ਅਧਿਕਾਰੀ ਸਿਰਫ਼ ਪੱਤਰ ਲਿਖਣ ਤੱਕ ਸੀਮਤ ਰਹੇ
23 ਅਕਤੂਬਰ, 2026 – ਤਲਵਾੜਾ : ਪਿੰਡ ਹੰਦਵਾਲ ’ਚ ਨਹਿਰੀ ਵਿਭਾਗ ਦੀ ਲਗਪਗ 50 ਏਕੜ ਜ਼ਮੀਨ ’ਤੇ ਨੇੜਲੇ ਕਰੱਸ਼ਰਾਂ ਵੱਲੋਂ ਕਰੀਬ 7 ਸਾਲ ਕੀਤੇ ਨਾਜਾਇਜ਼ ਖਣਨ ਖ਼ਿਲਾਫ਼ ਨਹਿਰੀ ਵਿਭਾਗ ਕਥਿਤ ਪੱਤਰ ਲਿਖਣ ਤੱਕ ਹੀ ਸੀਮਤ ਰਿਹਾ ਹੈ। ਖੁਦਾਈ ਖ਼ਿਲਾਫ਼ ਕਰੱਸ਼ਰ ਮਾਲਕਾਂ ਨੂੰ ਮਾਈਨਿੰਗ ਵਿਭਾਗ ਵਲੋਂ ਕੀਤੇ ਜੁਰਮਾਨਿਆਂ ਦਾ ਨਹਿਰੀ ਵਿਭਾਗ ਨੂੰ ਕੋਈ ਲਾਹਾ ਨਹੀਂ ਮਿਲਿਆ, ਜਦੋਂ ਕਿ ਜਾਇਦਾਦ ਨਹਿਰੀ ਵਿਭਾਗ ਦੀ ਨੁਕਸਾਨੀ ਗਈ। ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਵਲੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਗਿਆ ਸੀ, ਪਰ ਨਹਿਰੀ ਅਧਿਕਾਰੀਆਂ ਨੇ ਕਦੇ ਗੰਭੀਰਤਾ ਨਾ ਦਿਖਾਈ।
ਦੱਸਣਯੋਗ ਹੈ ਕਿ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਕਥਿਤ ਨੇੜਲੇ ਕਰੱਸ਼ਰ ਵੱਲੋਂ ਕੀਤੇ ਗਏ ਗ਼ੈਰ-ਕਾਨੂੰਨੀ ਖਣਨ ਖ਼ਿਲਾਫ਼ ਮਾਰਚ 2019 ਵਿੱਚ ਪਿੰਡ ਹੰਦਵਾਲ ਦੀ ਤਤਕਾਲੀ ਸਰਪੰਚ ਸੋਨੀਆ ਦੇਵੀ, ਪੰਚ ਮੁਲਖ ਰਾਜ ਅਤੇ ਨੰਬਰਦਾਰ ਤੀਰਥ ਰਾਮ ਵਲੋਂ ਨਹਿਰੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਸ਼ਾਹ ਨਹਿਰ ਦੀ ਮਾਲਕੀ ਵਾਲੇ ਪਿੰਡ ਚੰਗੜਮਾਂ ਤੋਂ ਸ਼ੁਰੂ ਹੁੰਦੇ ਕਰੀਬ 660 ਫੁੱਟ ਚੌੜੇ ਰਕਬੇ ’ਤੇ ਕਰੱਸ਼ਰਾਂ ਵਲੋਂ ਕੀਤੀ ਮਾਈਨਿੰਗ ’ਚ ਨਹਿਰੀ ਅਧਿਕਾਰੀਆਂ ’ਤੇ ਮਿਲੀਭੁਗਤ ਦੇ ਦੋਸ਼ ਲਾਏ ਸਨ। ਤਤਕਾਲੀ ਐਕਸੀਐਨ ਹਰਮਿੰਦਰ ਸਿੰਘ ਵਲੋਂ ਮਾਮਲੇ ਦੀ ਕੀਤੀ ਜਾਂਚ ਦੌਰਾਨ ਵੀ ਕੁਝ ਨਹਿਰੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਾਹਮਣੇ ਆਈ ਸੀ। ਉਨ੍ਹਾਂ ਹੇਠਲੇ ਅਧਿਕਾਰੀਆਂ ਨੂੰ ਤੁਰੰਤ ਨਹਿਰੀ ਰਕਬੇ ਦੀ ਨਿਸ਼ਾਨਦੇਹੀ ਮਗਰੋਂ ਬੁਰਜੀਆਂ ਲਗਾ ਕੇ ਕਰੱਸ਼ਰਾਂ ਦੇ ਲਾਂਘੇ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ ਪਰ ਮਾਮਲੇ ਵਿੱਚ ਨਹਿਰੀ ਅਧਿਕਾਰੀਆਂ ਨੇ ਖਣਨ ਵਿਭਾਗ ਜਾਂ ਪੁਲੀਸ ਨੂੰ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਲਿਖਣ ਤੋਂ ਵੱਧ ਕੁਝ ਨਹੀਂ ਕੀਤਾ।
ਮਾਮਲੇ ਦੀ ਸੀ ਬੀ ਆਈ ਜਾਂਚ ਮੰਗੀ
ਸ਼ਾਹ ਨਹਿਰ ਯੂ ਬੀ ਡੀ ਸੀ ਮੁਲਾਜ਼ਮ ਦਲ ਮੁਕੇਰੀਆਂ ਦੇ ਪ੍ਰਧਾਨ ਜਸਪਾਲ ਸਿੰਘ ਤੇ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਨਹਿਰੀ ਜ਼ਮੀਨ ’ਤੇ ਖੁਦਾਈ ਨਹਿਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਸੰਭਵ ਹੋਈ ਹੈ। ਨਹਿਰੀ ਅਧਿਕਾਰੀਆਂ ਨੇ ਨਾਜਾਇਜ਼ ਮਾਈਨਿੰਗ ਰੋਕਣ ਲਈ ਕਦੇ ਠੋਸ ਯਤਨ ਨਹੀਂ ਕੀਤੇ। ਸਗੋਂ ਪੁਲੀਸ ਅਤੇ ਮਾਈਨਿੰਗ ਵਿਭਾਗ ਨੂੰ ਪੱਤਰ ਲਿਖ ਕੇ ਡੰਗ ਟਪਾਈ ਹੀ ਕੀਤੀ ਹੈ। ਮਾਈਨਿੰਗ ਵਿਭਾਗ ਵਲੋਂ ਕਰੱਸ਼ਰਾਂ ਨੂੰ ਕੀਤੇ ਗਏ ਜੁਰਮਾਨਿਆਂ ਅਤੇ ਕਰੱਸ਼ਰਾਂ ਖ਼ਿਲਾਫ਼ ਦਰਜ ਕੇਸਾਂ ਦਾ ਨਹਿਰੀ ਵਿਭਾਗ ਨੂੰ ਕੋਈ ਲਾਹਾ ਨਹੀਂ ਮਿਲਿਆ। ਉਨ੍ਹਾਂ ਸੀ ਬੀ ਆਈ ਤੋਂ ਮੰਗ ਕੀਤੀ ਕਿ ਸ਼ਾਹ ਨਹਿਰ ਦੀ ਕਰੀਬ 50 ਏਕੜ ਤੋਂ ਜ਼ਮੀਨ ਤੋਂ ਲਗਾਤਾਰ 7 ਸਾਲ ਹੁੰਦੀ ਰਹੀ ਖੁਦਾਈ ਦੇ ਮਾਮਲੇ ਵਿੱਚ ਇੱਥੇ ਤਾਇਨਾਤ ਰਹੇ ਨਹਿਰੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ।
ਕਰੱਸ਼ਰ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾਏ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਐਨ ਦਿਨੇਸ਼ ਕੁਮਾਰ ਅਨੁਸਾਰ ਨਹਿਰੀ ਜ਼ਮੀਨ ਤੋਂ ਖੁਦਾਈ ਮਾਮਲੇ ਵਿੱਚ ਮਾਈਨਿੰਗ ਵਿਭਾਗ ਨੇ ਕਰੱਸ਼ਰਾਂ ਵਿਰੁੱਧ ਪੁਲੀਸ ਕੇਸ ਵੀ ਦਰਜ ਕਰਵਾਏ ਅਤੇ ਜੁਰਮਾਨੇ ਕੀਤੇ ਹਨ। ਨਹਿਰੀ ਜ਼ਮੀਨ ’ਤੇ ਖੁਦਾਈ ਕਾਰਨ ਹੋਏ ਨੁਕਸਾਨ ਦੀ ਭਰਪਾਈ ਨਹਿਰੀ ਵਿਭਾਗ ਦੇ ਸਾਥੀ ਵਿੰਗ ਮਾਈਨਿੰਗ ਵਿਭਾਗ ਵਲੋਂ ਕੀਤੀ ਗਈ ਹੈ। ਉਨ੍ਹਾਂ ਨਹਿਰੀ ਅਧਿਕਾਰੀਆਂ ਦੀ ਭੂਮਿਕਾ ’ਤੇ ਉੱਠਦੇ ਸਵਾਲਾਂ ਬਾਰੇ ਕਿਹਾ ਕਿ ਵਿਭਾਗ ਵਲੋਂ ਲਗਾਤਾਰ ਪੱਤਰ ਲਿਖ ਕੇ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਕਰਵਾਈ ਜਾਂਦੀ ਰਹੀ ਹੈ।
ਪੰਜਾਬੀ ਟ੍ਰਿਬਯੂਨ