ਸਰਕਾਰੀ ਏਜੰਸੀਆਂ ਨੇ 102 ਲੱਖ ਅਤੇ ਪ੍ਰਾਈਵੇਟ ਨੇ 1.36 ਲੱਖ ਮੀਟਰਿਕ ਟਨ ਝੋਨਾ ਖ਼ਰੀਦਿਆ
30 ਅਕਤੂਬਰ, 2026 – ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ 104 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ। ਸੂਬਾ ਸਰਕਾਰ ਕਿਸਾਨਾਂ ਦਾ ਭੁਗਤਾਨ ਵੀ ਨਾਲੋ-ਨਾਲ ਕਰ ਰਹੀ ਹੈ। ਹੁਣ ਤੱਕ ਪੰਜਾਬ ਦੇ 4.71 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 20,713.24 ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾਈ ਜਾ ਚੁੱਕੀ ਹੈ।
ਪੰਜਾਬ ਦੀਆਂ ਮੰਡੀਆਂ ਵਿੱਚ 107.14 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 104.21 ਲੱਖ ਮੀਟਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ। 102.85 ਲੱਖ ਮੀਟਰਿਕ ਟਨ ਝੋਨਾ ਸਰਕਾਰੀ ਏਜੰਸੀਆਂ ਨੇ ਖ਼ਰੀਦਿਆ ਹੈ ਅਤੇ ਸਿਰਫ਼ 1.36 ਲੱਖ ਮੀਟਰਿਕ ਟਨ ਝੋਨਾ ਹੀ ਪ੍ਰਾਈਵੇਟ ਖ਼ਰੀਦਦਾਰਾਂ ਨੇ ਖ਼ਰੀਦਿਆ ਹੈ। ਵੀਰਵਾਰ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ 6.92 ਲੱਖ ਮੀਟਰਿਕ ਝੋਨੇ ਦੀ ਆਮਦ ਹੋਈ ਹੈ; 7.06 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਵਿੱਚੋਂ 70.88 ਲੱਖ ਮੀਟਰਿਕ ਟਨ ਝੋਨੇ ਦੀ ਚੁਕਾਈ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ। ਵੀਰਵਾਰ ਨੂੰ ਪੰਜਾਬ ਦੀਆਂ ਮੰਡੀਆਂ ਵਿੱਚੋਂ 5.53 ਲੱਖ ਮੀਟਰਿਕ ਟਨ ਝੋਨੇ ਦੀ ਚੁਕਾਈ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਸਭ ਤੋਂ ਵੱਧ ਝੋਨੇ ਦੀ ਖ਼ਰੀਦ ਨਾਲ ਮੋਹਰੀ ਰਿਹਾ ਹੈ ਜਿੱਥੇ ਹੁਣ ਤੱਕ 10.44 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਪਟਿਆਲਾ ਵਿੱਚ 8.36 ਲੱਖ ਮੀਟਰਿਕ ਟਨ, ਫਿਰੋਜ਼ਪੁਰ ਵਿੱਚ 8.06 ਲੱਖ ਮੀਟਰਿਕ ਟਨ, ਗੁਰਦਾਸਪੁਰ ਅਤੇ ਕਪੂਰਥਲਾ ਵਿੱਚ 7.73 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ 180 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੋਇਆ ਹੈ।
ਸੂਬੇ ਵਿੱਚ 2500 ਤੋਂ ਵੱਧ ਮੰਡੀਆਂ ਕਾਰਜਸ਼ੀਲ: ਕਟਾਰੂਚੱਕ
ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੂਬੇ ਵਿੱਚ ਚੱਲ ਰਹੇ ਝੋਨੇ ਦੇ ਖ਼ਰੀਦ ਸੀਜ਼ਨ ਦੀ ਸਮੀਖਿਆ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚੋਂ 86 ਫ਼ੀਸਦ ਦੇ ਕਰੀਬ ਜਿਣਸ ਦੀ ਚੁਕਾਈ ਹੋ ਚੁੱਕੀ ਹੈ। ਦੂਜੇ ਪਾਸੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 2500 ਤੋਂ ਵੱਧ ਮੰਡੀਆਂ ਕਾਰਜਸ਼ੀਲ ਹਨ। ਸੂਬੇ ਵਿੱਚ 180 ਲੱਖ ਮੀਟਰਿਕ ਟਨ ਦੇ ਖ਼ਰੀਦ ਟੀਚੇ ਨੂੰ ਆਸਾਨੀ ਨਾਲ ਪੂਰਾ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਬਾਹਰਲੇ ਸੂਬਿਆਂ ਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਨਾ ਵਿਕੇ ਅਤੇ ਖੇਤੀ ਖੇਤਰ ਦੇ ਹਿੱਤਾਂ ਦੀ ਰਾਖੀ ਲਈ ਇਸ ਸਬੰਧ ਵਿੱਚ ਨਿਗਰਾਨੀ ਰੱਖੀ ਜਾਵੇ।
ਪੰਜਾਬੀ ਟ੍ਰਿਬਯੂਨ