‘ਪੰਜਾਬੀ ਇਮਤਿਹਾਨ 2026’ ਰਾਹੀਂ ਨੰਨ੍ਹੇ–ਮੁੰਨਿਆਂ ਨੇ ਪਰਖੀ ਭਾਸ਼ਾਈ ਮੁਹਾਰਤ; ਗਿੱਧੇ, ਭੰਗੜੇ ਤੇ ਕਵਿਸ਼ਰੀ ਦੀਆਂ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ
31 ਅਕਤੂਬਰ, 2026 – ਸਿਡਨੀ : ਆਸਟਰੇਲੀਆ ਦਾ ਸ਼ਹਿਰ ਪਰਥ ਸੱਤ ਸਮੁੰਦਰ ਪਾਰ ਵੀ ਪੰਜਾਬੀ ਮਾਂ-ਬੋਲੀ ਦੀ ਮਹਿਕ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ। ਇਸ ਸਬੰਧੀ ਪੰਜਾਬੀ ਸੱਥ ਵੱਲੋਂ ਸੰਗਤ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ‘ਪੰਜਾਬੀ ਇਮਤਿਹਾਨ 2026’ ਨਾਂ ਦਾ ਇਹ ਉਪਰਾਲਾ ਬੇਹੱਦ ਯਾਦਗਾਰੀ ਹੋ ਨਿੱਬੜਿਆ। ਸਮਾਗਮ ਦੌਰਾਨ ਪਰਵਾਸੀ ਬੱਚਿਆਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਅਮੀਰ ਸੱਭਿਆਚਾਰ ਨਾਲ ਆਪਣੀ ਸਾਂਝ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ।
ਅਧਿਆਪਕ ਜਗਤਾਰ ਸਿੰਘ ਦੀ ਦੇਖ-ਰੇਖ ਹੇਠ ਔਨਲਾਈਨ ਕਰਵਾਏ ਗਏ ਇਸ ਇਮਤਿਹਾਨ ਵਿੱਚ ਬੱਚਿਆਂ ਨੇ ਅੱਖਰ-ਬੋਧ, ਸ਼ਬਦ-ਬੋਧ, ਵਾਕ-ਬੋਧ ਅਤੇ ਜਮਾਤਾਂ ਅਨੁਸਾਰ ਪੜ੍ਹਨ-ਲਿਖਣ ਦੀ ਸ਼ਾਨਦਾਰ ਮੁਹਾਰਤ ਦਿਖਾਈ। ਜੈਜ਼ਵੀਰ ਸਿੰਘ ਦੇ ਸ਼ਬਦ ਗਾਇਨ ਨਾਲ ਆਰੰਭ ਹੋਏ ਸੱਭਿਆਚਾਰਕ ਸਮਾਗਮ ਵਿੱਚ ਰੀਤ ਕੌਰ ਅਤੇ ਸੁਖਲੀਨ ਕੌਰ ਨੇ ‘ਰਾਏ ਬੁਲਾਰ ਦੀ ਪੁਕਾਰ’ ਕਵਿਸ਼ਰੀ ਪੇਸ਼ ਕੀਤੀ, ਜਦਕਿ ਬ੍ਰਹਮਨੂਰ ਸਿੰਘ ਨੇ ਸ਼ਹੀਦਾਂ ਨੂੰ ਸਮਰਪਿਤ ਵਾਰ ਸੁਣਾਈ। ਇਸ ਤੋਂ ਇਲਾਵਾ ਬੱਚਿਆਂ ਦੇ ਭੰਗੜੇ, ਗਿੱਧੇ, ਬੋਲੀਆਂ ਅਤੇ ਲੋਕਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਵਿਸ਼ੇਸ਼ ਮਹਿਮਾਨਾਂ ਅਸ਼ੋਕ ਕੁਮਾਰ, ਮਾਸਟਰ ਰੂਪ ਸਿੰਘ ਅਤੇ ਗਿਆਨੀ ਅਵਤਾਰ ਸਿੰਘ ਲੋਪੋ ਨੇ ਬੱਚਿਆਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ। ਮੰਚ ਸੰਚਾਲਨ ਅਮਨਦੀਪ ਕੌਰ ਵੱਲੋਂ ਕੀਤਾ ਗਿਆ। ਸੱਥ ਦੇ ਸੰਚਾਲਕ ਹਰਲਾਲ ਸਿੰਘ ਅਨੁਸਾਰ ਸੰਸਥਾ ਪਿਛਲੇ ਡੇਢ ਦਹਾਕੇ ਤੋਂ ਆਸਟਰੇਲੀਆ ਵਿੱਚ ਪੰਜਾਬੀ ਬੋਲੀ ਅਤੇ ਵਿਰਸੇ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸਮਾਗਮ ਦੇ ਅੰਤ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬੀ ਟ੍ਰਿਬਯੂਨ