ਨੇੜਲੇ ਪਿੰਡ ਘਰਾਂਗਣਾਂ ਵਿਖੇ ਆਰਥਿਕ ਮੰਦਹਾਲੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕੁਲਵੀਰ ਸਿੰਘ ਪੁੱਤਰ ਹਰਦੇਵ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
24 ਸਤੰਬਰ, 2026 – ਮਾਨਸਾ : ਨੇੜਲੇ ਪਿੰਡ ਘਰਾਂਗਣਾਂ ਵਿਖੇ ਆਰਥਿਕ ਮੰਦਹਾਲੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕੁਲਵੀਰ ਸਿੰਘ ਪੁੱਤਰ ਹਰਦੇਵ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਤੇ ਉਸ ਦੀ ਪਤਨੀ ਸੋਮਾ ਕੌਰ ਨੇ ਕਰਜ਼ਾ ਲੈ ਕੇ ਮਾਨਸਾ ਵਿਖੇ ਰੈਡੀਮੇਡ ਕੱਪੜੇ ਦੀ ਦੁਕਾਨ ਕੀਤੀ ਪਰ ਕੰਮ ਨਾ ਚੱਲਿਆ। ਉਹ ਕੁੱਝ ਸਮਾਂ ਲੁਧਿਆਣਾ ਤੋਂ ਰੈਡੀਮੇਡ ਕੱਪੜੇ ਲਿਆ ਕੇ ਵੀ ਸ਼ਹਿਰ ’ਚ ਵੇਚਦਾ ਰਿਹਾ। ਦੋਵਾਂ ਪਤੀ-ਪਤਨੀ ਸਿਰ ਕਰੀਬ 50 ਲੱਖ ਰੁਪਏ ਦਾ ਕਰਜ਼ਾ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਨੌਜਵਾਨ ਨੇ ਪਿਛਲੇ ਸਮੇਂ ਵਿੱਚ ਆਪਣੀ ਨਿੱਜੀ ਰੈਡੀਮੇਡ ਦੀ ਦੁਕਾਨ ਚਲਾਉਣ ਲਈ ਆਪਣੀ ਪਤਨੀ ਦੇ ਨਾਮ ’ਤੇ ਸਰਕਾਰੀ ਬੈਂਕ ਤੋਂ ਕਰਜ਼ਾ ਲਿਆ ਪਰ ਸ਼ਹਿਰ ਵਿਚ ਕੰਮ ਨਾ ਚੱਲਿਆ ਤੇ ਉਹ ਕਰਜ਼ਾ ਨਹੀਂ ਮੋੜ ਸਕਿਆ। ਉਸ ਦੀ ਦੁਕਾਨ ਵੀ ਬੰਦ ਹੋ ਗਈ। ਕਰਜ਼ੇ ਦਾ ਬੋਝ ਨਾ ਝੱਲਦਿਆਂ ਆਖਿਰ ਕੁਲਵੀਰ ਸਿੰਘ ਨੇ ਸਲਫਾਸ ਨਿਗਲ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ। ਉਸ ਦੇ ਪਰਿਵਾਰ ਵਿੱਚ ਪਤਨੀ, 4 ਸਾਲ ਦੀ ਬੇਟੀ, 6 ਮਹੀਨੇ ਦਾ ਪੁੱਤਰ, ਵਿਧਵਾ ਮਾਂ ਅਤੇ ਛੋਟੀ ਭੈਣ ਹਨ। ਉਸ ਦੇ ਘਰ ਕੁੱਝ ਦਿਨਾਂ ਮਗਰੋਂ ਭੈਣ ਦਾ ਵਿਆਹ ਰੱਖਿਆ ਹੋਇਆ ਸੀ। ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੇ ਜ਼ਿਲ੍ਹਾ ਆਗੂ ਗੁਰਸੇਵਕ ਸਿੰਘ ਮਾਨ ਬੀਬੜੀਆਂ ਨੇ ਕਿਹਾ ਕਿ ਪਿੱਛੇ ਰਹਿ ਗਏ ਮਿ੍ਤਕ ਦੇ ਪਰਿਵਾਰ ਨੂੰ ਗੁਜ਼ਾਰੇ ਲਈ ਨੌਕਰੀ ਦਿੱਤੀ ਜਾਵੇ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਸਮੇਤ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
ਪੰਜਾਬੀ ਟ੍ਰਿਬਯੂਨ