ਰੂਸ–ਯੂਕਰੇਨ ਜੰਗ, ਪੱਛਮੀ ਏਸ਼ੀਆ ਸੰਕਟ ਅਤੇ ਆਲਮੀ ਆਰਥਿਕ ਪ੍ਰਬੰਧ ਬਾਰੇ ਚਰਚਾ ਦੀ ਸੰਭਾਵਨਾ
11 ਸਤੰਬਰ, 2026 – ਨਵੀਂ ਦਿੱਲੀ : ਨਵੀਂ ਦਿੱਲੀ ਇਸ ਮੁੱਕਦੇ ਹਫ਼ਤੇ ਦੌਰਾਨ ਆਲਮੀ ਕੂਟਨੀਤੀ ਦਾ ਕੇਂਦਰ ਬਣਨ ਵਾਲੀ ਹੈ ਕਿਉਂਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਬਰਿਕਸ ਸੰਮੇਲਨ ਲਈ ਇੱਥੇ ਇਕੱਠੇ ਹੋ ਰਹੇ ਹਨ, ਜਿਸ ਨਾਲ ਭਾਰਤ ਰੂਸ-ਯੂਕਰੇਨ ਜੰਗ, ਪੱਛਮੀ ਏਸ਼ੀਆ ਸੰਕਟ ਤੇ ਆਲਮੀ ਆਰਥਿਕ ਪ੍ਰਬੰਧ ਦੇ ਭਵਿੱਖ ਬਾਰੇ ਚਰਚਾਵਾਂ ਦੇ ਕੇਂਦਰ ਵਿੱਚ ਆ ਗਿਆ ਹੈ।
ਭਾਰਤ 12 ਅਤੇ 13 ਸਤੰਬਰ ਨੂੰ ਭਾਰਤ ਮੰਡਪਮ ’ਚ 18ਵੇਂ ਬਰਿਕਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਜਿੱਥੇ ਇਸ ਸਮੂਹ ਦੇ 11 ਮੈਂਬਰ ਮੁਲਕਾਂ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਯੂ ਏ ਈ ਅਤੇ ਭਾਰਤ ਦੇ ਨੁਮਾਇੰਦੇ ਇੱਕ ਮੰਚ ’ਤੇ ਇਕੱਠੇ ਹੋਣਗੇ।
ਇਸ ਸੰਮੇਲਨ ਵਿੱਚ ਸੰਯੁਕਤ ਰਾਸ਼ਟਰ, ਡਬਲਿਊ ਟੀ ਓ, ਡਬਲਿਊ ਐੱਚ ਓ ਅਤੇ ਨਿਊ ਡਿਵੈਲਪਮੈਂਟ ਬੈਂਕ ਸਣੇ ਖੇਤਰੀ ਸੰਗਠਨਾਂ ਅਤੇ ਕੌਮਾਂਤਰੀ ਸੰਸਥਾਵਾਂ ਦੇ ਮੁਖੀਆਂ ਤੋਂ ਇਲਾਵਾ 10 ਭਾਈਵਾਲ ਮੁਲਕਾਂ ਬੇਲਾਰੂਸ, ਬੋਲੀਵੀਆ, ਕਿਊਬਾ, ਕਜ਼ਾਖ਼ਸਤਾਨ, ਮਲੇਸ਼ੀਆ, ਨਾਇਜੀਰੀਆ, ਥਾਈਲੈਂਡ, ਯੂਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਰੀਬ ਸੱਤ ਸਾਲਾਂ ਮਗਰੋਂ ਭਾਰਤ ਦਾ ਇਹ ਪਹਿਲਾ ਦੌਰਾ ਹੋਵੇਗਾ। ਸੂਤਰਾਂ ਮੁਤਾਬਕ ਆਪਣੇ ਦੌਰੇ ਦੌਰਾਨ ਸ਼ੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖਰੀ ਮੀਟਿੰਗ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਚੀਨੀ ਰਾਸ਼ਟਰਪਤੀ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਦੋ ਏਸ਼ਿਆਈ ਤਾਕਤਾਂ ਵਿਚਾਲੇ ਦੁਵੱਲੇ ਸਬੰਧ ਸਥਿਰ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਮਿਲੇਗੀ। ਰੂਸੀ ਰਾਸ਼ਟਰਪਤੀ ਪੂਤਿਨ ਦੇ ਦੌਰੇ ਨਾਲ ਰੂਸ-ਯੂਕਰੇਨ ਟਕਰਾਅ ਅਤੇ ਭਾਰਤ ਨਾਲ ਮਾਸਕੋ ਦੀ ਵਧਦੀ ਆਰਥਿਕ ਭਾਈਵਾਲੀ ਵੱਲ ਖ਼ਾਸ ਧਿਆਨ ਕੇਂਦਰਿਤ ਹੋਵੇਗਾ। ਰੂਸੀ ਰਾਸ਼ਟਰਪਤੀ ਮੁੱਖ ਸੰਮੇਲਨ ਤੋਂ ਪਹਿਲਾਂ 11 ਸਤੰਬਰ ਨੂੰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ ਅਤੇ ਬਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਨਗੇ। ਇਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਦੀ ਮੌਜੂਦਗੀ ਇਰਾਨ ’ਚ ਬਣੇ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਅਸਥਿਰਤਾ ਦਰਮਿਆਨ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸ ਸੰਮੇਲਨ ਦੌਰਾਨ ਬੰਗਲਾਦੇਸ਼ ਦੇ ਨੁਮਾਇੰਦਿਆਂ ਦੀ ਗ਼ੈਰ-ਹਾਜ਼ਰੀ ਵੀ ਸਭ ਦਾ ਧਿਆਨ ਖਿੱਚੇਗੀ। ਭਲਕੇ 12 ਸਤੰਬਰ ਨੂੰ ਬਰਿਕਸ ਨੇਤਾਵਾਂ ਦੀ ਬੈਠਕ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਤੋਂ ਇਲਾਵਾ ਰਾਜਨੀਤੀ ਅਤੇ ਸੁਰੱਖਿਆ, ਅਰਥਚਾਰੇ, ਸੱਭਿਆਚਾਰਕ ਅਤੇ ਮਾਨਵਤਾਵਾਦੀ ਸਬੰਧਾਂ ਵਿੱਚ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ’ਤੇ ਕੇਂਦਰਿਤ ਹੋਵੇਗੀ।
ਸੁਰੱਖਿਆ ਲਈ 15 ਹਜ਼ਾਰ ਪੁਲੀਸ ਕਰਮੀ ਤਾਇਨਾਤ
ਨਵੀਂ ਦਿੱਲੀ: ਬਰਿਕਸ ਸਿਖਰ ਸੰਮੇਲਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲੀਸ ਦੇ ਕਰੀਬ 15 ਹਜ਼ਾਰ ਕਰਮੀ ਅਤੇ ਨੀਮ ਫ਼ੌਜੀ ਬਲਾਂ ਦੀਆਂ 200 ਕੰਪਨੀਆਂ ਕੌਮੀ ਰਾਜਧਾਨੀ ’ਚ ਤਾਇਨਾਤ ਰਹਿਣਗੀਆਂ। ਪੁਲੀਸ ਨੇ ਅਹਿਮ ਇਲਾਕਿਆਂ ’ਤੇ ਨਜ਼ਰ ਲਈ 500 ਤੋਂ ਵੱਧ ਸੀ ਸੀ ਟੀ ਵੀ ਲਾਏ ਹਨ। ਵਿਸ਼ੇਸ਼ ਕਮਿਸ਼ਨਰ ਆਫ ਪੁਲੀਸ ਮਨੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਸੰਮੇਲਨ ਲਈ ਆਉਣ ਵਾਲੀਆਂ ਹਸਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਯੋਜਨਾ ਉਲੀਕੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਬਹੁਤੀ ਦਿੱਕਤ ਨਾ ਆਵੇ।
ਪੰਜਾਬੀ ਟ੍ਰਿਬਯੂਨ