ਹਰਸ਼ ਵੀ ਪੰਤ
ਮੌਜੂਦਾ ਸਮੇਂ ’ਚ ਜਿਹੋ-ਜਿਹੇ ਹਾਲਾਤ ਬਣ ਰਹੇ ਹਨ, ਉਸ ਨਾਲ ਇਨ੍ਹਾਂ ਦੌਰਿਆਂ ਦੀ ਅਹਿਮੀਅਤ ਹੋਰ ਵਧ ਗਈ ਹੈ। ਫਰਾਂਸ ’ਚ ਪ੍ਰਧਾਨ ਮੰਤਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏਆਈ ਨਾਲ ਜੁੜੇ ਇਕ ਸੰਮੇਲਨ ’ਚ ਹਿੱਸਾ ਲੈਣਗੇ।
ਅਮਰੀਕਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿਣ ਜਾਂ ਉਥੇ ਗ਼ੈਰ-ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਦੇ ਦੋਸ਼ ’ਚ ਫੜੇ ਗਏ ਕੁਝ ਪਰਵਾਸੀ ਭਾਰਤੀਆਂ ਨੂੰ ਬੀਤੇ ਦਿਨੀਂ ਜਿਸ ਤਰ੍ਹਾਂ ਸਵਦੇਸ਼ ਭੇਜਿਆ ਗਿਆ, ਉਸ ਦੀ ਦੇਸ਼ ’ਚ ਤਿੱਖੀ ਪ੍ਰਤੀਕਿਰਿਆ ਦਿਖੀ ਹੈ। ਭਾਰਤ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ ’ਤੇ ਸਹਿਯੋਗ ਦੀ ਵਚਨਬੱਧਤਾ ਦੇ ਬਾਵਜੂਦ ਅਮਰੀਕਾ ਦਾ ਹੰਕਾਰੀ ਵਤੀਰਾ ਪਰੇਸ਼ਾਨ ਕਰਨ ਵਾਲਾ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਰੋਸਾ ਦਿੱਤਾ ਹੈ ਕਿ ਇਸ ਸੰਦਰਭ ’ਚ ਅਮਰੀਕਾ ਨਾਲ ਚਰਚਾ ਕੀਤੀ ਜਾਵੇਗੀ ਕਿ ਭਾਰਤੀਆਂ ਦੇ ਨਾਲ ਮਾੜਾ ਤੇ ਗ਼ੈਰ-ਮਨੁੱਖੀ ਵਤੀਰਾ ਨਾ ਹੋਵੇ, ਪਰ ਅਜਿਹੇ ਭਰੋਸੇ ਦੇ ਬਾਵਜੂਦ ਇਸ ਮੁੱਦੇ ’ਤੇ ਗੁੱਸਾ ਰੁਕ ਨਹੀਂ ਰਿਹਾ। ਭਾਰਤੀਆਂ ਵੱਲੋਂ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਵੜਨ ਤੇ ਉਥੇ ਵਸਣ ਦਾ ਕਿਸੇ ਤਰ੍ਹਾਂ ਬਚਾਅ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਨੂੰ ਜਿਸ ਤਰ੍ਹਾਂ ਬੇੜੀਆਂ ’ਚ ਬੰਨ੍ਹ ਕੇ ਭਾਰਤ ਭੇਜਿਆ ਗਿਆ, ਉਹ ਵੀ ਮਨਜ਼ੂਰ ਨਹੀਂ ਹੋ ਸਕਦਾ। ਅਜਿਹੇ ਪਿਛੋਕੜ ’ਚ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਹੋਰ ਮਹੱਤਵਪੂਰਨ ਹੋ ਗਿਆ ਹੈ। ਫਰਾਂਸ ਦੌਰੇ ਤੋਂ ਬਾਅਦ ਅਮਰੀਕਾ ਪ੍ਰਧਾਨ ਮੰਤਰੀ ਮੋਦੀ ਦਾ ਅਗਲਾ ਪੜਾਅ ਹੋਵੇਗਾ। ਪ੍ਰਧਾਨ ਮੰਤਰੀ ਸੰਭਵ ਤੌਰ ’ਤੇ 13 ਤੇ 14 ਫਰਵਰੀ ਨੂੰ ਅਮਰੀਕਾ ’ਚ ਹੋਣਗੇ, ਜਿੱਥੇ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ’ਚ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ। ਇਸ ਤੋਂ ਪਹਿਲਾਂ 10 ਤੇ 11 ਫਰਵਰੀ ਨੂੰ ਪ੍ਰਧਾਨ ਮੰਤਰੀ ਏਆਈ ਸਮਿਟ ਦੇ ਸਿਲਸਿਲੇ ’ਚ ਫਰਾਂਸ ’ਚ ਹੋਣਗੇ।
ਮੌਜੂਦਾ ਸਮੇਂ ’ਚ ਜਿਹੋ-ਜਿਹੇ ਹਾਲਾਤ ਬਣ ਰਹੇ ਹਨ, ਉਸ ਨਾਲ ਇਨ੍ਹਾਂ ਦੌਰਿਆਂ ਦੀ ਅਹਿਮੀਅਤ ਹੋਰ ਵਧ ਗਈ ਹੈ। ਫਰਾਂਸ ’ਚ ਪ੍ਰਧਾਨ ਮੰਤਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏਆਈ ਨਾਲ ਜੁੜੇ ਇਕ ਸੰਮੇਲਨ ’ਚ ਹਿੱਸਾ ਲੈਣਗੇ।
ਇਸ ਸੰਮੇਲਨ ਦਾ ਮਹੱਤਵ ਇਸ ਕਾਰਨ ਹੋਰ ਵਧ ਗਿਆ ਹੈ ਕਿ ਇਕ ਤਾਂ ਵਿਸ਼ਵ ਪੱਧਰ ’ਤੇ ਏਆਈ ਦੇ ਸੰਚਾਲਨ-ਪਰਿਚਾਲਨ ਦਾ ਕੋਈ ਮਨਜ਼ੂਰਸ਼ੁਦਾ ਵਿਸ਼ਵ ਪੱਧਰੀ ਢਾਂਚਾ ਅਜੇ ਤੱਕ ਹੋਂਦ ’ਚ ਨਹੀਂ ਆ ਸਕਿਆ ਹੈ ਤੇ ਦੂਜਾ, ਇਕ ਚੀਨੀ ਕੰਪਨੀ ਵੱਲੋਂ ਡੀਪਸੀਕ ਵਰਗਾ ਸਸਤਾ ਏਆਈ ਟੂਲ ਬਣਾਉਣ ਨਾਲ ਪੱਛਮ ਦੀਆਂ ਦਿੱਗਜ ਕੰਪਨੀਆਂ ਦਬਾਅ ’ਚ ਆ ਗਈਆਂ ਹਨ। ਚੀਨ ਦੇ ਸ਼ੱਕੀ ਚਰਿੱਤਰ ਨੂੰ ਦੇਖਦੇ ਹੋਏ ਡੀਪਸੀਕ ਦਾ ਦਬਦਬਾ ਵਧਣ ਨਾਲ ਵਿਸ਼ਵ ਪੱਧਰੀ ਡਾਟਾ ’ਚ ਸੰਨ੍ਹਮਾਰੀ ਤੇ ਉਸ ਦੇ ਮਨਮਰਜ਼ੀ ਨਾਲ ਇਸਤੇਮਾਲ ਦਾ ਜੋਖ਼ਮ ਬਹੁਤ ਜ਼ਿਆਦਾ ਵੱਧ ਜਾਵੇਗਾ।
ਇਸ ਕਾਰਨ ਫਰਾਂਸ ’ਚ ਪ੍ਰਸਤਾਵਿਤ ਏਆਈ ਸੰਮੇਲਨ ’ਚ ਸ਼ਾਮਲ ਹੋਣ ਵਾਲਿਆਂ ਦੇ ਸਾਹਮਣੇ ਇਹ ਚੁਣੌਤੀ ਹੋਵੇਗੀ ਕਿ ਉਹ ਵਿਸ਼ਵ ਪੱਧਰੀ ਏਆਈ ਸਮੀਕਰਨਾਂ ਨੂੰ ਠੀਕ ਕਰਨ। ਚੈਟਜੀਪੀਟੀ ਏਆਈ ਟੂਲ ਬਣਾਉਣ ਵਾਲੀ ਓਪਨ ਏਆਈ ਦੇ ਮੁਖੀ ਸੈਮ ਆਲਟਮੈਨ ਦੇ ਹਾਲੀਆ ਭਾਰਤ ਦੌਰੇ ਤੇ ਕਿਫ਼ਾਇਤੀ ਏਆਈ ਤਕਨੀਕ ਨੂੰ ਲੈ ਕੇ ਉਨ੍ਹਾਂ ਦੇ ਦਾਅ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਦੁਨੀਆ ਨੇ ਇਸ ਨਵੀਂ ਉੱਭਰਤੀ ਹੋਈ ਤਕਨੀਕ ਨੂੰ ਲੈ ਕੇ ਭਾਰਤ ਤੋਂ ਵੱਡੀਆਂ ਉਮੀਦਾਂ ਲਾਈਆਂ ਹੋਈਆਂ ਹਨ। ਫਰਾਂਸ ’ਚ ਏਆਈ ਸੰਮੇਲਨ ਨਾਲ ਵਿਸ਼ਵ ਪੱਧਰੀ ਏਆਈ ਮਾਨਚਿਤੱਰ ’ਤੇ ਭਾਰਤ ਦੀ ਅਹਿਮੀਅਤ ਹੋਰ ਸਪੱਸ਼ਟ ਤੌਰ ’ਤੇ ਰੇਖਾਂਕਿਤ ਹੋਵੇਗੀ।
ਫਰਾਂਸ ’ਚ ਦੁਵੱਲੇ ਰਿਸ਼ਤੇ ਪਰਵਾਨ ਚੜ੍ਹਾਉਣ ਦੀ ਵੀ ਪੂਰੀ ਤਿਆਰੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ, ਆਰਥਕ ਤੇ ਤਕਨੀਕੀ ਪੱਧਰ ’ਤੇ ਨਵੇਂ ਸਮਝੌਤੇ ਕੀਤੇ ਜਾਣ ਦੀ ਉਮੀਦ ਹੈ। ਰਾਫੇਲ ਜਹਾਜ਼ ਤੇ ਸਕੋਰਪੀਨ ਪਣਡੁੱਬੀ ਸੌਦਿਆਂ ਨੂੰ ਨਵਾਂ ਆਕਾਰ ਦੇ ਕੇ ਜਿੱਥੇ ਰਣਨੀਤਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਤਾਂ ਇਸ ਨਾਲ ਹਥਿਆਰਾਂ ਦੀ ਖ਼ਰੀਦ ਦੇ ਮਾਮਲੇ ’ਚ ਭਾਰਤ ਦੀ ਵਿਭਿੰਨਤਾ ਅਤੇ ਵੱਖ-ਵੱਖ ਬਦਲਾਂ ਦੀ ਵੀ ਝਲਕ ਮਿਲੇਗੀ। ਇਹ ਭਾਰਤੀ ਵਿਦੇਸ਼ ਅਤੇ ਰਣਨੀਤਕ ਨੀਤੀ ਦੀ ਖ਼ੁਦਮੁਖਤਿਆਰੀ ਨੂੰ ਵੀ ਵਿਸਥਾਰ ਦੇਵੇਗਾ।
ਫਰਾਂਸ ਦੇ ਮਾਰਸੀਲੇ ’ਚ ਭਾਰਤ ਨਵਾਂ ਵਪਾਰਕ ਦੂਤਘਰ ਵੀ ਖੋਲ੍ਹਣ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਜਨਤਾ ਤੋਂ ਜਨਤਾ ਵਿਚਾਲੇ ਸਹਿਯੋਗ, ਮੁੱਖ ਅੰਤਰਰਾਸ਼ਟਰੀ ਮੁੱਦਿਆਂ ’ਤੇ ਵਿਆਪਕ ਸਹਿਮਤੀ ਤੇ ਸਿਖਰਲੇ ਆਗੂਆਂ ਵਿਚਾਲੇ ਸਹਿਜਤਾ ਅਤੇ ਨੇੜਤਾ ਇਹੀ ਦਰਸਾਉਂਦੀ ਹੈ ਕਿ ਨਵੀਂ ਦਿੱਲੀ ਤੇ ਪੈਰਿਸ ਆਪਸੀ ਹਿਤਾਂ ਨੂੰ ਸਮਝਦੇ ਹੋਏ ਸਬੰਧਾਂ ਨੂੰ ਸਹੀ ਦਿਸ਼ਾ ’ਚ ਅੱਗੇ ਲਿਜਾ ਰਹੇ ਹਨ।
ਇਸ ’ਚ ਸ਼ੱਕ ਨਹੀਂ ਕਿ ਸਭ ਤੋਂ ਵੱਧ ਨਜ਼ਰਾਂ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ’ਤੇ ਹੋਣਗੀਆਂ। ਹਾਲਾਤ ਨੂੰ ਦੇਖਦੇ ਹੋਏ ਅਜਿਹਾ ਉਤਸ਼ਾਹ ਬਿਨਾਂ ਕਾਰਨ ਵੀ ਨਹੀਂ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਇਹ ਦੋਵਾਂ ਆਗੂਆਂ ਦੀ ਪਹਿਲੀ ਮੁਲਾਕਾਤ ਹੋਵੇਗੀ। ਟਰੰਪ ਦਾ ਅਣਕਿਆਸਿਆ ਵਤੀਰਾ ਤੇ ਸ਼ਖ਼ਸੀਅਤ ਕਿਸੇ ਤੋਂ ਲੁਕੀ ਨਹੀਂ। ਨਵੇਂ ਕਾਰਜਕਾਲ ’ਚ ਉਹ ਜਿਸ ਹਮਲਾਵਰ ਵਤੀਰੇ ਦੇ ਨਾਲ ਆਪਣੇ ਮੁੱਢਲੇ ਮੁੱਦਿਆਂ ’ਤੇ ਅੱਗੇ ਵਧ ਰਹੇ ਹਨ, ਉਸ ਨੂੰ ਦੇਖਦੇ ਹੋਏ ਟਕਰਾਅ ਤੇ ਤਲਖ਼ੀ ਦੇ ਮੁੱਦੇ ਵੀ ਘੱਟ ਨਹੀਂ ਹਨ। ਇਸ ’ਚ ਸਭ ਤੋਂ ਮੁੱਖ ਮੁੱਦਾ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਹੈ।
ਟੈਰਿਫ ਵੀ ਅਜਿਹਾ ਹੀ ਇਕ ਮਸਲਾ ਹੈ, ਕਿਉਂਕਿ ਟਰੰਪ ਭਾਰਤ ਨੂੰ ਟੈਰਿਫ ਕਿੰਗ ਵਾਲੇ ਦੇਸ਼ਾਂ ’ਚੋਂ ਇਕ ਮੰਨਦੇ ਹਨ। ਹਾਲਾਂਕਿ ਮੋਦੀ ਤੇ ਟਰੰਪ ਵਿਚਾਲੇ ਪੁਰਾਣੀ ਨੇੜਤਾ ਨੂੰ ਦੇਖਦੇ ਹੋਏ ਇਹੀ ਆਸਾਰ ਵੱਧ ਹਨ ਕਿ ਅਜਿਹੇ ਮੁੱਦਿਆਂ ’ਤੇ ਵਿਆਪਕ ਸਹਿਮਤੀ ਬਣ ਸਕੇਗੀ। ਭਾਰਤ ਪਹਿਲਾਂ ਹੀ ਅਮਰੀਕਾ ਨੂੰ ਭਰੋਸਾ ਦੇ ਚੁੱਕਾ ਹੈ ਕਿ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ ’ਤੇ ਉਹ ਅਮਰੀਕਾ ਦੀ ਹਰਸੰਭਵ ਮਦਦ ਕਰੇਗਾ। ਇਸ ਕਾਰਨ ਪ੍ਰਧਾਨ ਮੰਤਰੀ ਦੇ ਦੌਰੇ ’ਤੇ ਸਵਦੇਸ਼ ਭੇਜੇ ਜਾਣ ਵਾਲੇ ਭਾਰਤੀਆਂ ਦੇ ਨਾਲ ਚੰਗੇ ਵਤੀਰੇ ਦਾ ਮੁੱਦਾ ਸਤ੍ਹਾ ’ਤੇ ਆ ਸਕਦਾ ਹੈ। ਜਿੱਥੇ ਤੱਕ ਟੈਰਿਫ ਦੀ ਗੱਲ ਹੈ ਤਾਂ ਹਾਲੀਆ ਕੇਂਦਰੀ ਬਜਟ ’ਚ ਹੀ ਕਈ ਅਜਿਹੇ ਉਤਪਾਦਾਂ ’ਤੇ ਦਰਾਮਦ ਫੀਸ ਤੇ ਡਿਊਟੀ ਘਟਾਉਣ ਦੀ ਵਿਵਸਥਾ ਹੋਈ ਹੈ, ਜਿਨ੍ਹਾਂ ਨਾਲ ਅਮਰੀਕੀ ਉਤਪਾਦਾਂ ਤੇ ਕੰਪਨੀਆਂ ਨੂੰ ਲਾਭ ਮਿਲਣ ਦਾ ਅੰਦਾਜ਼ਾ ਹੈ। ਸਪੱਸ਼ਟ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਉਮੀਦਾਂ ਨੂੰ ਭਾਰਤ ਸਮਝ ਰਿਹਾ ਹੈ। ਜੇ ਅਮਰੀਕਾ ਦੁਵੱਲੇ ਰਿਸ਼ਤਿਆਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਭਾਰਤੀ ਉਮੀਦਾਂ ਦਾ ਸਨਮਾਨ ਕਰਨਾ ਪਵੇਗਾ।
ਇਸ ’ਚ ਇਕ ਮੁੱਦਾ ਉਨ੍ਹਾਂ ਕੱਟੜਪੰਥੀਆਂ ’ਤੇ ਸਖ਼ਤੀ ਦਾ ਵੀ ਹੋ ਸਕਦਾ ਹੈ, ਜੋ ਵਾਰ-ਵਾਰ ਭਾਰਤ ਨੂੰ ਧਮਕਾਉਂਦੇ ਰਹਿੰਦੇ ਹਨ ਤੇ ਖੁੱਲ੍ਹ ਕੇ ਭਾਰਤ ਵਿਰੋਧੀ ਕੰਮਾਂ ’ਚ ਸ਼ਾਮਲ ਰਹਿੰਦੇ ਹਨ। ਭਾਰਤ ਇਹੀ ਚਾਹੇਗਾ ਕਿ ਅਮਰੀਕਾ ਉਨ੍ਹਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆੜ ’ਚ ਸੁਰੱਖਿਆ ਨਾ ਦੇਵੇ। ਬਾਇਡਨ ਪ੍ਰਸ਼ਾਸਨ ਦੌਰਾਨ ਇਹ ਮੁੱਦਾ ਦੁਵੱਲੇ ਰਿਸ਼ਤਿਆਂ ’ਚ ਇਕ ਚੁੱਭਣ ਵਾਲਾ ਕੰਢਾ ਬਣਿਆ ਰਿਹਾ।
ਪੀਐੱਮ ਮੋਦੀ ਉਨ੍ਹਾਂ ਕੌਮੀ ਪ੍ਰਧਾਨਾਂ ’ਚੋਂ ਇਕ ਹਨ ਜਿਨ੍ਹਾਂ ਦੀ ਟਰੰਪ ਦੂਜੇ ਕਾਰਜਕਾਲ ਦੀ ਸ਼ੁਰੂਆਤ ’ਚ ਹੀ ਮੇਜ਼ਬਾਨੀ ਕਰਨ ਜਾ ਰਹੇ ਹਨ। ਇਹ ਦਰਸਾਉਂਦਾ ਹੈ ਕਿ ਉਹ ਮੋਦੀ ਤੇ ਭਾਰਤ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਦੀ ਇਹੀ ਗੰਭੀਰਤਾ ਤਦ ਵੀ ਝਲਕੀ, ਜਦ ਟਰੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਕੰਮਾਂ ’ਚੋਂ ਇਕ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਕਰਵਾਉਣਾ ਸੀ। ਟਰੰਪ ਨੇ ਹੀ 2017 ’ਚ ਕਵਾਡ ਨੂੰ ਨਵੇਂ ਸਿਰੇ ਤੋਂ ਸਰਗਰਮ ਕੀਤਾ ਸੀ, ਜਿਸ ਨੂੰ ਬਾਇਡਨ ਨੇ ਅੱਗੇ ਵਧਾਇਆ। ਹੁਣ ਉਮੀਦ ਹੈ ਕਿ ਟਰੰਪ ਉਸ ਨੂੰ ਨਵੇਂ ਤੇਵਰ ਦੇਣਗੇ।
ਇਹ ਹਿੰਦ-ਪ੍ਰਸ਼ਾਂਤ ’ਚ ਸਹਿਯੋਗੀਆਂ ਦੇ ਨਾਲ ਸਹਿਯੋਗ ਵਧਾਉਣ ਤੇ ਚੀਨ ਦੀ ਚੁਣੌਤੀ ਦੇ ਤੋੜ ਕੱਢਣ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ। ਕੁੱਲ ਮਿਲਾ ਕੇ, ਟਰੰਪ ਦੇ ਨਾਲ ਬੈਠਕ ’ਚ ਮੋਦੀ ਦੁਵੱਲੇ ਸਬੰਧਾਂ ਲਈ ਅਗਲੇ ਚਾਰ ਸਾਲ ਦੀ ਰੂਪਰੇਖਾ ਤਿਆਰ ਕਰਨਗੇ। ਇਹ ਸਬੰਧ ਆਪਸੀ ਵਿਸ਼ਵਾਸ ਅਤੇ ਨਿਰੰਤਰ ਤਰੱਕੀ ਵਾਲੇ ਨਜ਼ਰੀਏ ਤੋਂ ਪ੍ਰੇਰਿਤ ਹੋਣਗੇ।
(ਲੇਖਕ ਆਬਜ਼ਰਵਰ ਰਿਸਰਚ ਫਾਉਂਡੇਸ਼ਨ ’ਚ ਉਪ ਪ੍ਰਧਾਨ ਹੈ)
ਆਭਾਰ : https://www.punjabijagran.com/editorial/general-all-eyes-on-modi-s-us-visit-9455216.html
test