ਪਾਕਿਸਤਾਨ ਤੋਂ ਬਾਅਦ ਹੁਣ ਦੂਜੇ ਸੂਬਿਆਂ ਤੋਂ ਡਰੱਗਜ਼ ਸਪਲਾਈ ਵੱਡੀ ਚੁਣੌਤੀ
ਪੰਜਾਬ ਵਿੱਚ ਹੁਣ ਦੂਜੇ ਸੂਬਿਆਂ ਤੋਂ ਫਾਰਮਾਸਿਊਟੀਕਲ ਡਰੱਗਜ਼ ਦੀ ਸਪਲਾਈ ਹੋ ਰਹੀ ਹੈ
16 ਸਤੰਬਰ, 2026 – ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਦਾ ਪੈਟਰਨ ਬਦਲਦਾ ਨਜ਼ਰ ਆ ਰਿਹਾ ਹੈ। ਪੰਜਾਬ ਪੁਲਿਸ ਦੇ ਤਾਜ਼ਾ ਬਿਆਨ ਮੁਤਾਬਕ ਪਾਕਿਸਤਾਨ ਸਰਹੱਦ ਰਾਹੀਂ ਹੈਰੋਇਨ ਦੀ ਤਸਕਰੀ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਨਾਲ ਜ਼ਮੀਨੀ ਪੱਧਰ ’ਤੇ ਹੈਰੋਇਨ ਦੀ ਉਪਲਬਧਤਾ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਸਮੇਤ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਫਾਰਮਾਸਿਊਟੀਕਲ ਨਸ਼ੀਲੀਆਂ ਦਵਾਈਆਂ ਪੰਜਾਬ ਲਈ ਨਵੀਂ ਚੁਣੌਤੀ ਬਣ ਰਹੀਆਂ ਹਨ।
ਈਟੀਵੀ ਭਾਰਤ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਸ਼ਿਆਂ ਦੀ ਸਪਲਾਈ ਦਾ ਪੈਟਰਨ ਕਿਵੇਂ ਬਦਲ ਰਿਹਾ ਹੈ, ਦੂਜੇ ਸੂਬਿਆਂ ਤੋਂ ਆ ਰਹੀਆਂ ਨਸ਼ੀਲੀਆਂ ਦਵਾਈਆਂ ਦਾ ਨੈੱਟਵਰਕ ਕਿੰਨਾ ਵੱਡਾ ਹੈ ਅਤੇ ਇਸ ਬਦਲਦੇ ਰੁਝਾਨ ਦਾ ਨਸ਼ਾ ਕਰਨ ਵਾਲਿਆਂ ’ਤੇ ਕੀ ਅਸਰ ਪੈ ਰਿਹਾ ਹੈ।
2025 ਤੋਂ ਹੁਣ ਤੱਕ 11.54 ਲੱਖ ਨਸ਼ੀਲੀਆਂ ਗੋਲੀਆਂ–ਕੈਪਸੂਲ ਬਰਾਮਦ
ਪੰਜਾਬ ਪੁਲਿਸ ਦੇ ਅਧਿਕਾਰਕ ਅੰਕੜਿਆਂ ਮੁਤਾਬਕ 2025 ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਰਿਆਣਾ, ਦਿੱਲੀ ਅਤੇ ਹਿਮਾਚਲ ਸਮੇਤ ਹੋਰ ਸੂਬਿਆਂ ਨਾਲ ਜੁੜੀਆਂ ਖੇਪਾਂ ਵਿੱਚੋਂ 11.54 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ। ਪੰਜਾਬ ਵਿੱਚ ਮਿਲਣ ਵਾਲੀਆਂ ਫਾਰਮਾਸਿਊਟੀਕਲ ਡਰੱਗਜ਼ ਵਿੱਚੋਂ ਕਰੀਬ 80 ਫ਼ੀਸਦੀ ਦੀ ਸਪਲਾਈ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਆਦਿ ਸੂਬਿਆਂ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਇਹ ਰੁਝਾਨ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਦੇ ਪੁਰਾਣੇ ਪੈਟਰਨ ਤੋਂ ਵੱਖਰਾ ਹੈ, ਜਿੱਥੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਹੈਰੋਇਨ ਦੀ ਤਸਕਰੀ ਵੱਡੀ ਚੁਣੌਤੀ ਰਹੀ ਹੈ।
66.79 ਲੱਖ ਸਾਈਕੋਟ੍ਰੋਪਿਕ ਗੋਲੀਆਂ ਦੀ ਵੱਡੀ ਬਰਾਮਦਗੀ
ਫਾਰਮਾਸਿਊਟੀਕਲ ਡਰੱਗਜ਼ ਦੇ ਅੰਤਰ-ਰਾਜੀ ਨੈੱਟਵਰਕ ਦਾ ਪੈਮਾਨਾ ਅਗਸਤ 2026 ਵਿੱਚ ਸਾਹਮਣੇ ਆਏ ਇੱਕ ਵੱਡੇ ਮਾਮਲੇ ਤੋਂ ਵੀ ਸਮਝਿਆ ਜਾ ਸਕਦਾ ਹੈ। ਕੇਂਦਰੀ ਏਜੰਸੀ ਦੀ ਕਾਰਵਾਈ ਦੌਰਾਨ ਇੱਕ ਟਰੱਕ ਵਿੱਚੋਂ 66.79 ਲੱਖ ਸਾਈਕੋਟ੍ਰੋਪਿਕ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਵਿੱਚ ਅਲਪ੍ਰਾਜ਼ੋਲਮ, ਟ੍ਰਾਮਾਡੋਲ, ਨਾਈਟਰਾਜ਼ੇਪਾਮ ਅਤੇ ਕਲੋਨਾਜ਼ੇਪਾਮ ਸ਼ਾਮਲ ਸਨ। ਅਧਿਕਾਰਕ ਜਾਣਕਾਰੀ ਮੁਤਾਬਕ ਇਹ ਕਾਰਵਾਈ ਅੰਤਰ-ਰਾਜੀ ਫਾਰਮਾਸਿਊਟੀਕਲ ਡਾਇਵਰਜ਼ਨ ਮਾਮਲੇ ਨਾਲ ਜੁੜੀ ਸੀ।
ਮਿਟਾਈ ਹੋਈ ਮਿਲੀ ਪੈਕਟਾਂ ‘ਤੇ ਮਿਆਦ ਖ਼ਤਮ ਹੋਣ ਦੀ ਤਾਰੀਖ
ਜਾਂਚ ਦੌਰਾਨ ਕੁਝ ਪੈਕਟਾਂ ’ਤੇ ਬੈਚ ਨੰਬਰ, ਬਣਾਉਣ ਦੀ ਤਾਰੀਖ ਅਤੇ ਮਿਆਦ ਖ਼ਤਮ ਹੋਣ ਦੀ ਤਾਰੀਖ ਮਿਟਾਈ ਹੋਈ ਮਿਲੀ। ਕੁਝ ਦਵਾਈਆਂ ’ਤੇ ਪੰਜਾਬ-ਹਰਿਆਣਾ ਵਿੱਚ ਨਾ ਵੇਚਣ ਸਬੰਧੀ ਹਦਾਇਤਾਂ ਵੀ ਦਰਜ ਸਨ। ਇਹ ਮਾਮਲਾ ਦਰਸਾਉਂਦਾ ਹੈ ਕਿ ਫਾਰਮਾਸਿਊਟੀਕਲ ਡਰੱਗਜ਼ ਦੀ ਗੈਰ-ਕਾਨੂੰਨੀ ਸਪਲਾਈ ਸਿਰਫ਼ ਸਥਾਨਕ ਪੱਧਰ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਅੰਤਰ-ਰਾਜੀ ਕੜੀਆਂ ਵੀ ਸਾਹਮਣੇ ਆ ਰਹੀਆਂ ਹਨ।
ਦੂਜੇ ਸੂਬਿਆਂ ਤੋਂ ਆ ਰਹੀ ਸਪਲਾਈ ਦਾ ਨੈੱਟਵਰਕ ਕਿੰਨਾ ਵੱਡਾ?
ਪੰਜਾਬ ਵਿੱਚ ਹੀ ਨਹੀਂ, ਹੋਰ ਸੂਬਿਆਂ ਵਿੱਚ ਵੀ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਤੰਬਰ 2026 ਵਿੱਚ ਹਰਿਆਣਾ ਦੇ ਯਮੁਨਾਨਗਰ ਵਿੱਚ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 11,640 ਨਸ਼ੀਲੇ ਕੈਪਸੂਲ ਅਤੇ 1,800 ਗੋਲੀਆਂ ਬਰਾਮਦ ਕੀਤੀਆਂ ਗਈਆਂ।
ਉੱਤਰ ਪ੍ਰਦੇਸ਼ ਵਿੱਚ ਨਸ਼ੀਲੀਆਂ ਦੀ ਗੈਰ–ਕਾਨੂੰਨੀ ਵੰਡ
ਉੱਤਰ ਪ੍ਰਦੇਸ਼ ਵਿੱਚ ਵੀ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵੰਡ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਲਖਨਊ ਵਿੱਚ ਸਤੰਬਰ 2026 ਦੌਰਾਨ ਪੁਲਿਸ ਨੇ ਟ੍ਰਾਮਾਡੋਲ ਕੈਪਸੂਲ, ਅਲਪ੍ਰਾਜ਼ੋਲਮ ਗੋਲੀਆਂ ਅਤੇ ਕੋਡੀਨ ਵਾਲੀ ਕਫ਼ ਸਿਰਪ ਸਮੇਤ ਕਰੀਬ ਇੱਕ ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਸਨ।
ਇਨ੍ਹਾਂ ਮਾਮਲਿਆਂ ਤੋਂ ਸਪਲਾਈ ਚੇਨ ਦੀਆਂ ਕੜੀਆਂ ਦਾ ਪਤਾ ਲੱਗਦਾ ਹੈ, ਜਿਸ ਵਿੱਚ ਦਵਾਈਆਂ ਦੇ ਨਿਰਮਾਣ ਅਤੇ ਵੰਡ ਤੋਂ ਲੈ ਕੇ ਥੋਕ ਅਤੇ ਰਿਟੇਲ ਪੱਧਰ ਅਤੇ ਫਿਰ ਗੈਰ-ਕਾਨੂੰਨੀ ਸਪਲਾਈ ਤੱਕ ਦੇ ਪੜਾਅ ਸ਼ਾਮਲ ਹੋ ਸਕਦੇ ਹਨ।
ਪੰਜਾਬ ਵਿੱਚ ਫਾਰਮਾਸਿਊਟੀਕਲ ਡਰੱਗਜ਼ ਦੀ ਵਰਤੋਂ ਵੱਧ ਰਹੀ?
ਮੋਹਾਲੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ “ਮੋਹਾਲੀ ਵਿੱਚ ਦਵਾਈਆਂ ਦੀ ਗੈਰ–ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਨਸ਼ੇ ਦੇ ਤੌਰ ’ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਵਿੱਚ ਟ੍ਰਾਮਾਡੋਲ ਅਤੇ ਪ੍ਰੀਗੈਬਾਲਿਨ ਵਰਗੀਆਂ ਦਵਾਈਆਂ ਵੀ ਸ਼ਾਮਲ ਹਨ। ਅਜਿਹੀਆਂ ਦਵਾਈਆਂ ਦੀ ਵਿਕਰੀ ਲਈ ਅਧਿਕਾਰਤ ਲਾਇਸੈਂਸਧਾਰਕ ਕੈਮਿਸਟਾਂ ਨੂੰ ਡਾਕਟਰੀ ਪਰਚੀ ਅਤੇ ਖਰੀਦ–ਵੇਚ ਦਾ ਰਿਕਾਰਡ ਰੱਖਣਾ ਲਾਜ਼ਮੀ ਹੈ। ਬਿਨਾਂ ਡਾਕਟਰੀ ਪਰਚੀ ਤੋਂ ਪ੍ਰਿਸਕ੍ਰਿਪਸ਼ਨ ਦਵਾਈ ਦੀ ਵਿਕਰੀ ਗੈਰ–ਕਾਨੂੰਨੀ ਹੈ।”
“ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਜਾਗਰੂਕਤਾ ਵੀ ਜ਼ਰੂਰੀ ਹੈ। ਅਸੀਂ ਮਾਪਿਆਂ ਨੂੰ ਬੱਚਿਆਂ ਦੇ ਵਿਵਹਾਰ ’ਤੇ ਨਜ਼ਰ ਰੱਖਣ ਅਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਨੂੰ ਇਲਾਜ ਅਤੇ ਕਾਊਂਸਲਿੰਗ ਨਾਲ ਜੋੜਨ ਦੀ ਅਪੀਲ ਕਰਦੇ ਹਾਂ।”– ਅਮਨਦੀਪ ਸਿੰਘ, ਮੋਹਾਲੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ
ਨਸ਼ਾ ਮੁਕਤੀ ਲਈ ਕਿਹੜੇ ਮਰੀਜ਼ ਆ ਰਹੇ?
ਏਮਜ਼ ਮੋਹਾਲੀ ਦੇ ਮਨੋਰੋਗ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾ. ਪ੍ਰਿਆ ਅਰੋੜਾ ਮੁਤਾਬਕ ਉਨ੍ਹਾਂ ਕੋਲ ਓਪੀਓਇਡ ਨਿਰਭਰਤਾ ਤੋਂ ਪੀੜਤ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਆਉਂਦੇ ਹਨ। ਇਨ੍ਹਾਂ ਵਿੱਚ ਹੈਰੋਇਨ ਅਤੇ ਅਫ਼ੀਮ ਵਰਗੇ ਰਵਾਇਤੀ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦੇ ਨਾਲ ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਕਰਨ ਵਾਲੇ ਮਰੀਜ਼ ਵੀ ਸ਼ਾਮਲ ਹਨ।
ਉਨ੍ਹਾਂ ਮੁਤਾਬਕ ਵਿਅਕਤੀ ਕਿਸ ਨਸ਼ੇ ਵੱਲ ਜਾਂਦਾ ਹੈ, ਇਹ ਕਈ ਹੱਦ ਤੱਕ ਉਸ ਨਸ਼ੇ ਦੀ ਉਪਲਬਧਤਾ ਅਤੇ ਕੀਮਤ ’ਤੇ ਨਿਰਭਰ ਕਰਦਾ ਹੈ। ਜਦੋਂ ਗੈਰ-ਕਾਨੂੰਨੀ ਨਸ਼ਾ ਆਸਾਨੀ ਨਾਲ ਉਪਲਬਧ ਨਹੀਂ ਹੁੰਦਾ ਤਾਂ ਕੁਝ ਲੋਕ ਫਾਰਮਾਸਿਊਟੀਕਲ ਜਾਂ ਸਿੰਥੈਟਿਕ ਦਵਾਈਆਂ ਵੱਲ ਰੁਖ ਕਰ ਸਕਦੇ ਹਨ। ਦੋਸਤਾਂ ਜਾਂ ਜਾਣ-ਪਛਾਣ ਵਾਲਿਆਂ ਦੇ ਪ੍ਰਭਾਵ ਕਾਰਨ ਵੀ ਕੁਝ ਲੋਕ ਇਨ੍ਹਾਂ ਦੀ ਵਰਤੋਂ ਸ਼ੁਰੂ ਕਰਦੇ ਹਨ।
“ਟ੍ਰਾਮਾਡੋਲ ਅਤੇ ਬਿਊਪ੍ਰੇਨੋਰਫਿਨ ਵਰਗੀਆਂ ਦਵਾਈਆਂ ਡਾਕਟਰੀ ਇਲਾਜ ਵਿੱਚ ਵੀ ਵਰਤੀਆਂ ਜਾਂਦੀਆਂ ਹਨ, ਪਰ ਇਨ੍ਹਾਂ ਦੀ ਗਲਤ ਵਰਤੋਂ ਨਿਰਭਰਤਾ ਦਾ ਕਾਰਨ ਬਣ ਸਕਦੀ ਹੈ।”-ਡਾ. ਪ੍ਰਿਆ ਅਰੋੜਾ
ਕਿਹੜੀਆਂ ਦਵਾਈਆਂ ਦੀ ਦੁਰਵਰਤੋਂ ਹੋ ਰਹੀ?
ਕੰਸਲਟੈਂਟ ਸਾਈਕੈਟ੍ਰਿਸਟ ਡਾ. ਅਰਸ਼ਦੀਪ ਮੁਤਾਬਕ ਟ੍ਰਾਮਾਡੋਲ ਅਤੇ ਟੈਪੈਂਟਾਡੋਲ ਵਰਗੀਆਂ ਦਵਾਈਆਂ ਦਰਦ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ। ਪ੍ਰੀਗੈਬਾਲਿਨ ਦੀ ਵਰਤੋਂ ਨਸਾਂ ਨਾਲ ਸਬੰਧਤ ਦਰਦ ਲਈ ਕੀਤੀ ਜਾਂਦੀ ਹੈ, ਜਦਕਿ ਅਲਪ੍ਰਾਜ਼ੋਲਮ ਅਤੇ ਲੋਰਾਜ਼ੇਪਾਮ ਵਰਗੀਆਂ ਬੈਂਜ਼ੋਡਾਇਆਜ਼ੀਪੀਨ ਦਵਾਈਆਂ ਨੀਂਦ ਅਤੇ ਚਿੰਤਾ ਨਾਲ ਸਬੰਧਤ ਸਮੱਸਿਆਵਾਂ ਵਿੱਚ ਵਰਤੀਆਂ ਜਾਂਦੀਆਂ ਹਨ।
“ਇਨ੍ਹਾਂ ਦਵਾਈਆਂ ਦੀ ਗਲਤ ਵਰਤੋਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਕੁਝ ਨਸ਼ਾ ਕਰਨ ਵਾਲੇ ਲੋਕ ਇਨ੍ਹਾਂ ਦੀ ਵਰਤੋਂ ਉਸ ਸਮੇਂ ਕਰਦੇ ਹਨ ਜਦੋਂ ਉਨ੍ਹਾਂ ਦਾ ਪਸੰਦੀਦਾ ਨਸ਼ਾ ਉਪਲਬਧ ਨਹੀਂ ਹੁੰਦਾ ਜਾਂ ਨਸ਼ਾ ਨਾ ਮਿਲਣ ਕਾਰਨ ਪੈਦਾ ਹੋਣ ਵਾਲੇ ਲੱਛਣਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਦਵਾਈਆਂ ਦੀ ਵਿਕਰੀ ਅਤੇ ਰਿਕਾਰਡ ਰੱਖਣ ਸਬੰਧੀ ਨਿਯਮ ਮੌਜੂਦ ਹਨ, ਪਰ ਇਨ੍ਹਾਂ ਦੀ ਪਾਲਣਾ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।”- ਡਾ. ਅਰਸ਼ਦੀਪ, ਕੰਸਲਟੈਂਟ ਸਾਈਕੈਟ੍ਰਿਸਟ
ਨਸ਼ਿਆਂ ਦਾ ਰੁਝਾਨ ਕਿਵੇਂ ਬਦਲ ਰਿਹਾ?
ਰੱਖਿਆ ਮਾਹਿਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਡਾ. ਰਣਬੀਰ ਸਿੰਘ ਨੇ ਦੱਸਿਆ ਕਿ “ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਦਾ ਪੈਟਰਨ ਹੁਣ ਸਿਰਫ਼ ਹੈਰੋਇਨ ਜਾਂ ਰਵਾਇਤੀ ਨਸ਼ਿਆਂ ਤੱਕ ਸੀਮਤ ਨਹੀਂ ਹੈ। ਹੈਰੋਇਨ, ਅਫ਼ੀਮ, ਡੋਡਾ–ਪੋਸਤ ਅਤੇ ਭੁੱਕੀ ਦੇ ਨਾਲ ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਵੀ ਵੱਖਰੀ ਚੁਣੌਤੀ ਵਜੋਂ ਸਾਹਮਣੇ ਆ ਰਹੀ ਹੈ। ਟ੍ਰਾਮਾਡੋਲ, ਬਿਊਪ੍ਰੇਨੋਰਫਿਨ, ਕੋਡੀਨ ਵਾਲੀ ਕਫ਼ ਸਿਰਪ ਅਤੇ ਕੁਝ ਗੋਲੀਆਂ–ਕੈਪਸੂਲ ਨਸ਼ੇ ਲਈ ਗਲਤ ਤਰੀਕੇ ਨਾਲ ਵਰਤੇ ਜਾਂਦੇ ਹਨ। ਅਲਪ੍ਰਾਜ਼ੋਲਮ ਅਤੇ ਡਾਈਜ਼ੇਪਾਮ ਵਰਗੀਆਂ ਦਵਾਈਆਂ ਦੀ ਦੁਰਵਰਤੋਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਗਾਂਜਾ, ਚਰਸ, ਹਸ਼ੀਸ਼, ਮੈਥਾਮਫੈਟਾਮੀਨ ਅਤੇ ਇੰਜੈਕਸ਼ਨ ਰਾਹੀਂ ਵਰਤੇ ਜਾਣ ਵਾਲੇ ਨਸ਼ੇ ਵੀ ਪੰਜਾਬ ਦੇ ਨਸ਼ਿਆਂ ਦੇ ਬਦਲਦੇ ਪੈਟਰਨ ਦਾ ਹਿੱਸਾ ਹਨ।”
ਹੁਣ ਚੁਣੌਤੀ ਸਿਰਫ਼ ਸਰਹੱਦ ਨਹੀਂ, ਅੰਦਰੂਨੀ ਸਪਲਾਈ ਚੇਨ ਵੀ
ਡਾ. ਰਣਬੀਰ ਸਿੰਘ ਮੁਤਾਬਕ ਪਾਕਿਸਤਾਨ ਸਰਹੱਦ ਰਾਹੀਂ ਡਰੋਨਾਂ ਦੀ ਮਦਦ ਨਾਲ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਪੰਜਾਬ ਵਿੱਚ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਹਨ। ਇਸ ਦੇ ਨਾਲ ਦੇਸ਼ ਦੇ ਅੰਦਰਲੇ ਸੂਬਿਆਂ ਤੋਂ ਪੰਜਾਬ ਵੱਲ ਫਾਰਮਾਸਿਊਟੀਕਲ ਡਰੱਗਜ਼ ਦੀ ਸਪਲਾਈ ਦਾ ਮਾਮਲਾ ਵੀ ਗੰਭੀਰ ਹੋ ਰਿਹਾ ਹੈ। ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਰਗੇ ਸੂਬਿਆਂ ਤੋਂ ਆਉਣ ਵਾਲੀ ਸਪਲਾਈ ਦੀਆਂ ਕੜੀਆਂ ਦੀ ਜਾਂਚ ਜ਼ਰੂਰੀ ਹੈ। ਕਈ ਮਾਮਲਿਆਂ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਤੋਂ ਵੱਧ ਕਿਸਮ ਦੇ ਨਸ਼ਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਨੂੰ ਮਿਸ਼ਰਤ ਨਸ਼ਾ ਵਰਤੋਂ ਕਿਹਾ ਜਾਂਦਾ ਹੈ।
“ਰਮਾਸਿਊਟੀਕਲ ਡਰੱਗਜ਼ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਲਈ ਸਿਰਫ਼ ਸਥਾਨਕ ਪੱਧਰ ’ਤੇ ਕਾਰਵਾਈ ਕਾਫ਼ੀ ਨਹੀਂ ਹੋਵੇਗੀ। ਨਿਰਮਾਣ ਇਕਾਈ ਤੋਂ ਲੈ ਕੇ ਡਿਸਟ੍ਰੀਬਿਊਟਰ, ਥੋਕ ਵਿਕਰੇਤਾ, ਰਿਟੇਲਰ ਅਤੇ ਗੈਰ-ਕਾਨੂੰਨੀ ਸਪਲਾਈ ਤੱਕ ਪੂਰੀ ਚੇਨ ਦੀ ਨਿਗਰਾਨੀ ਅਤੇ ਵੱਖ-ਵੱਖ ਸੂਬਿਆਂ ਦੀ ਪੁਲਿਸ ਤੇ ਡਰੱਗ ਕੰਟਰੋਲ ਵਿਭਾਗਾਂ ਵਿਚਕਾਰ ਤਾਲਮੇਲ ਜ਼ਰੂਰੀ ਹੋਵੇਗਾ।”– ਡਾ. ਰਣਬੀਰ ਸਿੰਘ
ਇਸ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜਾਈ ਦਾ ਦਾਇਰਾ ਹੁਣ ਸਿਰਫ਼ ਅੰਤਰਰਾਸ਼ਟਰੀ ਸਰਹੱਦ ਤੱਕ ਸੀਮਤ ਨਹੀਂ ਰਿਹਾ। ਹੈਰੋਇਨ ਦੀ ਤਸਕਰੀ ਦੇ ਨਾਲ-ਨਾਲ ਦੇਸ਼ ਦੇ ਅੰਦਰੋਂ ਪੰਜਾਬ ਤੱਕ ਪਹੁੰਚ ਰਹੀ ਫਾਰਮਾਸਿਊਟੀਕਲ ਡਰੱਗ ਸਪਲਾਈ ਚੇਨ ਨੂੰ ਤੋੜਨਾ ਵੀ ਵੱਡੀ ਚੁਣੌਤੀ ਬਣ ਰਹੀ ਹੈ।
ETV BHARAT