“ਕੰਮ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਅਤੇ ਸਫ਼ਾਈ ਹੀ ਰੱਬ ਦੀ ਭਗਤੀ ਹੈ“
ਲੁਧਿਆਣਾ ਵਿੱਚ ਅੱਜ ਐਨਡੀਆਰਐੱਫ ਦੇ ਸਮਾਗਮ ਵਿੱਚ ਪਦਮ ਸ਼੍ਰੀ ਇੰਦਰਜੀਤ ਸਿੱਧੂ ਪਹੁੰਚੇ।
16 ਸਤੰਬਰ, 2026 – ਲੁਧਿਆਣਾ: ਲੁਧਿਆਣਾ ਵਿੱਚ NDRF ਦੇ ਸਮਾਗਮ ਵਿੱਚ ਪਦਮ ਸ਼੍ਰੀ ਇੰਦਰਜੀਤ ਸਿੱਧੂ ਪਹੁੰਚੇ ਹਨ। ਇਸ ਸਮਾਗਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਪ੍ਰੇਰਨਾ ਦੇਣਾ ਸੀ। ਇੰਦਰਜੀਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਦੀ ਨਿਰਸਵਾਰਥ ਜਨਤਕ ਸੇਵਾ ਅਤੇ ਸਫ਼ਾਈ ਪ੍ਰਤੀ ਅਦਭੁਤ ਲਗਨ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਾਲ 2026 ਵਿੱਚ ਵੱਕਾਰੀ ‘ਪਦਮ ਸ਼੍ਰੀ‘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਪੰਜਾਬ ਪੁਲਿਸ ਦੇ ਇੱਕ ਸੇਵਾ-ਮੁਕਤ ਡੀਆਈਜੀ (DIG) ਅਤੇ ਆਈਪੀਐਸ (IPS) ਅਧਿਕਾਰੀ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ‘ਝਾੜੂ ਯੋਧਾ’ (Broom Warrior) ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕੌਣ ਹਨ ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ?
ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਕਤ ਡਿਪਟੀ ਇੰਸਪੈਕਟਰ ਜਨਰਲ (DIG) ਹਨ। ਜਿਨ੍ਹਾਂ ਨੇ ਸਰਕਾਰੀ ਸੇਵਾ ਤੋਂ ਮੁਕਤ ਹੋਣ ਤੋਂ ਬਾਅਦ ਆਪਣਾ ਪੂਰਾ ਜੀਵਨ ਵਾਤਾਵਰਨ ਦੀ ਸੰਭਾਲ, ਹਰਿਆਵਲ ਅਤੇ ਚੰਡੀਗੜ੍ਹ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਇਨ੍ਹਾਂ ਨਿਰਸਵਾਰਥ ਯਤਨਾਂ ਅਤੇ ਸਮਾਜਿਕ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਉੱਚ ਨਾਗਰਿਕ ਸਨਮਾਨ “ਪਦਮ ਸ਼੍ਰੀ” ਨਾਲ ਨਵਾਜ਼ਿਆ ਗਿਆ। ਸੇਵਾਮੁਕਤੀ ਤੋਂ ਬਾਅਦ ਜਿੱਥੇ ਲੋਕ ਆਰਾਮ ਦੀ ਜ਼ਿੰਦਗੀ ਚੁਣਦੇ ਹਨ। ਉੱਥੇ ਹੀ ਇੰਦਰਜੀਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਸੈਕਟਰ-49 ਵਿੱਚ ਆਪਣੇ ਆਲੇ-ਦੁਆਲੇ ਫੈਲੀ ਗੰਦਗੀ ਨੂੰ ਦੇਖ ਕੇ ਖੁਦ ਸਫ਼ਾਈ ਕਰਨ ਦਾ ਬੀੜਾ ਚੁੱਕਿਆ।
- ਉਮਰ ਅਤੇ ਪਿਛੋਕੜ: 88 ਸਾਲ ਦੇ ਸਰਦਾਰ ਇੰਦਰਜੀਤ ਸਿੰਘ ਸਿੱਧੂ 1963 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ 1996 ਵਿੱਚ ਡੀਆਈਜੀ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਨ।
- ਸਫ਼ਾਈ ਦਾ ਜਨੂੰਨ: ਸੇਵਾ-ਮੁਕਤੀ ਤੋਂ ਬਾਅਦ ਆਰਾਮ ਦੀ ਜ਼ਿੰਦਗੀ ਚੁਣਨ ਦੀ ਬਜਾਏ, ਉਨ੍ਹਾਂ ਨੇ ਚੰਡੀਗੜ੍ਹ (ਖਾਸ ਕਰਕੇ ਸੈਕਟਰ-49) ਦੀਆਂ ਸੜਕਾਂ, ਪਾਰਕਾਂ ਅਤੇ ਜਨਤਕ ਥਾਵਾਂ ਨੂੰ ਸਾਫ਼ ਕਰਨਾ ਆਪਣਾ ਰੋਜ਼ਾਨਾ ਦਾ ਨੇਮ ਬਣਾ ਲਿਆ
- ਅਨੋਖੀ ਮੁਹਿੰਮ: ਉਹ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਹਰ ਰੋਜ਼ ਸਵੇਰੇ 6 ਵਜੇ ਹੱਥ ਵਿੱਚ ਝਾੜੂ ਅਤੇ ਇੱਕ ਸਾਈਕਲ-ਰੇਹੜੀ ਲੈ ਕੇ ਨਿਕਲਦੇ ਹਨ ਅਤੇ ਸੜਕਾਂ ਤੋਂ ਕੂੜਾ ਇਕੱਠਾ ਕਰਦੇ ਹਨ।
- ਸੋਸ਼ਲ ਮੀਡੀਆ ‘ਤੇ ਵਾਇਰਲ: ਜਦੋਂ ਸੜਕਾਂ ‘ਤੇ ਸਫ਼ਾਈ ਕਰਦੇ ਹੋਏ ਇੱਕ ਸਾਬਕਾ ਉੱਚ ਪੁਲਿਸ ਅਧਿਕਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਤਾਂ ਪੂਰੇ ਦੇਸ਼ ਨੇ ਉਨ੍ਹਾਂ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ
- ਕੌਮੀ ਸਨਮਾਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 23 ਜੂਨ 2026 ਨੂੰ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਨੂੰ ‘ਪਦਮ ਸ਼੍ਰੀ’ (Unsung Heroes ਕੈਟੇਗਰੀ) ਨਾਲ ਨਿਵਾਜਿਆ
- ਸਾਰਿਆਂ ਲਈ ਪ੍ਰੇਰਨਾ: ਉਨ੍ਹਾਂ ਦਾ ਮੰਨਣਾ ਹੈ ਕਿ “ਕੰਮ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਅਤੇ ਸਫ਼ਾਈ ਹੀ ਰੱਬ ਦੀ ਭਗਤੀ ਹੈ”। ਉਨ੍ਹਾਂ ਦੇ ਇਸ ਕਦਮ ਨੇ ਨਾ ਸਿਰਫ਼ ਆਮ ਨਾਗਰਿਕਾਂ ਅਤੇ NDRF ਦੇ ਅਧਿਕਾਰੀਆਂ ਨੂੰ, ਬਲਕਿ ਪੂਰੇ ਸਮਾਜ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਵੱਡੀ ਪ੍ਰੇਰਨਾ ਦਿੱਤੀ ਹੈ।
ਪਦਮ ਸ਼੍ਰੀ ਸਿੱਧੂ ਨੇ ਕਿਹਾ ਕਿ “ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਸਾਡਾ ਸਭ ਦਾ ਫ਼ਰਜ਼ ਹੈ। ਅੱਜ ਲੋੜ ਹੈ ਸਾਨੂੰ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਦੀ ਕਿਉਂਕਿ ਚੰਡੀਗੜ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹਿਰ ਦਾ ਬਹੁਤ ਸੋਹਣਾ ਬਣਾਇਆ ਗਿਆ ਹੈ। ਪਰ ਉਸ ਦੀ ਸਾਂਭ ਸੰਭਾਲ ਕਰਨ ਨਾਲ ਸਾਡਾ ਸਭ ਦਾ ਫਰਜ਼ ਹੈ ਜਿਸ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਜਾ ਰਿਹਾ।”
“ਮੈਂ ਬਚਪਨ ਤੋਂ ਹੀ ਆਪਣੇ ਪਰਿਵਾਰ ਤੋਂ ਸਿੱਖਿਆ ਹੈ ਕਿ ਸਫਾਈ ਕਰਨੀ ਚਾਹੀਦੀ ਹੈ। ਸਕੂਲਾਂ ਅਤੇ ਯੂਟੀਵਰਸਿਟੀਆਂ ਵਿੱਚ ਵੀ ਮੈਂ ਸਫਾਈ ਕਰਨ ਵਿੱਚ ਸਭ ਤੋਂ ਅੱਗੇ ਹੋ ਕੇ ਹਿੱਸਾ ਲੈਂਦਾ ਸੀ। ਜਦੋਂ ਅਸੀਂ ਪਾਰਕ ਘੁੰਮਣ ਜਾਂਦੇ ਸੀ ਪਰ ਚਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੋਈ ਸੀ। ਹੌਲੀ-ਹੌਲੀ ਸੈਰ ਘਟਦੀ ਗਈ ਅਤੇ ਕੂੜੇ ਚੁੱਕਣ ਦਾ ਕੰਮ ਵੱਧਦਾ ਗਿਆ। ਹੁਣ ਮੈਂ ਸਿਰਫ ਬਾਹਰ ਕੂੜਾ ਚੁੱਕਣ ਹੀ ਬਾਹਰ ਜਾਂਦਾ ਹਾਂ, ਸੈਰ ਕਰਨ ਨਹੀਂ। ਜਦੋਂ ਮੈਂ ਬਾਹਰ ਕੂੜਾ ਚੁੱਕਣ ਜਾਂਦਾ ਸੀ ਤਾਂ ਕਈ ਸ਼ਰਾਰਤੀ ਲੋਕ ਮੇਰੇ ਅੱਗੇ ਹੋਰ ਗੰਦ ਸੁੱਟ ਦਿੰਦੇ ਸਨ। ਕੋਈ ਹੈਰਾਨ ਵੀ ਹੁੰਦਾ ਸੀ ਕਿ ਮੈਂ ਕੀ ਕਰ ਰਿਹਾ ਹਾਂ। ਪਰ ਮੈਂ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ। ਮੈਨੂੰ ਸਾਫ ਸਫਾਈ ਦੀ ਆਦਤ ਘਰ ਤੋਂ ਪਈ ਸੀ। ਐਵਾਰਡ ਮਿਲਣ ਸਮੇਂ ਪੀਐਮ ਮੋਦੀ ਨੇ ਕਿਹਾ ਕਿ ਇੰਦਰਜੀਤ ਸਿੰਘ ਨੇ ਤਾਂ ਸਾਰਾ ਚੰਡੀਗੜ੍ਹ ਸਾਫ ਕਰ ਦਿੱਤਾ। ਦਹਾਕਿਆਂ ਤੋਂ ਮੈਂ ਇਸ ਕੰਮ ਲਈ ਲੱਗਿਆ ਹੋਇਆ ਹਾਂ। ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਸਫ਼ਾਈ ਦੇ ਨਾਲ-ਨਾਲ ਨਸ਼ਾ ਮੁਕਤੀ ਵੀ ਸਮੇਂ ਦੀ ਵੱਡੀ ਲੋੜ ਹੈ।”-ਇੰਦਰਜੀਤ ਸਿੰਘ ਸਿੱਧੂ, ਪਦਮ ਸ਼੍ਰੀ ਐਵਾਰਡੀ
ਸਫ਼ਾਈ ਅਤੇ ਵਾਤਾਵਰਨ ਲਈ ਮੁੱਖ ਪਹਿਲਕਦਮੀਆਂ
- ਹਰਿਆਵਲ ਅਤੇ ਬੂਟੇ ਲਗਾਉਣਾ: ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਲਈ ਹਜ਼ਾਰਾਂ ਪੌਦੇ ਲਗਾਏ। ਉਨ੍ਹਾਂ ਨੇ ਨਾ ਸਿਰਫ਼ ਬੂਟੇ ਲਗਾਏ, ਸਗੋਂ ਉਨ੍ਹਾਂ ਦੇ ਵੱਡੇ ਹੋਣ ਤੱਕ ਪੂਰੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਆਪ ਨਿਭਾਈ।
- ਸਫ਼ਾਈ ਮੁਹਿੰਮਾਂ ਦੀ ਅਗਵਾਈ: ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ, ਬਾਜ਼ਾਰਾਂ, ਅਤੇ ਜਨਤਕ ਥਾਵਾਂ ‘ਤੇ ਖੁਦ ਜਾ ਕੇ ਸਫ਼ਾਈ ਅਭਿਆਨ ਚਲਾਏ। ਹੱਥਾਂ ਵਿੱਚ ਝਾੜੂ ਫੜ ਕੇ ਸੜਕਾਂ ਦੀ ਸਫ਼ਾਈ ਕਰਦਿਆਂ ਉਨ੍ਹਾਂ ਨੇ ਸਮਾਜ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਈ।
- ਲੋਕਾਂ ਦੀ ਭਾਗੀਦਾਰੀ (Public Participation): ਉਨ੍ਹਾਂ ਨੇ ‘ਸੋਸਾਇਟੀ ਫ਼ਾਰ ਕਲੀਨ ਐਂਡ ਗ੍ਰੀਨ ਚੰਡੀਗੜ੍ਹ’ ਦੇ ਮਾਧਿਅਮ ਨਾਲ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਕੂਲੀ ਬੱਚਿਆਂ ਅਤੇ ਯੂਥ ਕਲੱਬਾਂ ਨੂੰ ਇਸ ਮੁਹਿੰਮ ਨਾਲ ਜੋੜਿਆ।
- ਕੂੜਾ ਪ੍ਰਬੰਧਨ ਪ੍ਰਤੀ ਜਾਗਰੂਕਤਾ: ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜਾਗਰੂਕ ਕੀਤਾ।
ਸਮਾਜ ਲਈ ਮਿਸਾਲੀ ਪ੍ਰੇਰਨਾ
ਇੱਕ ਉੱਚ ਪੁਲਿਸ ਅਧਿਕਾਰੀ ਦਾ ਅਹੁਦਾ ਛੱਡ ਕੇ ਜ਼ਮੀਨੀ ਪੱਧਰ ‘ਤੇ ਸ਼ਹਿਰ ਦੀ ਸਫ਼ਾਈ ਲਈ ਕੰਮ ਕਰਨਾ ਇੰਦਰਜੀਤ ਸਿੰਘ ਸਿੱਧੂ ਦੀ ਸਾਦਗੀ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਸ਼ਹਿਰ ਨੂੰ ਸੁੰਦਰ ਬਣਾਉਣਾ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਦੇ ਇਨ੍ਹਾਂ ਸਾਰਥਕ ਯਤਨਾਂ ਕਰਕੇ ਹੀ ਚੰਡੀਗੜ੍ਹ ਨੂੰ ਭਾਰਤ ਦੇ ਸਭ ਤੋਂ ਸਾਫ਼ ਅਤੇ ਹਰੇ-ਭਰੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ, ਅਤੇ ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਸੰਭਾਲ ਦਾ ਪ੍ਰੇਰਨਾ ਸਰੋਤ ਹੈ।
ਇਸ ਦੌਰਾਨ ਐਨਡੀਆਰਐਫ ਦੇ ਅਧਿਕਾਰੀ ਬਲਜਿੰਦਰ ਸਿੰਘ ਕਮਾਂਡੇਟ ਨੇ ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਬਾਰੇ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ “ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਦਰਜੀਤ ਸਿੰਘ ਸਿੱਧੂ ਇਸ ਲਈ ਸੱਦਾ ਦਿੱਤਾ ਗਿਆ ਸੀ। ਕਿਉਂਕਿ ਇਨ੍ਹਾਂ ਨੇ ਸਮਾਜ ਲਈ ਜੋ ਨਿਸ਼ਕਾਮ ਸੇਵਾ ਕੀਤੀ ਹੈ ਅਤੇ ਹਾਲੇ ਵੀ ਕਰ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਐਨਡੀਆਰਐਫ ਦੇ ਨੌਜਵਾਨ ਪ੍ਰੇਰਨਾ ਲੈਣ। ਇਸ ਲਈ ਸਾਡੀ ਐਨਡੀਆਰਐਫ ਦੇ ਹੈੱਡਕੁਆਰਟਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਇਸ ਪ੍ਰੋਗਰਾਮ ਵਿੱਚ ਸਾਰੀਆਂ ਉੱਚ ਸ਼ਖਸੀਅਤਾਂ ਨੂੰ ਕੈਂਪ ਵਿੱਚ ਸੱਦਾ ਦਿੱਤਾ ਗਿਆ ਸੀ। ਜਿਸ ਨਾਲ ਮੀਡੀਆ ਰਾਹੀਂ ਐਨਡੀਆਰਐਫ ਦੇ ਜਵਾਨਾਂ ਦੇ ਨਾਲ–ਨਾਲ ਦੇਸ਼ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਵੀ ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਵਰਗੀ ਸ਼ਖਸੀਅਤ ਬਾਰੇ ਪਤਾ ਲੱਗ ਸਕੇ। ਅਤੇ ਇਨ੍ਹਾਂ ਤੋਂ ਕੁਝ ਸਿੱਖਣ– ਕਿ ਆਪਣੇ–ਆਪ ਤੋਂ ਉੱਪਰ ਉੱਠ ਕੇ ਸਮਾਜ ਦੀ ਕਿਸ ਤਰ੍ਹਾਂ ਸੇਵਾ ਕਰਨੀ ਹੈ। ਦੇਸ਼ ਅਤੇ ਆਪਣੇ ਪਿੰਡ ਦਾ ਨਾਮ ਕਿਮੇ ਰੌਸ਼ਨ ਕਰਨਾ ਹੈ। ਉਹ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਤੁਸੀਂ ਗਰਾਉਂਡ ਲੇਵਲ ਉੱਤੇ ਕਿਸ ਤਰ੍ਹਾਂ ਕੰਮ ਕਰ ਸਕਦੇ ਹੋ। ਉਸ ਲਈ ਇੰਦਰਜੀਤ ਸਿੰਘ ਸਿੱਧੂ ਸਾਰਿਆਂ ਲਈ ਪ੍ਰੇਰਨਾ ਸ੍ਰੋਤ ਹਨ।”
ਐਨਡੀਆਰਐਫ ਦੇ ਅਧਿਕਾਰੀ ਕਿਹਾ ਕਿ ਅੱਜ ਉਹ ਸਾਡੇ ਲਈ ਪ੍ਰੇਰਨਾ ਸਰੋਤ ਹਨ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੀ ਸਮਾਜ ਦੇ ਵਿੱਚ ਵੱਡੀ ਦੇਣ ਹੈ, ਇਸ ਉਮਰ ਦੇ ਵਿੱਚ ਵੀ ਉਹ ਖੁਦ ਸਫਾਈ ਕਰਦੇ ਹਨ।
ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਬਾਰੇ…
ਸਫਾਈ ਲਈ ਰੋਜ਼ਾਨਾ ਸਮਰਪਣ
ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਹਨ ਅਤੇ ਹਰ ਰੋਜ਼ ਸਵੇਰੇ ਲਗਭਗ 6 ਵਜੇ ਉੱਠ ਕੇ ਆਪਣੇ ਇਲਾਕੇ ਦੀ ਸਫਾਈ ਖੁਦ ਕਰਦੇ ਹਨ। ਹਾਲ ਹੀ ਵਿੱਚ ਇਕ ਕਾਰ ਨਾਲ ਟੱਕਰ ਕਾਰਨ ਲੱਤ ਵਿੱਚ ਸੱਟ ਹੋਣ ਦੇ ਬਾਵਜੂਦ ਵੀ ਉਹ ਸੋਟੀ ਦੇ ਸਹਾਰੇ ਸਫਾਈ ਕਰਦੇ ਨਜ਼ਰ ਆਏ।
ਪੁਲਿਸ ਸੇਵਾ ਵਿੱਚ ਲੰਬਾ ਕਰੀਅਰ
ਇੰਦਰਜੀਤ ਸਿੰਘ ਸਿੱਧੂ ਨੇ 1963 ਵਿੱਚ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 1981 ਵਿੱਚ ਉਨ੍ਹਾਂ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਿੱਚ ਤਰੱਕੀ ਮਿਲੀ। ਆਪਣੇ ਲੰਬੇ ਕਰੀਅਰ ਦੌਰਾਨ ਉਨ੍ਹਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਕੋਲਕਾਤਾ ਵਿੱਚ ਸੇਵਾਵਾਂ ਨਿਭਾਈਆਂ। ਉਹ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸਾਂਬਾ ਸੈਕਟਰ ਵਿੱਚ ਵੀ ਤਾਇਨਾਤ ਰਹੇ।
ਸੇਵਾਮੁਕਤੀ ਤੋਂ ਬਾਅਦ ਵੀ ਸਰਗਰਮ ਜੀਵਨ
ਉਹ 1991 ਵਿੱਚ ਉਤਕ੍ਰਿਸ਼ਟ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਹੋਏ ਅਤੇ 1996 ਵਿੱਚ ਚੰਡੀਗੜ੍ਹ ਤੋਂ ਡੀਆਈਜੀ ਵਜੋਂ ਸੇਵਾਮੁਕਤ ਹੋਏ। ਸੇਵਾਮੁਕਤੀ ਤੋਂ ਬਾਅਦ ਵੀ ਉਹ ਸਮਾਜ ਸੇਵਾ ਅਤੇ ਸਫਾਈ ਅਭਿਆਨ ਨਾਲ ਜੁੜੇ ਰਹੇ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ
6 ਜੂਨ 1938 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗਗਰਪੁਰ ਵਿੱਚ ਜਨਮੇ ਸਿੱਧੂ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀਏ ਅਤੇ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਅਰਥਸ਼ਾਸਤਰ ਵਿੱਚ ਐਮਏ ਕੀਤੀ। ਕਾਲਜ ਦੇ ਦਿਨਾਂ ਦੌਰਾਨ ਉਹ ਇੱਕ ਹੋਣਹਾਰ ਐਥਲੀਟ ਵੀ ਰਹੇ, ਜਿਨ੍ਹਾਂ ਨੇ ਮੁੱਕੇਬਾਜ਼ੀ ਵਿੱਚ ਕਾਲਜ ਕਲਰਜ਼ ਜਿੱਤੇ ਅਤੇ ਯੂਨੀਵਰਸਿਟੀ ਪੱਧਰ ‘ਤੇ ਦੋ ਵਾਰ ਰੋਲ ਆਫ਼ ਆਨਰ ਵਿੱਚ ਆਪਣੀ ਪਛਾਣ ਬਣਾਈ।
ETV BHARAT