ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਯਾਦ ਵਿੱਚ ਬਣੇ ਮਾਨਸਾ ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਨੂੰ ਬਚਾਉਣ ਲਈ ਸੰਸਥਾ ਦੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਅੱਗੇ ਆਏ ਹਨ।
17 ਸਤੰਬਰ, 2026 – ਮਾਨਸਾ : ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਯਾਦ ਵਿੱਚ ਬਣੇ ਮਾਨਸਾ ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਨੂੰ ਬਚਾਉਣ ਲਈ ਸੰਸਥਾ ਦੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਅੱਗੇ ਆਏ ਹਨ। ਉਨ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਕਾਲਜ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੋਂ ਕਾਲਜ ਦੀਆਂ ਬੁਨਿਆਦੀ ਸਹੂਲਤਾਂ, ਪੱਕੇ ਪ੍ਰੋਫੈਸਰਾਂ ਦੀ ਨਿਯੁਕਤੀ, ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨਵੇਂ ਕਿੱਤਾ ਮੁਖੀ ਕੋਰਸ ਲਿਆਉਣ ਦੀ ਮੰਗ ਕੀਤੀ ਹੈ।
ਉਧਰ, ਓਲਡ ਸਟੂਡੈਂਟਸ ਐਸੋਸੀਏਸ਼ਨ ਮਾਨਸਾ ਨੇ ਵੀ ਇਸ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਹਕੂਮਤ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ ਨੇ ਕਿਹਾ ਕਿ ਕਾਲਜ ਦੀ ਮਾੜੀ ਹਾਲਤ ਬਾਰੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਬੁਨਿਆਦੀ ਸਹੂਲਤਾਂ ਅਤੇ ਪੱਕੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੇ ਕਾਲਜ ਦੀ ਜ਼ਮੀਨ ਉੱਪਰ ਨਵੀਂ ਇਮਾਰਤ ਉਸਾਰਨ ਅਤੇ ਰੁਜ਼ਗਾਰਮੁਖੀ ਕੋਰਸ ਸ਼ੁਰੂ ਕਰਨ ਦੀ ਵੀ ਮੰਗ ਕੀਤੀ।
ਜਥੇਬੰਦੀ ਦੇ ਆਗੂ ਜਸ਼ਨਦੀਪ ਸਿੰਘ ਖ਼ਾਲਸਾ ਅਤੇ ਦਲਜੀਤ ਕੌਰ ਖਾਰਾ ਨੇ ਕਾਲਜ ਦੀ ਖਸਤਾ ਇਮਾਰਤ, ਪਖਾਨਿਆਂ ਤੇ ਆਲੇ-ਦੁਆਲੇ ਦੀ ਸਫ਼ਾਈ, ਗੇਟ ਅੱਗੇ ਬੱਸ ਅੱਡੇ ਦੀ ਘਾਟ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੇ ਬਾਵਜੂਦ ਮਾਨਸਾ ਦੇ ਇਕਲੌਤੇ ਸਰਕਾਰੀ ਕਾਲਜ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਓਲਡ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ, ਸੀਨੀਅਰ ਐਡਵੋਕੇਟ ਵਿਜੈ ਸਿੰਗਲਾ, ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਲਜ ਨੂੰ ਬਚਾਉਣ ਲਈ ਮਾਨਸਾ ਵਾਸੀਆਂ ਨੂੰ ਨਾਲ ਲੈ ਕੇ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਤੇਜ਼ ਕਰਦਿਆਂ ਸੜਕ ਜਾਮ ਕੀਤੀ ਜਾਵੇਗੀ।
ਇਸ ਮੌਕੇ ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਕ੍ਰਿਸ਼ਨ ਚੌਹਾਨ, ਮਾਨਿਕ ਗੋਇਲ, ਸੁਖਜੀਤ ਸਿੰਘ ਰਾਮਾਨੰਦੀ, ਰਾਜਦੀਪ ਸਿੰਘ, ਕੁਲਵੰਤ ਸਿੰਘ ਖੋਖਰ, ਹਰਵਿੰਦਰ ਸਿੰਘ, ਅਵਤਾਰ ਸਿੰਘ ਬੁਰਜ ਹਰੀਕੇ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਟ੍ਰਿਬਯੂਨ