ਡਾ. ਅੰਤਰਪ੍ਰੀਤ ਸਿੰਘ ਬੈਨੀਪਾਲ
ਪੰਜਾਬ ਦੀ ਹੋਂਦ ਹੀ ਪਾਣੀਆਂ ਨਾਲ ਹੈ ਤੇ ਪੁਰਾਤਨ ਸਮੇਂ ਤੋਂ ਹੀ ਇੱਥੋਂ ਦੇ ਪਾਣੀਆਂ ਨੂੰ ਅਮ੍ਰਿਤ ਸਮਾਨ ਮੰਨਿਆ ਜਾਂਦਾ ਰਿਹਾ ਹੈ। ਹਰੀ ਕ੍ਰਾਂਤੀ ਦੇ ਸਮੇਂ ਇਕਦਮ ਬਦਲੀ ਹੋਈ ਖੇਤੀ ਪ੍ਰਣਾਲੀ ਨੂੰ ਵੱਡੇ ਜਿਗਰੇ ਨਾਲ ਅਪਨਾਉਣ ਸਦਕਾ ਬੜੇ ਮਾਣ ਨਾਲ ਆਖਿਆ ਜਾਂਦਾ ਸੀ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ।
ਇਸ ਧਰਤੀ ’ਤੇ ਫ਼ਸਲੀ ਕਾਮਯਾਬੀ ਪਿੱਛੇ ਵੀ ਇਥੋਂ ਦੇ ਪਾਣੀ ਦਾ ਹੀ ਹੱਥ ਸੀ, ਚਾਹੇ ਇਹ ਪਾਣੀ ਵਗਦੇ ਦਰਿਆਂਵਾਂ ਦਾ ਹੋਵੇ ਤੇ ਚਾਹੇ ਧਰਤੀ ਹੇਠਲਾ। ਇਸ ਨੂੰ ਸ਼ੁਰੂ ਵਿਚ ਤਾਂ ਦੇਸ਼ ਸੇਵਾ ਦਾ ਨਾਂ ਦਿੱਤਾ ਗਿਆ ਪਰ ਨਿਰੰਤਰ ਮੁਨਾਫ਼ਾ ਤੱਕ ਕੇ ਇੱਥੋਂ ਦਾ ਕਿਸਾਨ, ਖੇਤੀ ਨੂੰ ਲਾਹੇਵੰਦ ਵਪਾਰ ਵਜੋਂ ਦੇਖਣ ਲੱਗ ਪਿਆ। ਸਮੇਂ ਦੀਆਂ ਸਰਕਾਰਾਂ ਨੇ ਵੀ ਖ਼ੂਬ ਸਮਰਥਨ ਦਿੱਤਾ ਭਾਵੇਂ ਕਿ ਉਨ੍ਹਾਂ ਦਾ ਮੁੱਖ ਮੰਤਵ ਰਾਜਨੀਤਕ ਲਾਹਾ ਹੀ ਸੀ।
ਸਮੇਂ ਨੂੰ ਆਰਥਿਕ ਨਜ਼ਰੀਏ ਨਾਲ ਵਿਚਾਰਦੇ ਹੋਏ ਇਸ ਧਰਤੀ ’ਤੇ ਉਦਯੋਗੀਕਰਨ ਵੀ ਹੋਣ ਲੱਗਾ ਤੇ ਸਾਰੇ ਹੀ ਵਰਗਾਂ ਦਰਮਿਆਨ ਨਿੱਜੀ ਸੁਆਰਥ ਵਧਣ ਲੱਗ ਪਿਆ। ਨਿੱਜੀ ਸੁਆਰਥਾਂ ਦੀ ਅਹਿਮੀਅਤ ਦੇ ਅੱਗੇ ਕਿਤੇ ਨਾ ਕਿਤੇ ਇਸ ਧਰਤੀ ਦੀ ਹੋਂਦ ਦਰਸਾਉਣ ਵਾਲਾ ਪਾਣੀ ਵਿੱਸਰਦਾ ਗਿਆ। ਅੱਜ ਪੰਜਾਬ ਦਾ ਪਾਣੀ ਦੂਹਰੀ ਤ੍ਰਾਸਦੀ ਨਾਲ ਜੂਝ ਰਿਹਾ ਹੈ ਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਪੰਜਾਬ ਦੀ ਧਰਤੀ ’ਤੇ ਪਾਣੀ ਦੀ ਹੋਂਦ ਖ਼ਤਰੇ ਵਿਚ ਪੈ ਸਕਦੀ ਹੈ। ਪਹਿਲੀ ਤ੍ਰਾਸਦੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਬੇਅੰਤ ਵਰਤੋਂ ਕੀਤੇ ਜਾਣ ਕਰਕੇ ਇਸ ਦਾ ਪੱਧਰ ਬੇਹੱਦ ਨੀਵਾਂ ਹੋ ਗਿਆ ਹੈ।
ਅੱਜ ਤੋਂ ਕੁਝ ਸਾਲ ਪਹਿਲਾਂ ਕਿਸੇ ਦੇ ਧਿਆਨ ਵਿਚ ਵੀ ਨਹੀਂ ਸੀ ਕਿ ਪਾਣੀ ਕਦੇ ਮੁੱਕ ਸਕਦਾ ਹੈ, ਪਰ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਪਾਣੀਆਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ’ਤੇ ਮਾਹਿਰ ਅੰਦਾਜ਼ੇ ਲਗਾ ਕੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਕੁਝ ਸਾਲਾਂ ਤੱਕ ਹੀ ਸੀਮਤ ਮੰਨ ਰਹੇ ਹਨ।
ਖੋਜ ਰਿਪੋਰਟਾਂ ਮੁਤਾਬਕ ਪੰਜਾਬ ਦੇ 153 ਪਾਣੀ ਭਾਗਾਂ ਵਿਚੋਂ 117 ਦੀ ਹਾਲਤ ਬੇਹੱਦ ਨਾਜ਼ੁਕ ਹੈ, ਭਾਵ ਇੱਥੇ ਲੋੜ ਤੋਂ ਵਧੇਰੇ ਵਰਤੋਂ ਕੀਤੀ ਜਾ ਚੁੱਕੀ ਹੈ। ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਕਗਾਰ ਵੱਲ ਲਗਾਤਾਰ ਵੱਧ ਰਿਹਾ ਹੈ ਤੇ ਗਲੋਬਲ ਵਾਰਮਿੰਗ ਅਤੇ ਵਧਦੀ ਅਾਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਮੰਗ ਹੋਰ ਵਧੇਗੀ। ਦੂਜੀ ਬੇਹੱਦ ਭਿਅੰਕਰ ਤ੍ਰਾਸਦੀ ਹੈ ਪੰਜਾਬ ਦਾ ਪਾਣੀ ਦੂਸ਼ਿਤ ਹੋਣ ਦੀ। ਕਿਸੇ ਵੇਲੇ ਦਾ ਅਮ੍ਰਿਤ ਸਮਾਨ ਪਾਣੀ ਅੱਜ ਜ਼ਹਿਰ ਸਮਾਨ ਹੋਇਆ ਪਿਆ ਹੈ।
ਵੱਖ-ਵੱਖ ਖੋਜਾਂ ਤੋਂ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਦੇ ਪਾਣੀਆਂ ਵਿਚ, ਚਾਹੇ ਉਹ ਦਰਿਆਈ ਪਾਣੀ ਹੋਣ ਜਾਂ ਧਰਤੀ ਹੇਠਲੇ, ਭਾਰੀ ਧਾਤੂ ਅਤੇ ਫਲੋਰਾਈਡ ਦੀ ਮਾਤਰਾ ਬਹੁਤ ਜ਼ਿਆਦਾ ਆਉਣ ਲੱਗੀ ਹੈ। ਨੈਸ਼ਨਲ ਗ੍ਰੀਨ ਟ੍ਰਿਬੀਊਨਲ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਤੋਂ ਬੇਹੱਦ ਖ਼ਤਰਨਾਕ ਤੱਥ ਸਾਹਮਣੇ ਆਉਂਦਾ ਹੈ ਕਿ ਪੰਜਾਬ ਵਿਚ ਹੁਣ ਬਾਇਓਮੈਗਨੀਫੀਕੇਸ਼ਨ ਭਾਵ ਭਾਰੀ ਧਾਤੂ ਜਿਵੇਂ ਕਿ ਯੂਰੇਨੀਅਮ, ਆਰਸੇਨਿਕ, ਕੈਡਮੀਅਮ ਆਦਿ ਭੋਜਨ-ਲੜੀ ਵਿਚ ਸ਼ਾਮਲ ਹੋਣਾ ਸ਼ੁਰੂ ਹੋ ਗਏ ਹਨ। ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਮਹਾਰਾਸ਼ਟਰ ਵਿਚ ਸਾਹਮਣੇ ਆਈ ਹੈ ਕਿ ਅਚਾਨਕ ਕੁਝ ਲੋਕਾਂ ਦੇ ਗੰਜੇ ਹੋਣ ਦੀ ਪੁਸ਼ਟੀ ਹੋਈ ਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉੱਥੇ ਸਰਕਾਰੀ ਡੀਪੂ ’ਤੇ ਮਿਲਣ ਵਾਲੀ ਕਣਕ ਵਿਚ, ਜੋ ਕਿ ਪੰਜਾਬ ਵਿਚ ਪੈਦਾ ਹੋਈ ਸੀ, ਵਿਚ ਸਿਲੇਨੀਅਮ ਦੀ ਮਾਤਰਾ ਲੋੜ ਨਾਲੋਂ ਕਿਤੇ ਜ਼ਿਆਦਾ ਵਧੇਰੇ ਪਾਈ ਗਈ।
ਪੰਜਾਬ ਵਿਚ ਪਾਣੀਆਂ ਦੇ ਹੋ ਰਹੇ ਸ਼ੋਸ਼ਣ ਪਿੱਛੇ ਕੋਈ ਵਿਅਕਤੀਗਤ ਕਾਰਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਅਸਲ ਕਾਰਨ ਨਿੱਜੀ ਸੁਆਰਥ ਹੀ ਹੈ। ਇਹ ਨਿੱਜੀ ਸੁਆਰਥ ਵਧੇਰੇ ਪਾਣੀ ਅਤੇ ਜਾਨਲੇਵਾ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲਾ ਕਿਸਾਨ, ਖ਼ਤਰਨਾਕ ਰਸਾਇਣਾਂ ਨੂੰ ਪਾਣੀਆਂ ਵਿਚ ਮਿਲਾਉਣ ਵਾਲਾ ਉਦਯੋਗਪਤੀ, ਸਰਕਾਰੀ ਛੋਟਾਂ ਦੇਣ ਵਾਲਾ ਕੋਈ ਰਾਜਨੀਤਕ ਦਲ ਜਾਂ ਕੋਈ ਵੀ ਹੋਰ ਅਜਿਹਾ ਵਿਅਕਤੀ ਜਾਂ ਸੰਸਥਾ ਨਾਲ ਸਬੰਧਤ ਹੋ ਸਕਦਾ ਹੈ। ਅਜਿਹਾ ਨਹੀਂ ਹੈ ਕਿ ਇਨ੍ਹਾਂ ਸਭ ਕੋਲ ਕੋਈ ਬਦਲ ਨਹੀਂ ਹੈ।
ਜੇਕਰ ਪਾਣੀ ਦੀ ਹੋਂਦ ਨਾ ਰਹੀ ਜਾਂ ਅਸੀਂ ਦੂਸ਼ਿਤ ਪਾਣੀ ਵਰਤ ਕੇ ਲਾਇਲਾਜ਼ ਬਿਮਾਰੀਆਂ ਨਾਲ ਬਹੁਤਾਤ ਵਿਚ ਜੂਝਣ ਲੱਗ ਗਏ ਤਾਂ ਵੀ ਤਾਂ ਬਦਲ ਸਾਹਮਣੇ ਆਉਣਗੇ ਹੀ, ਤਾਂ ਬਿਹਤਰ ਹੈ ਕਿ ਸਮਾਂ ਰਹਿੰਦੇ ਹੀ ਸੰਭਲ ਜਾਈਏ। ਕਿਸੇ ਇਕ ਨੂੰ ਦੋਸ਼ੀ ਮੰਨ ਕੇ ਉਸ ਦੇ ਸੁਧਰਨ ਦੀ ਆਸ ਵਿਚ ਸਮਾਂ ਵਿਅਰਥ ਕਰਨ ਤੋਂ ਚੰਗਾ ਹੈ ਕਿ ਪਾਣੀ ਨੂੰ ਗੁਰਬਾਣੀ ਅਨੁਸਾਰ ਪਿਤਾ ਦਾ ਦਰਜਾ ਅਸਲ ਵਿਚ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਹੋਂਦ ਖ਼ਤਮ ਹੋਣ ਤੋਂ ਬਚਾਈ ਜਾ ਸਕੇ।
ਲੇਖਕ ਦਾ ਸੰਪਰਕ ਨੰਬਰ : 9888921290
ਆਭਾਰ : https://www.punjabijagran.com/editorial/general-water-crisis-in-punjab-9494316.html