ਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ; ਜਾਪਾਨ ਨੇ ਬੰਗਲਾਦੇਸ਼ ਨੂੰ 1-0 ਤੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ
30 ਅਕਤੂਬਰ, 2026 – ਜਲੰਧਰ : Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਦੂਜੇ ਦਿਨ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਤਿੰਨ ਮੁਕਾਬਲਿਆਂ ਵਿੱਚ ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਜਿੱਤ ਦਰਜ ਕੀਤੀ। ਮੇਜ਼ਬਾਨ ਭਾਰਤ ਨੇ ਚੀਨ ਨੂੰ 5-2 ਨਾਲ ਹਰਾਇਆ ਜਦਕਿ ਜਾਪਾਨ ਨੇ ਬੰਗਲਾਦੇਸ਼ ਨੂੰ 1-0 ਅਤੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ।
ਭਾਰਤ ਨੇ ਚੀਨ ਨੂੰ ਹਰਾਇਆ
ਭਾਰਤ ਲਈ ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਫੀਲਡ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ, ਜਦਕਿ ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਚੀਨ ਵੱਲੋਂ ਪੇਂਗ ਯਾਂਗ ਨੇ 26ਵੇਂ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ।
ਜਾਪਾਨ ਨੇ ਬੰਗਲਾਦੇਸ਼ ਖ਼ਿਲਾਫ਼ ਸਖ਼ਤ ਮੁਕਾਬਲੇ ਵਿੱਚ 1-0 ਨਾਲ ਜਿੱਤ ਹਾਸਲ ਕੀਤੀ। ਜਾਪਾਨ ਲਈ ਰਾਈਕੀ ਫੁਜੀਸ਼ੀਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ ਹਰਾਇਆ
ਦਿਨ ਦੇ ਪਹਿਲੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਮਲੇਸ਼ੀਆ ਲਈ ਅਜ਼ੀਮੂਦੀਨ ਕਮਾਰੂਦੀਨ ਨੇ 10ਵੇਂ ਮਿੰਟ ਵਿੱਚ ਗੋਲ ਕੀਤਾ। ਦੱਖਣੀ ਕੋਰੀਆ ਨੇ 31ਵੇਂ ਮਿੰਟ ਵਿੱਚ ਸੋਂਗ ਹੈ-ਸੋਂਗ ਦੇ ਗੋਲ ਨਾਲ ਬਰਾਬਰੀ ਕੀਤੀ। ਇਸ ਮਗਰੋਂ ਮੁਹੰਮਦ ਅਖੀਮੁੱਲਾ ਅਨੁਆਰ ਈਸੂਕ ਨੇ 36ਵੇਂ ਅਤੇ ਫੈਸਲ ਬਿਨ ਸਾਰੀ ਨੇ 50ਵੇਂ ਮਿੰਟ ਵਿੱਚ ਗੋਲ ਕਰਕੇ ਮਲੇਸ਼ੀਆ ਦੀ ਜਿੱਤ ਯਕੀਨੀ ਬਣਾਈ।
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ-ਚੀਨ ਮੈਚ ਦੇਖਿਆ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਹਾਕੀ ਦੇ ਗੜ੍ਹ ਵਜੋਂ ਹੋਰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਇਸ ਮੁਕਾਬਲੇ ਨੂੰ ਸਫ਼ਲ ਬਣਾਉਣ ਲਈ ਯਤਨਸ਼ੀਲ ਹੈ।
ਪੰਜਾਬੀ ਟ੍ਰਿਬਯੂਨ