ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ ਨਾਲ ਪਰਿਵਾਰਾਂ ਨੂੰ ਵੀ ਮਿਲੇਗਾ ਲਾਭ 1 ਨਵੰਬਰ ਤੋਂ ਸ਼ੁਰੂ ਹੋਵੇਗੀ ਆਨਲਾਈਨ ਬੁਕਿੰਗ
17 ਸਤੰਬਰ, 2026 – ਚੰਡੀਗੜ੍ਹ : ਰੱਖਿਆ ਮੰਤਰਾਲੇ ਨੇ ਬਹਾਦਰੀ (Gallantry) ਲਈ ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਪ੍ਰਾਪਤ ਕਰਨ ਵਾਲੇ ਜਵਾਨਾਂ ਲਈ ਭਾਰਤੀ ਰੇਲਵੇ ਦੀਆਂ ਫਸਟ ਕਲਾਸ, ਸੈਕਿੰਡ ਏ.ਸੀ. (2nd AC) ਅਤੇ ਏ.ਸੀ. ਚੇਅਰ ਕਾਰ ਵਿੱਚ ਉਮਰ ਭਰ ਲਈ ਮੁਫ਼ਤ ਰੇਲ ਯਾਤਰਾ ਸਹੂਲਤ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਸਹੂਲਤ ਪੁਰਸਕਾਰ ਜੇਤੂਆਂ ਦੀਆਂ ਪਤਨੀਆਂ, ਵਿਧਵਾਵਾਂ ਜਾਂ ਦੂਜਾ ਵਿਆਹ ਕਰਵਾਉਣ ਤੱਕ ਅਤੇ ਸ਼ਹੀਦ ਹੋਏ ਅਣਵਿਆਹੇ ਪੁਰਸਕਾਰ ਜੇਤੂਆਂ ਦੇ ਮਾਤਾ-ਪਿਤਾ ਨੂੰ ਵੀ ਦਿੱਤੀ ਗਈ ਹੈ। ਸਰਕਾਰੀ ਮਨਜ਼ੂਰੀ ਨੂੰ ਲਾਗੂ ਕਰਨ ਲਈ ਇੱਕ ਸੁਖਾਲੀ ਅਤੇ ਕਾਗਜ਼-ਰਹਿਤ (ਡਿਜੀਟਲ) ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਭਾਰਤੀ ਫੌਜ ਨੇ ਬੁੱਧਵਾਰ ਨੂੰ ਦੱਸਿਆ ਕਿ ਯੋਗ ਲਾਭਪਾਤਰੀ ਇੰਡੀਅਨ ਰੇਲਵੇ ਕੰਸੈਸ਼ਨ ਕਾਰਡ ਪੋਰਟਲ (IRCCP) ਰਾਹੀਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਤਸਦੀਕ ਪ੍ਰਕਿਰਿਆ ਤੋਂ ਬਾਅਦ ਆਨਲਾਈਨ ਈ-ਪਾਸ (e-passes) ਜਾਰੀ ਕੀਤੇ ਜਾਣਗੇ ਅਤੇ ਆਈ.ਆਰ.ਸੀ.ਟੀ.ਸੀ. (IRCTC) ਦੀ ਵੈੱਬਸਾਈਟ ਰਾਹੀਂ 1 ਨਵੰਬਰ 2026 ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ। ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਹਨ—ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਣ। ਇਸ ਰੇਲ ਯਾਤਰਾ ਸਹੂਲਤ ਲਈ ਸਿਰਫ਼ ਬਹਾਦਰੀ (Gallantry) ਲਈ ਮੈਡਲ ਪ੍ਰਾਪਤ ਕਰਨ ਵਾਲੇ ਹੀ ਯੋਗ ਹੋਣਗੇ।
ਇਸ ਤੋਂ ਪਹਿਲਾਂ ਇਹ ਸਹੂਲਤ ਸਿਰਫ਼ ‘ਚੱਕਰ’ ਸ਼੍ਰੇਣੀ ਦੇ ਪੁਰਸਕਾਰ ਜੇਤੂਆਂ ਤੱਕ ਹੀ ਸੀਮਤ ਸੀ, ਜਿਸ ਵਿੱਚ ਜੰਗ ਸਮੇਂ ਦੀ ਬਹਾਦਰੀ ਲਈ ਦਿੱਤੇ ਜਾਣ ਵਾਲੇ ਪਰਮ ਵੀਰ ਚੱਕਰ, ਮਹਾ ਵੀਰ ਚੱਕਰ, ਵੀਰ ਚੱਕਰ ਅਤੇ ਅਮਨ ਦੇ ਸਮੇਂ ਦਿੱਤੇ ਜਾਣ ਵਾਲੇ ਅਸ਼ੋਕ ਚੱਕਰ, ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਸ਼ਾਮਲ ਹਨ। ਬਹਾਦਰੀ ਲਈ ਦਿੱਤੇ ਜਾਣ ਵਾਲੇ ਸੈਨਾ ਮੈਡਲ, ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਮੈਡਲ ਦਾ ਦਰਜਾ ਵੀਰ ਚੱਕਰ ਅਤੇ ਸ਼ੌਰਿਆ ਚੱਕਰ ਤੋਂ ਬਾਅਦ ਚੌਥੇ ਨੰਬਰ ’ਤੇ ਆਉਂਦਾ ਹੈ।
ਕੇਂਦਰ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵਿੱਤੀ ਲਾਭ, ਹਵਾਈ ਤੇ ਰੇਲ ਯਾਤਰਾ ਵਿੱਚ ਛੋਟ ਅਤੇ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਲਈ ਰਾਖਵਾਂਕਰਨ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਵੀ ਆਪਣੀਆਂ ਨੀਤੀਆਂ ਅਨੁਸਾਰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦੀਆਂ ਹਨ।
ਪੰਜਾਬੀ ਟ੍ਰਿਬਯੂਨ