1230 ਟੀ ਡੀ ਐੱਸ ਵਾਲਾ ਪਾਣੀ ਵਾਟਰ ਵਰਕਸ ਤੋਂ ਸਪਲਾਈ ਹੋ ਰਿਹੈ: ਮੁਹੱਲਾ ਵਾਸੀ
30 ਸਤੰਬਰ, 2026 – ਲੰਬੀ : ਮੰਡੀ ਕਿੱਲ੍ਹਿਆਂਵਾਲੀ ਦੇ ਅਜੀਤ ਨਗਰ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਥਾਂ ਸੀਵਰੇਜ ਦਾ ਬਦਬੂਦਾਰ ਪਾਣੀ ਮਿਲ ਰਿਹਾ ਹੈ। ਟੂਟੀਆਂ ਜਾਂ ਮੋਟਰਾਂ ਚਲਾਉਣ ’ਤੇ ਪਹਿਲੇ ਅੱਧੇ ਘੰਟੇ ਤੱਕ ਕਾਲਾ ਤੇ ਬਦਬੂਦਾਰ ਪਾਣੀ ਆਉਂਦਾ ਹੈ। ਲੋਕਾਂ ਮੁਤਾਬਕ ਇਸ ਕਾਰਨ ਮੁਹੱਲੇ ਵਿੱਚ ਚਮੜੀ ਦੇ ਰੋਗਾਂ ਦੀਆਂ ਸ਼ਿਕਾਇਤਾਂ ਵੀ ਵਧ ਰਹੀਆਂ ਹਨ। ਦੁਖਾਂਤ ਇਹ ਹੈ ਕਿ ਸਿਆਸੀ ਹਲਕੇ ਦੇ ਸਭ ਤੋਂ ਵੱਡੇ ਪਿੰਡ ਮੰਡੀ ਬੋਰਡ ਦੇ ਵਾਟਰ ਵਰਕਸ ਤੋਂ ਬਿਨਾਂ ਫਿਲਟਰ ਤੇ ਬਿਨਾਂ ਕਲੋਰੀਨੇਸ਼ਨ ਟਿਊਬਵੈੱਲ ਦਾ 1230 ਟੀ ਡੀ ਐੱਸ ਵਾਲਾ ਪਾਣੀ ਸਿੱਧਾ ਸਪਲਾਈ ਕੀਤਾ ਜਾ ਰਿਹਾ ਹੈ। ਕਈ ਮਹੀਨਿਆਂ ਤੋਂ ਵਾਟਰ ਵਰਕਸ ਦੇ ਫਿਲਟਰ ਬੰਦ ਪਏ ਹਨ। ਸਟੋਰੇਜ ਟੈਂਕ ਵਿੱਚ ਗੰਦਗੀ, ਝਾੜੀਆਂ ਅਤੇ ਟਾਹਲੀਆਂ ਦਾ ਬੋਲਬਾਲਾ ਹੈ।
ਲੋਕਾਂ ਮੁਤਾਬਕ ਜਲ ਤੇ ਸੈਨੀਟੇਸ਼ਨ ਵਿਭਾਗ ਦੀ ਕਥਿਤ ਤਕਨੀਕੀ ਅਣਗਹਿਲੀ ਕਾਰਨ ਸਮੱਸਿਆ ਗੰਭੀਰ ਹੋਈ ਹੈ। ਲੱਖਾਂ ਰੁਪਏ ਖਰਚਣ ਦੇ ਬਾਵਜੂਦ ਜੈਟਿੰਗ ਮਸ਼ੀਨ ਮੁੜ ਖਰਾਬ ਹੋਣ ਦੀ ਸ਼ਿਕਾਇਤ ਹੈ। ਵਾਟਰ ਵਰਕਸ ਦਾ ਪ੍ਰਬੰਧ ਗ੍ਰਾਮ ਪੰਚਾਇਤ ਕੋਲ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕਰੀਬ 18 ਹਜ਼ਾਰ ਦੀ ਆਬਾਦੀ ਵਾਲੇ ਕਸਬੇ ਲਈ ਸਿਰਫ਼ ਦੋ ਸੀਵਰਮੈਨ ਹਨ। ਲੋਕਾਂ ਨੂੰ 700-800 ਰੁਪਏ ਪ੍ਰਤੀ ਗੇੜ ਦੇ ਕੇ ਨਿੱਜੀ ਸੀਵਰਮੈਨਾਂ ਤੋਂ ਸਫ਼ਾਈ ਕਰਵਾਉਣੀ ਪੈਂਦੀ ਹੈ। ਪੱਤਰਕਾਰਾਂ ਸਾਹਮਣੇ ਲੋਕਾਂ ਨੇ ਗਾਰ ਨਾਲ ਭਰੇ ਮੈਨਹੋਲ ਵੀ ਦਿਖਾਏ।
ਇਸ ਮੌਕੇ ਬੱਬੂ ਸਿੰਘ ਖਾਲਸਾ, ਸੋਹਣ ਪਰਮਿੰਦਰ ਸਿੰਘ, ਹਰਿੰਦਰ ਸਿੰਘ, ਹਰਦਿਆਲ ਸਿੰਘ, ਸੂਰਤ ਸਿੰਘ, ਸੰਜੀਵ ਕੁਮਾਰ, ਤੀਰਥ ਅਤੇ ਹੋਰਨਾਂ ਨੇ ਕਿਹਾ ਕਿ ਉਹ ਪਾਣੀ ਸਪਲਾਈ ਤੇ ਸੀਵਰੇਜ ਦੇ ਸਰਕਾਰੀ ਬਿੱਲਾਂ ਭਰ ਰਹੇ ਹਨ, ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਜੇ ਈ ਹਰਦਿਆਲ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਕਾਰਨ ਹਰ ਮਹੀਨੇ ਕਰੀਬ 800 ਰੁਪਏ ਪ੍ਰਤੀ ਗੇੜ ਦੇ ਕੇ 3-4 ਨਿੱਜੀ ਟੈਂਕਰ ਮੰਗਵਾਉਣੇ ਪੈਂਦੇ ਹਨ।
ਮਨਜੀਤ ਸਿੰਘ ਨੇ ਕਿਹਾ ਕਿ ਘਰਾਂ ਵਿੱਚ ਸੀਵਰੇਜ ਦਾ ਪਾਣੀ ਮਿਲਣ ਨਾਲ ਸਿਹਤ ਲਈ ਖ਼ਤਰਾ ਵਧ ਰਿਹਾ ਹੈ। ਡਾ. ਜਸਵੰਤ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਪਾਣੀ ਵਿੱਚ ਸੀਵਰੇਜ ਦੀ ਮਿਲਾਵਟ ਕਾਰਨ ਮੁਹੱਲੇ ਵਿੱਚ ਚਮੜੀ ਦੀ ਐਲਰਜੀ ਦੇ ਮਰੀਜ਼ ਵਧੇ ਹਨ। ਸੇਵਾਮੁਕਤ ਲੈਕਚਰਾਰ ਸੋਹਣ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਜ ਹਸਪਤਾਲ ਗਲੀ ਵਿੱਚ ਸੀਵਰੇਜ ਦਾ ਪਾਣੀ ਲਗਾਤਾਰ ਖੜ੍ਹਾ ਰਹਿੰਦਾ ਹੈ।
ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਸੌਰਭ ਕੁਮਾਰ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਪੰਜਾਬੀ ਟ੍ਰਿਬਯੂਨ