ਪੋਸਟਰ ਵਾਰ ਸ਼ੁਰੂ, ਟਿਕਟ ਲਈ ਦੌੜ ਸ਼ੁਰੂ
ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਅਜੇ ਸਮਾਂ ਬਾਕੀ ਹੈ, ਪਰ ਬਠਿੰਡਾ ਜ਼ਿਲ੍ਹੇ ਦੇ ਰਾਖਵੇਂ ਵਿਧਾਨ ਸਭਾ ਹਲਕਾ ਭੁੱਚੋ ਵਿੱਚ ਸਿਆਸੀ ਬਿਸਾਤ ਹੁਣੇ ਤੋਂ ਵਿਛਣੀ ਸ਼ੁਰੂ ਹੋ ਗਈ ਹੈ। ਹਲਕੇ ਦੇ ਪਿੰਡਾਂ ਦੀਆਂ ਕੰਧਾਂ ਤੋਂ ਲੈ ਕੇ…
20 ਨਵੰਬਰ, 2026 – ਭੁੱਚੋ ਮੰਡੀ (ਬਠਿੰਡਾ) : ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਅਜੇ ਸਮਾਂ ਬਾਕੀ ਹੈ, ਪਰ ਬਠਿੰਡਾ ਜ਼ਿਲ੍ਹੇ ਦੇ ਰਾਖਵੇਂ ਵਿਧਾਨ ਸਭਾ ਹਲਕਾ ਭੁੱਚੋ ਵਿੱਚ ਸਿਆਸੀ ਬਿਸਾਤ ਹੁਣੇ ਤੋਂ ਵਿਛਣੀ ਸ਼ੁਰੂ ਹੋ ਗਈ ਹੈ। ਹਲਕੇ ਦੇ ਪਿੰਡਾਂ ਦੀਆਂ ਕੰਧਾਂ ਤੋਂ ਲੈ ਕੇ ਸ਼ਹਿਰਾਂ ਦੇ ਬਾਜ਼ਾਰਾਂ ਤੱਕ ਲੱਗ ਰਹੇ ਸੰਭਾਵੀ ਉਮੀਦਵਾਰਾਂ ਦੇ ਪੋਸਟਰ, ਸਿਆਸੀ ਆਗੂਆਂ ਦੀਆਂ ਮੀਟਿੰਗਾਂ ਅਤੇ ਲੋਕ ਸੰਪਰਕ ਮੁਹਿੰਮਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਚੋਣਾਂ ਦਾ ਮੈਦਾਨ ਭਾਵੇਂ ਅਜੇ ਅਧਿਕਾਰਤ ਤੌਰ ’ਤੇ ਨਹੀਂ ਸਜਿਆ, ਪਰ ਟਿਕਟ ਦੀ ਦੌੜ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਵਿੱਚ ‘ਇੱਕ ਅਨਾਰ ਸੌ ਬਿਮਾਰ’ ਵਾਲੀ ਸਥਿਤੀ ਬਣੀ ਹੋਈ ਹੈ, ਜਦਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਵੀ ਕਈ ਚਿਹਰੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਕਾਂਗਰਸ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੋਂ ਇਲਾਵਾ ਹਰਵਿੰਦਰ ਸਿੰਘ ਲਾਡੀ, ਐਡਵੋਕੇਟ ਸੁਖਪ੍ਰੀਤ ਕੌਰ ਸੁੱਖੀ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਸਮੇਤ ਕਈ ਹੋਰ ਆਗੂ ਟਿਕਟ ਦੀ ਦੌੜ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੋਟਭਾਈ 2017 ਵਿੱਚ ਇਸ ਹਲਕੇ ਤੋਂ ਵਿਧਾਇਕ ਬਣੇ ਸਨ। ਹੁਣ ਕਾਂਗਰਸ ਹਾਈਕਮਾਂਡ ਸਾਹਮਣੇ ਤਜਰਬੇਕਾਰ ਆਗੂਆਂ ਅਤੇ ਨਵੇਂ ਚਿਹਰਿਆਂ ਵਿਚਾਲੇ ਤਾਲਮੇਲ ਬਣਾਉਣਾ ਅਹਿਮ ਹੋਵੇਗਾ।
ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਮੌਜੂਦਾ ਵਿਧਾਇਕ ਜਗਸੀਰ ਸਿੰਘ ਮਾਸਟਰ ਦੇ ਪੁੱਤਰ ਹਰਸਿਮਰਨ ਸਿੰਘ, ਸੁਰਿੰਦਰ ਸਿੰਘ ਬਿੱਟੂ ਮਾਰਕੀਟ ਕਮੇਟੀ ਭੁੱਚੋ, ਗੁਰਜੰਟ ਸਿੰਘ ਸਿਵੀਆਂ ਅਤੇ ਐਡਵੋਕੇਟ ਲੇਖਪ੍ਰੀਤ ਸਿੰਘ ਦੀਆਂ ਸਰਗਰਮੀਆਂ ਵੀ ਚਰਚਾ ਵਿੱਚ ਹਨ। ਪਿੰਡਾਂ ਵਿੱਚ ਮੀਟਿੰਗਾਂ, ਲੋਕਾਂ ਨਾਲ ਸੰਪਰਕ ਅਤੇ ਪੋਸਟਰਾਂ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਉਣ ਦਾ ਸਿਲਸਿਲਾ ਜਾਰੀ ਹੈ।
ਭਾਜਪਾ ਵੱਲੋਂ ਲੈਕਚਰਾਰ ਬਲਦੇਵ ਸਿੰਘ ਆਕਲੀਆਂ ਅਤੇ ਸਿਹਤ ਵਿਭਾਗ ਦੇ ਫਾਰਮਾਸਿਸਟ ਕੁਲਤਾਰ ਸਿੰਘ ਦੇ ਨਾਂ ਸੰਭਾਵੀ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਹੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਗੁਰੂ ਲੰਮੇ ਸਮੇਂ ਤੋਂ ਹਲਕੇ ਵਿੱਚ ਸਰਗਰਮ ਹਨ। ਉਨ੍ਹਾਂ ਦੇ ਹੱਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਵੀ ਕੀਤੀ ਜਾ ਚੁੱਕੀ ਹੈ। ਇਸ ਸਾਰੇ ਸਿਆਸੀ ਦ੍ਰਿਸ਼ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗੱਠਜੋੜ ਦਾ ਪਹਿਲੂ ਵੀ ਕਾਫ਼ੀ ਅਹਿਮ ਬਣ ਗਿਆ ਹੈ।
ਜੇ 2027 ਦੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਮੁੜ ਚੋਣ ਸਮਝੌਤਾ ਹੁੰਦਾ ਹੈ ਤਾਂ ਭੁੱਚੋ ਹਲਕੇ ਦੀ ਸੀਟ ਕਿਸ ਪਾਰਟੀ ਦੇ ਹਿੱਸੇ ਆਵੇਗੀ, ਇਹ ਵੱਡਾ ਸਵਾਲ ਹੋਵੇਗਾ। ਜੇ ਸੀਟ ਅਕਾਲੀ ਦਲ ਦੇ ਕੋਟੇ ਵਿੱਚ ਜਾਂਦੀ ਹੈ ਤਾਂ ਭਾਜਪਾ ਦੇ ਦਾਅਵੇਦਾਰਾਂ ਨੂੰ ਆਪਣੀ ਦਾਅਵੇਦਾਰੀ ਛੱਡਣੀ ਪੈ ਸਕਦੀ ਹੈ ਅਤੇ ਜੇ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਅਕਾਲੀ ਦਲ ਦੇ ਸਰਗਰਮ ਆਗੂ ਨੂੰ ਪਿੱਛੇ ਹਟਣਾ ਪੈ ਸਕਦਾ ਹੈ। ਫਿਲਹਾਲ ਇਹ ਸੰਭਾਵੀ ਸਿਆਸੀ ਸਮੀਕਰਨ ਹੈ, ਪਰ ਗੱਠਜੋੜ ਦੀ ਚਰਚਾ ਨੇ ਦੋਵਾਂ ਪਾਰਟੀਆਂ ਦੇ ਸਥਾਨਕ ਦਾਅਵੇਦਾਰਾਂ ਲਈ ਨਵਾਂ ਸਵਾਲ ਜ਼ਰੂਰ ਖੜ੍ਹਾ ਕਰ ਦਿੱਤਾ ਹੈ।ਦੂਜੇ ਪਾਸੇ ਪੱਤਰਕਾਰਤਾ ਤੋਂ ਹਟ ਕੇ ਵਾਰਿਸ ਪੰਜਾਬ ਵੱਲੋਂ ਸਿਆਸੀ ਪਾਰੀ ਖੇਡ ਰਹੇ ਹਨ ਸਤਪਾਲ ਸਿਵੀਆਂ।
ਭੁੱਚੋ ਦੀ ਸਿਆਸਤ ਦਾ ਚੋਣੀ ਇਤਿਹਾਸ ਵੀ ਕਾਫ਼ੀ ਦਿਲਚਸਪ ਰਿਹਾ ਹੈ। 2017 ਵਿੱਚ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਨੇ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਨੂੰ ਸਿਰਫ਼ 645 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ, ਪਰ 2022 ਵਿੱਚ ਤਸਵੀਰ ਪੂਰੀ ਤਰ੍ਹਾਂ ਬਦਲ ਗਈ। ਜਗਸੀਰ ਸਿੰਘ ਨੇ 85,778 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਅਕਾਲੀ ਦਲ ਦੇ ਦਰਸ਼ਨ ਸਿੰਘ ਕੋਟਫੱਤਾ ਨੂੰ 35,566 ਅਤੇ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਨੂੰ 20,681 ਵੋਟਾਂ ਮਿਲੀਆਂ। ਇਹ ਨਤੀਜੇ ਹਲਕੇ ਦੇ ਬਦਲਦੇ ਸਿਆਸੀ ਸਮੀਕਰਨਾਂ ਦੀ ਤਸਵੀਰ ਪੇਸ਼ ਕਰਦੇ ਹਨ।
ਭੁੱਚੋ ਹਲਕੇ ਦੇ ਲੋਕਾਂ ਲਈ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਸੜਕਾਂ ਦੀ ਮੁਰੰਮਤ, ਪਾਣੀ ਦੀ ਨਿਕਾਸੀ, ਸਿਹਤ ਅਤੇ ਸਿੱਖਿਆ ਸਹੂਲਤਾਂ ਵਰਗੇ ਮੁੱਦੇ ਵੀ ਅਹਿਮ ਰਹਿਣਗੇ। ਕਿਸਾਨਾਂ, ਵਪਾਰੀਆਂ, ਨੌਜਵਾਨਾਂ ਅਤੇ ਪੇਂਡੂ ਖੇਤਰਾਂ ਦੀਆਂ ਲੋੜਾਂ ਚੋਣੀ ਚਰਚਾ ਦਾ ਹਿੱਸਾ ਬਣਨਗੀਆਂ। 2024 ਦੇ ਚੋਣ ਅੰਕੜਿਆਂ ਅਨੁਸਾਰ ਹਲਕੇ ਵਿੱਚ 1,83,623 ਆਮ ਵੋਟਰ ਅਤੇ 838 ਸਰਵਿਸ ਵੋਟਰ ਦਰਜ ਸਨ। ਇੰਨੀ ਵੱਡੀ ਵੋਟਰ ਗਿਣਤੀ ਵਾਲੇ ਹਲਕੇ ਵਿੱਚ ਹਰ ਪਾਰਟੀ ਲਈ ਲੋਕਾਂ ਦਾ ਭਰੋਸਾ ਹਾਸਲ ਕਰਨਾ ਅਹਿਮ ਹੋਵੇਗਾ।
ਫਿਲਹਾਲ ਪੋਸਟਰਾਂ ਦੀ ਸਿਆਸਤ ਜ਼ੋਰਾਂ ’ਤੇ ਹੈ, ਪਰ ਆਖ਼ਰੀ ਫ਼ੈਸਲਾ ਵੋਟਰਾਂ ਨੇ ਹੀ ਕਰਨਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀਆਂ ਆਪਣੇ ਦਾਅਵੇਦਾਰਾਂ ਵਿੱਚੋਂ ਕਿਸ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ ਅਤੇ ਭੁੱਚੋ ਦਾ ਵੋਟਰ ਸਿਆਸੀ ਚਿਹਰੇ, ਪਾਰਟੀ ਜਾਂ ਪੰਜ ਸਾਲਾਂ ਦੇ ਕੰਮਕਾਜ ਵਿੱਚੋਂ ਕਿਸ ਨੂੰ ਆਪਣੀ ਤਰਜੀਹ ਬਣਾਉਂਦਾ ਹੈ।
ਪੰਜਾਬੀ ਟ੍ਰਿਬਯੂਨ