ਮੀਂਹ ਨੇ ਅੱਜ ਡੱਬਵਾਲੀ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸਾਵਧਾਨੀ ਵਜੋਂ ਇਸ ਨੂੰ ਬੰਦ ਕਰਵਾਉਣਾ ਪਿਆ। ਕਰੋੜਾਂ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ…
12 ਅਕਤੂਬਰ, 2026 – ਡੱਬਵਾਲੀ : ਮੀਂਹ ਨੇ ਅੱਜ ਡੱਬਵਾਲੀ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਵਿਚਕਾਰ ਸਥਿਤ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸਾਵਧਾਨੀ ਵਜੋਂ ਇਸ ਨੂੰ ਬੰਦ ਕਰਵਾਉਣਾ ਪਿਆ। ਕਰੋੜਾਂ ਰੁਪਏ ਦੇ ਬਜਟ ਵਾਲੀ ਨਗਰ ਕੌਂਸਲ ਅੱਜ ਤੱਕ ਅੰਡਰਬ੍ਰਿਜ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਹੀਂ ਕਰ ਸਕੀ। ਹਰ ਵਾਰ ਮੀਂਹ ਪੈਣ ’ਤੇ ਇਸ ਨੂੰ ਆਰਜ਼ੀ ਤੌਰ ’ਤੇ ਬੰਦ ਕਰਵਾ ਦਿੱਤਾ ਜਾਂਦਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਸਾਰੀ ਅਧੀਨ ਮੁੱਖ ਬਾਜ਼ਾਰ, ਬੱਸ ਸਟੈਂਡ ਰੋਡ, ਸਿਲਵਰ ਜੁਬਲੀ ਚੌਕ, ਮਲੋਟ ਰੋਡ, ਕਾਲੋਨੀ ਰੋਡ ਅਤੇ ਇੰਪਰੂਵਮੈਂਟ ਟਰੱਸਟ ਪਾਰਕ ਕਲੋਨੀ ਸਣੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ। ਕਈ ਦੁਕਾਨਾਂ ਅਤੇ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਰਾਮਲੀਲਾ ਮੈਦਾਨ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਰਾਮਲੀਲਾ ਦੀ ਸਟੇਜ ਨੂੰ ਵੀ ਨੁਕਸਾਨ ਪੁੱਜਿਆ। ਵਾਰਡ ਨੰਬਰ 15 ਵਿੱਚ ਸਵਾਮੀ ਦਇਆਨੰਦ ਸਕੂਲ ਨੇੜੇ ਹਾਲ ਹੀ ਵਿੱਚ ਲਾਏ ਬਿਜਲੀ ਦੇ ਖੰਭੇ ਹੇਠੋਂ ਮਿੱਟੀ ਖਿਸਕਣ ਕਾਰਨ ਨਾਲ ਲੱਗਦੇ ਮਕਾਨ ਦੀ ਨੀਂਹ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਵਾਰਡ ਦੀ ਇੰਪਰੂਵਮੈਂਟ ਟਰੱਸਟ ਕਲੋਨੀ ਦੇ ਪਾਰਕ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਜ਼ਮੀਨਦੋਜ਼ ਨਿਕਾਸੀ ਸਿਸਟਮ ਵੀ ਨਾਕਾਮ ਸਾਬਤ ਹੋਇਆ।
ਮਾਨਸਾ (ਪੱਤਰ ਪ੍ਰੇਰਕ): ਅੱਜ ਸਵੇਰ ਤੋਂ ਰੁਕ ਰੁਕ ਪੈਂਦੇ ਮੀਂਹ ਨੇ ਮਾਨਸਾ ਸ਼ਹਿਰ ਨੂੰ ਜਲਥਲ ਕਰ ਦਿੱਤਾ। ਗਲੀਆਂ-ਨਾਲੀਆਂ, ਮੁੱਖ ਬਾਜ਼ਾਰਾਂ, ਰਸਤੇ ਪਾਣੀ ਵਿੱਚ ਘਿਰ ਗਏ ਅਤੇ ਮੀਂਹ ਦੇ ਪਾਣੀ ਨਾਲ ਆਮ ਜਨ-ਜੀਵਨ ਅਤੇ ਬਾਜ਼ਾਰਾਂ ਦਾ ਕਾਰੋਬਾਰ ਠੱਪ ਰਿਹਾ। ਬਹੁਤੀਆਂ ਦੁਕਾਨਾਂ ਬੰਦ ਰਹੀਆਂ। ਮਾਨਸਾ ਦੇ ਬੱਸ ਅੱਡੇ ਨੇੜੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਭਰੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ। ਸ਼ਹਿਰ ਦਾ ਸਿਨੇਮਾ ਰੋਡ, ਵਾਰਡ ਨੰਬਰ 7 ਅਤੇ 8 ਤੋਂ ਇਲਾਵਾ ਅੰਡਰਬ੍ਰਿਜ, ਬਾਬਾ ਭਾਈ ਗੁਰਦਾਸ ਰੋਡ ਆਦਿ ਸੜਕਾਂ ਵੀ ਪਾਣੀ ਨਾਲ ਭਰ ਗਈਆਂ। ਬਾਜ਼ਾਰਾਂ ਵਿੱਚ ਭਰਿਆ ਪਾਣੀ ਦੇਰ ਸ਼ਾਮ ਤੱਕ ਵੀ ਨਿਕਲ ਨਾ ਸਕਿਆ।
ਅਬੋਹਰ (ਪੱਤਰ ਪ੍ਰੇਰਕ): ਇੱਥੇ ਪਏ ਮੀਂਹ ਨੇ ਅਬੋਹਰ ਦੀ ਮੈਟਰੋ ਕਲੋਨੀ ਵਿੱਚ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਲੋਨੀ ਦੇ ਮੁੱਖ ਗੇਟ ਨੇੜੇ ਸੜਕ ਧੱਸਣ ਅਤੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਹਾਲਾਤ ਅਜਿਹੇ ਬਣ ਗਏ ਕਿ ਕਾਰਾਂ ਸਣੇ ਵੱਡੇ ਵਾਹਨਾਂ ਦੇ ਪਹੀਏ ਚਿੱਕੜ ਅਤੇ ਮਿੱਟੀ ਵਿੱਚ ਧਸ ਗਏ। ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੋਨੀ ਵਾਸੀਆਂ ਨੇ ਕਿਹਾ ਕਿ 18 ਸਾਲ ਬੀਤ ਜਾਣ ਦੇ ਬਾਵਜੂਦ ਉਹ ਪੀਣ ਵਾਲੇ ਸਾਫ਼ ਪਾਣੀ, ਪੱਕੀਆਂ ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਮੈਟਰੋ ਕਲੋਨੀ ਦੇ ਚੇਅਰਮੈਨ ਅੰਗਰੇਜ਼ ਮੇਘਵਾਲ ਅਤੇ ਪ੍ਰਧਾਨ ਪ੍ਰਵੀਨ ਫ਼ੌਜੀ ਨੇ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
ਪੰਜਾਬੀ ਟ੍ਰਿਬਯੂਨ