ਚੋਰੀ ਦੀਆਂ 96 ਗੱਡੀਆਂ ਬਰਾਮਦ; ਜੀ.ਟੀ.ਏ. ਵਿੱਚ 45 ਲੱਖ ਡਾਲਰ ਦੇ ਅੰਤਰਰਾਸ਼ਟਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼
17 ਨਵੰਬਰ, 2026 – ਵਿੰਨੀਪੈੱਗ : ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੀਲ ਰਿਜਨਲ ਪੁਲੀਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐੱਸ ਏ) ਨੇ ਸਾਂਝੀ ਕਾਰਵਾਈ ਦੌਰਾਨ ਦੋ ਪੰਜਾਬੀ ਨੌਜਵਾਨਾਂ ਸਮੇਤ ਕੁੱਲ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ 231 ਸੰਗੀਨ ਦੋਸ਼ ਆਇਦ ਕਰਦਿਆਂ ਕਰੀਬ 4.5 ਮਿਲੀਅਨ ਡਾਲਰ (45 ਲੱਖ ਡਾਲਰ) ਮੁੱਲ ਦੀਆਂ 96 ਚੋਰੀ ਦੀਆਂ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਹਨ।
ਪੁਲੀਸ ਵੱਲੋਂ ਜਾਰੀ ਕੀਤੀ ਗਈ ਗ੍ਰਿਫ਼ਤਾਰ ਮੁਲਜ਼ਮਾਂ ਦੀ ਸੂਚੀ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕਰਮਵੀਰ ਸਿੰਘ (26) ਵਾਸੀ ਬਰੈਂਪਟਨ ਅਤੇ ਜਸਪ੍ਰੀਤ ਸਿੰਘ (25) (ਬਿਨਾਂ ਕਿਸੇ ਪੱਕੇ ਪਤੇ ਤੋਂ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਕਰਮਵੀਰ ਸਿੰਘ ਖ਼ਿਲਾਫ਼ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਚਾਰ ਅਤੇ 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਸਾਮਾਨ ਦੀ ਤਸਕਰੀ ਕਰਨ ਦੇ ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਜਸਪ੍ਰੀਤ ਸਿੰਘ ਖ਼ਿਲਾਫ਼ ਇਨ੍ਹਾਂ ਦੋਵਾਂ ਧਾਰਾਵਾਂ ਤਹਿਤ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਬਾਕੀ ਮੁਲਜ਼ਮਾਂ ਵਿੱਚ ਸਟੈਨਲੀ ਉਦੇਹ (46) ਵਾਸੀ ਬਰੈਂਪਟਨ, ਟੋਰਾਂਟੋ ਵਾਸੀ ਓਡੇਵਾਲੇ ਅਬਰਾਹਮ (57), ਓਲੁਯੇਮੀ ਸੋਦਾਦੇ (51), ਟੋਸਿਨ ਡੈਮੀਲੋਲਾ ਓਏਬਾਦੇ (45), ਓਲੁਵਾਸੇਈ ਓਲਾਵਾਲੇ ਬਾਮੇਕੇ (39), ਓਲੁਸ਼ੋਲਾ ਓਕੇ (42), ਵੌਨ ਵਾਸੀ ਗਬੋਲਾਹਾਨ ਕੁਦੁਸ ਬਾਬਾਤੁੰਦੇ (29), ਕਿਊਬਿਕ ਦੇ ਸੇਂਟ ਜੇਰੋਮ ਵਾਸੀ ਡੈਰਿਲ ਡੇਵਾਂਸ (25), ਅਤੇ ਬਿਨਾਂ ਕਿਸੇ ਪੱਕੇ ਪਤੇ ਵਾਲੇ ਹੈਨਰਿਕ ਗੈਂਕਜ਼ (57) ਤੇ ਕੈਨੇਥ ਓਕਾਫੋਰ (58) ਸ਼ਾਮਲ ਹਨ।
ਪੁਲੀਸ ਵੱਲੋਂ ਇਸ ਵਿਸ਼ੇਸ਼ ਮੁਹਿੰਮ ਨੂੰ ‘ਪ੍ਰੋਜੈਕਟ ਕੈਡੇਟਾ’ ਦਾ ਨਾਮ ਦਿੱਤਾ ਗਿਆ ਸੀ, ਜਿਸ ਦੀ ਸ਼ੁਰੂਆਤ ਮਾਰਚ 2026 ਵਿੱਚ ਬਰੈਂਪਟਨ ਦੀ ਕੈਡੇਟਾ ਰੋਡ ਸਥਿਤ ਇੱਕ ਗੁਦਾਮ ਦੀ ਨਿਗਰਾਨੀ ਨਾਲ ਹੋਈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਟਿਕਾਣੇ ਦੀ ਵਰਤੋਂ ਚੋਰੀ ਕੀਤੇ ਵਾਹਨਾਂ ਨੂੰ ਲੁਕਾਉਣ ਅਤੇ ਸਮੁੰਦਰੀ ਕੰਟੇਨਰ ਵਿੱਚ ਲੋਡ ਕਰਕੇ ਕੈਨੇਡੀਅਨ ਬੰਦਰਗਾਹਾਂ ਰਾਹੀਂ ਪੱਛਮੀ ਅਫ਼ਰੀਕਾ ਭੇਜਣ ਲਈ ਕੀਤੀ ਜਾ ਰਹੀ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਇਸ ਨੈੱਟਵਰਕ ਨੂੰ ਪੰਜ ਮੁੱਖ ਸਰਗਨੇ ਚਲਾ ਰਹੇ ਸਨ, ਜਦਕਿ ਬਾਕੀ ਸਾਥੀ ਗੱਡੀਆਂ ਦੇ ਜਾਅਲੀ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਤਿਆਰ ਕਰਨ, ਕੰਟੇਨਰ ਲੋਡ ਕਰਨ ਅਤੇ ਢੋਆ-ਢੁਆਈ ਵਿੱਚ ਮਦਦ ਕਰਦੇ ਸਨ। ਬਰਾਮਦ ਕੀਤੀਆਂ 96 ਗੱਡੀਆਂ ਵਿੱਚ ਲਗਜ਼ਰੀ ਐੱਸ.ਯੂ.ਵੀ. ਅਤੇ ਪਿਕ ਅੱਪ ਟਰੱਕ ਸ਼ਾਮਲ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ 12 ਮੁਲਜ਼ਮਾਂ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਜ਼ਮਾਨਤ ਸੁਣਵਾਈ ਉਪਰੰਤ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਅਪਰਾਧਿਕ ਮੁਕੱਦਮੇ ਪੂਰੇ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦਾ ਮਾਮਲਾ ਇਮੀਗ੍ਰੇਸ਼ਨ ਕਾਰਵਾਈ ਅਤੇ ਕੈਨੇਡਾ ਤੋਂ ਡਿਪੋਰਟ ਕਰਨ ਲਈ CBSA ਨੂੰ ਸੌਂਪਿਆ ਜਾ ਸਕਦਾ ਹੈ। ਪੁਲੀਸ ਵੱਲੋਂ ਕੁਝ ਹੋਰ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਕੀਤੇ ਗਏ ਹਨ।
ਪੰਜਾਬੀ ਟ੍ਰਿਬਯੂਨ