ਪਾਵਰਕੌਮ ਨੇ ਜਾਰੀ ਕੀਤਾ ਸ਼ਡਿਊਲ; ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟਾਂ ਦੇ ਕੲੀ ਯੂਨਿਟ ਠੱਪ
12 ਸਤੰਬਰ, 2026 – ਚੰਡੀਗੜ੍ਹ : Punjab Power Crisis: ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਇਸ ਬਿਜਲੀ ਸੰਕਟ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸੂਬੇ ਦੇ ਉਦਯੋਗਾਂ ਲਈ ਬਿਜਲੀ ਕੱਟਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕੈਟਾਗਰੀ-2 ਫੀਡਰਾਂ ਅਧੀਨ ਆਉਂਦੀਆਂ ਉਦਯੋਗਿਕ ਇਕਾਈਆਂ ਲਈ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਸਪਲਾਈ ਮੁਕੰਮਲ ਤੌਰ ‘ਤੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਫ਼ੈਸਲੇ ਕਾਰਨ ਇੰਡਸਟਰੀ ਨੂੰ ਲਗਾਤਾਰ 10 ਘੰਟੇ ਦੇ ਭਾਰੀ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੌਰਾਨ ਜ਼ਿਆਦਾਤਰ ਕਾਰਖਾਨੇ ਅਤੇ ਉਦਯੋਗਿਕ ਇਕਾਈਆਂ ਠੱਪ ਰਹਿਣਗੀਆਂ। ਪਾਵਰਕੌਮ ਅਨੁਸਾਰ ਫਿਲਹਾਲ ਇਹ ਸ਼ਡਿਊਲ ਸਿਰਫ਼ ਅੱਜ ਰਾਤ ਲਈ ਹੀ ਲਾਗੂ ਕੀਤਾ ਗਿਆ ਹੈ।
ਕੋਲੇ ਦੀ ਘਾਟ ਨਾਲ ਥਰਮਲ ਪਲਾਂਟ ਪ੍ਰਭਾਵਿਤ; ਬਿਜਲੀ ਉਤਪਾਦਨ ਘਟਿਆ
ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਸਿੱਧੇ ਤੌਰ ‘ਤੇ ਥਰਮਲ ਪਲਾਂਟਾਂ ‘ਤੇ ਨਿਰਭਰ ਹੈ ਪਰ ਕੋਲੇ ਦੀ ਕਮੀ ਕਾਰਨ ਇਸ ਵੇਲੇ ਕੋਈ ਵੀ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਜਲੀ ਉਤਪਾਦਨ ਨਹੀਂ ਕਰ ਪਾ ਰਿਹਾ। ਨਤੀਜੇ ਵਜੋਂ ਸੂਬੇ ਵਿੱਚ ਬਿਜਲੀ ਦੀ ਉਤਪਾਦਨ ਦਰ ਕਾਫ਼ੀ ਹੇਠਾਂ ਡਿੱਗ ਗਈ ਹੈ। ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਵਿੱਚੋਂ ਇੱਕ ਯੂਨਿਟ ਵਿੱਚ ਬੀਤੇ ਦਿਨ ਤੋਂ ਹੀ ਉਤਪਾਦਨ ਬੰਦ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਵੀਰਵਾਰ ਦੇਰ ਰਾਤ ਤੋਂ ਬੰਦ ਪਿਆ ਹੈ। ਇਸ ਤਰ੍ਹਾਂ ਦੋ ਪ੍ਰਾਈਵੇਟ ਪਲਾਂਟਾਂ ਦੇ ਇੱਕ-ਇੱਕ ਯੂਨਿਟ ਅਤੇ ਇੱਕ ਸਰਕਾਰੀ ਥਰਮਲ ਪਲਾਂਟ ਦੇ ਇੱਕ ਯੂਨਿਟ ਸਮੇਤ ਕੁੱਲ 3 ਯੂਨਿਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ।
ਮੰਗ ਅਤੇ ਪੂਰਤੀ ‘ਚ ਵੱਡਾ ਪਾੜਾ: ਪਿੰਡਾਂ ਤੇ ਸ਼ਹਿਰਾਂ ‘ਚ ਵੀ ਅਣ-ਐਲਾਨੇ ਕੱਟ
ਪਾਵਰਕੌਮ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ 16,112 ਮੈਗਾਵਾਟ ਤੱਕ ਪਹੁੰਚ ਗਈ ਹੈ, ਜਦਕਿ ਕੁੱਲ ਉਤਪਾਦਨ ਸਿਰਫ਼ 4,501 ਮੈਗਾਵਾਟ ਹੀ ਹੋ ਰਿਹਾ ਹੈ। ਇਸ ਵਿੱਚ ਥਰਮਲ ਪਲਾਂਟਾਂ ਤੋਂ 3,495 ਮੈਗਾਵਾਟ (ਸਰਕਾਰੀ ਥਰਮਲ ਤੋਂ 1,637 ਮੈਗਾਵਾਟ ਅਤੇ ਪ੍ਰਾਈਵੇਟ ਥਰਮਲ ਤੋਂ 1,858 ਮੈਗਾਵਾਟ) ਅਤੇ ਸੋਲਰ ਪਲਾਂਟਾਂ ਤੋਂ 473 ਮੈਗਾਵਾਟ ਬਿਜਲੀ ਮਿਲ ਰਹੀ ਹੈ। ਪਾਵਰਕੌਮ ਵੱਲੋਂ ਕੇਂਦਰੀ ਪੂਲ ਤੋਂ ਵਾਧੂ ਬਿਜਲੀ ਖਰੀਦੀ ਜਾ ਰਹੀ ਹੈ, ਪਰ ਮੰਗ ਜ਼ਿਆਦਾ ਹੋਣ ਕਾਰਨ ਸੰਕਟ ਬਰਕਰਾਰ ਹੈ। ਉਦਯੋਗਾਂ ਤੋਂ ਇਲਾਵਾ ਦਿਹਾਤੀ ਖੇਤਰਾਂ ਵਿੱਚ ਲੰਬੇ ਬਿਜਲੀ ਕੱਟ ਲੱਗ ਰਹੇ ਹਨ ਅਤੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਵਾਰ-ਵਾਰ ਬਿਜਲੀ ਟਰਿੱਪ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਪੰਜਾਬੀ ਟ੍ਰਿਬਯੂਨ