ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਮਹਿੰਗਾਈ ਦਾ ਝਟਕਾ
ਖੰਡ–ਤੇਲ ਦੇ ਵਧੇ ਰੇਟ,ਰਸੋਈ ਦਾ ਬਜਟ ਹੋਇਆ ‘ਹਾਈ‘। ਮਿਡਲ ਕਲਾਸ ਪਰਿਵਾਰਾਂ ਲਈ ਗੁਜ਼ਾਰਾ ਮੁਸ਼ਕਿਲ, ਵੱਧ ਰਹੀ ਮਹਿੰਗਾਈ ਨੇ ਰਸੋਈ ਤੋਂ ਲੈ ਕੇ ਦੁਕਾਨਦਾਰੀ ਵੀ ਹਿਲਾਈ।
22 ਅਗਸਤ, 2026 – ਮੋਗਾ : ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜੇਬ੍ਹ ’ਤੇ ਬੋਝ ਵਧਾ ਦਿੱਤਾ ਹੈ। ਰੋਜ਼ਾਨਾ ਰਸੋਈ ਵਿੱਚ ਵਰਤੋਂ ਹੋਣ ਵਾਲੀਆਂ ਜ਼ਰੂਰੀ ਵਸਤੂਆਂ ਦੇ ਭਾਅ ਵਧਣ ਕਾਰਨ ਖ਼ਾਸ ਕਰਕੇ ਮਿਡਲ ਕਲਾਸ ਪਰਿਵਾਰਾਂ ਲਈ ਘਰ ਦਾ ਬਜਟ ਸੰਭਾਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਰਿਵਾਰਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਪੈਸਾ ਖਰਚ ਕਰਕੇ ਘੱਟ ਸਮਾਨ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਖੰਡ–ਤੇਲ ਦੇ ਵਧੇ ਰੇਟ
ਜੇਕਰ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੀ ਗੱਲ ਕਰੀਏ, ਤਾਂ ਖੰਡ ਦਾ ਭਾਅ ਪਹਿਲਾਂ ਕਰੀਬ 45 ਤੋਂ 55 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ ਵੱਧ ਕੇ ਕਰੀਬ 65 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਤੇਲ ਦੀ ਕੀਮਤ ਵੀ ਵਧ ਕੇ ਕਰੀਬ 180 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਘਰੇਲੂ ਰਸੋਈ ਦੇ ਮਹੀਨਾਵਾਰ ਬਜਟ ’ਤੇ ਪੈ ਰਿਹਾ ਹੈ।
ਗਾਹਕ ਤੋਂ ਲੈ ਕੇ ਕਰਿਆਨਾ ਸਟੋਰ ਉੱਤੇ ਅਸਰ
ਦੁਕਾਨਦਾਰ ਕੁਣਾਲ ਅਰੋੜਾ ਨੇ ਦੱਸਿਆ ਕਿ, “ਮਹਿੰਗਾਈ ਦਾ ਅਸਰ ਦੁਕਾਨਦਾਰੀ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗਾਹਕ ਇੱਕੋ ਵਾਰ ਵੱਡੀ ਮਾਤਰਾ ਵਿੱਚ ਰਾਸ਼ਨ ਖਰੀਦ ਕੇ ਲੈ ਜਾਂਦੇ ਸਨ, ਪਰ ਹੁਣ ਲੋਕ ਲੋੜ ਮੁਤਾਬਕ ਰਾਸ਼ਨ ਖਰੀਦ ਰਹੇ ਹਨ। ਕੀਮਤਾਂ ਵਧਣ ਕਾਰਨ ਗਾਹਕਾਂ ਦੀ ਖਰੀਦਦਾਰੀ ਦੀ ਸਮਰੱਥਾ ਘਟੀ ਹੈ।”
ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਗਾਹਕ ਧੀਰਜ ਸ਼ਰਮਾ ਅਤੇ ਹੋਰ ਲੋਕਾਂ ਨੇ ਕਿਹਾ ਕਿ, “ਮਹਿੰਗਾਈ ਦਾ ਸਭ ਤੋਂ ਵੱਧ ਅਸਰ ਮਿਡਲ ਕਲਾਸ ਪਰਿਵਾਰਾਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਤਿਉਹਾਰਾਂ ਦਾ ਸਮਾਂ ਆ ਰਿਹਾ ਹੈ ਅਤੇ ਮਹਿੰਗਾਈ ਕਾਰਨ ਆਮ ਲੋਕਾਂ ਦੇ ਤਿਉਹਾਰਾਂ ਦੀਆਂ ਖੁਸ਼ੀਆਂ ਵੀ ਫਿੱਕੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ।”
ਘਰ ਦੀ ਰਸੋਈ ਦਾ ਬਜਟ ਹਿੱਲਿਆ
ਉੱਥੇ ਹੀ, ਰਣਜੀਤ ਕੌਰ ਨੇ ਕਿਹਾ ਕਿ, “ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਹੈ, ਉਸ ਹਿਸਾਬ ਨਾਲ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ 1000 ਰੁਪਏ ਦਾ ਰਾਸ਼ਨ ਲੈ ਕੇ ਆਉਂਦੇ ਸਨ, ਹੁਣ ਕਈ ਵਾਰ 500 ਰੁਪਏ ਦਾ ਹੀ ਸਮਾਨ ਲੈ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰਾਂ ਨੂੰ ਮਹਿੰਗਾਈ ’ਤੇ ਕਾਬੂ ਪਾਉਣ ਦੀ ਮੰਗ ਕਰਦਿਆਂ ਕਿਹਾ ਕਿ ਮੁਫ਼ਤ ਸਹੂਲਤਾਂ ਦੀ ਬਜਾਏ ਉਨ੍ਹਾਂ ਦੇ ਰੇਟ ਘਟਾ ਕੇ ਆਮ ਅਤੇ ਮਿਡਲ ਕਲਾਸ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਵੇ।”
ਮਹਿੰਗਾਈ ਕਾਰਨ ਜਿੱਥੇ ਘਰੇਲੂ ਬਜਟ ਪ੍ਰਭਾਵਿਤ ਹੋ ਰਿਹਾ ਹੈ, ਉਥੇ ਦੁਕਾਨਦਾਰਾਂ ਦੀ ਵਿਕਰੀ ’ਤੇ ਵੀ ਅਸਰ ਪੈ ਰਿਹਾ ਹੈ। ਹੁਣ ਲੋਕ ਜ਼ਰੂਰੀ ਵਸਤੂਆਂ ਦੀ ਖਰੀਦ ਵਿੱਚ ਵੀ ਕਟੌਤੀ ਕਰ ਰਹੇ ਹਨ। ਅਜਿਹੇ ਵਿੱਚ ਆਮ ਲੋਕਾਂ ਦੀ ਮੰਗ ਹੈ ਕਿ ਸਰਕਾਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ’ਤੇ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕੇ, ਤਾਂ ਜੋ ਪਰਿਵਾਰਾਂ ਨੂੰ ਵਧਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।
ETV BHARAT