Canada Work Permit : ਜਲੰਧਰ ਦੀ ਇਮੀਗ੍ਰੇਸ਼ਨ ਫਰਮ ਕਾਰਨ ਪਈ ਵਿਦਿਆਰਥੀਆਂ ’ਤੇ ਮੁਸੀਬਤ
07 ਅਗਸਤ, 2026 – ਜਲੰਧਰ : Canada Work Permit: ਪਿਛਲੇ ਦਸ ਦਿਨਾਂ ਤੋਂ ਕੈਨੇਡਾ ਦੇ ਕੈਲਗਰੀ ਵਿੱਚ 1000 ਤੋਂ ਵਧ ਵਿਦਿਆਰਥੀ ਸੜਕਾਂ ਉੱਤੇ ਹਨ। ਉਹ ਕੈਨੇਡਾ ਸਰਕਾਰ ਵੱਲੋਂ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਨਾ ਦੇਣ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ; ਹਾਲਾਂਕਿ ਦਿਲਚਸਪ ਤੱਥ ਹੈ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਥਿਤ ਮੁਸੀਬਤ ’ਚ ਪਾਉਣ ਵਾਲੀ ਜਲੰਧਰ ਦੀ ਇਮੀਗ੍ਰੇਸ਼ਨ ਫਰਮ ਹੈ। ਫਰਮ ਦਾ ਮਾਲਕ ‘ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰੇਪੀ’ (ਸੀ ਆਈ ਓ ਟੀ) ਦਾ ਸਹਿ-ਮਾਲਕ ਵੀ ਹੈ। ਇਹ ‘ਪ੍ਰੋਟੇਜ ਕਾਲਜ’ ਨਾਲ ਜਨਤਕ-ਨਿੱਜੀ ਭਾਈਵਾਲੀ ਤਹਿਤ ਕੰਮ ਕਰਨ ਵਾਲਾ ‘ਮਨੋਨੀਤ ਲਰਨਿੰਗ ਇੰਸਟੀਚਿਊਟ’ ਹੈ, ਜਿੱਥੇ ਇਨ੍ਹਾਂ ਵਿਦਿਆਰਥੀਆਂ ਨੇ ਅੱਠ ਮਹੀਨਿਆਂ ਤੋਂ ਲੈ ਕੇ ਦੋ ਸਾਲ ਦੀ ਮਿਆਦ ਦੇ ਵੱਖ-ਵੱਖ ਡਿਪਲੋਮਾ ਕੋਰਸ ਕੀਤੇ ਹਨ। ਫਰਮ ਦਾ ਮਾਲਕ ਇਸ ਵੇਲੇ ਦੁਬਈ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਹੈ, ਜਦੋਂਕਿ ਵਿਦਿਆਰਥੀ ਵਿੱਚ-ਵਿਚਾਲੇ ਫਸੇ ਹਨ।
ਸੜਕਾਂ ’ਤੇ ਉਤਰਨ ਲਈ ਮਜਬੂਰ ਵਿਦਿਆਰਥੀਆਂ ਨੇ ਅਜੇ ਪਿਛਲੇ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਨ੍ਹਾਂ ਉਦੋਂ ਹੀ ਵਰਕ ਪਰਮਿਟ ਅਪਲਾਈ ਕਰ ਦਿੱਤੇ ਸਨ; ਹਾਲਾਂਕਿ ਜੁਲਾਈ ਦੇ ਅੱਧ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਉਨ੍ਹਾਂ ਦੀਆਂ ਅਰਜ਼ੀਆਂ ਇਸ ਆਧਾਰ ’ਤੇ ਰੱਦ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਪ੍ਰੋਗਰਾਮ ‘ਪ੍ਰਵਾਨਿਤ ਨਹੀਂ’ ਸਨ, ਜਿਸ ਕਰ ਕੇ ਉਹ ਵਰਕ ਪਰਮਿਟਾਂ ਲਈ ਅਯੋਗ ਹੋ ਗਏ। ਹੁਣ ਉਨ੍ਹਾਂ ਨੂੰ ਨਿਆਇਕ ਨਜ਼ਰਸਾਨੀ ਲਈ ਅਪਲਾਈ ਕਰਨਾ ਪਿਆ ਹੈ। ਵਿਦਿਆਰਥੀਆਂ ਨੇ ਪੰਜਾਬੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਸੁਖ ਧਾਲੀਵਾਲ ਤੇ ਪੰਜਾਬੀ ਭਾਈਚਾਰੇ ਤੱਕ ਪਹੁੰਚ ਕੀਤੀ ਹੇ। ਜੇ ਇਨ੍ਹਾਂ ਵਿਦਿਆਰਥੀਆਂ ਨੂੰ ਕੋਈ ਰਾਹਤ ਨਾ ਮਿਲੀ ਤਾਂ ਉਨ੍ਹਾਂ ਨੂੰ ਅਗਲੇ 70 ਦਿਨਾਂ ’ਚ ਵਾਪਸ ਪੰਜਾਬ ਮੁੜਨਾ ਹੋਵੇਗਾ।
ਅਲਬਰਟਾ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿਥ ਨੇ ਕਿਹਾ, ‘‘ਮੈਂ ਪੋਰਟੇਜ ਕਾਲਜ ਨੂੰ ‘ਡਿਪਲੋਮਾ ਮਿਲ’ ਨਹੀਂ ਕਹਾਂਗਾ। ਪਰ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਬੇਈਮਾਨ ਲੋਕਾਂ ਨੇ ਡਿਪਲੋਮਾ ਦੇਣ ਵਾਲੀਆਂ ਸੰਸਥਾਵਾਂ ਖੋਲ੍ਹੀਆਂ ਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਿਆ। ਜੇ ਤੁਸੀਂ ਵਿਦਿਆਰਥੀ ਵੀਜ਼ੇ ’ਤੇ ਆਏ ਹੋ ਤੇ ਤੁਹਾਡਾ ਵੀਜ਼ਾ ਖ਼ਤਮ ਹੋ ਚੁੱਕਾ, ਤੁਹਾਡੇ ਕੋਲ ਪੀ ਆਰ ਨਹੀਂ ਹੈ ਤਾਂ ਤੁਹਾਨੂੰ ਮੁੜਨਾ ਹੋਵੇਗਾ। ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਵਿਦੇਸ਼ ਮੰਤਰਾਲੇ ਤੇ ਕੈਨੇਡਾ ਦੇ ਸਾਰੇ ਪੰਜਾਬ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇਣ।
ਉੱਧਰ, ਕੈਨੇਡਾ ਆਧਾਰਿਤ ਵਕੀਲ ਕੰਵਰ ਸਿਰਾਹ, ਜਿਸ ਨੇ ਸੀ ਆਈ ਓ ਟੀ ਦੇ ਇਮੀਗ੍ਰੇਸ਼ਨ ਫਰਮ ਨਾਲ ਕੁਨੈਕਸ਼ਨ ਬਾਰੇ ਸਭ ਤੋਂ ਪਹਿਲਾਂ ਵੇਰਵੇ ਦਿੱਤੇ ਸਨ, ਨੇ ਕਿਹਾ ਕਿ ਉਸ ਨੂੰ ਆਪਣੇ ਬਿਆਨਾਂ ਲਈ ਜਲੰਧਰ ਤੋਂ ਕਾਨੂੰਨੀ ਨੋਟਿਸ ਮਿਲਿਆ ਹੈ। ਜਲੰਧਰ ਦੇ ਨਿਊ ਜਵਾਹਰ ਨਗਰ ਮੁਹੱਲੇ ’ਚ ਰਹਿੰਦੇ ਇਮੀਗ੍ਰੇਸ਼ਨ ਏਜੰਟ ਤੋਂ ਰਿਐਲਟਰ ਬਣੇ ਨਾਲ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ। ਉਂਝ, ਇਮੀਗੇਸ਼ਨ ਕਾਰੋਬਾਰ ਵਿਚਲੇ ਉਸ ਦੇ ਨੇੜਲੇ ਦੋਸਤਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਸਮੇਂ-ਸਮੇਂ ਉੱਤੇ ਕੌਮਾਂਤਰੀ ਵਿਦਿਆਰਥੀਆਂ ਲਈ ਨੇਮਾਂ ’ਚ ਫੇਰਬਦਲ ਕਰਦੀ ਹੈ। ਫਰਮ ਵਿਦਿਆਰਥੀਆਂ ਨੂੰ ਕਾਨੂੰਨੀ ਤਰੀਕੇ ਨਾਲ ਹੀ ਕੈਨੇਡਾ ਲੈ ਕੇ ਗਈ ਸੀ।
ਪੰਜਾਬੀ ਟ੍ਰਿਬਯੂਨ