ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਖੇਪ ਭੇਜੇ ਜਾਣ ਦਾ ਖ਼ਦਸ਼ਾ
12 ਸਤੰਬਰ, 2026 – ਭਿੱਖੀਵਿੰਡ : ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਪਿੰਡ ਚਾਹਲ ਦੇ ਬਾਬਾ ਸਾਈਂ ਜੀ ਵਾਲਾ ਇਲਾਕੇ ਵਿੱਚੋਂ 12 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ 24 ਪੈਕਿੰਗਾਂ ਵਿੱਚ ਮੌਜੂਦ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਖੇਪ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀ ਐੱਸ ਐੱਫ ਨਾਲ ਸਾਂਝੇ ਤੌਰ ’ਤੇ ਪਿੰਡ ਚਾਹਲ ਦੇ ਬਾਬਾ ਸਾਈਂ ਜੀ ਵਾਲਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ ਇੱਕ ਸ਼ੱਕੀ ਪਾਰਸਲ ਬਰਾਮਦ ਹੋਇਆ। ਪਾਰਸਲ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਹੈਰੋਇਨ ਦੀ ਖੇਪ ਮਿਲੀ, ਜਿਸ ਦਾ ਵਜ਼ਨ 12.070 ਕਿਲੋ ਹੋਇਆ।
ਇਸ ਸਬੰਧੀ ਐੱਸ ਐੱਸ ਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਭੇਜੇ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਨੇ ਮੰਗਵਾਈ ਸੀ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ