ਆਮਦ ਵਿੱਚ ਸਭ ਤੋਂ ਵੱਡਾ ਹਿੱਸਾ 1509 ਬਾਸਮਤੀ ਕਿਸਮ ਦਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਖਾਸੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।
16 ਸਤੰਬਰ, 2026 – ਅੰਮ੍ਰਿਤਸਰ : ਅੰਮ੍ਰਿਤਸਰ ਦੀ ਭਗਤਾਂਵਾਲਾ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਆਮਦ ਨੇ ਰਫ਼ਤਾਰ ਫੜ ਲਈ ਹੈ। ਸੀਜ਼ਨ ਸ਼ੁਰੂ ਹੋਏ ਹਾਲੇ ਕਰੀਬ 20 ਦਿਨ ਹੀ ਹੋਏ ਹਨ, ਪਰ ਮੰਡੀ ਵਿੱਚ ਹੁਣ ਤੱਕ 20 ਲੱਖ ਬੋਰੀ ਝੋਨਾ ਪਹੁੰਚ ਚੁੱਕਾ ਹੈ। ਆਮਦ ਵਿੱਚ ਸਭ ਤੋਂ ਵੱਡਾ ਹਿੱਸਾ 1509 ਬਾਸਮਤੀ ਕਿਸਮ ਦਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਖਾਸੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।
ਕੁੱਲ ਆਮਦ ਦਾ ਸਭ ਤੋਂ ਵੱਡਾ ਹਿੱਸਾ–1509 ਬਾਸਮਤੀ
ਬਾਸਮਤੀ ਦੀ ਸਭ ਤੋਂ ਵੱਡੀ ਆਮਦ ਵਾਲੀ ਇਸ ਮੰਡੀ ‘ਚ ਹੁਣ ਤੱਕ ਕੁੱਲ ਫ਼ਸਲ ‘ਚ ਕਰੀਬ 80 ਫ਼ੀਸਦੀ ਹਿੱਸਾ 1509 ਬਾਸਮਤੀ ਕਿਸਮ ਦਾ ਦੱਸਿਆ ਜਾ ਰਿਹਾ ਹੈ। ਇਸ ਕਿਸਮ ਨੂੰ ਮੌਜੂਦਾ ਸਮੇਂ ਵਿੱਚ ਵਧੀਆ ਭਾਅ ਮਿਲ ਰਿਹਾ ਹੈ ਅਤੇ 1509 ਬਾਸਮਤੀ ਦਾ ਭਾਅ ਲਗਭਗ ₹3,800 ਤੋਂ ₹4,000 ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ। ₹4,000 ਪ੍ਰਤੀ ਕੁਇੰਟਲ ਦਾ ਭਾਅ ਮਿਲਣ ਨਾਲ ਕਿਸਾਨਾਂ ਨੂੰ ਇਸ ਵਾਰ ਚੰਗੀ ਆਮਦਨ ਦੀ ਉਮੀਦ ਜਾਗੀ ਹੈ।
ਕਿਸਾਨਾਂ ਨੂੰ ਚੰਗੇ ਝਾੜ ਦੀ ਉਮੀਦ
ਆੜ੍ਹਤੀਏ ਨੇ ਦੱਸਿਆ ਕਿ ਪਿਛਲੀਆਂ ਦੋ ਫ਼ਸਲਾਂ ਦੌਰਾਨ ਕਈ ਇਲਾਕਿਆਂ ‘ਚ ਘੱਟ ਝਾੜ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਸੀ। ਇਸ ਵਾਰ ਫ਼ਸਲ ਦਾ ਝਾੜ ਚੰਗਾ ਰਹਿਣ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਮੁੜ ਰੌਣਕ ਨਜ਼ਰ ਆ ਰਹੀ ਹੈ। ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਚੰਗੀ ਪੈਦਾਵਾਰ ਤੇ ਬਾਸਮਤੀ ਦੇ ਵਧੀਆ ਭਾਅ ਨਾਲ ਉਨ੍ਹਾਂ ਦੀ ਆਮਦਨ ‘ਚ ਸੁਧਾਰ ਹੋਵੇਗਾ।
“ਇਸ ਵਾਰ ਕਿਸਾਨਾਂ ਦਾ ਰੁਝਾਨ ਵੀ 1509 ਬਾਸਮਤੀ ਵੱਲ ਵਧਿਆ ਹੈ। ਇਸ ਕਿਸਮ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 50 ਹਜ਼ਾਰ ਹੈਕਟੇਅਰ ਵਧਿਆ ਹੈ। 1509 ਕਿਸਮ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਲਗਭਗ 95 ਦਿਨਾਂ ‘ਚ ਤਿਆਰ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨ ਇਸ ਨੂੰ ਤਰਜੀਹ ਦੇ ਰਹੇ ਹਨ।”–ਅਮਨਦੀਪ ਸਿੰਘ ਛੀਨਾ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ
ਉਤਪਾਦਨ 30 ਤੋਂ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਉਮੀਦ
ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਦਾ ਉਤਪਾਦਨ ਕਰੀਬ 23.09 ਲੱਖ ਮੀਟ੍ਰਿਕ ਟਨ ਰਿਹਾ ਸੀ। ਇਸ ਵਾਰ ਬਾਸਮਤੀ ਦਾ ਰਕਬਾ ਵਧਣ ਤੇ ਫ਼ਸਲ ਦੀ ਸਥਿਤੀ ਬਿਹਤਰ ਹੋਣ ਕਾਰਨ ਉਤਪਾਦਨ 30 ਤੋਂ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਭਗਤਾਂਵਾਲਾ ਮੰਡੀ ਪੰਜਾਬ ‘ਚ ਬਾਸਮਤੀ ਦੀ ਸਭ ਤੋਂ ਵੱਡੀ ਖਰੀਦ ਵਾਲੀਆਂ ਮੰਡੀਆਂ ‘ਚੋਂ ਇੱਕ ਹੈ। ਇਸ ਕਾਰਨ ਸੀਜ਼ਨ ਦੌਰਾਨ ਇੱਥੇ ਵੱਡੀ ਗਿਣਤੀ ‘ਚ ਕਿਸਾਨ ਆਪਣੀ ਫ਼ਸਲ ਲੈ ਕੇ ਪਹੁੰਚਦੇ ਹਨ।
ਮੰਡੀ ‘ਚ ਸਹੂਲਤਾਂ ਦੀ ਘਾਟ
ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਇੱਕ ਪਾਸੇ ਮੰਡੀ ‘ਚ ਝੋਨੇ ਦੀ ਬੰਪਰ ਆਮਦ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਖਰੀਦ ਵੀ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ਦੌਰਾਨ ਮੰਡੀ ‘ਚ ਫ਼ਸਲ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਹੈ।
ਕਿਸਾਨਾਂ ਨੂੰ ਬੇਨਤੀਆਂ ਕਰਦਿਆਂ ਕਿਹਾ ਕਿ “ਕਿਸਾਨ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਵਢਾਏ ਤਾਂ ਜੋ ਉਨ੍ਹਾਂ ਨੂੰ ਫਸਲ ਦਾ ਚੰਗਾ ਰੇਟ ਮਿਲ ਸਕੇ। ਜੇਕਰ ਉਹ ਅੱਧੀ ਗਿਲੀ ਫਸਲ ਨੂੰ ਵੱਢ ਕੇ ਵੇਚਦੇ ਹਨ ਤਾਂ ਉਨ੍ਹਾਂ ਨੂੰ ਰੇਟ ਘੱਟ ਮਿਲਦਾ ਹੈ।”
ETV BHARAT