ਵਿਰੋਧੀ ਧਿਰਾਂ ਨੇ ਸਰਕਾਰ ਦੇ ਵਧੀਆ ਸਿਹਤ ਸੇਵਾਵਾਂ ਦੇ ਦਾਅਵਿਆਂ ’ਤੇ ਸਵਾਲ ਚੁੱਕੇ
09 ਅਕਤੂਬਰ, 2026 – ਖੰਨਾ : ਇਥੇ ਸਿਵਲ ਹਸਪਤਾਲ ਦੀ ਵਾਇਰਲ ਵੀਡੀਓ ’ਚ ਜ਼ਖਮੀ ਜ਼ਮੀਨ ’ਤੇ ਘਿਸਰਦਾ ਐਮਰਜੈਂਸੀ ਵਾਰਡ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਜ਼ਖਮੀ ਮਰੀਜ਼ ਆਪਣੀ ਪਤਨੀ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ ਸੀ ਪਰ ਉਸ ਨੂੰ ਵ੍ਹੀਲਚੇਅਰ ਨਹੀਂ ਮਿਲੀ ਉਪਰੰਤ ਉਹ ਮਜਬੂਰੀ ’ਚ ਜ਼ਮੀਨ ’ਤੇ ਘਿਸੜਦਾ ਹੋਇਆ ਐਮਰਜੈਂਸੀ ਵਾਰਡ ਤੱਕ ਪਹੁੰਚਿਆ। ਵਿਰੋਧੀ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ’ਤੇ ਨਿਸ਼ਾਨਾ ਸਾਧਿਆ।
ਅਮਲੋਹ ਰੋਡ ਵਾਸੀ ਇਮਰਾਨ ਕੁਝ ਸਮਾਂ ਪਹਿਲਾਂ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਇਲਾਜ ਖੰਨਾ ਸਿਵਲ ਹਸਪਤਾਲ ਤੋਂ ਚੱਲ ਰਿਹਾ ਹੈ। ਉਹ ਆਪਣੀ ਪਤਨੀ ਨਾਲ ਮੁੜ ਇਲਾਜ ਲਈ ਹਸਪਤਾਲ ਪਹੁੰਚਿਆ। ਇਮਰਾਨ ਨੂੰ ਤੁਰਨ ’ਚ ਕਾਫੀ ਦਿੱਕਤ ਸੀ। ਉਸ ਦੀ ਪਤਨੀ ਐਮਰਜੈਂਸੀ ਵਾਰਡ ’ਚ ਵ੍ਹੀਲਚੇਅਰ ਲੈਣ ਲਈ ਗਈ ਪਰ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਵ੍ਹੀਲਚੇਅਰ ਮੁਹੱਈਆ ਨਹੀਂ ਕਰਵਾਈ ਗਈ। ਇਸ ਮਗਰੋਂ ਇਮਰਾਨ ਖੁਦ ਹੀ ਜ਼ਮੀਨ ’ਤੇ ਬੈਠ ਕੇ ਅਤੇ ਘਿਸੜਦਾ ਹੋਇਆ ਐਮਰਜੈਂਸੀ ਵਾਰਡ ਵੱਲ ਜਾਣ ਲੱਗ ਪਿਆ। ਹਸਪਤਾਲ ’ਚ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਖੰਨਾ ਸਿਵਲ ਹਸਪਤਾਲ ’ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਖੰਨਾ ਦਾ ਸਿਵਲ ਹਸਪਤਾਲ ਸਫੈਦ ਹਾਥੀ ਸਾਬਤ ਹੋ ਚੁੱਕਾ ਹੈ।
ਜਾਂਚ ਦੇ ਹੁਕਮ ਦਿੱਤੇ: ਅਧਿਕਾਰੀ
ਕਾਰਜਕਾਰੀ ਸਿਵਲ ਸਰਜਨ ਡਾ. ਹਰਿੰਦਰ ਸੂਦ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ ਖੰਨਾ ਦੇ ਐੱਸ ਐੱਮ ਓ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਲੋੜਵੰਦ ਮਰੀਜ਼ਾਂ ਲਈ ਵ੍ਹੀਲਚੇਅਰ ਦਾ ਪ੍ਰਬੰਧ ਲਾਜ਼ਮੀ ਤੌਰ ’ਤੇ ਯਕੀਨੀ ਬਣਾਇਆ ਜਾਵੇ।
ਪੰਜਾਬੀ ਟ੍ਰਿਬਯੂਨ