ਪੰਜਾਬ ਬੰਦ ਨੂੰ ਸਮਰਥਨ
ਲੁਧਿਆਣਾ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਟਾਫ ਵੱਲੋਂ ਪ੍ਰਦਰਸ਼ਨ ਕਰਕੇ ਇੱਕ ਮਾਰਚ ਵੀ ਕੱਢਿਆ ਗਿਆ
27 ਅਗਸਤ, 2026 – ਲੁਧਿਆਣਾ: ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਨਾਲ ਮੈਡੀਕਲ ਸਟਾਫ ਐਨ. ਐਚ. ਐਮ ਅਤੇ ਹੋਰ ਵਰਕਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਲੁਧਿਆਣਾ ਦੇ ਸਿਵਿਲ ਸਰਜਨ ਦਫਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਟਾਫ ਵੱਲੋਂ ਪ੍ਰਦਰਸ਼ਨ ਕਰਕੇ ਇੱਕ ਮਾਰਚ ਵੀ ਕੱਢਿਆ ਗਿਆ ਅਤੇ ਕਿਹਾ ਕਿ ਓਹੀ ਸਰਕਾਰ ਜੋ ਕਿਸੇ ਵੇਲੇ ਸਾਡੇ ਧਰਨਿਆਂ ਪ੍ਰਦਰਸ਼ਨ ਦੇ ਵਿੱਚ ਆ ਕੇ ਸਾਥ ਦਿੰਦੀ ਸੀ ਸਾਡੀਆਂ ਮੰਗਾਂ ਨੂੰ ਜਾਇਜ਼ ਦੱਸਦੀ ਸੀ। ਅੱਜ ਉਹੀ ਸਰਕਾਰ ਸਾਡੀ ਤੋਂ ਮੂੰਹ ਮੋੜ ਗਈ ਹੈ, ਗੱਲ ਕਰਨ ਨੂੰ ਤਿਆਰ ਨਹੀਂ ਹੈ, ਸਾਡੀ ਸਿਰਫ ਮੰਗ ਇਹੀ ਹੈ ਕਿ ਇੱਕ ਰੈਂਕ ਇੱਕ ਤਨਖਾਹ ਹੋਣੀ ਚਾਹੀਦੀ ਹੈ। ਪਰ ਸਰਕਾਰ ਇਹਨਾਂ ਗੱਲਾਂ ਵੱਲ ਕੋਈ ਗੌਰ ਨਹੀਂ ਫਰਮਾ ਰਹੀ ਹੈ।
“ਸਾਡੇ ਵਾਰੀ ਇਨ੍ਹਾਂ ਦੀ ਹਰੀ ਸ਼ਿਆਹੀ ਖਤਮ ਹੋ ਗਈ“
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ “27 ਅਗਸਤ ਯਾਨੀ ਕੱਲ੍ਹ ਕੀਤੇ ਜਾ ਰਹੇ ਮੁਲਾਜ਼ਮਾਂ ਵੱਲੋਂ ਪੰਜਾਬ ਬੰਦ ਦੇ ਕਾਲ ਨੂੰ ਵੀ ਉਹਨਾਂ ਵੱਲੋਂ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਕੁਝ ਹੀ ਸਮਾਂ ਬਾਕੀ ਹੈ ਪਰ ਹਰਾ ਪੈਨ ਸਾਡੇ ਲਈ ਅੱਜ ਵੀ ਨਹੀਂ ਚੱਲ ਰਿਹਾ ਹੈ ਜਦੋਂ ਕਿ ਵਾਅਦੇ ਕੀਤੇ ਗਏ ਸਨ ਕਿ ਹਰਾ ਪੈਨ ਚਲਾਇਆ ਜਾਵੇਗਾ। ਸਾਡੇ ਵਾਰੀ ਇਨ੍ਹਾਂ ਦੀ ਹਰੀ ਸ਼ਿਆਹੀ ਖਤਮ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੈਗੂਲਰ ਕੀਤਾ ਜਾਵੇ।”
ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ
ਅੱਜ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਨੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਨੇ ਨਾ ਸਿਰਫ ਮੁਹੱਲਾ ਕਲੀਨਿਕ ਸਗੋਂ ਨਾਲ ਹੀ ਕਮਿਊਨਿਟੀ ਹੈਲਥ ਸੈਂਟਰ ਆਦੀ ਵੀ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੇ ਨਾਲ ਕਈ ਵਾਰ ਬੈਠਕਾਂ ਵੀ ਹੋ ਚੁੱਕੀਆਂ ਨੇ ਪਰ ਸਰਕਾਰ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ। ਮਜਬੂਰੀ ਬੱਸ ਸਾਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਨੇ।
“ਮਜ਼ਬੂਰ ਹੋ ਕੇ ਸੜਕਾਂ ਤੇ ਉਤਰਨਾ ਪੈ ਰਿਹਾ“
ਇਸ ਦੌਰਾਨ ਵੱਡੇ ਪੱਧਰ ਤੇ ਮਹਿਲਾਵਾਂ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਈਆਂ ਸਨ, ਉਹਨਾਂ ਨੇ ਕਿਹਾ ਕਿ ਅਸੀਂ ਮਰੀਜ਼ਾਂ ਦੀ ਤਕਲੀਫ ਸਮਝਦੇ ਹਨ ਪਰ ਉਹ ਵੀ ਸਾਡਾ ਦਰਦ ਜਰੂਰ ਸਮਝਣ ਕਿਉਂਕਿ ਅਸੀਂ ਮਜ਼ਬੂਰ ਹਾਂ। ਹਾਲਾਤ ਇਹ ਹੋ ਗਏ ਹਨ ਕਿ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਸਾਡੀ ਥਾਂ ਤੇ ਕੋਈ ਹੋਰ ਡਿਊਟੀ ਨਹੀਂ ਕਰ ਰਿਹਾ ਹੈ ਕਰੋਨਾ ਦੇ ਸਮੇਂ ਵੀ ਉਹਨਾਂ ਨੇ ਸੇਵਾ ਕੀਤੀ ਅੱਜ ਵੱਡੇ ਪੱਧਰ ਤੇ ਟੀਬੀ ਯੂਨਿਟ ਦੇ ਮੁਲਾਜ਼ਮ ਪਹੁੰਚੇ ਹੋਏ ਹਨ, ਜਿਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ETV BHARAT