋਇਲ ਦੇ ਮਿਸ਼ਰਣ ਕਾਰਨ ਜਲਦੀ ਜਾਮ ਜਾਂ ਖ਼ਰਾਬ ਹੋ ਜਾਂਦਾ ਹੈ।
- ਫਿਊਲ ਟੈਂਕ (Fuel Tank): ਧਾਤੂ (Metal) ਦੀਆਂ ਬਣੀਆਂ ਪੁਰਾਣੀਆਂ ਟੈਂਕੀਆਂ ਅੰਦਰੋਂ ਜੰਗਾਲ (Rust) ਫੜਨ ਲੱਗ ਪੈਂਦੀਆਂ ਹਨ, ਜਿਸ ਦੇ ਕਣ ਫਿਲਟਰਾਂ ਨੂੰ ਜਾਮ ਕਰ ਦਿੰਦੇ ਹਨ।
- ਸਪਾਰਕ ਪਲੱਗ (Spark Plugs): ਨਮੀ ਵਾਲਾ ਫਿਊਲ ਬਲਣ ਕਾਰਨ ਸਪਾਰਕ ਪਲੱਗ ‘ਤੇ ਕਾਰਬਨ ਜਲਦੀ ਜੰਮਦੀ ਹੈ, ਜਿਸ ਨਾਲ ਸਟਾਰਟਿੰਗ ਦੀ ਸਮੱਸਿਆ ਆਉਂਦੀ ਹੈ।
ਐਵਰੇਜ ਅਤੇ ਪੁਰਜਿਆਂ ‘ਤੇ ਅਸਰ
ਨਾ ਸਿਰਫ ਕਾਲਜ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਸਗੋਂ ਮਕੈਨਿਕ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਪੁਰਾਣੀਆਂ ਗੱਡੀਆਂ ਦੇ ਪੁਰਜ਼ੇ ਖਰਾਬ ਹੋ ਰਹੇ ਹਨ ਤੇ ਐਵਰੇਜ ਘੱਟ ਰਹੀ ਹੈ। ਖਾਸ ਕਰਕੇ ਫਿਊਲ ਪੰਪ ਤੋਂ ਜਦੋਂ ਇਹ ਪੈਟਰੋਲ ਕਾਰ ਦੇ ਇੰਜੈਕਟਰ ‘ਚ ਪਹੁੰਚਦਾ ਹੈ ਤਾਂ ਇੰਜੈਕਟਰ ਵੀ ਖਰਾਬ ਹੋ ਜਾਂਦੇ ਹਨ, ਜੋ ਕਿ ਕਾਫੀ ਮਹਿੰਗੇ ਹੁੰਦੇ ਹਨ। ਮਨਰਾਜ ਸਿੰਘ ਸੋਹਲ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਜਿਨਾਂ ਵੱਲੋਂ ਹੁਣ ਆਪਣਾ ਸਟਾਰਟਅਪ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣਾ ਗੈਰਾਜ ਖੋਲਿਆ ਗਿਆ ਹੈ। ਜਿੱਥੇ ਅਕਸਰ ਹੀ ਉਨ੍ਹਾਂ ਕੋਲ ਅਜਿਹੀਆਂ ਗੱਡੀਆਂ ਆਉਂਦੀਆਂ ਹਨ। ਜਿੰਨ੍ਹਾ ਵਿੱਚ ਈ 20 ਪੈਟਰੋਲ ਦੇ ਕਰਕੇ ਮੁਸ਼ਕਿਲ ਆ ਰਹੀਆਂ ਹਨ।
2023 ਤੋਂ ਪਹਿਲਾਂ ਦੇ ਬਣੇ ਵਾਹਨਾਂ ਵਿੱਚ ਆ ਰਹੀ ਦਿੱਕਤ
ਮਨਰਾਜ ਨੇ ਖੁਦ ਕਾਰ ਅਤੇ ਦੋ ਪਹੀਆ ਵਾਹਨ ਦਾ ਤਜ਼ਰਬਾ ਸਾਡੀ ਟੀਮ ਨਾਲ ਸਾਂਝਾ ਕਰਦੇ ਹੋਏ ਵਿਖਾਇਆ ਕਿ ਕਿਸ ਤਰ੍ਹਾਂ ਇਹ ਪੁਰਜ਼ੇ ਕੰਮ ਕਰਦੇ ਹਨ। ਖਾਸ ਕਰਕੇ ਜਿੰਨਾਂ ਪੁਰਜ਼ਿਆਂ ਦੇ ਵਿੱਚ ਰਬੜ ਇਸਤੇਮਾਲ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ “ਰਬੜ ਆਕੜ ਜਾਂਦੀ ਹੈ ਜਾਂ ਫਿਰ ਉਹ ਟੁੱਟ ਜਾਂਦੀ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ ਇਸ ਦੇ ਕਾਰਨ ਐਵਰੇਜ ਘੱਟ ਰਹੀ ਹੈ। ਇਸ ਦੇ ਨਾਲ ਹੀ ਜਿਹੜੀ ਸਰਵਿਸ ਪਹਿਲਾਂ ਉਨ੍ਹਾਂ ਨੂੰ 10 ਹਜ਼ਾਰ ਕਿਲੋਮੀਟਰ ‘ਤੇ ਕਰਵਾਉਣੀ ਪੈਂਦੀ ਸੀ, ਹੁਣ ਉਹ ਪੰਜ ਜਾਂ ਅੱਠ ‘ਤੇ ਕਰਵਾਉਣੀ ਪੈ ਰਹੀ ਹੈ। ਇਹ ਦਿੱਕਤ ਖਾਸ ਕਰਕੇ 2023 ਤੋਂ ਪਹਿਲਾਂ ਦੇ ਬਣੇ ਵਾਹਨ ਦੇ ਵਿੱਚ ਆਮ ਵੇਖਣ ਨੂੰ ਮਿਲ ਰਹੀ ਹੈ।”
ਵਾਹਨ ਕਿਉਂ ਅਤੇ ਕਿਵੇਂ ਖ਼ਰਾਬ ਹੋ ਰਹੇ ਹਨ ?
ਈਥਾਨੌਲ ਦੀ ਰਸਾਇਣਕ ਬਣਤਰ (Chemical Properties) ਆਮ ਪੈਟਰੋਲ ਨਾਲੋਂ ਕਾਫ਼ੀ ਵੱਖਰੀ ਹੁੰਦੀ ਹੈ। ਇਹ ਹੇਠ ਲਿਖੇ ਦੋ ਮੁੱਖ ਕਾਰਨਾਂ ਕਰਕੇ ਵਾਹਨਾਂ ਵਿੱਚ ਖ਼ਰਾਬੀ ਦਾ ਕਾਰਨ ਬਣਦੀ ਹੈ:-
ਪਾਣੀ ਨੂੰ ਸੋਖਣਾ (Hygroscopic Nature): ਈਥਾਨੌਲ ਵਿੱਚ ਹਵਾ ਵਿੱਚੋਂ ਨਮੀ/ਪਾਣੀ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਜਦੋਂ ਵਾਹਨ ਦੀ ਟੈਂਕੀ ਵਿੱਚ ਪੈਟਰੋਲ ਕੁਝ ਦਿਨਾਂ ਲਈ ਪਿਆ ਰਹਿੰਦਾ ਹੈ, ਤਾਂ ਈਥਾਨੌਲ ਹਵਾ ਵਿੱਚੋਂ ਪਾਣੀ ਸੋਖ ਕੇ ਪੈਟਰੋਲ ਨਾਲੋਂ ਅੱਗੇ ਪਿੱਛੇ (Phase Separation) ਹੋ ਜਾਂਦਾ ਹੈ। ਇਹ ਹੇਠਾਂ ਪਾਣੀ ਅਤੇ ਈਥਾਨੌਲ ਦਾ ਮਿਸ਼ਰਣ ਬਣਾ ਦਿੰਦਾ ਹੈ, ਜੋ ਇੰਜਣ ਵਿੱਚ ਜਾ ਕੇ ਗੜਬੜ ਕਰਦਾ ਹੈ।
ਖੋਰਨ ਦੀ ਖਾਸੀਅਤ (Corrosive Nature): ਈਥਾਨੌਲ ਇੱਕ ਘੋਲਕ (Solvent) ਵਜੋਂ ਕੰਮ ਕਰਦਾ ਹੈ। ਇਹ ਰਬੜ, ਪਲਾਸਟਿਕ ਅਤੇ ਕੁਝ ਧਾਤਾਂ (ਜਿਵੇਂ ਕਿ ਐਲੂਮੀਨੀਅਮ ਅਤੇ ਕਾਪਰ) ਨੂੰ ਖੋਰਨਾ (Dissolve/Corrode) ਸ਼ੁਰੂ ਕਰ ਦਿੰਦਾ ਹੈ।
ਆਮ ਆਦਮੀ ‘ਤੇ ਅਸਰ
ਇੰਜੀਨੀਅਰਿੰਗ ਕਾਲਜ ਦੇ ਅਧਿਆਪਕ ਦੱਸਦੇ ਹਨ ਕਿ ਆਮ ਆਦਮੀ ‘ਤੇ ਹੀ ਇਸ ਦਾ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਜਿੱਥੇ ਪਹਿਲਾਂ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ 100 ਲੀਟਰ ਪੈਟਰੋਲ ਲੱਗ ਰਿਹਾ ਸੀ। ਹੁਣ ਉੱਥੇ 105 ਤੋਂ 106 ਲੀਟਰ ਪੈਟਰੋਲ ਦੀ ਖਪਤ ਹੋ ਰਹੀ ਹੈ? ਕਿਉਂਕਿ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਈ 20 ਮਿਲਾਉਣ ਦੇ ਬਾਵਜੂਦ ਵੀ ਕੀਮਤਾਂ ਨਹੀਂ ਘਟਾਈਆਂ ਗਈਆਂ। ਇਸ ਦਾ ਸਿੱਧਾ ਅਸਰ ਆਮ ਖਪਤਕਾਰ ‘ਤੇ ਪੈਂਦਾ ਹੈ। ਕਿਉਂਕਿ ਜਦੋਂ ਉਹ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਲਈ ਜਾਂਦਾ ਹੈ ਤਾਂ ਉਸ ਨੂੰ ਕੋਈ ਹੋਰ ਆਪਸ਼ਨ ਨਹੀਂ ਮਿਲਦੀ।”
“ਜਿਹੜੇ ਐਕਸ ਪੀ ਪੈਟਰੋਲ ਵੀ ਮਿਲ ਰਹੇ ਹਨ ਉਨ੍ਹਾਂ ਦੇ ਵਿੱਚ ਵੀ ਈਥਾਨੌਲ ਮਿਲਿਆ ਹੋਇਆ ਹੈ। ਸਿਰਫ ਉਨ੍ਹਾਂ ਵਿੱਚ ਵਿਸ਼ੇਸ਼ fuel additive ਦਾ ਇਸਤੇਮਾਲ ਕੀਤਾ ਗਿਆ ਹੁੰਦਾ ਹੈ। ਜਿਸ ਕਰਕੇ ਉਸ ਦਾ ਅਸਰ ਆਮ ਪੈਟਰੋਲ ਦੇ ਨਾਲੋਂ ਘੱਟ ਦੇਖਣ ਨੂੰ ਮਿਲਦਾ ਹੈ।”- ਪ੍ਰਭਗੁਣ ਸਿੰਘ, ਇੰਜੀਨੀਅਰ ਅਧਿਆਪਕ ਜੀਐਨਈ ਕਾਲਜ
ਮਾਈਲੇਜ ‘ਤੇ ਕਿੰਨਾ ਪ੍ਰਭਾਵ ਪੈਂਦਾ ਹੈ?
E20 ਪੈਟਰੋਲ ਨਾਲ ਵਾਹਨਾਂ ਦੀ ਮਾਈਲੇਜ ਵਿੱਚ 3% ਤੋਂ 7% (ਕੁੱਝ ਪੁਰਾਣੀਆਂ ਗੱਡੀਆਂ ਵਿੱਚ 10% ਤੱਕ) ਦੀ ਗਿਰਾਵਟ ਦੇਖਣ ਨੂੰ ਮਿਲਦੀ ਹੈ।
ਇਸ ਦਾ ਕਾਰਨ:-
ਈਥਾਨੌਲ ਦੀ ਊਰਜਾ ਘਣਤਾ (Energy Density) ਸ਼ੁੱਧ ਪੈਟਰੋਲ ਨਾਲੋਂ ਘੱਟ ਹੁੰਦੀ ਹੈ। ਸ਼ੁੱਧ ਪੈਟਰੋਲ ਦੇ ਮੁਕਾਬਲੇ ਈਥਾਨੌਲ ਵਿੱਚ ਲਗਭਗ 30% ਘੱਟ ਕੈਲੋਰੀਫਿਕ ਵੈਲਿਊ (Calorific Value) ਹੁੰਦੀ ਹੈ।
ਇਸ ਦਾ ਮਤਲਬ ਹੈ ਕਿ ਇੰਜਣ ਨੂੰ ਉੱਨੀ ਹੀ ਤਾਕਤ (Power) ਪੈਦਾ ਕਰਨ ਲਈ E20 ਪੈਟਰੋਲ ਦੀ ਜ਼ਿਆਦਾ ਮਾਤਰਾ ਬਾਲਣੀ ਪੈਂਦੀ ਹੈ, ਜਿਸ ਕਰਕੇ, ਵਾਹਨ ਦੀ ਔਸਤ ਮਾਈਲੇਜ ਘੱਟ ਜਾਂਦੀ ਹੈ। ਇੰਜਣ ਨੂੰ ਜ਼ਿਆਦਾ ਰੇਸ (Throttle) ਦੇਣੀ ਪੈਂਦੀ ਹੈ।
ਕਿਹੜੇ ਵਾਹਨਾਂ ‘ਤੇ ਜ਼ਿਆਦਾ ਅਸਰ ਹੈ?
- ਸਭ ਤੋਂ ਵੱਧ ਪ੍ਰਭਾਵਿਤ: 2023 ਤੋਂ ਪਹਿਲਾਂ ਦੇ ਬਣੇ ਵਾਹਨ (BS4 ਅਤੇ BS6 Phase-1 ਮਾਡਲ)। ਇਹ ਵਾਹਨ E10 (10% ਈਥਾਨੌਲ) ਤੱਕ ਲਈ ਡਿਜ਼ਾਈਨ ਕੀਤੇ ਗਏ ਸਨ।
- ਸੁਰੱਖਿਅਤ ਵਾਹਨ: ਅਪ੍ਰੈਲ 2023 ਤੋਂ ਬਾਅਦ ਆਏ E20 Compliant ਵਾਹਨ (BS6 Phase-2), ਜਿਨ੍ਹਾਂ ਵਿੱਚ ਕੰਪਨੀਆਂ ਨੇ ਰਸਾਇਣਕ-ਰੋਧਕ ਪਾਈਪਾਂ, ਵਿਸ਼ੇਸ਼ ਕੋਟਿੰਗ ਵਾਲੀਆਂ ਟੈਂਕੀਆਂ ਅਤੇ ਅੱਪਡੇਟ ਕੀਤਾ ECU (Engine Control Unit) ਵਰਤਿਆ ਹੈ।
ਕੀ ਹੱਲ ਅਤੇ ਮੰਗ
ਇੰਜੀਨੀਅਰ ਨੇ ਕਿਹਾ ਹੈ ਕਿ ਜੇਕਰ ਆਮ ਆਦਮੀ ਦੀਆਂ ਚਿੰਤਾਵਾਂ ਘਟਾਉਣੀਆਂ ਹਨ ਤਾਂ ਇਸਦਾ ਸਭ ਤੋਂ ਚੰਗਾ ਹੱਲ ਇਹੀ ਹੈ ਕਿ ਸਰਕਾਰ ਜਿਹੜੇ ਪੁਰਜ਼ੇ ਪੁਰਾਣੀ ਗੱਡੀਆਂ ਦੇ ਈ 20 ਪੈਟਰੋਲ ਕਰਕੇ ਖਰਾਬ ਹੋ ਰਹੇ ਹਨ ਜਾਂ ਤਾਂ ਉਨ੍ਹਾਂ ਨੂੰ ਸਸਤੀਆਂ ਕੀਮਤਾਂ ‘ਤੇ ਰਿਪਲੇਸ ਕਰਨ ਜਾਂ ਫਿਰ ਉਨ੍ਹਾਂ ‘ਤੇ ਜੀਐਸਟੀ ਘਟਾਵੇ ਤਾਂ ਜੋ ਪੁਰਾਣੀਆਂ ਗੱਡੀਆਂ ਇਸਤੇਮਾਲ ਕਰਨ ਰਹੇ ਲੋਕ ਹਨ। ਉਨ੍ਹਾਂ ਨੂੰ ਕੁਝ ਰਾਹਤ ਜਰੂਰ ਮਿਲ ਸਕੇ ਕਿਉਂਕਿ 2016 ਤੋਂ ਲੈ ਕੇ 2022 ਤੱਕ ਜਾਂ ਫਿਰ 2016 ਤੋਂ ਪਹਿਲਾਂ ਦੀਆਂ ਜਿੰਨੀਆਂ ਗੱਡੀਆਂ ਹਨ। ਉਨ੍ਹਾਂ ਵਿੱਚ ਇਹ ਸਮੱਸਿਆ ਆ ਰਹੀ ਹੈ।
ਇਸ ਦੇ ਨਾਲ ਹੀ ਮਕੈਨਿਕ ਨੇ ਕਿਹਾ ਕਿ “ਇਸ ਦੇ ਹੱਲ ਲਈ ਜਰੂਰੀ ਹੈ ਕਿ ਆਪਣੀ ਗੱਡੀ ਦੀ ਸਰਵਿਸ ਸਮੇਂ ਸਿਰ ਕਰਵਾਓ ਆਪਣੀ ਗੱਡੀ ਦੇ ਵਿੱਚ ਲੋੜੀਦਾ ਤੇਲ ਜਰੂਰ ਪਾ ਕੇ ਰੱਖੋ। ਇੱਥੋਂ ਤੱਕ ਕਿ ਉਸ ਨੂੰ ਜ਼ਿਆਦਾ ਸਮੇਂ ਤੱਕ ਖੜੀ ਨਾ ਰੱਖੋ ਦੋ ਹਫਤੇ ਵਿੱਚ ਇੱਕ ਵਾਰ ਜਰੂਰ ਸਟਾਰਟ ਕਰੋ।”
ਬਚਾਅ ਲਈ ਸੁਝਾਅ
ਟੈਂਕੀ ਵਿੱਚ ਪੈਟਰੋਲ ਜ਼ਿਆਦਾ ਦਿਨ ਖੜ੍ਹਾ ਨਾ ਰੱਖੋ: ਜੇਕਰ ਵਾਹਨ ਕਈ ਦਿਨ ਵਰਤੋਂ ਵਿੱਚ ਨਹੀਂ ਆਉਣਾ, ਤਾਂ ਟੈਂਕੀ ਪੂਰੀ ਭਰ ਕੇ ਰੱਖਣ ਤੋਂ ਬਚੋ ਤਾਂ ਜੋ ਨਮੀ ਨਾ ਜੰਮੇ।
ਫਿਊਲ ਐਡੀਟਿਵਜ਼ (Fuel Additives): ਬਾਜ਼ਾਰ ਵਿੱਚ E20 ਰੋਧਕ ਫਿਊਲ ਐਡੀਟਿਵ ਮਿਲਦੇ ਹਨ ਜੋ Phase Separation ਨੂੰ ਰੋਕਣ ਵਿੱਚ ਮਦਦ ਕਰਦੇ ਹਨ।
ਸਮੇਂ ਸਿਰ ਸਰਵਿਸ: ਫਿਊਲ ਫਿਲਟਰ ਅਤੇ ਸਪਾਰਕ ਪਲੱਗ ਦੀ ਨਿਯਮਤ ਜਾਂਚ ਕਰਵਾਓ। ਪੁਰਾਣੇ ਵਾਹਨਾਂ ਵਿੱਚ ਰਬੜ ਦੀਆਂ ਹੋਜ਼ ਪਾਈਪਾਂ ਨੂੰ ਨਵੀਂ E20-ਅਨੁਕੂਲ ਮਟੀਰੀਅਲ ਨਾਲ ਬਦਲਵਾਇਆ ਜਾ ਸਕਦਾ ਹੈ।
ETV BHARAT