• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਹੁਣ ਬੰਦੂਕਾਂ ਦੇ ਸਾਏ ਹੇਠ ਪੰਜਾਬ ਦੇ ਇਨਫਲੂਐਂਸਰ, ਕਿਉਂ ਵੱਧ ਰਿਹਾ ਹਿੰਸਾ ਦਾ ਖਤਰਾ?

October 7, 2026 By Guest Author

Share

ਸੋਸ਼ਲ ਮੀਡੀਆ ਇਨਫਲੂਐਂਸਰਾਂ ਨਾਲ ਜੁੜੇ ਵਿਵਾਦ ਹੁਣ ਸਿਰਫ਼ ਟ੍ਰੋਲਿੰਗ–ਔਨਲਾਈਨ ਧਮਕੀਆਂ ਜਾਂ ਵਿਰੋਧ ਤੱਕ ਸੀਮਤ ਨਹੀਂ ਰਹੇ। ਤਾਜ਼ਾ ਵਾਪਰੀਆਂ ਘਟਨਾਵਾਂ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।

ਕੰਵਲਜੀਤ ਕੌਰ ਅਤੇ ਪਰਮਜੀਤ ਸਿੰਘ ਦੀ ਰਿਪੋਰਟ

EXPLAINER: ਹੁਣ ਬੰਦੂਕਾਂ ਦੇ ਸਾਏ ਹੇਠ ਪੰਜਾਬ ਦੇ ਇਨਫਲੂਐਂਸਰ, ਕਿਉਂ ਵੱਧ ਰਿਹਾ ਹਿੰਸਾ  ਦਾ ਖਤਰਾ?

ਪੰਜਾਬ ਵਿੱਚ ਸੋਸ਼ਲ ਮੀਡੀਆ ’ਤੇ ਵੱਡੀ ਪਛਾਣ ਬਣਾਉਣ ਵਾਲੇ ਲੋਕਾਂ ਨਾਲ ਜੁੜੇ ਵਿਵਾਦ ਹੁਣ ਸਿਰਫ਼ ਔਨਲਾਈਨ ਟਿੱਪਣੀਆਂ, ਟ੍ਰੋਲਿੰਗ ਜਾਂ ਧਮਕੀਆਂ ਤੱਕ ਸੀਮਤ ਨਹੀਂ ਰਹੇ। ਪਿਛਲੇ ਸਮੇਂ ਦੌਰਾਨ ਇਨਫਲੂਐਂਸਰਾਂ ਨਾਲ ਜੁੜੇ ਕਤਲ, ਹਿੰਸਾ ਅਤੇ ਧਮਕੀਆਂ ਦੇ ਕਈ ਮਾਮਲਿਆਂ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਸੋਸ਼ਲ ਮੀਡੀਆ ’ਤੇ ਪੈਦਾ ਹੋਣ ਵਾਲੇ ਵਿਵਾਦ ਹੁਣ ਅਸਲ ਜ਼ਿੰਦਗੀ ਵਿੱਚ ਵੀ ਖਤਰਨਾਕ ਰੂਪ ਲੈ ਰਹੇ ਹਨ?

ਇਸ ਸਵਾਲ ਨੂੰ ਮੁੜ ਚਰਚਾ ਵਿੱਚ ਲਿਆਂਦਾ ਅੰਮ੍ਰਿਤਸਰ ਵਿੱਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਨੇ। ਹਾਲਾਂਕਿ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਕਮਲ ਕੌਰ ਭਾਬੀ, ਮਨਜੀਤ ਕੌਰ ਅਤੇ ਨੈਨਸੀ ਗਰੇਵਾਲ ਵਰਗੇ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਕਤਲ ਹੋਇਆ। ਪੰਜਾਬ ’ਚ ਇਨਫਲੂਐਂਸਰਾਂ ਨਾਲ ਜੁੜੇ ਵਿਵਾਦ, ਧਮਕੀਆਂ ਅਤੇ ਹਿੰਸਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਕਿਹੜੇ–ਕਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਹੋਇਆ ਕਤਲ

ਮੈਡ ਸੰਧੂ

ਮੈਡ ਸੰਧੂ ਦਾ ਅਸਲ ਨਾਮ ਮਧੂਸੂਦਨ ਸੰਧੂ ਸੀ, ਅੰਮ੍ਰਿਤਸਰ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰ ਸਨ। ਉਹ ਮੇਕਅੱਪ ਆਰਟਿਸਟ ਅਤੇ ਫੈਸ਼ਨ ਸਟਾਈਲਿਸਟ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣਾ ਮੇਕਅੱਪ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਸੈਲੂਨ ਤੇ ਮੇਕਅੱਪ ਸਿਖਲਾਈ ਦੇਣ ਵਾਲੀਆਂ ਅਕੈਡਮੀਆਂ ਵੀ ਚਲਾਈਆਂ। ਉਹ ਸੋਸ਼ਲ ਮੀਡੀਆ ’ਤੇ ਮੇਕਅੱਪ, ਫੈਸ਼ਨ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਵੀਡੀਓਜ਼ ਸਾਂਝੀਆਂ ਕਰਦੇ ਸਨ। ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਚੰਗੀ ਪਕੜ ਸੀ ਅਤੇ ਇੰਸਟਾਗ੍ਰਾਮ ’ਤੇ 2 ਲੱਖ ਤੋਂ ਵੱਧ ਫਾਲੋਅਰਜ਼ ਸਨ। ਉਹ ਸਮਾਜਿਕ ਅਤੇ ਜੈਂਡਰ ਨਾਲ ਜੁੜੇ ਮੁੱਦਿਆਂ ’ਤੇ ਵੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਲਈ ਜਾਣੇ ਜਾਂਦੇ ਸਨ।

ਮੈਡ ਸੰਧੂ ਕਤਲ ਮਾਮਲਾ

3 ਅਕਤੂਬਰ ਦੀ ਸ਼ਾਮ ਲੋਹਾਰਕਾ ਰੋਡ ’ਤੇ ਕਾਰ ਵਾਸ਼ ਸੈਂਟਰ ਦੇ ਬਾਹਰ ਮੈਡ ਸੰਧੂ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ਅਤੇ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਸਮੇਤ ਹੋਰ ਸਬੂਤ ਖੰਗਾਲੇ ਜਾ ਰਹੇ ਹਨ।

ਕਤਲ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਮੈਡ ਸੰਧੂ ਪਹਿਲਾਂ ਵੀ ਆਪਣੇ ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਵਿਵਾਦਾਂ ਵਿੱਚ ਰਹੇ ਸਨ। ਉਨ੍ਹਾਂ ਦੇ ਪੁਰਾਣੇ ਵੀਡੀਓ, ਪਹਿਰਾਵੇ ਅਤੇ ਸਮੱਗਰੀ ਨੂੰ ਲੈ ਕੇ ਵਿਰੋਧ ਹੋਇਆ ਸੀ ਅਤੇ ਜੁਲਾਈ ਵਿੱਚ ਇੱਕ ਨਿਹੰਗ ਆਗੂ ਵੱਲੋਂ ਵੀ ਉਨ੍ਹਾਂ ਨੂੰ ਸਮੱਗਰੀ ਸੰਬੰਧੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਪੁਲਿਸ ਇਸ ਪੁਰਾਣੇ ਵਿਵਾਦ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੁਝ ਅਜਿਹੀਆਂ ਪੋਸਟਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਗੈਂਗਸਟਰਾਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪਰ ਪੁਲਿਸ ਨੇ ਇਨ੍ਹਾਂ ਪੋਸਟਾਂ ਨੂੰ ਪ੍ਰਮਾਣਿਕ ਨਾ ਮੰਨਦਿਆਂ ਜਾਂਚ ਜਾਰੀ ਹੋਣ ਦੀ ਗੱਲ ਕਹੀ ਹੈ। ਇਸ ਲਈ ਇਨ੍ਹਾਂ ਦਾਅਵਿਆਂ ਨੂੰ ਕਤਲ ਦਾ ਕਾਰਨ ਮੰਨਣਾ ਅਜੇ ਜਲਦਬਾਜ਼ੀ ਹੋਵੇਗੀ।

ਪਿਛੋਕੜ ਅਤੇ ਧਮਕੀਆਂ

ਉਲੇਖਯੋਗ ਹੈ ਕਿ ਮੈਡ ਸੰਧੂ ਨੂੰ ਔਨਲਾਈਨ ਸਮਲਿੰਗੀ-ਵਿਰੋਧੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਜੁਲਾਈ 2026 ਵਿੱਚ ਉਨ੍ਹਾਂ ਦੇ ਸੋਸ਼ਲ ਮੀਡੀਆ ਸਮੱਗਰੀ ਨੂੰ ਲੈ ਕੇ ਜਨਤਕ ਤੌਰ ‘ਤੇ ਧਮਕੀ ਦਿੱਤੀ ਸੀ ਅਤੇ ਉਨ੍ਹਾਂ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਸੀ।

ਜਾਂਚ: ਪੁਲਿਸ ਜ਼ਿੰਮੇਵਾਰੀ ਲੈਣ ਸੰਬੰਧੀ ਸੋਸ਼ਲ ਮੀਡੀਆ ‘ਤੇ ਕੀਤੇ ਗਏ ਗੈਰ-ਪ੍ਰਮਾਣਿਤ ਦਾਅਵਿਆਂ, ਜਿਸ ਵਿੱਚ ‘ਗੋਲਡੀ ਢਿੱਲੋਂ’ ਨਾਮਕ ਹੈਂਡਲ ਨਾਲ ਜੁੜੀ ਇੱਕ ‘ਗਾਇਬ ਹੋਣ ਵਾਲੀ ਪੋਸਟ’ (vanishing post) ਵੀ ਸ਼ਾਮਲ ਹੈ, ਸਮੀਖਿਆ ਕਰ ਰਹੀ ਹੈ ਅਤੇ ਨਾਲ ਹੀ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਕੰਚਨ ਕੁਮਾਰੀ/ਕਮਲ ਕੌਰ ਭਾਬੀ

ਸਮੱਗਰੀ ਨੂੰ ਲੈ ਕੇ ਵਿਰੋਧ ਤੋਂ ਕਤਲ ਤੱਕ ਪੰਜਾਬ ਵਿੱਚ ਇਨਫਲੂਐਂਸਰਾਂ ਨਾਲ ਜੁੜੀ ਹਿੰਸਾ ਦਾ ਸਭ ਤੋਂ ਚਰਚਿਤ ਮਾਮਲਾ ਕਮਲ ਕੌਰ ਭਾਬੀ ਦਾ ਕਤਲ ਰਿਹਾ। ਕਮਲ ਕੌਰ, ਅਸਲ ਨਾਮ ਕੰਚਨ ਕੁਮਾਰੀ ਸੀ, ਉਨਾਂ ਦੇ ਇੰਸਟਾਗ੍ਰਾਮ ’ਤੇ ਲੱਖਾਂ ਫਾਲੋਅਰਜ਼ ਸਨ। ਉਸਦੀ ਸੋਸ਼ਲ ਮੀਡੀਆ ਸਮੱਗਰੀ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਸੀ ਅਤੇ ਉਸਨੂੰ ਆਪਣੀ ਸਮੱਗਰੀ ਨੂੰ ਲੈ ਕੇ ਧਮਕੀਆਂ ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ।

ਜੂਨ 2025 ਵਿੱਚ ਉਸਦੀ ਲਾਸ਼ ਬਠਿੰਡਾ ਵਿੱਚ ਇੱਕ ਕਾਰ ਵਿੱਚੋਂ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਥਿਤ ਮੁੱਖ ਸਾਜ਼ਿਸ਼ਕਰਤਾ ਦੀ ਭਾਲ ਕੀਤੀ। ਪੁਲਿਸ ਅਨੁਸਾਰ ਮੁਲਜ਼ਮ ਉਸਦੀ ਸੋਸ਼ਲ ਮੀਡੀਆ ਸਮੱਗਰੀ ਨੂੰ ਇਤਰਾਜ਼ਯੋਗ ਮੰਨਦੇ ਸਨ ਅਤੇ ਉਸਨੂੰ ਅਜਿਹੀ ਸਮੱਗਰੀ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਇਸ ਮਾਮਲੇ ਨੂੰ ‘ਮੋਰਲ ਪੁਲਿਸਿੰਗ’ ਦੇ ਪੱਖ ਤੋਂ ਵੀ ਦੇਖਿਆ। ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਸੀ ਕਿ ਪੁਲਿਸ ਮੁਤਾਬਕ ਕਥਿਤ ਮੁੱਖ ਮੁਲਜ਼ਮ ਵੱਲੋਂ ਹੋਰ ਪੰਜਾਬੀ ਮਹਿਲਾ ਇਨਫਲੂਐਂਸਰਾਂ ਨੂੰ ਵੀ ਧਮਕੀਆਂ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

EXPLAINER: ਹੁਣ ਬੰਦੂਕਾਂ ਦੇ ਸਾਏ ਹੇਠ ਪੰਜਾਬ ਦੇ ਇਨਫਲੂਐਂਸਰ, ਕਿਉਂ ਵੱਧ ਰਿਹਾ ਹਿੰਸਾ  ਦਾ ਖਤਰਾ?

ਮਨਜੀਤ ਕੌਰ: ਨਿੱਜੀ ਵਿਵਾਦ, ਸੋਸ਼ਲ ਮੀਡੀਆ ਅਤੇ ਹਿੰਸਾ ਦੀ ਜਾਂਚ

2026 ਵਿੱਚ ਮਨਜੀਤ ਕੌਰ ਨਾਲ ਵਾਪਰੀ ਘਟਨਾ ਨੇ ਇਸ ਚਰਚਾ ਨੂੰ ਹੋਰ ਗੰਭੀਰ ਕੀਤਾ। 28 ਸਾਲਾ ਮਨਜੀਤ ਕੌਰ ਨੂੰ 3 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-34 ਇਲਾਕੇ ਤੋਂ ਕਥਿਤ ਤੌਰ ’ਤੇ ਅਗਵਾ ਕੀਤਾ ਗਿਆ। ਉਸ ਤੋਂ ਬਾਅਦ ਉਸਨੂੰ ਕਥਿਤ ਤੌਰ ’ਤੇ ਇੱਕ ਸੁੰਨਸਾਨ ਥਾਂ ਲਿਜਾ ਕੇ ਅੱਗ ਲਗਾ ਦਿੱਤੀ ਗਈ। ਲਗਭਗ 8 ਹਫ਼ਤਿਆਂ ਤੱਕ ਇਲਾਜ ਚੱਲਣ ਤੋਂ ਬਾਅਦ 26 ਅਗਸਤ ਨੂੰ ਉਸਦੀ ਮੌਤ ਹੋ ਗਈ। ਉਸਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕੀਤਾ।

ਇਸ ਮਾਮਲੇ ਵਿੱਚ ਵੀ ਜਾਂਚ ਦਾ ਇੱਕ ਪੱਖ ਸੋਸ਼ਲ ਮੀਡੀਆ ਨਾਲ ਜੁੜੀਆਂ ਗੱਲਬਾਤਾਂ ਅਤੇ ਪੁਰਾਣੇ ਵਿਵਾਦਾਂ ਵੱਲ ਗਿਆ। ਪੁਲਿਸ ਨੇ ਔਨਲਾਈਨ ਗੱਲਬਾਤਾਂ, ਸੰਪਰਕਾਂ ਅਤੇ ਹੋਰ ਡਿਜੀਟਲ ਜਾਣਕਾਰੀ ਦੀ ਜਾਂਚ ਕਰਨ ਦੀ ਗੱਲ ਕਹੀ। ਬਾਅਦ ਵਿੱਚ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਕਥਿਤ ਤੌਰ ’ਤੇ ਨਿੱਜੀ ਰਿਸ਼ਤੇ ਅਤੇ ਝਗੜੇ ਨਾਲ ਜੁੜਿਆ ਇੱਕ ਹੋਰ ਪੱਖ ਵੀ ਮਿਲਿਆ। ਇਸ ਲਈ ਇਸ ਮਾਮਲੇ ਨੂੰ ਸਿੱਧੇ ਤੌਰ ’ਤੇ ਸੋਸ਼ਲ ਮੀਡੀਆ ਕਾਰਨ ਹੋਈ ਹਿੰਸਾ ਕਹਿਣਾ ਵੀ ਅਜੇ ਠੀਕ ਨਹੀਂ ਹੋਵੇਗਾ।

ਨੈਨਸੀ ਗਰੇਵਾਲ

45 ਸਾਲਾਂ ਪੰਜਾਬ ਮੂਲ ਦੀ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਨੈਨਸੀ ਗਰੇਵਾਲ ਨੂੰ ਕੈਨੇਡਾ ਵਿੱਚ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਹਮਲਾ 3 ਮਾਰਚ 2026 ਨੂੰ ਰਾਤ ਦੇ ਲਗਭਗ 9:30 ਵਜੇ ਉਸ ਵੇਲੇ ਹੋਇਆ। ਜਦੋਂ ਉਹ ਓਨਟਾਰੀਓ ਦੇ ਲਾਸਾਲੇ (ਵਿੰਡਸਰ ਦੇ ਨੇੜੇ) ਵਿੱਚ ਟੌਡ ਲੇਨ ‘ਤੇ ਇੱਕ ਰਿਹਾਇਸ਼ ਦੇ ਘਰੋਂ ਬਾਹਰ ਅਪਣੇ ਕੰਮਕਾਜ ਅਧੀਨ ਜਾ ਰਹੀ ਸੀ।

ਹਮਲੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਣ ਤੋਂ ਬਾਅਦ ਉਸਨੂੰ ਇੱਕ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਅਦ ਵਿੱਚ ਉਹ ਆਪਣੀਆਂ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੇ ਨਾਲ ਮਿਲ ਕੇ, ਲਾਸਾਲੇ ਪੁਲਿਸ ਸੇਵਾ ਨੇ ਘਟਨਾ ਨੂੰ ਹਿੰਸਾ ਦੀ ਬੇਤਰਤੀਬ ਕਾਰਵਾਈ ਦੀ ਬਜਾਏ ਇੱਕ ਨਿਸ਼ਾਨਾ ਅਤੇ ਪਹਿਲਾਂ ਤੋਂ ਯੋਜਨਾਬੱਧ ਕਤਲ ਵਜੋਂ ਸ਼੍ਰੇਣੀਬੱਧ ਕੀਤਾ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਨੇੜੇ ਖੜ੍ਹੇ ਇੱਕ ਵਾਹਨ ਵਿੱਚ ਭੱਜ ਗਏ ਸਨ। ਸੋਸ਼ਲ ਪਲੇਟਫ਼ਾਰਮ ਉਪਰ ਬੇਬਾਕ ਟਿੱਪਣੀਆਂ ਲਈ ਜਾਣੀ ਜਾਂਦੀ ਰਹੀ ਹੈ ਇਹ ਚਰਚਿਤ ਇਨਫਲੂਐਂਸਰ, ਜਿਸ ਦੀ ਮੌਤ ਹਾਲੇ ਤੱਕ ਰਹੱਸ ਦਾ ਕੇਂਦਰ ਬਣੀ ਹੋਈ ਹੈ।

ਕਮਲ ਕੌਰ ਦੀ ਹੱਤਿਆ ਤੋਂ ਲੈ ਕੇ ਮਨਜੀਤ ਕੌਰ ਨਾਲ ਹੋਈ ਹਿੰਸਾ, ਨੈਨਸੀ ਗਰੇਵਾਲ ਦਾ ਕਤਲ ਅਤੇ ਹੁਣ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ ਤੱਕ, ਕੀ ਇਨ੍ਹਾਂ ਮਾਮਲਿਆਂ ਪਿੱਛੇ ਕੋਈ ਸਾਂਝਾ ਪੈਟਰਨ ਹੈ? ਕੀ ਸੋਸ਼ਲ ਮੀਡੀਆ ’ਤੇ ਵੱਧਦੀ ਫਾਲੋਇੰਗ, ਵਾਇਰਲ ਹੋਣ ਦੀ ਦੌੜ, ਵਿਵਾਦਤ ਸਮੱਗਰੀ, ਨਿੱਜੀ ਦੁਸ਼ਮਣੀਆਂ, ਧਮਕੀਆਂ ਅਤੇ ਔਨਲਾਈਨ ਟ੍ਰੋਲਿੰਗ ਹੁਣ ਇਨਫਲੂਐਂਸਰਾਂ ਲਈ ਜ਼ਮੀਨੀ ਪੱਧਰ ’ਤੇ ਖਤਰਾ ਬਣ ਰਹੇ ਹਨ?

ETV Bharat ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅਸੀਂ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਸ ਵਿੱਚ ਅਸੀਂ ਪੰਜਾਬੀ ਸਿਨੇਮਾ, ਪੰਜਾਬ ਪੁਲਿਸ, ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਮਨੋਵਿਗਿਆਨੀ ਨਾਲ ਗੱਲਬਾਤ ਕੀਤੀ ਹੈ ਅਤੇ ਜਿੰਨਾਂ ਨੇ ਇਸ ਪੂਰੇ ਮਾਮਲੇ ਨੂੰ ਸਮਝਣ ਲਈ ਸਾਡੀ ਮਦਦ ਕੀਤੀ ਹੈ।

ਇਹਨਾਂ ਮਾਮਲਿਆਂ ਵਿੱਚ ਸਾਂਝਾ ਕੀ ਹੈ?

ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਮੇਜਰ ਸਿੰਘ ਕਹਿੰਦੇ ਹਨ ਨੇ ETV Bharat ਨਾਲ ਗੱਲਬਾਤ ਕਰਦਿਆਂ ਦੱਸਿਆ:

“ਇਹਨਾਂ ਮਾਮਲਿਆਂ ਦੀ ਪੂਰੀ ਪਿਛੋਕੜ ਇੱਕੋਂ ਜਿਹੀ ਨਹੀਂ ਹੈ। ਇੱਕ ਮਾਮਲੇ ਵਿੱਚ ਸਮੱਗਰੀ ਨੂੰ ਲੈ ਕੇ ਕਥਿਤ ਮੋਰਲ ਪੁਲਿਸਿੰਗ ਸਾਹਮਣੇ ਆਈ, ਦੂਜੇ ਵਿੱਚ ਨਿੱਜੀ ਰਿਸ਼ਤੇ ਅਤੇ ਝਗੜੇ ਦੀ ਜਾਂਚ ਹੋ ਰਹੀ ਹੈ ਅਤੇ ਮੈਡ ਸੰਧੂ ਦੇ ਮਾਮਲੇ ਵਿੱਚ ਕਤਲ ਦਾ ਕਾਰਨ ਅਜੇ ਤੈਅ ਨਹੀਂ ਹੋਇਆ। ਪਰ ਇੱਕ ਸਾਂਝਾ ਪੱਖ ਜ਼ਰੂਰ ਨਜ਼ਰ ਆਉਂਦਾ ਹੈ ਸੋਸ਼ਲ ਮੀਡੀਆ ’ਤੇ ਬਣੀ ਜਨਤਕ ਪਛਾਣ ਨੇ ਇਨ੍ਹਾਂ ਵਿਅਕਤੀਆਂ ਦੀ ਨਿੱਜੀ ਜ਼ਿੰਦਗੀ ਨੂੰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਸੀ।”

ਸਾਬਕਾ ਡੀਐਸਪੀ ਮੇਜਰ ਸਿੰਘ ਕਹਿੰਦੇ ਹਨ: “ਇਨਫਲੂਐਂਸਰਾਂ ਲਈ ਵਾਇਰਲ ਹੋਣਾ ਹੀ ਉਨ੍ਹਾਂ ਦੇ ਕੰਮ ਦਾ ਵੱਡਾ ਹਿੱਸਾ ਹੈ। ਵਿਵਾਦਤ ਸਮੱਗਰੀ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ, ਟਿੱਪਣੀਆਂ ਅਤੇ ਵਿਰੋਧ ਵਧਦੇ ਹਨ ਅਤੇ ਕਈ ਵਾਰ ਔਨਲਾਈਨ ਬਹਿਸ ਨਿੱਜੀ ਪਛਾਣ ਨਾਲ ਜੁੜ ਜਾਂਦੀ ਹੈ। ਇੱਥੇ ਹੀ ਟ੍ਰੋਲਿੰਗ, ਧਮਕੀਆਂ, ਪਿੱਛਾ ਕਰਨ ਅਤੇ ਅਸਲ ਜ਼ਿੰਦਗੀ ਵਿੱਚ ਟਕਰਾਅ ਦਾ ਖਤਰਾ ਪੈਦਾ ਹੁੰਦਾ ਹੈ।”

‘ਵਾਇਰਲ’ ਹੋਣ ਦੀ ਦੌੜ ਵੀ ਖਤਰਾ ਵਧਾ ਰਹੀ ਹੈ?

ਸਾਬਕਾ ਡੀਐਸਪੀ ਮੇਜਰ ਸਿੰਘ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਧਿਆਨ ਹੀ ਸਭ ਤੋਂ ਵੱਡੀ ਤਾਕਤ ਹੈ। ਵੱਧ ਦਰਸ਼ਕਾਂ ਨਾਲ ਵੱਧ ਫਾਲੋਅਰ ਅਤੇ ਬ੍ਰਾਂਡਾਂ ਨਾਲ ਕੰਮ ਦੇ ਮੌਕੇ ਵੱਧਦੇ ਹਨ। ਇਸ ਕਰਕੇ ਕੁਝ ਕ੍ਰੀਏਟਰ ਅਜਿਹਾ ਕੰਟੈਂਟ ਵੀ ਬਣਾਉਂਦੇ ਹਨ, ਜੋ ਜ਼ਿਆਦਾ ਚਰਚਾ ਜਾਂ ਪ੍ਰਤੀਕਿਰਿਆ ਪੈਦਾ ਕਰੇ। ਪਰ ਇੱਥੇ ਇੱਕ ਹੱਦ ਵੀ ਹੈ। ਜਦੋਂ ਔਨਲਾਈਨ ਦਰਸ਼ਕ ਕਿਸੇ ਕ੍ਰੀਏਟਰ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਲੱਗਣ ਜਾਂ ਅਸਹਿਮਤੀ ਧਮਕੀ ਅਤੇ ਪਿੱਛਾ ਕਰਨ ਤੱਕ ਪਹੁੰਚ ਜਾਵੇ ਤਾਂ ਮਾਮਲਾ ਸਿਰਫ਼ ਸੋਸ਼ਲ ਮੀਡੀਆ ਵਿਵਾਦ ਨਹੀਂ ਰਹਿੰਦਾ।

ਉਨਾਂ ਕਿਹਾ ਕਿ ਮੈਡ ਸੰਧੂ ਮਾਮਲੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਕਿਸੇ ਸੋਸ਼ਲ ਮੀਡੀਆ ਕ੍ਰੀਏਟਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹੋਣ ਤਾਂ ਉਨ੍ਹਾਂ ਨੂੰ ਸਿਰਫ਼ ਔਨਲਾਈਨ ਵਿਵਾਦ ਮੰਨਿਆ ਜਾਵੇ ਜਾਂ ਇਸ ਨੂੰ ਸੁਰੱਖਿਆ ਦੇ ਪੱਖ ਤੋਂ ਵੀ ਦੇਖਿਆ ਜਾਵੇ? ਜੇ ਧਮਕੀ ਗੰਭੀਰ ਅਤੇ ਵਾਰ-ਵਾਰ ਮਿਲ ਰਹੀ ਹੈ ਤਾਂ ਉਸ ਦਾ ਰਿਕਾਰਡ ਰੱਖਣਾ, ਸਬੂਤ ਸੁਰੱਖਿਅਤ ਕਰਨਾ ਅਤੇ ਪੁਲਿਸ ਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ। ਇਸੇ ਤਰ੍ਹਾਂ ਕ੍ਰੀਏਟਰਾਂ ਲਈ ਵੀ ਆਪਣਾ ਘਰ, ਪਰਿਵਾਰ, ਰੋਜ਼ਾਨਾ ਦੀ ਰੁਟੀਨ ਅਤੇ ਲਾਈਵ ਟਿਕਾਣਾ ਬੇਲੋੜੇ ਤੌਰ ’ਤੇ ਜਨਤਕ ਨਾ ਕਰਨਾ ਸੁਰੱਖਿਆ ਦੇ ਪੱਖੋਂ ਮਹੱਤਵਪੂਰਨ ਹੈ।

ਮੇਜਰ ਸਿੰਘ ਕਹਿੰਦੇ ਹਨ ਕਿ ਇਸ ਸਮੱਸਿਆ ਦਾ ਹੱਲ ਇਹ ਨਹੀਂ ਕਿ ਵਿਵਾਦਿਤ ਕੰਟੈਂਟ ਬਣਾਉਣ ਵਾਲੇ ਕ੍ਰੀਏਟਰਾਂ ਨੂੰ ਚੁੱਪ ਕਰਵਾ ਦਿੱਤਾ ਜਾਵੇ। ਇਸੇ ਤਰ੍ਹਾਂ ਕਿਸੇ ਹਿੰਸਕ ਘਟਨਾ ਲਈ ਪੀੜਤ ਦੇ ਕੰਟੈਂਟ ਨੂੰ ਜ਼ਿੰਮੇਵਾਰ ਠਹਿਰਾਉਣਾ ਵੀ ਠੀਕ ਨਹੀਂ। ਅਸਹਿਮਤੀ ਦਾ ਜਵਾਬ ਕਾਨੂੰਨੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਹੈ।

ਸੋਸ਼ਲ ਮੀਡੀਆ ਇਨਫਲੂਐਂਸਰ ਕਿਉਂ ਬਣ ਰਹੇ ਨਿਸ਼ਾਨਾ?

ਕਾਂਊਸਲਰ ਮਨੋਵਿਗਿਆਨੀ (Counseling Psychologist) ਡਾਕਟਰ ਦਿਲਬਾਗ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਇੰਨਾਂ ਪ੍ਰਭਾਵਸ਼ਾਲੀ ਇਸ ਲਈ ਹੈ ਕਿਉਂਕਿ ਇਹ ਹਰ ਕਿਸੇ ਦੀ ਪਹੁੰਚ ਵਿੱਚ ਹੈ। ਇਸਦੀ ਕੋਈ ਉਮਰ ਸੀਮਾ (Age limit) ਨਹੀਂ ਹੈ ਅਤੇ ਹਰ ਵਰਗ, ਚਾਹੇ ਉਹ ਘੱਟ ਕਮਾਉਣ ਵਾਲਾ ਹੋਵੇ ਜਾਂ ਵੱਧ, ਆਸਾਨੀ ਨਾਲ ਇਸਦੀ ਵਰਤੋਂ ਕਰ ਸਕਦਾ ਹੈ।

ਮਨੋਵਿਗਿਆਨਕ ਪਹਿਲੂ ਬਾਰੇ ਗੱਲਬਾਤ ਕਰਦਿਆਂ ਡਾਕਟਰ ਦਿਲਬਾਗ ਕਹਿੰਦੇ ਹਨ ਕਿ ਛੋਟੀਆਂ ਰੀਲਾਂ (Reels) ਅਤੇ ਵੀਡੀਓਜ਼ ਦੇਖਣ ਜਾਂ ਬਣਾਉਣ ਨਾਲ ਲੋਕਾਂ ਨੂੰ ਇੱਕ ਰੁਮਾਂਚ ਅਤੇ ਡੋਪਾਮਾਈਨ ਮਿਲਦਾ ਹੈ। ਜਦੋਂ ਕਿਸੇ ਇਨਫਲੂਐਂਸਰ ਨੂੰ ਜ਼ਿਆਦਾ ਲਾਈਕਸ ਅਤੇ ਕਮੈਂਟਸ ਮਿਲਦੇ ਹਨ ਤਾਂ ਉਹ ਹੋਰ ਜ਼ਿਆਦਾ ਸਨਸਨੀਖੇਜ਼ ਅਤੇ ‘ਅਨ-ਐਕਸੈਪਸ਼ਨਲ’ ਸਮੱਗਰੀ ਬਣਾਉਣ ਲਈ ਪ੍ਰੇਰਿਤ ਹੁੰਦਾ ਹੈ ਤਾਂ ਜੋ ਉਸਦੀ ਪ੍ਰਸਿੱਧੀ ਅਤੇ ਕਮਾਈ (Monetization) ਵੱਧ ਸਕੇ। ਉਹਨਾਂ ਦੱਸਿਆ ਕਿ ਹਰ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ।

ਉਨਾਂ ਅੱਗੇ ਦੱਸਿਆ ਕਿ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਕਿਸੇ ਦੂਜੇ ਵਿਅਕਤੀ ਦੇ ਵੱਖਰੇ ਵਿਚਾਰਾਂ ਜਾਂ ਰਹਿਣ-ਸਹਿਣ ਦੇ ਤਰੀਕੇ ਨੂੰ ਸਵੀਕਾਰ ਨਹੀਂ ਕਰ ਪਾਉਂਦਾ। ਜੇਕਰ ਕੋਈ ਆਪਣੇ ਆਪ ਨੂੰ ਇੱਕ ਵੱਖਰੇ ਢੰਗ ਨਾਲ ਪੇਸ਼ ਕਰਦਾ ਹੈ (ਜਿਵੇਂ ਕਿ ਮੈਡ ਸੰਧੂ ਦੇ ਮਾਮਲੇ ਵਿੱਚ), ਤਾਂ ਲੋਕ ਇਸਨੂੰ ਆਪਣੇ ਸੱਭਿਆਚਾਰ ਜਾਂ ਮਰਿਆਦਾ ‘ਤੇ ਹਮਲਾ ਮੰਨਣ ਲੱਗ ਜਾਂਦੇ ਹਨ, ਜਿਸ ਨਾਲ ਹਿੰਸਾ ਦਾ ਖਤਰਾ ਵੱਧ ਜਾਂਦਾ ਹੈ।

ਕਾਂਊਸਲਰ ਮਨੋਵਿਗਿਆਨੀ ਕਹਿੰਦੇ ਹਨ ਕਿ ਅਜਿਹੀ ਸਮੱਸਿਆ ਨਾਲ ਨਜਿੱਠਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਸੋਸ਼ਲ ਮੀਡੀਆ ਅਤੇ ਸਮਾਜ ਵਿਚ ਤਾਲਮੇਲ ਬਣਾਇਆ ਜਾ ਸਕੇ। ਹਿੰਸਾ ਜਾਂ ਧਮਕੀਆਂ ਨਾਲ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਕੂਲਾਂ, ਕਾਲਜਾਂ ਅਤੇ ਸਮਾਜਿਕ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਅਤੇ ਸੰਵੇਦਨਸ਼ੀਲ (Sensitize) ਕਰਨ ਦੀ ਲੋੜ ਹੈ। ਸਾਨੂੰ ਦੂਜਿਆਂ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਵੱਖਰੇ ਹੋਣ ਨੂੰ ਸਵੀਕਾਰ (Accept) ਕਰਨਾ ਸਿੱਖਣਾ ਪਵੇਗਾ, ਤਾਂ ਹੀ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।

ਕਿਉਂ ਫਿੱਟ ਨਹੀਂ ਬੈਠ ਰਿਹਾ ਸੋਸ਼ਲ ਮੀਡੀਆ ਅਤੇ ਸਮਾਜ ਦਾ ਤਾਣਾ ਬਾਣਾ?

ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਸਾਈਬਰ ਮਾਮਲਿਆਂ ਦੇ ਮਾਹਿਰ ਸਿਮਰਨਜੀਤ ਸਿੰਘ ਕਹਿੰਦੇ ਹਨ:

“ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਨਫਲੂਐਂਸਰ ਹਨ, ਜਿਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਚੰਗੀ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਪਰ ਜਿਨ੍ਹਾਂ ਕੁਝ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਦਾ ਤਰੀਕਾ ਅਤੇ ਸਮੱਗਰੀ ਸਮਾਜਿਕ ਅਤੇ ਸੱਭਿਆਚਾਰਕ ਮਾਪਦੰਡਾਂ ਦੇ ਅਨੁਕੂਲ ਨਹੀਂ ਹੈ। ਜਿਸ ਵੀ ਖਿੱਤੇ ਵਿੱਚ ਰਹੀਏ, ਉੱਥੋਂ ਦੇ ਕਲਚਰ ਨੂੰ ਫੋਲੋ ਕਰਨਾ ਪੈਂਦਾ ਹੈ। ਇਹ ਚੋਣਵੇਂ ਲੋਕ ਪੰਜਾਬ ਦੇ ਸੱਭਿਆਚਾਰ ਦੀਆਂ ਮੂਲ ਭਾਵਨਾਵਾਂ ਦੇ ਉਲਟ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੀ ਅਸਲ ਪਛਾਣ ਅਤੇ ਦਿਖਾਵੇ ਵਿੱਚ ਵੀ ਫ਼ਰਕ ਸੀ।”

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਮੇਂ ਸਿਰ ਸਰਕਾਰ ਅਤੇ ਪ੍ਰਸ਼ਾਸਨ ਨੇ ਅਜਿਹੇ ਅਨਸਰਾਂ ‘ਤੇ ਬਣਦੀ ਕਾਰਵਾਈ ਕੀਤੀ ਹੁੰਦੀ, ਤਾਂ ਇਹ ਕਤਲ ਦੀ ਨੌਬਤ ਨਹੀਂ ਸੀ ਆਉਣੀ। ਦੂਜੇ ਪਾਸੇ, ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਗੈਂਗਸਟਰ ਵੀ ਖ਼ੁਦ ਨੂੰ ‘ਰੋਬਿਨ ਹੁੱਡ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਸਿਰਫ਼ ਸਟੇਟ (ਸਰਕਾਰ) ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਮਕਸਦ ਕੋਈ ਸਮਾਜਿਕ ਸੁਧਾਰ ਜਾਂ ਧਾਰਮਿਕ ਕਾਰਜ ਨਹੀਂ, ਬਲਕਿ ਸਮਾਜ ਵਿੱਚ ਖ਼ੌਫ਼ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਫ਼ਰੌਤੀਆਂ ਉਗਰਾਹੁਣਾ ਹੈ।

ਸੀਨੀਅਰ ਵਕੀਲ ਸਿਮਰਨਜੀਤ ਸਿੰਘ ਕਹਿੰਦੇ ਹਨ ਕਿ ਜੇਕਰ ਭਵਿੱਖ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ, ਤਾਂ ਇੰਟੈਲੀਜੈਂਸ ਏਜੰਸੀਆਂ ਦੀਆਂ ਇਨਪੁਟਸ ਦੇ ਆਧਾਰ ‘ਤੇ ਸਟੇਟ ਨੂੰ ਤੁਰੰਤ, ਸਖ਼ਤ ਅਤੇ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ। ਸਮਾਜ ਵਿੱਚ ਗੰਦ ਖਿਲਾਰਨ ਵਾਲੇ ਅਤੇ ਹਿੰਸਕ ਐਂਟੀ-ਸੋਸ਼ਲ ਐਲੀਮੈਂਟਸ ਵਿਰੁੱਧ ਵਿਸ਼ੇਸ਼ ਟੀਮਾਂ ਬਣਾ ਕੇ ਤਰੁੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਵੀ ਹਿੰਸਾ ਕਰਨ ਦਾ ਮੌਕਾ ਨਾ ਮਿਲੇ।

ਸੋਸ਼ਲ ਮੀਡੀਆ ਨਿਯਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਹਾਲਾਂਕਿ, ਪਲੇਟਫ਼ਾਰਮ ਇਹ ਦਾਅਵਾ ਕਰਦੇ ਹਨ ਕਿ ਇਹ ਮੰਚ ਸਿਰਫ਼ ਸੋਸ਼ਲ ਬਾਂਡਿੰਗ ਲਈ ਹਨ, ਪਰ ਲੀਗਲ ਫ਼ੋਰਮਾਂ ਅਤੇ ਸੈਂਸਰ ਬੋਰਡਾਂ ਵਰਗੀਆਂ ਸੰਸਥਾਵਾਂ ਦੀ ਕਾਰਜਪ੍ਰਣਾਲੀ ‘ਚ ਵੀ ਪਾਰਦਰਸ਼ਤਾ ਦੀ ਘਾਟ ਹੈ, ਜਿੱਥੇ ਰੋਕਣਯੋਗ ਸਮੱਗਰੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਅਤੇ ਜ਼ਰੂਰੀ ਚੀਜ਼ਾਂ ‘ਤੇ ਬੈਨ ਲਗਾ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਸਰਕਾਰ ਅਤੇ ਸਟੇਟ ਮਸ਼ੀਨਰੀ ਵੱਲੋਂ ਜਿਸ ਪੱਧਰ ਦੀ ਜ਼ਿੰਮੇਵਾਰੀ ਦੀ ਲੋੜ ਹੈ, ਉਹ ਨਜ਼ਰ ਨਹੀਂ ਆ ਰਹੀ।

ਇਸ ਨੂੰ ਸਿਨੇਮਾ ਦੇ ਪੱਖ ਤੋਂ ਸਮਝਣ ਦੀ ਕੋਸ਼ਿਸ ਕਰਦੇ ਹੋਏ ਅਸੀਂ ਪੰਜਾਬੀ ਸਿਨੇਮਾ ਨਾਲ ਜੁੜੀਆਂ ਹਸਤੀਆਂ ਨਾਲ ਗੱਲਬਾਤ ਕੀਤੀ, ਬਾਲੀਵੁੱਡ-ਬਾਲੀਵੁੱਡ ਫਿਲਮਾਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾ ਚੁੱਕੇ ਅਦਾਕਾਰ ਦਰਸ਼ਨ ਔਲਖ ਕਹਿੰਦੇ ਹਨ:

“ਇਸ ਤਰ੍ਹਾਂ ਦੇ ਸਿਲਸਿਲੇ ਨੂੰ ਅਤਿ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ, ਪਰ ਇਸ ਦੇ ਨਾਲ ਸੋਸ਼ਲ ਪਲੇਟਫ਼ਾਰਮ ਉਪਰ ਅਸ਼ਲੀਲ ਅਤੇ ਦੋਅਰਥੀ ਕੰਟੈਂਟ ਦਾ ਸਹਾਰਾ ਲੈ ਰਹੇ ਇਨਫਲੂਐਂਸਰ ਨੂੰ ਵੀ ਇਸ ਦਿਸ਼ਾ ਵਿੱਚ ਅਪਣਾ ਰੁਖ਼ ਬਦਲਣਾ ਚਾਹੀਦਾ ਹੈ ਅਤੇ ਜਲਦੀ ਸ਼ੋਹਰਤ ਲਈ ਇਸ ਤਰ੍ਹਾਂ ਦੇ ਹੱਥਕੰਡਿਆ ਨੂੰ ਅਪਨਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।”

ਸਾਲ 2019 ਵਿੱਚ ਆਈ ਅਤੇ ਕਾਮਯਾਬ ਰਹੀ ‘ਬਲੈਕੀਆ’ ‘ਚ ਨਿਭਾਈ ਮਹੱਤਵਪੂਰਨ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਅਦਾਕਾਰ–ਨਿਰਦੇਸ਼ਕ ਪ੍ਰਮੋਦ ਪੱਬੀ ਅਨੁਸਾਰ:

“ਭਾਰਤ ਦਾ ਸੰਵਿਧਾਨ ਬੋਲਣ ਅਤੇ ਖੁੱਲੇ ਪ੍ਰਗਟਾਵੇ ਦੀ ਅਜ਼ਾਦੀ ਦਿੰਦਾ ਹੈ, ਪਰ ਇਸ ਦੇ ਬਾਵਜੂਦ ਸਾਨੂੰ ਸਾਰਿਆਂ ਨੂੰ ਅਪਣੀਆਂ ਪੁਰਾਤਨ ਕਦਰਾਂ–ਕੀਮਤਾਂ ਅਤੇ ਪਰਿਵਾਰਿਕ ਸੰਸਕਾਰਾਂ ਦਾ ਪੱਲਾ ਨਹੀਂ ਛੱਡਣਾ ਚਾਹੀਦਾ, ਜਦਕਿ ਡਿਜੀਟਲ ਹੋ ਚੁੱਕੇ ਇਸ ਯੁੱਗ ਵਿੱਚ ਹਰ ਪਾਸੇ ਇਸ ਸਭ ਕਾਸੇ ਦੀਆਂ ਧੱਜੀਆਂ ਉੱਡ ਰਹੀਆਂ ਹਨ, ਹਰ ਕੋਈ ਪਲਾਂ ਛਿਣਾਂ ‘ਚ ਸਟਾਰ ਸਟੇਟਸ ਹਾਸਿਲ ਕਰਨ ਦੀ ਦੌੜ ‘ਚ ਲੱਗਿਆ ਨਜ਼ਰੀ ਆ ਰਿਹਾ ਹੈ, ਜਿਸ ਦੇ ਹਾਂ ਅਤੇ ਨਾਂਹ ਪੱਖੀ ਨਤੀਜਿਆਂ ਵਿੱਚੋਂ ਹੀ ਉੱਭਰ ਰਹੇ ਹਨ ਉਕਤ ਘਟਨਾਕ੍ਰਮ, ਜਿਸ ਸੰਬੰਧਤ ਅਪਣਾਏ ਜਾ ਰਹੇ ਖਤਰਨਾਕ ਰਵੱਈਏ ਨੂੰ ਕਿਸੇ ਵੀ ਪੱਖੋਂ ਸਹੀ ਨਹੀਂ ਕਿਹਾ ਜਾ ਸਕਦਾ।”

ਸੰਗੀਤ ਅਤੇ ਸਿਨੇਮਾ ਬੁੱਧੀਜੀਵੀ ਦਲਜੀਤ ਸਿੰਘ ਅਰੋੜਾ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਕਹਿੰਦੇ ਹਨ:

“ਅਜੋਕੇ ਹਾਲਾਤ ਬਹੁਤ ਹੀ ਚਿੰਤਾਜਨਕ ਰੁਖ਼ ਅਖ਼ਤਿਆਰ ਕਰ ਰਹੇ ਹਨ, ਜਿਸ ਨੂੰ ਲੈ ਕੇ ਕਲਾ, ਸੰਗੀਤ, ਸਿਨੇਮਾ ਜਗਤ ਨੂੰ ਵੀ ਅੱਗੇ ਆ ਕੇ ਖੁਦ ਕੁਝ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ, ਜਿਸ ਅਧੀਨ ਗੈਰ–ਮਿਆਰੀ ਅਤੇ ਹਥਿਆਰਾਂ, ਗੈਂਗਸਟਰ ਕਲਚਰ ਨੂੰ ਗਲੋਰੀਫਾਈ ਕਰਦੇ ਕੰਟੈਂਟ ਦੇ ਸਿਲਸਿਲੇ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਇਹੀ ਸਭ ਨੌਜਵਾਨ ਵਰਗ ਨੂੰ ਸੋਸ਼ਲ ਪਲੇਟਫ਼ਾਰਮ ਉਪਰ ਕੁਰਾਹੇ ਪਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ, ਦੂਜੇ ਪਾਸੇ ਇਨਫਲੂਐਂਸਰ ਨੂੰ ਵੀ ਅਪਣੀ ਭੜਕਾਹਟ ਪੈਦਾ ਕਰਦੀ ਅਪਣੀ ਅਸ਼ਲੀਲ ਸਮੱਗਰੀ ਪਰੋਸਣ ਤੋਂ ਟਾਲਾ ਵੱਟਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਉਨਾਂ ਵੱਲ ਉਂਗਲ ਨਾ ਚੁੱਕ ਸਕੇ।”

ਉੱਪਰ ਕੀਤੀ ਪੂਰੀ ਚਰਚਾ ਜਦੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਅੱਜ ਸਿਰਫ਼ ਮਨੋਰੰਜਨ ਜਾਂ ਆਪਣੀ ਪਛਾਣ ਬਣਾਉਣ ਦਾ ਮੰਚ ਨਹੀਂ ਰਿਹਾ, ਸਗੋਂ ਇਹ ਪ੍ਰਭਾਵ ਅਤੇ ਪਹੁੰਚ ਦਾ ਇੱਕ ਵੱਡਾ ਸਾਧਨ ਬਣ ਚੁੱਕਾ ਹੈ। ਪਰ ਜਦੋਂ ਵਾਇਰਲ ਹੋਣ ਦੀ ਦੌੜ, ਵਿਵਾਦਤ ਕੰਟੈਂਟ, ਔਨਲਾਈਨ ਧਮਕੀਆਂ ਅਤੇ ਨਿੱਜੀ ਰੰਜਿਸ਼ਾਂ ਦੀ ਹੱਦ ਪਾਰ ਹੋ ਕੇ ਹਿੰਸਾ ਤੱਕ ਪਹੁੰਚੇ ਤਾਂ ਇਹ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਮੈਡ ਸੰਧੂ ਸਮੇਤ ਇਨ੍ਹਾਂ ਮਾਮਲਿਆਂ ਤੋਂ ਸਵਾਲ ਸਿਰਫ਼ ਇਨਫਲੂਐਂਸਰਾਂ ਦੀ ਜ਼ਿੰਮੇਵਾਰੀ ‘ਤੇ ਨਹੀਂ, ਬਲਕਿ ਸਮਾਜ ਦੀ ਸਹਿਣਸ਼ੀਲਤਾ, ਪ੍ਰਸ਼ਾਸਨ ਦੀ ਚੌਕਸੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ‘ਤੇ ਵੀ ਖੜ੍ਹੇ ਹੁੰਦੇ ਹਨ। ਕੰਟੈਂਟ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਇਸ ਦਾ ਜਵਾਬ ਕਦੇ ਵੀ ਧਮਕੀ ਜਾਂ ਹਿੰਸਾ ਨਹੀਂ ਹੋ ਸਕਦਾ।

ETV BHARAT


Share

Filed Under: Governance & Politics, Politics, Stories & Articles

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

‘We Will Do It’: PM Modi’s Clarion Call As He Completes 25 Years in Public Office

October 7, 2026 By News Bureau

Saudi Arabia ਦੀ ਜੇਲ੍ਹ ’ਚ ਬੰਦ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ

October 7, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Targeted Killings Put Punjab Police in a Spot Ahead of Polls
  • ‘We Will Do It’: PM Modi’s Clarion Call As He Completes 25 Years in Public Office
  • Saudi Arabia ਦੀ ਜੇਲ੍ਹ ’ਚ ਬੰਦ ਦੋ ਪੰਜਾਬੀਆਂ ਨੂੰ ਮੌਤ ਦੀ ਸਜ਼ਾ
  • ਲਾਰਿਆਂ ਤੋਂ ਅੱਕੇ ਕੰਪਿਊਟਰ ਅਧਿਆਪਕਾਂ ਵੱਲੋਂ ਮੁਜ਼ਾਹਰਾ
  • ਪੰਜਾਬ ; ਚਿੱਟੇ ਨਾਲ ਫੜਿਆ ਗਿਆ ਕਾਂਸਟੇਬਲ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive