10 ਸਾਲਾਂ ’ਚ 3.7 ਗੁਣਾ ਵਧੇ ਵਿਦੇਸ਼ੀ ਵਿਦਿਆਰਥੀ
ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਦੂਜੇ ਨੰਬਰ ਦਾ ਸੂਬਾ ਬਣ ਗਿਆ ਹੈ।
24 ਅਗਸਤ, 2026 – ਚੰਡੀਗੜ੍ਹ: ਪੰਜਾਬੀਆਂ ਦੇ ਵਿਦੇਸ਼ ਵੱਲ ਰੁਝਾਨ ਦੇ ਚਰਚੇ ਤਾਂ ਆਮ ਹੀ ਹਨ ਪਰ ਇਸੇ ਦਰਮਿਆਨ AISHE ਦੀ ਇਕ ਰਿਪੋਰਟ ਆਈ ਜੋ ਇਹ ਕਹਿੰਦੀ ਹੈ ਕਿ ਪੰਜਾਬ ਵਿਦੇਸ਼ੀ ਵਿਦਿਆਰਥੀਆਂ ਦੀ ਪਸੰਦ ਬਣਦਾ ਜਾ ਰਿਹਾ। ਇਕੱਲੇ ਪੰਜਾਬੀ ਹੀ ਵਿਦੇਸ਼ਾਂ ਵਿੱਚ ਪੜ੍ਹਨ ਨਹੀਂ ਜਾਂਦੇ ਬਲਕਿ ਵਿਦੇਸ਼ੀ ਵਿਦਿਆਰਥੀ ਵੀ ਪੰਜਾਬ ਵਿੱਚ ਪੜਾਈ ਕਰਨ ਆਉਂਦੇ ਹਨ। ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਦੂਜੇ ਨੰਬਰ ਦਾ ਸੂਬਾ ਬਣ ਗਿਆ ਹੈ। ਇਸ ਰਿਪੋਰਟ ਮੁਤਾਬਿਕ ਪਿਛਲੇ 10 ਸਾਲਾਂ ਅੰਦਰ ਪੰਜਾਬ ਵਿੱਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 3.7 ਗੁਣਾ ਵਧੀ ਹੈ।
ਕੀ ਕਹਿੰਦੇ ਹਨ AISHE ਰਿਪੋਰਟ ਦੇ ਅੰਕੜੇ ?
AISHE 2023-24 ਦੇ ਅੰਕੜਿਆਂ ਮੁਤਾਬਕ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ 173 ਦੇਸ਼ਾਂ ਤੋਂ 58,134 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਸਨ। ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਕਰਨਾਟਕ ਵਿੱਚ ਪੜ੍ਹ ਰਹੇ ਹਨ, ਜਿਨ੍ਹਾਂ ਦੀ ਗਿਣਤੀ 7,914 ਹੈ। ਦੂਜੇ ਨੰਬਰ ਉੱਤੇ ਪੰਜਾਬ ਵਿੱਚ 7,902 ਵਿਦਿਆਰਥੀ ਪੜ੍ਹ ਰਹੇ ਹਨ। ਮਹਾਰਾਸ਼ਟਰ 6,190, ਉੱਤਰ ਪ੍ਰਦੇਸ਼ 5,953 ਅਤੇ ਤਾਮਿਲਨਾਡੂ 5,694 ਵਿਦਿਆਰਥੀਆਂ ਨਾਲ ਅਗਲੇ ਸਥਾਨਾਂ ’ਤੇ ਹਨ। ਇਹ ਰਿਪੋਰਟ ਜੁਲਾਈ 2026 ਵਿੱਚ ਰਿਲੀਜ਼ ਕੀਤੀ ਗਈ।
ਕਿਹੜੇ ਦੇਸ਼ਾਂ ਤੋਂ ਆ ਰਹੇ ਵਿਦਿਆਰਥੀ ?
ਰਿਪੋਰਟ ਮੁਤਾਬਕ ਪੂਰੇ ਭਾਰਤ ਦੇ ਪੱਧਰ ’ਤੇ ਨੇਪਾਲ ਅਜੇ ਵੀ ਸਭ ਤੋਂ ਵੱਡਾ ਸਰੋਤ ਦੇਸ਼ ਹੈ। 2023-24 ਵਿੱਚ ਭਾਰਤ ਦੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚ ਨੇਪਾਲ ਦੀ ਹਿੱਸੇਦਾਰੀ 24.1 ਫੀਸਦੀ ਸੀ। ਇਸ ਤੋਂ ਬਾਅਦ ਦੁਬਈ 7 ਫੀਸਦੀ, ਅਮਰੀਕਾ 5.9 ਫੀਸਦੀ, ਬੰਗਲਾਦੇਸ਼ 5.9 ਫੀਸਦੀ, ਨਾਈਜੀਰੀਆ 5.5 ਫੀਸਦੀ ਅਤੇ ਜ਼ਿੰਬਾਬਵੇ 4 ਫੀਸਦੀ ਦੇ ਨਾਲ ਰਹੇ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਰੁਝਾਨ ਸਿਰਫ਼ ਗੁਆਂਢੀ ਦੇਸ਼ਾਂ ਤੱਕ ਸੀਮਤ ਨਹੀਂ ਰਿਹਾ। ਭਾਰਤ ਵਿੱਚ ਲੈਬਨਾਨ, ਬੁਰਕੀਨਾ ਫਾਸੋ, ਮੰਗੋਲੀਆ, ਮੈਕਸੀਕੋ, ਕਜ਼ਾਖਸਤਾਨ, ਬੇਲਾਰੂਸ ਅਤੇ ਚਿਲੀ ਵਰਗੇ ਦੇਸ਼ਾਂ ਤੋਂ ਵੀ ਵਿਦਿਆਰਥੀ ਪਹੁੰਚ ਰਹੇ ਹਨ।
ਇੱਕ ਦਹਾਕੇ ਵਿੱਚ ਪੰਜਾਬ ਦੀ ਤਸਵੀਰ ਕਿਵੇਂ ਬਦਲੀ ?
AISHE ਦੀਆਂ ਪਿਛਲੀਆਂ ਰਿਪੋਰਟਾਂ ਨਾਲ ਤੁਲਨਾ ਕਰੀਏ ਤਾਂ 2013-14 ਵਿੱਚ ਪੰਜਾਬ ਵਿੱਚ ਸਿਰਫ਼ 2,157 ਵਿਦੇਸ਼ੀ ਵਿਦਿਆਰਥੀ ਸਨ। ਦਸ ਸਾਲ ਬਾਅਦ ਇਹ ਗਿਣਤੀ ਵਧ ਕੇ 7,902 ਹੋ ਗਈ। ਭਾਵ ਪੰਜਾਬ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲੱਗਭਗ 3.7 ਗੁਣਾ ਹੋਈ ਹੈ। ਇਸੇ ਸਮੇਂ ਦੌਰਾਨ ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ ਗਿਣਤੀ 39,517 ਤੋਂ ਵਧ ਕੇ 58,134 ਹੋਈ, ਯਾਨੀ ਲਗਭਗ 47 ਫੀਸਦੀ ਵਾਧਾ। ਦਿਲਚਸਪ ਗੱਲ ਇਹ ਹੈ ਕਿ 2013-14 ਵਿੱਚ ਪੰਜਾਬ ਵਿਦੇਸ਼ੀ ਵਿਦਿਆਰਥੀਆਂ ਦੀ ਪਸੰਦ ਵਾਲੇ ਸੂਬਿਆਂ ਵਿੱਚ ਪੰਜਵੇਂ ਸਥਾਨ ’ਤੇ ਸੀ। ਉਸ ਵੇਲੇ ਕਰਨਾਟਕ ਪਹਿਲੇ, ਤਾਮਿਲਨਾਡੂ ਦੂਜੇ ਮਹਾਰਾਸ਼ਟਰ ਤੀਜੇ ਅਤੇ ਉੱਤਰ ਪ੍ਰਦੇਸ਼ ਚੌਥੇ ਸਥਾਨ ’ਤੇ ਸਨ। ਹੁਣ ਪੰਜਾਬ ਨੇ ਤਾਮਿਲਨਾਡੂ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਹਾਸਲ ਕਰ ਲਿਆ ਹੈ।
ਵਿਦੇਸ਼ੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਕਿਹੜੇ ਕੋਰਸ ?
AISHE ਦੇ ਕੌਮੀ ਅੰਕੜੇ ਦੱਸਦੇ ਹਨ ਕਿ ਵਿਦੇਸ਼ੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਪਸੰਦ ਅੰਡਰਗ੍ਰੈਜੂਏਟ ਕੋਰਸਾਂ ਦੀ ਹੈ। 2023-24 ਵਿੱਚ 42,779 ਵਿਦੇਸ਼ੀ ਵਿਦਿਆਰਥੀ ਯੂਜੀ ਪ੍ਰੋਗਰਾਮਾਂ ਵਿੱਚ ਸਨ, ਜੋ ਕੁੱਲ ਵਿਦੇਸ਼ੀ ਵਿਦਿਆਰਥੀਆਂ ਦਾ 73.6 ਫੀਸਦੀ ਬਣਦੇ ਹਨ। ਪੋਸਟ ਗ੍ਰੈਜੂਏਟ ਪੱਧਰ ’ਤੇ 9,845 ਵਿਦਿਆਰਥੀ ਸਨ, ਜੋ 16.8 ਫੀਸਦੀ ਹਨ। ਬਾਕੀ ਵਿਦਿਆਰਥੀ ਡਿਪਲੋਮਾ, ਪੀਐਚਡੀ, ਸਰਟੀਫਿਕੇਟ ਅਤੇ ਇੰਟੀਗ੍ਰੇਟਿਡ ਕੋਰਸਾਂ ਵਿੱਚ ਸਨ।
ਪੰਜਾਬ ਦੀਆਂ ਕਿਹੜੀਆਂ ਯੂਨੀਵਰਸਿਟੀਆਂ ਅਤੇ ਕਾਲਜ ਵਿਦੇਸ਼ੀਆਂ ਦੀ ਪਸੰਦ ?
ਪੰਜਾਬ ਵਿੱਚ ਵਿਦੇਸ਼ੀ ਵਿਦਿਆਰਥੀ ਜ਼ਿਆਦਾਤਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਚੰਡੀਗੜ੍ਹ ਯੂਨੀਵਰਸਿਟੀ (CU), ਚਿਤਕਾਰਾ, ਥਾਪਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਂਦੇ ਹਨ। ਇਸਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਵਿਦੇਸ਼ੀ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਵਿਦੇਸ਼ੀ ਵਿਦਿਆਰਥੀਆਂ ਦੀ ਪਸੰਦ ਹੈ।
ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਕੀ ਭੂਮਿਕਾ ?
ਪੰਜਾਬ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਪਿੱਛੇ ਸੂਬੇ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਵੱਡਾ ਸਿੱਖਿਆ ਨੈੱਟਵਰਕ ਵੀ ਇੱਕ ਸੰਭਾਵਿਤ ਕਾਰਨ ਨਜ਼ਰ ਆਉਂਦਾ ਹੈ। ਖਾਸ ਕਰਕੇ ਜਲੰਧਰ-ਫਗਵਾੜਾ, ਮੋਹਾਲੀ, ਲੁਧਿਆਣਾ ਅਤੇ ਪਟਿਆਲਾ ਖੇਤਰਾਂ ਵਿੱਚ ਸਥਿਤ ਵੱਡੀਆਂ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰੇ ਇੰਟਰਨੈਸ਼ਨਲ ਦਾਖਲਾ ਪ੍ਰਬੰਧ, ਅੰਤਰਰਾਸ਼ਟਰੀ ਦਫ਼ਤਰ, ਹੋਸਟਲ ਅਤੇ ਵਿਦੇਸ਼ੀ ਸੰਸਥਾਵਾਂ ਨਾਲ ਸਿੱਖਿਆ ਸਾਂਝੇਦਾਰੀਆਂ ਵਿਕਸਤ ਕੀਤੀਆਂ ਹਨ।
- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਯੂਨੀਵਰਸਿਟੀ ਵਿੱਚ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪੜ੍ਹ ਰਹੇ ਹਨ ਅਤੇ 3,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਗਿਆ ਹੈ। ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰਾ Division of International Affairs ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ LPU ਦੀ ਅਧਿਕਾਰਤ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਨੇ 2024 ਵਿੱਚ International Students’ Graduation Day ਕਰਵਾਇਆ, ਜਿਸ ਵਿੱਚ ਭੂਟਾਨ, ਸ੍ਰੀਲੰਕਾ, ਬੰਗਲਾਦੇਸ਼, ਨੇਪਾਲ, ਅਫਗਾਨਿਸਤਾਨ, ਇੰਡੋਨੇਸ਼ੀਆ, ਅੰਗੋਲਾ ਅਤੇ ਜ਼ਿੰਬਾਬਵੇ ਸਮੇਤ ਵੱਖ-ਵੱਖ ਦੇਸ਼ਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ।
- ਚੰਡੀਗੜ੍ਹ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਜੁਲਾਈ 2026 ਦੀ ਕਨਵੋਕੇਸ਼ਨ ਸਬੰਧੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ 24 ਦੇਸ਼ਾਂ ਦੇ 273 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਵਿੱਚ ਨੇਪਾਲ ਦੇ 68, ਜ਼ਿੰਬਾਬਵੇ ਦੇ 41, ਭੂਟਾਨ ਦੇ 37 ਅਤੇ ਬੰਗਲਾਦੇਸ਼ ਦੇ 27 ਵਿਦਿਆਰਥੀ ਸ਼ਾਮਲ ਸਨ। ਯੂਨੀਵਰਸਿਟੀ ਦੇ International Affairs ਵਿਭਾਗ ਦੀ ਅਧਿਕਾਰਤ ਮੌਜੂਦਗੀ ਵੀ ਇਸ ਜਾਣਕਾਰੀ ਵਿੱਚ ਦਰਜ ਹੈ।
- ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਅੰਗਰੇਜ਼ੀ ਮਾਧਿਅਮ ਦੇ ਕੋਰਸ, ਵੱਖ-ਵੱਖ ਫੀਸ ਅਤੇ ਸਕਾਲਰਸ਼ਿਪ ਵਿਕਲਪ, ਹੋਸਟਲ ਤੇ ਕੈਂਪਸ ਸਹੂਲਤਾਂ ਅਤੇ ਆਨਲਾਈਨ ਅੰਤਰਰਾਸ਼ਟਰੀ ਦਾਖਲਾ ਪ੍ਰਣਾਲੀਆਂ ਉਪਲਬਧ ਕਰਵਾ ਰਹੀਆਂ ਹਨ। ਇਸ ਤਰ੍ਹਾਂ AISHE ਵਿੱਚ ਦਰਜ ਪੰਜਾਬ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸਮਝਣ ਲਈ ਸੂਬੇ ਦੇ ਪ੍ਰਾਈਵੇਟ ਯੂਨੀਵਰਸਿਟੀ ਸੈਕਟਰ ਦੀ ਭੂਮਿਕਾ ਵੀ ਇੱਕ ਮਹੱਤਵਪੂਰਨ ਪੱਖ ਬਣਦੀ ਹੈ।
ਪੰਜਾਬ ਵਿਚ ਕਿਉਂ ਪੜ੍ਹਨ ਆ ਰਹੇ ਹਨ ਵਿਦੇਸ਼ੀ ਵਿਦਿਆਰਥੀ ?
ਸਿੱਖਿਆ ਸ਼ਾਸਤਰੀ ਐਲ.ਆਰ. ਬੁਦਾਨੀਆਂ ਮੁਤਾਬਕ “ਪੰਜਾਬ ਵਿੱਚ ਬਾਹਰਲੇ ਅਤੇ ਵਿਦੇਸ਼ੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਪਿੱਛੇ ਸਭ ਤੋਂ ਵੱਡਾ ਕਾਰਨ ਮਾਰਕੀਟਿੰਗ ਹੈ। ਪੰਜਾਬ ਦੀਆਂ ਦੋ ਵੱਡੀਆਂ ਯੂਨੀਵਰਸਿਟੀਆਂ ਚੰਡੀਗੜ੍ਹ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਮਾਰਕੀਟਿੰਗ ਲਈ ਵੱਡੀਆਂ ਟੀਮਾਂ ਅਤੇ ਵੱਡੇ ਬਜਟ ਰੱਖੇ ਹੋਏ ਹਨ। ਅੱਜ ਦੇ ਸਮੇਂ ਵਿੱਚ ਜੋ ਦਿਖਦਾ ਹੈ, ਉਹੀ ਵਿਕਦਾ ਹੈ, ਇਸ ਲਈ ਇਨ੍ਹਾਂ ਯੂਨੀਵਰਸਿਟੀਆਂ ਦੀ ਮਾਰਕੀਟਿੰਗ ਕਾਰਨ ਬਾਹਰਲੇ ਵਿਦਿਆਰਥੀ ਪੰਜਾਬ ਆਉਣ ਲੱਗੇ ਹਨ।”
“ਇਸ ਪਿੱਛੇ ਇੱਕ ਮਨੋਵਿਗਿਆਨ ਵੀ ਕੰਮ ਕਰਦਾ ਹੈ ਕਿ ਜੇ ਕਿਸੇ ਇੱਕ ਇਲਾਕੇ ਦਾ ਵਿਦਿਆਰਥੀ ਪੰਜਾਬ ਆ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੇ ਜਾਣ-ਪਛਾਣ ਵਾਲੇ ਜਾਂ ਉਸੇ ਇਲਾਕੇ ਦੇ ਹੋਰ ਵਿਦਿਆਰਥੀ ਵੀ ਉਸ ਦੇ ਨਾਲ ਆਉਣਾ ਪਸੰਦ ਕਰਦੇ ਹਨ। ਭਾਵੇਂ ਉਨ੍ਹਾਂ ਨੂੰ ਬੈਂਗਲੁਰੂ ਜਾਂ ਪੁਣੇ ਵਿੱਚ ਇਸ ਤੋਂ ਵੀ ਵਧੀਆ ਯੂਨੀਵਰਸਿਟੀ ਮਿਲ ਸਕਦੀ ਹੋਵੇ, ਪਰ ਜੇ ਉਨ੍ਹਾਂ ਦਾ ਜਾਣਕਾਰ ਪਹਿਲਾਂ ਹੀ ਪੰਜਾਬ ਵਿੱਚ ਆ ਚੁੱਕਾ ਹੈ ਤਾਂ ਉਹ ਵੀ ਪੰਜਾਬ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਪੰਜਾਬ ਆ ਚੁੱਕਾ ਵਿਦਿਆਰਥੀ ਆਪਣੇ ਇਲਾਕੇ ਵਿੱਚ ਯੂਨੀਵਰਸਿਟੀ ਦੀ ਖੁਦ ਮਾਰਕੀਟਿੰਗ ਕਰਦਾ ਹੈ ਅਤੇ ਲੋਕਲ ਵਿਦਿਆਰਥੀ ਵੱਲੋਂ ਕੀਤੀ ਗਈ ਮਾਰਕੀਟਿੰਗ ਦਾ ਅਸਰ ਕਾਫ਼ੀ ਜ਼ਿਆਦਾ ਹੁੰਦਾ ਹੈ।” – ਐਲ.ਆਰ. ਬੁਦਾਨੀਆਂ, ਸਿੱਖਿਆ ਸ਼ਾਸਤਰੀ
‘ਦਾਖਲਾ ਮਿਲਣਾ ਮੁਸ਼ਕਲ‘
ਐਲ.ਆਰ. ਬੁਦਾਨੀਆਂ ਨੇ ਕਿਹਾ ਕਿ “ਬੈਂਗਲੁਰੂ ਅਤੇ ਪੁਣੇ ਦੀਆਂ ਵੱਡੀਆਂ ਯੂਨੀਵਰਸਿਟੀਆਂ, ਭਾਵੇਂ ਉਨ੍ਹਾਂ ਦਾ ਪੜ੍ਹਾਈ ਦਾ ਪੱਧਰ ਕਈ ਮਾਮਲਿਆਂ ਵਿੱਚ ਵਧੀਆ ਹੋਵੇ, ਪਰ ਉਨ੍ਹਾਂ ਦੇ ਤਜਰਬੇ ਮੁਤਾਬਕ ਉਹ ਇਸ ਤਰ੍ਹਾਂ ਦੀ ਮਾਰਕੀਟਿੰਗ ਨਹੀਂ ਕਰਦੀਆਂ। ਇਸੇ ਤਰ੍ਹਾਂ ਨੋਇਡਾ ਵਿੱਚ ਵੀ ਯੂਨੀਵਰਸਿਟੀਆਂ ਵੱਲੋਂ ਅਜਿਹੀ ਵੱਡੇ ਪੱਧਰ ਦੀ ਮਾਰਕੀਟਿੰਗ ਦੇਖਣ ਨੂੰ ਨਹੀਂ ਮਿਲਦੀ। ਦਿੱਲੀ ਵਿੱਚ ਵੀ ਜ਼ਿਆਦਾਤਰ ਸਰਕਾਰੀ ਯੂਨੀਵਰਸਿਟੀਆਂ ਹੋਣ ਕਾਰਨ ਦਾਖਲਾ ਮਿਲਣਾ ਮੁਸ਼ਕਲ ਹੈ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਲਈ ਵੀ ਵੱਡੇ ਪੱਧਰ ’ਤੇ ਲੋੜੀਂਦੀ ਜ਼ਮੀਨ ਉਪਲਬਧ ਨਹੀਂ ਹੈ।”
ਬੁਦਾਨੀਆਂ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਕਈ ਸਾਲ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਤਜਰਬੇ ਮੁਤਾਬਕ ਪੰਜਾਬ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ ਪਿੱਛੇ ਇਸ ਤੋਂ ਇਲਾਵਾ ਕੋਈ ਖਾਸ ਕਾਰਨ ਨਹੀਂ ਹੈ ਕਿ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਵਿੱਚ ਸਿਲੇਬਸ ਤੋਂ ਇਲਾਵਾ ਬੱਚਿਆਂ ਨੂੰ ਕੋਈ ਵਿਸ਼ੇਸ਼ ਚੀਜ਼ ਸਿਖਾਈ ਜਾ ਰਹੀ ਹੋਵੇ। ਹਾਲਾਂਕਿ, ਉਹ ਪੰਜਾਬ ਵਿੱਚ ਬਾਹਰਲੇ ਵਿਦਿਆਰਥੀਆਂ ਦੇ ਆਉਣ ਨੂੰ ਬਹੁਤ ਚੰਗਾ ਸੰਕੇਤ ਮੰਨਦੇ ਹਨ, ਕਿਉਂਕਿ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਦੇ ਵਿਦਿਆਰਥੀਆਂ ਦੇ ਆਉਣ ਨਾਲ ਸਮਾਜ ਵਿੱਚ ਬਹੁ-ਸੱਭਿਆਚਾਰਕ ਮਾਹੌਲ ਬਣਦਾ ਹੈ, ਜੋ ਪੰਜਾਬ ਲਈ ਚੰਗੀ ਗੱਲ ਹੈ।
ਪੰਜਾਬ ਵਿਦੇਸ਼ੀਆਂ ਲਈ ਕਿਉਂ ਆਕਰਸ਼ਣ ਬਣ ਰਿਹਾ ?
ਸਿੱਖਿਆ ਸ਼ਾਸਤਰੀ ਡਾ. ਰੇਸ਼ਮ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ “ਵਿਦੇਸ਼ੀ ਵਿਦਿਆਰਥੀਆਂ ਦੇ ਭਾਰਤ ਆਉਣ ਦਾ ਕਾਰਨ ਸਿਰਫ਼ ਇੱਥੋਂ ਦੀਆਂ ਯੂਨੀਵਰਸਿਟੀਆਂ ਦੀ ਪੜ੍ਹਾਈ ਦੀ ਗੁਣਵੱਤਾ ਨਹੀਂ ਹੈ। ਘੱਟ ਖਰਚੇ ਵਿੱਚ ਪੜ੍ਹਾਈ, ਸਕਾਲਰਸ਼ਿਪ ਅਤੇ ਰਹਿਣ–ਸਹਿਣ ਦਾ ਘੱਟ ਖਰਚਾ ਵੀ ਵੱਡੇ ਕਾਰਨ ਹਨ। ਖਾਸ ਕਰਕੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਦਿਆਰਥੀਆਂ ਲਈ ਭਾਰਤ ਵਿੱਚ ਪੜ੍ਹਾਈ ਕਰਨਾ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਸਸਤਾ ਪੈ ਸਕਦਾ ਹੈ। ਭਾਰਤ ਸਰਕਾਰ ਵੱਲੋਂ ICCR Scholarship Programme ਵੀ ਚਲਾਇਆ ਜਾਂਦਾ ਹੈ। ਇਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਪੀਐਚਡੀ ਕਰਨ ਦਾ ਮੌਕਾ ਮਿਲਦਾ ਹੈ। ਕਈ ਸਕਾਲਰਸ਼ਿਪਾਂ ਵਿੱਚ ਪੜ੍ਹਾਈ ਦੀ ਫੀਸ ਦੇ ਨਾਲ ਵਿਦਿਆਰਥੀਆਂ ਨੂੰ ਮਹੀਨਾਵਾਰ ਸਕਾਲਰਸ਼ਿਪ, ਰਹਿਣ ਲਈ ਭੱਤਾ ਅਤੇ ਹੋਰ ਖਰਚਿਆਂ ਲਈ ਮਦਦ ਵੀ ਦਿੱਤੀ ਜਾਂਦੀ ਹੈ।”
“ਇਸ ਤਰ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਭਾਰਤ ਵਿੱਚ ਚੰਗੀ ਪੜ੍ਹਾਈ, ਸਕਾਲਰਸ਼ਿਪ ਅਤੇ ਘੱਟ ਖਰਚੇ ਵਿੱਚ ਰਹਿਣ ਦਾ ਮੌਕਾ ਮਿਲ ਜਾਂਦਾ ਹੈ। ਪਰ ਇਕ ਤੱਥ ਇਹ ਵੀ ਹੈ ਕਿ ਪੰਜਾਬ ਵਿੱਚ ਪੜ੍ਹ ਰਹੇ ਸਾਰੇ 7,902 ਵਿਦੇਸ਼ੀ ਵਿਦਿਆਰਥੀ ਸਕਾਲਰਸ਼ਿਪ ’ਤੇ ਨਹੀਂ ਹਨ। ਇਨ੍ਹਾਂ ਵਿੱਚ ਕਈ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਰਹਿਣ ਦਾ ਖਰਚਾ ਖੁਦ ਵੀ ਚੁੱਕ ਰਹੇ ਹਨ।”– ਡਾ. ਰੇਸ਼ਮ ਸਿੰਘ, ਸਿੱਖਿਆ ਸ਼ਾਸਤਰੀ
ਸਿੱਖਿਆ ਨਾਲ ਸ਼ੌਂਕ ਪੁਗਾਉਣ ਆਉਂਦੇ ਵਿਦੇਸ਼ੀ ਵਿਦਿਆਰਥੀ ?
ਪੰਜਾਬ ਸਿੱਖਿਆ ਵਿਭਾਗ ਦੇ ਸੇਵਾਮੁਕਤ ਮੁਲਾਜ਼ਮ ਡਾ. ਨਸੀਬ ਸਿੰਘ ਸੇਵਕ ਕਹਿੰਦੇ ਹਨ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਸਿੱਖਿਆਂ ਦੇਸ਼ਾਂ ਵਿਦੇਸ਼ਾਂ ਤੱਕ ਜਾਣੀ ਜਾਂਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ “ਇਸ ਅਦਾਰੇ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਹੀ ਧਾਕ ਅਤੇ ਪਛਾਣ ਹੈ, ਜਿੱਥੇ ਡਾਕਟਰ ਮਨਮੋਹਨ ਸਿੰਘ ਵਰਗੀਆਂ ਮਹਾਨ ਹਸਤੀਆਂ ਨੇ ਸਿੱਖਿਆ ਪ੍ਰਾਪਤ ਵੀ ਕੀਤੀ ਹੈ ਅਤੇ ਇੱਥੇ ਪੜ੍ਹਾਇਆ ਵੀ ਹੈ। ਬਾਹਰਲੇ ਲੋਕ ਪੈਸਾ ਖਰਚ ਕੇ ਚੰਗੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ–ਨਾਲ ਜ਼ਿੰਦਗੀ ਨੂੰ ਐਂਜੋਏ ਵੀ ਕਰਨਾ ਚਾਹੁੰਦੇ ਹਨ ਅਤੇ ਉਹ ਪੈਸਾ ਜੋੜ ਕੇ ਰੱਖਣ ਦੀ ਬਜਾਏ ਇਸ ਨੂੰ ਬਿਹਤਰ ਅਨੁਭਵਾਂ ਲਈ ਵਰਤਦੇ ਹਨ, ਜਦਕਿ ਭਾਰਤੀ ਲੋਕ ਅਕਸਰ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਨੌਕਰੀ ਅਤੇ ਰੁਜ਼ਗਾਰ ਦੇ ਇੰਤਜ਼ਾਮ ਵਿੱਚ ਲੱਗੇ ਰਹਿੰਦੇ ਹਨ।”
ਕੀ ਹਨ ਮੁੱਖ ਕਾਰਨ ?
ਡਾ. ਨਸੀਬ ਸਿੰਘ ਕਹਿੰਦੇ ਹਨ ਕਿ “ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਵੱਖ–ਵੱਖ ਪ੍ਰਾਇਵੇਟ ਕਾਲਜ ਗਰੁੱਪ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਰਗੇ ਅਦਾਰਿਆਂ ਨੇ ਆਪਣਾ ਬਹੁਤ ਵੱਡਾ ਨਾਂ ਬਣਾਇਆ ਹੈ, ਜਿਨ੍ਹਾਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਆਪਣੀ ਇੱਕ ਅਲੱਗ ਹੀ ਛਾਪ ਹੈ। ਇਨ੍ਹਾਂ ਸਾਰੇ ਵਿਦਿਅਕ ਅਦਾਰਿਆਂ ਦੇ ਯੋਗਦਾਨ ਕਰਕੇ ਹੀ ਅੱਜ ਉੱਚ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਬਹੁਤ ਹੀ ਮਾਣ ਨਾਲ ਲਿਆ ਜਾ ਰਿਹਾ ਹੈ। ਦਿੱਲੀ ਤੋਂ ਬਾਅਦ ਪੰਜਾਬ ਹੀ ਇੱਕ ਅਜਿਹਾ ਪ੍ਰਮੁੱਖ ਸੂਬਾ ਹੈ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਆਉਂਦੇ ਹਨ, ਕਿਉਂਕਿ ਚੰਡੀਗੜ੍ਹ ਅਤੇ ਪੰਜਾਬ ਦਾ ਇਹ ਇਲਾਕਾ ਸਿਰਫ਼ ਪੜ੍ਹਾਈ ਦਾ ਹੀ ਨਹੀਂ, ਸਗੋਂ ਘੁੰਮਣ–ਫਿਰਨ, ਮਨੋਰੰਜਨ, ਖੇਡਾਂ ਅਤੇ ਵੱਖ–ਵੱਖ ਗਤੀਵਿਧੀਆਂ ਦਾ ਇੱਕ ਵੱਡਾ ਕੇਂਦਰ ਬਣ ਚੁੱਕਾ ਹੈ।”
ETV BHARAT