ਪਹਿਲਾਂ ਹੀ ਤੁਰ ਗਏ ਸੀ ਮਾਂ ਪਿਓ
16 ਸਾਲਾਂ ਨੌਜਵਾਨ ਅਮਰੀਕ ਸਿੰਘ ਦੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤ ਹੋਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ।
13 ਅਗਸਤ, 2026 – ਮਾਨਸਾ: ਸਰਦੂਲਗੜ੍ਹ ਵਿਖੇ ਇੱਕ ਨਾਬਾਲਿਗ ਨੌਜਵਾਨ ਦੀ ਚਿੱਟੇ ਦੀ ਓਵਰਡੋਜ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਉਣ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਨਸ਼ੇ ਦੀ ਭੇਂਟ ਚੜਨ ਵਾਲਾ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਜਾ ਰਿਹਾ ਪਰ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ 16 ਸਾਲਾਂ ਨੌਜਵਾਨ ਅਮਰੀਕ ਸਿੰਘ ਦੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤ ਹੋਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ।
“ਮਾਤਾ–ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ“
ਮ੍ਰਿਤਕ ਨੌਜਵਾਨ ਦੀ ਭੈਣ ਸੋਨੂ ਕੌਰ ਨੇ ਦੱਸਿਆ ਕਿ “ਉਹਨਾਂ ਦੇ ਮਾਤਾ–ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਤਿੰਨ ਭੈਣਾਂ ਦਾ ਇਕਲਤਾ ਭਰਾ ਸੀ ਜੋ ਪਿਛਲੇ ਸਮੇਂ ਦੇ ਦੌਰਾਨ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਆਪਣੇ ਦੋਸਤਾਂ ਦੇ ਨਾਲ ਘਰੋਂ ਚਲਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਉਹਨਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨਾਂ ਨੂੰ ਇਨਸਾਫ ਦਿੱਤਾ ਜਾਵੇ। “
“ਮੇਰਾ ਵੀਰ ਸਾਡਾ 3 ਤਿੰਨ ਭੈਣਾ ਦਾ ਇਕਲੌਤਾ ਭਰਾ ਸੀ, ਪਹਿਲਾਂ ਵਧੀਆ ਕੰਮ ਕਰਦਾ ਸੀ ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਕਦੋਂ ਚਿੱਟਾ ਲਗਾਉਣ ਲੱਗ ਗਿਆ। ਅਸੀਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਦੋਸਤਾਂ ਨਾਲ ਚੱਲਿਆ ਜਾਂਦਾ ਸੀ। ਕੱਲ੍ਹ ਵੀ ਉਹ ਆਪਣੇ ਦੋਸਤਾਂ ਨਾਲ ਗਿਆ ਅਤੇ ਬਾਅਦ ਵਿੱਚ ਉਸਦੇ ਦੋਸਤ ਆਏ ਇਸਨੂੰ ਹਸਪਤਾਲ ਛੱਡ ਗਏ ਪਰ ਦੱਸਿਆ ਨਹੀਂ ਕਿ ਇਸਨੂੰ ਕੀ ਹੋਇਆ, ਉਸ ਤੋਂ ਬਾਅਦ ਉਹ ਸਾਡੇ ਘਰ ਵੀ ਨਹੀਂ ਆਏ।”– ਸੋਨੂ, ਮ੍ਰਿਤਕ ਦੀ ਭੈਣ
“ਮਰਨ ਵਾਲਾ ਮੇਰਾ ਭਤੀਜਾ ਸੀ, ਉਸਦੀ ਚਿੱਟੇ ਨਾਲ ਮੌਤ ਹੋਈ ਹੈ। ਇਥੇ ਸ਼ਰੇਆਮ ਚਿੱਟਾ ਵਿਕਦਾ ਹੈ, ਅਸੀਂ ਮੰਗ ਕਰਦੇ ਹਾਂ ਕਿ ਚਿੱਟਾ ਬੰਦ ਕੀਤਾ ਜਾਵੇ। ਪੁਲਿਸ ਉਨ੍ਹਾਂ ਮੁੰਡਿਆਂ ਨੂੰ ਚੱਕੇ ਜੋ ਇਸਨੂੰ ਹਸਪਤਾਲ ਛੱਡ ਕੇ ਭੱਜ ਗਏ ਪਰ ਸਾਨੂੰ ਦੱਸਿਆ ਵੀ ਨਹੀਂ ਕਿ ਇਸਦੀ ਮੌਤ ਕਿਵੇਂ ਹੋਈ ਹੈ।” –ਮ੍ਰਿਤਕ ਦੀ ਚਾਚੀ
ਪਰਿਵਾਰ ਦੇ ਬਿਆਨ ਲਿਖ ਕੇ ਸ਼ੁਰੂ ਕੀਤੀ ਜਾਂਚ
ਇਸੇ ਸਬੰਧੀ ਸਰਦੂਲਗੜ੍ਹ ਪੁਲਿਸ ਦੇ ਜਾਂਚ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ “ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਅਮਰੀਕ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ, ਜਿਸ ਸਬੰਧੀ ਉਹਨਾਂ ਵੱਲੋਂ ਪਰਿਵਾਰ ਦੇ ਬਿਆਨ ਲਿਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।”
ETV BHARAT