ਪਹਿਲੀ ਛਿਮਾਹੀ ਵਿੱਚ ਡਿਪੋਰਟ ਕਰਨ ਵਾਲਿਆਂ ਦੀ ਗਿਣਤੀ ਨੇ ਤੋੜੇ ਰਿਕਾਰਡ
10 ਅਗਸਤ, 2026 – ਓਟਾਵਾ : ਕੈਨੇਡਾ ਨੇ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ 3,323 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਡਿਪੋਰਟ (ਕੱਢ) ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਗਿਣਤੀ ਪਿਛਲੇ ਛੇ ਸਾਲਾਂ ਦੇ ਸਭ ਤੋਂ ਵੱਧ ਅੰਕੜੇ ਨੂੰ ਪਾਰ ਕਰਨ ਵੱਲ ਵਧ ਰਹੀ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐੱਸ ਏ) ਦੇ ਅੰਕੜਿਆਂ ਅਨੁਸਾਰ, ਸਾਲ 2025 ਵਿੱਚ ਪੂਰੇ ਸਾਲ ਦੌਰਾਨ ਦੇਸ਼ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 3,779 ਸੀ, ਜਦਕਿ ਇਸ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਹੀ 3,323 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।
ਹੁਣ ਤੱਕ ਸਭ ਤੋਂ ਵੱਧ ਭਾਰਤੀ ਸਾਲ 2025 ਵਿੱਚ ਕੱਢੇ ਗਏ ਸਨ।
ਕੈਨੇਡਾ ਆਪਣੀ ਇਮੀਗ੍ਰੇਸ਼ਨ ਵਿਵਸਥਾ ਨੂੰ ਸਖ਼ਤ ਕਰ ਰਿਹਾ ਹੈ ਅਤੇ ਕੌਮਾਂਤਰੀ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਸਮੇਤ ਅਸਥਾਈ ਵਸਨੀਕਾਂ ਦੀ ਗਿਣਤੀ ਘਟਾ ਰਿਹਾ ਹੈ।
ਕੈਨੇਡਾ ਆਮ ਤੌਰ ’ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ, ਸ਼ਰਨ ਜਾਂ ਸ਼ਰਨਾਥੀ ਦਾਅਵਿਆਂ ਦੇ ਰੱਦ ਹੋਣ, ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰੁਕਣ ਅਤੇ ਵੀਜ਼ਾ ਧੋਖਾਧੜੀ ਵਰਗੇ ਮਾਮਲਿਆਂ ਕਾਰਨ ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਡਿਪੋਰਟ ਕਰਦਾ ਹੈ।
ਸਾਲ 2026 ਦੀ ਪਹਿਲੀ ਛਿਮਾਹੀ ਵਿੱਚ ਕੈਨੇਡਾ ਤੋਂ ਭੇਜੇ ਗਏ ਲੋਕਾਂ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਭਾਰਤ ਨੇ ਮੈਕਸੀਕੋ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਦੇ 1,573 ਨਾਗਰਿਕਾਂ ਨੂੰ ਇਸ ਸਮੇਂ ਦੌਰਾਨ ਡਿਪੋਰਟ ਕੀਤਾ ਗਿਆ।
ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਤੋਂ ਕੱਢੇ ਗਏ ਨਾਗਰਿਕਾਂ ਦੀ ਸੂਚੀ ਵਿੱਚ ਮੈਕਸੀਕੋ ਸਭ ਤੋਂ ਉੱਪਰ ਰਿਹਾ ਸੀ, ਜਦੋਂ ਕਿ ਇਸ ਸਮੇਂ ਦੌਰਾਨ ਭਾਰਤ ਦੂਜੇ ਸਥਾਨ ’ਤੇ ਸੀ।
ਭਾਰਤ ਇਸ ਤੋਂ ਪਹਿਲਾਂ 2020 ਵਿੱਚ ਇਸ ਸੂਚੀ ਵਿੱਚ ਸਭ ਤੋਂ ਉੱਪਰ ਸੀ, ਜਦੋਂ ਕੈਨੇਡਾ ਨੇ 1,424 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ।
ਪੰਜਾਬੀ ਟ੍ਰਿਬਯੂਨ