ਕੰਬਾਈਨ ਦੀ ਚਿੰਗਾਰੀ ਨਾਲ ਭੜਕੀ ਅੱਗ
ਕਿਸਾਨਾਂ ਉੱਤੇ ਮੀਂਹ ਤੋਂ ਬਾਅਦ ਹੁਣ ਅੱਗ ਦਾ ਕਹਿਰ। ਕੰਬਾਈਨ ਦੀ ਚਿੰਗਾਰੀ ਨਾਲ ਭੜਕੀ ਅੱਗ, ਕਣਕ ਸੜ ਕੇ ਸੁਆਹ ਹੋਈ।
15 ਅਪ੍ਰੈਲ, 2026 – ਤਰਨ ਤਾਰਨ: ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਥੇ ਇੱਕ ਕਿਸਾਨ ਦੀ ਖੜੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਚਾਨਣ ਸਿੰਘ ਆਪਣੇ ਖੇਤਾਂ ਵਿੱਚ ਕੰਬਾਈਨ ਰਾਹੀਂ ਕਣਕ ਦੀ ਵਾਢੀ ਕਰਵਾ ਰਹੇ ਸਨ। ਵਾਢੀ ਦੌਰਾਨ ਅਚਾਨਕ ਕੰਬਾਈਨ ਵਿੱਚੋਂ ਚਿੰਗਾਰੀ ਨਿਕਲੀ, ਜਿਸ ਨੇ ਦੇਖਦੇ ਹੀ ਦੇਖਦੇ ਅੱਗ ਦਾ ਭਿਆਨਕ ਰੂਪ ਧਾਰ ਲਿਆ।
ਮੇਰੀ 7 ਕਿੱਲੇ ਫ਼ਸਲ ਸੜ ਗਈ ਹੈ। ਬਾਕੀ ਨਾਲ ਖੜੀ 2 ਤੋਂ ਢਾਈ ਕਿੱਲੇ ਕਿਸੇ ਹੋਰ ਦੀ ਵੀ ਖੜੀ ਕਣਕ ਦੀ ਫ਼ਸਲ ਸੜ ਗਈ। ਕੁੱਲ 10 ਤੋਂ 12 ਏਕੜ ਫ਼ਸਲ ਸੜ ਕੇ ਤਬਾਹ ਹੋਈ ਹੈ। ਅੱਗ ਲੱਗਣ ਤੋਂ ਬਾਅਦ ਮਸ਼ੀਨ ਚਲਾਉਣ ਵਾਲੇ ਨੇ ਸਾਨੂੰ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ, ਜਦਕਿ ਉਹ ਮਸ਼ੀਨ ਲੈ ਕੇ ਫ਼ਰਾਰ ਹੋ ਗਿਆ। ਗੁਰਪ੍ਰੀਤ ਸਿੰਘ ਦੇ ਖੇਤਾਂ ਵਿੱਚ ਫ਼ਸਲ ਸੜ ਗਈ ਹੈ। ਘਟਨਾ ਕਰੀਬ 12 ਕੁ ਵਜੇ ਵਾਪਰੀ ਹੈ। ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਪਹੁੰਚੀ।
– ਪੀੜਤ ਕਿਸਾਨ
10-12 ਕਿੱਲੇ ਵਿੱਚ ਖੜੀ ਫ਼ਸਲ ਤਬਾਹ
ਅੱਗ ਨੇ ਕੁਝ ਹੀ ਮਿੰਟਾਂ ਵਿੱਚ ਤੇਜ਼ੀ ਨਾਲ ਫੈਲਦੇ ਹੋਏ ਲੱਗਭਗ 10-12 ਕਿੱਲੇ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਵਾ ਦੇ ਝੋਕਿਆਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ, ਜਿਸ ਨਾਲ ਨਜ਼ਦੀਕੀ ਖੇਤਾਂ ਨੂੰ ਵੀ ਖ਼ਤਰਾ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕਿਸਾਨ ਚਾਨਣ ਸਿੰਘ ਅਤੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਇਕੱਠੇ ਹੋਏ ਅਤੇ ਅੱਗ ਬੁਝਾਉਣ ਲਈ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਨੇ ਪਾਣੀ, ਬਾਲਟੀਆਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਵੱਡੀ ਮਾਤਰਾ ਵਿੱਚ ਫ਼ਸਲ ਸੜ ਕੇ ਸੁਆਹ
ਕਈ ਲੋਕਾਂ ਨੇ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਅੱਗ ਨੂੰ ਰੋਕਣ ਲਈ ਜ਼ੋਰ ਲਾਇਆ, ਤਾਂ ਜੋ ਹੋਰ ਖੇਤਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੀ ਸਾਂਝੀ ਮਿਹਨਤ ਨਾਲ ਆਖਿਰਕਾਰ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਉਦੋਂ ਤੱਕ ਵੱਡੀ ਮਾਤਰਾ ਵਿੱਚ ਫ਼ਸਲ ਸੜ ਚੁੱਕੀ ਸੀ। ਇਸ ਘਟਨਾ ਕਾਰਨ ਕਿਸਾਨ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਜਿਸ ਨਾਲ ਉਸ ਦੀ ਸਾਲ ਭਰ ਦੀ ਮਿਹਨਤ ਪਲਾਂ ਵਿੱਚ ਸੜ ਕੇ ਰਾਖ ਹੋ ਗਈ। ਇਹ ਹਾਦਸਾ ਖੇਤੀਬਾੜੀ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਵੀ ਉਜਾਗਰ ਕਰਦਾ ਹੈ।
ਖੇਤੀਬਾੜੀ ਮਸ਼ੀਨਾਂ ਦੀ ਨਿਯਮਿਤ ਜਾਂਚ ਜ਼ਰੂਰੀ
ਮਾਹਿਰਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ, “ਉਹ ਕੰਬਾਈਨ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਦੀ ਨਿਯਮਿਤ ਜਾਂਚ ਅਤੇ ਸਰਵਿਸ ਕਰਵਾਉਣ। ਨਾਲ ਹੀ ਅੱਗ ਬੁਝਾਉਣ ਵਾਲੇ ਸਾਧਨ ਹਮੇਸ਼ਾ ਆਪਣੇ ਕੋਲ ਰੱਖਣ। ਥੋੜੀ ਜਿਹੀ ਲਾਪਰਵਾਹੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਇਸ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ।”
ETVBharat