ਨਗਰ ਨਿਗਮ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ 9 ਤਰ੍ਹਾਂ ਦੀ NOC ਲੈਣੀ ਜ਼ਰੂਰੀ
14 ਮਈ, 2026 – ਬਠਿੰਡਾ: 26 ਮਈ ਨੂੰ ਪੰਜਾਬ ਵਿੱਚ ਤਿੰਨ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹਨਾਂ ਚੋਣਾਂ ਲਈ 13 ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਇਹਨਾਂ ਚੋਣਾਂ ਲਈ ਇੱਕ ਉਮੀਦਵਾਰ ਨੂੰ ਨੌ ਤਰ੍ਹਾਂ ਦੀਆਂ NOC ਲੈਣੀਆਂ ਜ਼ਰੂਰੀ ਹਨ। ਜਿਸ ਕਾਰਨ ਨਗਰ ਨਿਗਮ ਵਿੱਚ ਉਮੀਦਵਾਰਾਂ ਵੱਲੋਂ NOC ਲੈਣ ਲਈ ਇੱਕ ਦਫਤਰ ਤੋਂ ਦੂਸਰੇ ਦਫਤਰ ਤੱਕ ਚੱਕਰ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
“ਉਮੀਦਵਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ“
ਵਾਰਡ ਨੰਬਰ 16 ਤੋਂ ਚੋਣ ਲੜ ਰਹੇ ਐਡਵੋਕੇਟ ਬਲਕਰਨ ਸਿੰਘ ਘੁੰਮਣ ਨੇ ਕਿਹਾ ਕਿ, ‘ਨਗਰ ਨਿਗਮ ਚੋਣਾਂ ਦਾ ਇੱਕਦਮ ਐਲਾਨ ਹੋਇਆ ਹੈ, ਜਿਸ ਕਾਰਨ ਉਮੀਦਵਾਰਾਂ ਨੂੰ ਚੋਣ ਲੜਨ ਲਈ ਸਭ ਤੋਂ ਪਹਿਲਾਂ ਨਗਰ ਨਿਗਮ ਤੋਂ ਵੱਖ-ਵੱਖ ਤਰ੍ਹਾਂ ਦੀਆਂ NOC ਲੈਣੀਆਂ ਪੈ ਰਹੀਆਂ ਹਨ ਅਤੇ ਇਸ ਵਾਰ ਨਗਰ ਨਿਗਮ ਵਿੱਚ ਵੱਡੀ ਗਿਣਤੀ ਵਿੱਚ ਚੋਣਾਂ ਲੜਨ ਦੇ ਇੱਛੁਕ ਵਿਅਕਤੀ ਪਹੁੰਚ ਰਹੇ ਹਨ ਪਰ ਇੱਥੇ ਸਮੱਸਿਆ ਵੱਡੀ ਇਹ ਖੜ੍ਹੀ ਹੋ ਰਹੀ ਹੈ। ਚੋਣਾਂ ਲੜਨ ਵਾਲੇ ਉਮੀਦਵਾਰ ਦੇ ਨਾਮ ਉੱਤੇ ਜੋ ਵੀ ਜਾਇਦਾਦ ਹੈ ਤਾਂ ਉਸ ਨਾਲ ਸਬੰਧਿਤ ਪ੍ਰਾਪਰਟੀ ਟੈਕਸ, ਸੀਵਰੇਜ ਗਾਰਬੇਜ ਅਤੇ ਵਾਟਰ ਸਪਲਾਈ ਕਨੈਕਸ਼ਨ ਬਿਲਕੁਲ ਕਲੀਅਰ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੋਲ ਵਾਟਰ ਸਪਲਾਈ ਜਾਂ ਸੀਵਰੇਜ ਦਾ ਕਨੈਕਸ਼ਨ ਨਹੀਂ ਹੈ, ਉਹਨਾਂ ਨੂੰ ਵੀ ਨਵੇਂ ਕਨੈਕਸ਼ਨ ਅਪਲਾਈ ਕਰਨ ਲਈ ਆਖਿਆ ਜਾ ਰਿਹਾ ਹੈ, ਜਿਸ ਕਾਰਨ ਉਮੀਦਵਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਮੀਦਵਾਰਾਂ ਨੂੰ NOC ਲੈਣ ਤੋਂ ਛੋਟ ਦਿੱਤੀ ਜਾਵੇ“
ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਗਰ ਨਿਗਮ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ NOC ਦੀ ਪ੍ਰਕਿਰਿਆ ਤੋਂ ਛੋਟ ਦੇਣੀ ਚਾਹੀਦੀ ਹੈ ਕਿਉਂਕਿ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਜੇਕਰ ਅੱਜ ਵੀ ਕੋਈ ਉਮੀਦਵਾਰ NOC ਅਪਲਾਈ ਕਰਦਾ ਹੈ ਤਾਂ ਉਸ ਨੂੰ ਘੱਟੋ–ਘੱਟ ਦੋ ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਉਮੀਦਵਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ 13 ਮਈ ਤੋਂ 16 ਮਈ ਤੱਕ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰ ਸਕਦੇ ਹਨ ਪਰ ਇਸ ਸਮੇਂ ਦੌਰਾਨ ਉਮੀਦਵਾਰਾਂ ਦਾ ਬਹੁਤਾ ਸਮਾਂ NOC ਲੈਣ ਲਈ ਖਰਾਬ ਹੋ ਰਿਹਾ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਮੀਦਵਾਰਾਂ ਨੂੰ NOC ਲੈਣ ਤੋਂ ਛੋਟ ਦਿੱਤੀ ਜਾਵੇ।
“NOC ਲੈਣ ਦੀ ਪ੍ਰਕਿਰਿਆ ਇੱਕ ਤੋਂ ਦੋ ਦਿਨ ਦੀ ਹੈ, ਜਦੋਂ NOC ਅਪਲਾਈ ਕਰਦੇ ਹਾਂ ਤਾਂ ਇਹ ਕਹਿੰਦੇ ਨੇ 2 ਦਿਨ ਲੱਗਣਗੇ। ਇਸ ਫੈਸਲੇ ਕਾਰਨ ਕੁਝ ਉਮੀਦਵਾਰਾਂ ਚੋਣ ਲੜਨ ਤੋਂ ਰਹਿ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿੱਚ ਛੋਟ ਦਿੱਤੀ ਜਾਵੇ।”- ਬਲਕਾਰ ਸਿੰਘ, ਉਮੀਦਵਾਰ
“ਨਵੇਂ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਲੈਣ ਲਈ ਕੀਤਾ ਜਾ ਰਿਹਾ ਹੈ ਮਜ਼ਬੂਰ“
ਵਾਰਡ ਨੰਬਰ 44 ਤੋਂ ਚੋਣ ਲੜ ਰਹੇ ਮਨੀਕਾਂਤ ਸਿੰਗਲਾ ਦਾ ਕਹਿਣਾ ਹੈ ਕਿ “ਜਿਨ੍ਹਾਂ ਉਮੀਦਵਾਰਾਂ ਨੇ ਪੁਰਾਣੇ ਘਰ ਲਏ ਹਨ ਤਾਂ ਉਹਨਾਂ ਨੂੰ ਪਿਛਲੇ ਬਕਾਏ ਕਲੀਅਰ ਕਰਨ ਲਈ ਕਿਹਾ ਜਾ ਰਿਹਾ ਹੈ ਜਾਂ ਨਵੇਂ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਉਮੀਦਵਾਰ ਨੇ ਨਵਾਂ ਕਨੈਕਸ਼ਨ ਲੈਣਾ ਹੈ ਤਾਂ ਉਸ ਕੋਲੋਂ 20 ਤੋਂ 25 ਹਜ਼ਾਰ ਖਰਚਾ ਸਿਰਫ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਉੱਪਰ ਆ ਰਿਹਾ ਹੈ। ਅਜਿਹੇ ਹਾਲਾਤ ਵਿੱਚ ਉਮੀਦਵਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪਾਸੇ ਨਗਰ ਨਿਗਮ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ, ਉੱਥੇ ਹੀ ਦੂਸਰੇ ਪਾਸੇ ਉਮੀਦਵਾਰਾਂ ਨੂੰ ਹੁਣ ਨਵੇਂ ਕਨੈਕਸ਼ਨ ਲੈਣ ਲਈ ਅਪਲਾਈ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਾਰਨ NOC ਲਈ ਵੀ ਦੇਰੀ ਹੋ ਰਹੀ ਹੈ। ਬਹੁਤੇ ਉਮੀਦਵਾਰ ਇਹਨਾਂ ਚੋਣਾਂ ਵਿੱਚ ਭਾਗ ਲੈਣ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ NOC ਦੀ ਪ੍ਰਕਿਰਿਆ ਤੋਂ ਛੋਟ ਦਿੱਤੀ ਜਾਵੇ।”
‘NOC ਨਿਰਵਿਘਨ ਜਾਰੀ‘
ਨਗਰ ਨਿਗਮ ਵਿੱਚ ਤਾਇਨਾਤ ਚੀਫ ਸੈਨਿਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ NOC ਅਪਲਾਈ ਕੀਤੀਆਂ ਜਾ ਰਹੀਆਂ ਹਨ, ਜਿਹੜੇ ਉਮੀਦਵਾਰ NOC ਦੀਆਂ ਸ਼ਰਤਾਂ ਪੂਰੀਆਂ ਕਰ ਰਹੇ ਹਨ, ਉਹਨਾਂ ਨੂੰ ਤੁਰੰਤ NOC ਨਿਰਵਿਘਨ ਜਾਰੀ ਕੀਤੀ ਜਾ ਰਹੀਆਂ ਹਨ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ਾਂ ਵਿੱਚ ਤਰੁੱਟੀਆਂ ਹਨ, ਉਹਨਾਂ ਨੂੰ NOCਆਂ ਦਰੁੱਸਤ ਕਰਨ ਤੋਂ ਬਾਅਦ ਜਾਰੀ ਕੀਤੀਆਂ ਜਾਣਗੀਆਂ। ਫਿਲਹਾਲ ਨਗਰ ਨਿਗਮ ਬਠਿੰਡਾ ਵੱਲੋਂ ਉਮੀਦਵਾਰਾਂ ਤੋਂ ਸੀਵਰੇਜ ਹਾਊਸ ਟੈਕਸ ਗਾਰਬੇਜ ਅਤੇ ਵਾਟਰ ਸਪਲਾਈ ਦੇ ਬਿੱਲ ਕਲੀਅਰ ਕਰਵਾ ਕੇ NOC ਦੀ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ।
ਕਿਹੜੀ–ਕਿਹੜੀ NOC ਲੈਣੀ ਜ਼ਰੂਰੀ
ਉਮੀਦਵਾਰ ਨੂੰ ਸਭ ਤੋਂ ਪਹਿਲਾਂ ਨਗਰ ਨਿਗਮ ਵਿੱਚ ਇਹ ਦੱਸਣਾ ਪੈਂਦਾ ਹੈ ਕਿ ਉਮੀਦਵਾਰ ਅਤੇ ਉਸਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਜਾਂ ਨਗਰ ਨਿਗਮ ਬਠਿੰਡਾ ਦੀ ਕਿਸੇ ਜ਼ਮੀਨ ਜਾਇਦਾਦ ਉੱਤੇ ਗੈਰ ਕਾਨੂੰਨੀ ਕਬਜ਼ਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਬਕਾਇਆ ਪੈਂਡਿੰਗ ਹੈ, ਫਿਰ ਉਸ ਨੂੰ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਬਕਾਏ ਨਾ ਹੋਣ ਸਬੰਧੀ NOC ਲੈਣੀ ਪੈਂਦੀ ਹਨ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਪਾਣੀ, ਸੀਵਰੇਜ, ਪ੍ਰਾਪਰਟੀ ਟੈਕਸ, ਕਾਓ ਸੈਸ ,ਬਿਲਡਿੰਗ ਸ਼ਾਖਾ, ਫਾਇਰ ਸਟੇਸ਼ਨ, ਗਾਰਬੇਜ਼ ਪ੍ਰਬੰਧਨ , ਮਸ਼ਹੂਰੀ ਸ਼ਾਖਾ ਅਤੇ ਰੈਂਟ ਸ਼ਾਖਾ ਸਬੰਧੀ ਲਿਖਤੀ ਰੂਪ ਵਿੱਚ NOC ਲੈਣੀ ਪੈਂਦੀ ਹੈ।
ETV BHARAT