ਇਕਬਾਲ ਸਿੰਘ ਲਾਲਪੁਰਾ
ਆਪਣੀ ਪ੍ਰਸ਼ੰਸਾ ਹਰ ਪ੍ਰਾਣੀ ਨੂੰ ਚੰਗੀ ਲਗਦੀ ਹੈ। ਪ੍ਰਸ਼ੰਸ਼ਾ ਮਾਨਸਿਕ ਕਮਜ਼ੋਰੀ ਵੀ ਹੁੰਦੀ ਹੈ। ਹਰ ਇੱਕ ਚੰਗੇ ਕੰਮ ਦੀ ਸਰਾਹਨਾ ਕਰਨੀ ਬਣਦੀ ਵੀ ਹੈ ਤੇ ਚਾਹੀਦੀ ਵੀ ਹੁੰਦੀ ਹੈ । ਪਰ ਗੁਰਬਾਣੀ ਸਿਧਾਂਤ ਸੱਚ ਤੇ ਆਧਾਰਿਤ ਹੈ ਅਜਿਹੇ ਚਾਪਲੂਸ ਤੇ ਦਲਾਲ ਸ਼ਿਕਾਰੀਆਂ ਬਾਰੇ ਸੁਚੇਤ ਵੀ ਕਰਦਾ ਹੈ ਕਿ ਝੁਕਣ ਵਾਲਾ ਦੁਨੀਆਵੀ ਤੱਕੜੀ ਦੇ ਤੋਲ ਵਿਚ ਭਾਰਾ ਹੋ ਸਕਦਾ ਹੈ ਪਰ ਅਪਰਾਧੀ ਸ਼ਿਕਾਰੀ ਦੀ ਤਰ੍ਹਾਂ ਲੰਮਾ ਪੈ ਕੇ ਹੀ ਮਿਰਗ ਨੂੰ ਮਾਰਦਾ ਹੈ, ਜਿਸ ਤੋਂ ਬਚਣ ਦੀ ਲੋੜ ਹੈ ।ਚਾਪਲੂਸਾਂ ਦਾ ਕੰਮ ਕੇਵਲ ਵਿਅਕਤੀ ਦੀ ਕਮਜ਼ੋਰੀ ਲੱਭ, ਮੂਰਖ ਬਣਾ ਕੇ ਪੈਸਾ ਕਮਾਉਣਾ ਤੇ ਆਪਣਾ ਗਲਤ ਕੰਮ ਕਰਾਉਣਾ ਹੁੰਦਾ ਹੈ ।
ਪਰ ਸਿਫ਼ਤ ਕਰਨ ਦੀ ਵਿੱਦਿਆ ਸਿੱਖਣੀ ਵੀ ਜ਼ਰੂਰੀ ਹੈ, ਜਿਸ ਨਾਲ ਚੰਗੇ ਕਰਨ ਵਾਲਿਆਂ ਦੀ ਹੌਂਸਲਾ ਬੱਝਦਾ ਰਹੇ ਤੇ ਉਹ ਸਾਮਾਜ ਦੇ ਆਗੂ ਚੰਗੇ ਕੰਮ ਲੱਗੇ ਰਹਿਣ। ਸਮਾਜ ਵਿਚ ਭਲੇ ਨੂੰ ਭਲਾ ਕਹਿਣ ਦੀ ਥਾਂ ਲੋਕ ਚੁੱਪ ਰਹਿਣਾ ਚੰਗਾ ਸਮਝਦੇ ਹਨ, ਜਿਸ ਨਾਲ ਉਹ ਅਪਰਾਧੀਆਂ ਨਾਲ ਟਕਰਾਉ ਤੋਂ ਬਚੇ ਰਹਿਣ ।ਪਰ ਕਿਸੇ ਹੱਦ ਤੋਂ ਲੰਘ ਜਾਣਾ ਕਮਜਜ਼ੋਰੀ ਬਣ ਜਾਂਦਾ ਹੈ ।
ਦੂਜੇ ਪਾਸੇ ਚਾਪਲੂਸੀ ਇਕ ਪੇਸ਼ਾ ਹੈ, ਜਿਸ ਲਈ ਤਾਕਤਵਰ ਨੂੰ ਮੂਰਖ ਬਣਾਉਣ ਦੀ ਤਰਕੀਬ ਲੱਭਣੀ ਪੈਂਦੀ ਹੈ। ਸਾਹਮਣੇ ਵਾਲਾ ਕਿਵੇਂ ਭਰਮ ਵਿੱਚ, ਅਪਰਾਧੀ ਨੂੰ ਆਪਣਾ ਪਰਸ਼ੰਸ਼ਕ ਤੇ ਸਹਾਇਕ ਮਨ ਲਵੇ। ਪੈਸਾ, ਸ਼ਰਾਬ, ਔਰਤ ਜਾਂ ਫੇਰ ਝੂਠੀ ਵਡਿਆਈ ਕਿਸ ਨਾਲ ਉਸ ਨੂੰ ਜਿਤਿਆ ਜਾਵੇ। ਇਨ੍ਹਾਂ ਦੇ ਨਾਂ ਵੀ ਵੱਖ ਵੱਖ ਹੁੰਦੇ ਹਨ ਕਿਧਰੇ ਵਡਿਆਈ ਕਰਨ ਵਾਲਾ, ਕੋਈ ਚਾਪਲੂਸ ਕੋਈ ਕੰਮ ਕਰਾਉਣ ਵਾਲਾ ਅਤੇ ਕੋਈ ਲਾਈਜਨਰ, ਕੰਮ ਕੇਵਲ ਇੱਕ ਆਪਣੇ ਲਾਭ ਤੇ ਹਿੱਸੇ ਲਈ ਕੰਮ ਕਰਨਾ।
ਜਦੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ ਤਾਂ ਚੰਗੇ ਅਧਿਕਾਰੀਆਂ ਵੱਲੋਂ ਸਮਝਾਇਆ ਗਿਆ ਕਿ ਹੁਣ ਲੋਕਾਂ ਨੂੰ ਤੁਹਾਡੇ ਨਾਲ ਕੰਮ ਪੈਣਾ, ਲੋੜਵੰਦ ਖ਼ੁਸ਼ਾਮਦ, ਪ੍ਰਸੰਸਾ, ਪੈਸਾ, ਸ਼ਰਾਬ ਤੇ ਹਰ ਚੀਜ਼ ਨਾਲ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ, ਜਿਸ ਨਾਲ ਉਸਦਾ ਕੰਮ ਆਸਾਨ ਹੋ ਜਾਏ। ਜੇਕਰ ਤੁਹਾਡਾ ਵਿਆਹ ਵੀ ਨਹੀਂ ਹੋਇਆ ਫੇਰ ਵੀ ਅਜਿਹੇ ਲੋਕ ਮਿਲ ਜਾਣਗੇ ਜੋ ਅਫਸਰ ਨੂੰ, ਆਪਣਾ ਹੋਣ ਵਾਲਾ ਬਹਨੋਈ ਹੀ ਪ੍ਰਚਾਰਨਗੇ, ਪਰ ਯਾਦ ਰੱਖਿਓ ਕਿ ਜਦੋਂ ਉੱਥੋਂ ਬਦਲੀ ਹੋਈ ਤੇ ਸਾਮਾਨ ਚੁੱਕਣ ਲਈ ਇਹ ਆਪੂ ਬਣੇ ਰਿਸ਼ਤੇਦਾਰ ਵੀ ਨਹੀਂ ਲੱਭਣਗੇ ।
ਚਾਪਲੂਸ, ਖ਼ੁਸ਼ਾਮਦੀਆਂ ਤੇ ਟਾਉਟਾਂ ਦੀ ਵੀ ਇਕ ਆਪਣੀ ਦੁਨੀਆ ਹੁੰਦੀ ਹੈ। ਕੁਰਸੀ ਤੇ ਬੀਰਾਜਮਾਨ ਵਿਅਕਤੀ ਦਾ ਦਿਲ ਕਿਵੇਂ ਜਿੱਤਿਆ ਜਾਏ, ਇਸ ਲਈ ਉਨ੍ਹਾਂ ਦੇ ਭੱਥੇ ਵਿਚ ਬੜੇ ਤੀਰ ਹੁੰਦੇ ਹਨ। ਵਿਅਕਤੀ ਦੀਆਂ ਕਮਜੋਰੀਆਂ ਦੀ ਸੂਚੀ ਉਨ੍ਹਾਂ ਕੋਲ ਤਿਆਰ ਹੁੰਦੀ ਹੈ। ਕਈ ਤਾਂ ਲੋੜ ਤੋਂ ਵੱਧ ਗਿਆਨ ਵਾਲੇ ਵੀ ਹੁੰਦੇ ਹਨ ਹਰ ਸਮੱਸਿਆ ਦੇ ਹਲ ਦਾ ਤਰੀਕਾ ਉਨ੍ਹਾਂ ਕੋਲ ਹੁੰਦਾ ਹੈ। ਕਹਿੰਦੇ ਹਨ ਲਾਗੀ ਨੇ ਤਾਂ ਲਾਗ ਲੈਣਾ ਹੈ ਭਾਵੇਂ ਜਾਂਦੀ ਰੰਡੀ ਹੋ ਜਾਵੇ ।
ਲੰਮੇ ਪ੍ਰਸ਼ਾਸਕੀ ਤੇ ਰਾਜਨੀਤਿਕ ਜੀਵਨ ਵਿਚ ਹਰ ਜਗ੍ਹਾ ਇਨ੍ਹਾਂ ਨਾਲ ਵਾਹ ਪੈਂਦਾ ਰਿਹਾ ਹੈ ਤੇ ਹੁਣ ਵੀ ਪੈਂਦਾ ਹੈ । ਬਚਣ ਦਾ ਹਥਿਆਰ ਗਿਆਨ ਤੇ ਸੱਚ ਹੀ ਹੈ ।
ਪਹਿਲੀ ਤਾਈਨਾਤੀ ਤੇ ਪਹਿਲੇ ਸਰਕਾਰੀ ਕੰਮ ਵਿੱਚ ਹੀ ਇੱਕ ਭੱਦਰ ਪੁਰਸ਼ ਨਾਲ ਮੁਲਾਕਾਤ ਹੋਈ, ਉਹ ਚਾਲੀ ਸਾਲ ਤੋਂ ਸਰਕਾਰੀ ਦਫਤਰਾਂ ਵਿੱਚ ਆਉਣ ਦਾ ਦਾਅਵਾ ਕਰਕੇ ਆਖਣ ਲੱਗਾ ਕਿ ਉਸਨੇ ਮੇਰੇ ਵਰਗਾ ਇਮਾਨਦਾਰ ਅਫਸਰ, ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ। ਇਸ ਤੋਂ ਵੱਡੀ ਚਾਪਲੂਸੀ ਕੀ ਹੋ ਸਕਦੀ ਸੀ, ਮੇਰੀ ਉਮਰ ਤਾਂ ਪੰਝੀ ਸਾਲ ਵੀ ਨਹੀਂ ਸੀ, ਚਾਲੀ ਸਾਲ ਦਾ ਸਭ ਤੋਂ ਇਮਾਨਦਾਰ ਅਫਸਰ ਹੋਣ ਦਾ ਸਰਟੀਫਿਕੇਟ ਉਸ ਮੇਰੇ ਗਲ ਪਾ ਕੇ, ਮੈਨੂੰ ਖੁਸ਼ ਕਰਨ ਦੀ ਯਤਨ ਕੀਤਾ, ਉਸ ਦਾ ਕੰਮ ਕਾਨੂੰਨ ਦੇ ਵਿWੱਧ ਸੀ, ਇਸ ਕਰਕੇ ਨਾਂਹ ਕਰਨੀ ਪਈ। ਅੱਗੇ ਲਈ ਬਾਹਰ ਆਉਣ ਜਾਣ ਲਈ ਉਸ ਨੇ ਆਪਣੀ ਕਾਰ ਦੀ ਪੇਸ਼ਕਸ਼ ਕੀਤੀ । ਵਾਹਿਗੁਰੂ ਨੇ ਇਸ ਦੀ ਲੋੜ ਨਹੀਂ ਪਾਈ ।
ਇੱਕ ਹੋਰ ਜਗ੍ਹਾ ਇੱਕ ਭੱਠਾ ਮਾਲਕ ਨਾਲ ਵਾਹ ਪਿਆ, ਉਸ ਨੇ ਕਾਰ ਜਾਂ ਮੋਟਰ ਸਾਈਕਲ ਲੈ ਕੇ ਦੇਣ ਦੀ ਆਫਰ ਦੇ ਦਿੱਤੀ। ਪਰ ਉਸ ਦੀ ਯਾਦਦਾਸ਼ਤ ਬਹੁਤ ਹੀ ਤੇਜ ਸੀ, ਜਿਸ ਨੂੰ ਜੁਬਾਨੀ ਯਾਦ ਸੀ ਕਿ ਮੇਰੇ ਤੋਂ ਪਹਿਲੇ ਕਿਸ ਅਫਸਰ ਨੂੰ ਉਸ ਕੀ ਖਰੀਦ ਕੇ ਤੋਹਫਾ ਦਿੱਤਾ ਸੀ। ਇਸ ਮੇਹਰਬਾਨੀ ਦਾ ਕਾਰਨ ਪੁੱਛਣ ਤੇ ਉਸ ਨੇ ਦੱਸਿਆ ਕਿ ਉਕਤ ਪਿੰਡ ਵਿੱਚ ਇੱਕ ਬੇਹੱਦ ਭਲਾ ਪਰਿਵਾਰ ਰਹਿੰਦਾ ਹੈ, ਜਿਸ ਤੇ ਅਫੀਮ ਵੇਚਣ ਦੇ ਝੂਠੇ ਦੋਸ਼ ਲੋਕ ਲਾਉਂਦੇ ਹਨ, ਉਸਦਾ ਧਿਆਨ ਰੱਖਣਾ ਸੀ । ਮੈਂ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਯਾਦਦਾਸ਼ਤ ਬੁਹਤ ਤੇਜ ਹੈ, ਇਸ ਤੇ ਲਿਖ ਲਿਉ ਕਿ ਆਦਮੀ ਅਜਿਹਾ ਵੀ ਆਇਆ ਸੀ, ਜਿਸਦਾ ਵਰਕਾ ਖਾਲੀ ਹੀ ਹੈ ਤੇ ਤਾਕੀਦ ਕੀਤੀ ਕਿ ਮੁੜ ਅਜੇਹੀ ਗੱਲ ਲਈ ਇਸ ਦਫਤਰ ਦਾਖਲ ਹੋਣ ਦੀ ਖੇਚਲ ਨਹੀਂ ਕਰਨੀ ।
ਇੱਕ ਜਗਾ ਅਮਨ ਕਾਨੂੰਨ ਦੀ ਹਾਲਤ ਬਹੁਤ ਤਰਸਯੋਗ ਸੀ, ਮੈਨੂੰ ਚੰਗਾ ਅਫਸਰ ਸਮਝ ਕੇ ਤਾਇਨਾਤ ਕਰ ਦਿੱਤਾ ਗਿਆ । ਕਿਸੇ ਦਾ ਵੀ ਰਪੂਟੇਸ਼ਨ ਉਸ ਤੋਂ ਪਹਿਲਾਂ ਅੱਗੇ ਪਹੁੰਚ ਜਾਂਦਾ ਹੈ । ਸਾਰੇ ਕਰਮਚਾਰੀ ਮਾੜੇ ਨਹੀਂ ਹੁੰਦੇ , ਪਰ ਚਾਪਲੂਸ ਜਲਦੀ ਬੰਦੇ ਨੂੰ ਕਾਬੂ ਕਰ ਲੈਂਦੇ ਹਨ। ਕੁਝ ਦਿਨ ਪਾ ਚੰਗੇ ਕਰਮਚਾਰੀ ਇਤਿਲਾਹਵਾਂ ਲੈ ਕੇ ਆਉਣ ਲੱਗ ਪਏ, ਪਤਾ ਲੱਗਾ ਅਪਰਾਧ ਤਾਂ ਪੁਲਿਸ ਹੀ ਕਰਵਾ ਰਹੀ ਸੀ , ਡੰਡਾ ਯਾਰ ਹੈ ਵਿਗੜਿਆ ਤਿਗੜਿਆਂ ਦਾ “ਦਿਨਾਂ ਵਿੱਚ ਹੀ ਹਾਲਾਤ ਕਾਬੂ ਵਿੱਚ ਆਉਣ ਲੱਗ ਪਏ । ਮੁਲਾਜ਼ਮ ਵੀ ਖੁੱਲ ਕੇ ਦੱਸਣ ਲੱਗ ਪਏ ਕਿ ਸਾਹਿਬ ਤੁਹਾਡੇ ਤੋਂ ਪਹਿਲਾਂ ਸਾਹਿਬ ਰਾਸ ਲੀਲਾ ਕਰਦੇ ਸਨ , ਗੋਪੀਆਂ ਹੀ ਸੰਤਰੀ ਪਹਿਰੇ ਦਾ ਹੁਕਮ ਦਿੰਦੀਆਂ ਸਨ । ਮੈਂ ਕੋਸ਼ਿਸ਼ ਕੀਤੀ ਕਿ ਅਪਰਾਧੀ ਕਿਸਮ ਦੇ ਕਰਮਚਾਰੀ ਵੀ ਸੁਧਰ ਜਾਣ ਤੇ ਉਨ੍ਹਾਂ ਨੂੰ ਵਾਪਸ ਨੌਕਰੀ ਤੇ ਆਉਣ ਦਾ ਮੌਕਾ ਦਿੱਤਾ । ਅਗਲੇ ਦਿਨ ਦੁਪਿਹਰ ਦੇ ਖਾਣੇ ਤੋਂ ਬਾਅਦ ਵਿਸ਼ਰਾਮ ਕਰਨ ਲਈ ਘਰ ਦੇ ਵੇਹੜੇ ਵਿੱਚ ਲੇਟ ਗਿਆ, ਨੀਂਦ ਵਿੱਚ ਹੀ ਸਾਂ ਮਹਿਸੂਸ ਹੋਇਆ ਨਰਮ ਹੱਥਾਂ ਨਾਲ ਮੇਰੇ ਪੈਰ ਕੋਈ ਦਬਾ ਰਿਹਾ ਹੈ । ਮੇਰੇ ਨੌਕਰ ਦੇ ਹੱਥ ਉਹ ਨਹੀਂ ਸਨ ਅੱਖਾਂ ਖੌਲ ਕੇ ਵੇਖਿਆ ਇੱਕ ਖੂਬਸੂਰਤ ਲੜਕੀ ਸੀ, ਮੈ ਘਬਰਾ ਗਿਆ ਤੂੰ ਕੌਣ ਹੈ? ਸਾਹਿਬ ਜੀ ਮੈਂ — ਦੀ ਪਤਨੀ ਹਾਂ। ਪਹਿਲੇ ਸਾਹਿਬ ਦੀ ਖ਼ਿਦਮਤ ਵੀ ਉਹ ਹੀ ਜ਼ਿਆਦਾ ਕਰਦੀ ਸੀ ਤੇ ਪਤੀ ਪੈਸੇ ਇਕੱਠੇ ਕਰਨ ਦੀ ਜ਼ੁੰਮੇਵਾਰੀ ਨਿਭਾਉਂਦਾ ਸੀ । ਇਸ ਤੋਂ ਬੁਰਾ ਕੁਝ ਨਹੀ ਹੋ ਸਕਦਾ ਸੀ , ਸਾਰੇ ਕਰਮਚਾਰੀਆਂ ਨੂੰ ਇਕੱਠੇ ਕਰ ਉਸ ਦੇ ਪਤੀ ਨੂੰ ਹੁਕਮ ਦਿੱਤਾ ਕਿ ਇਸ ਤੋਂ ਬਾਅਦ ਉਹ ਇਸ ਇਲਾਕੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ , ਬਾਕੀ ਵੀ ਬਦਲੀ ਕਰਵਾ ਗਏ ਬਿਨਾਂ ਬਹੁਤਾ ਤਸ਼ਦਦ ਕੀਤਿਆਂ , ਅਮਨ ਕਾਨੂੰਨ ਬਹਾਲ ਹੋ ਗਿਆ ।
ਚਾਪਲੂਸ ਬੰਦੇ ਨੂੰ ਕਮਜੋਰ ਤੇ ਬਦਨਾਮ ਕਰ ਦਿੰਦੇ ਹਨ ਤੇ ਗਲਤ ਕੰਮ ਕਰਵਾ ਕੇ ਉਸ ਨੂੰ ਬਦਨਾਮ ਕਰਨ ਦਾ ਡਰ ਦੇ ਕੇ ਕਾਬੂ ਕਰ ਲੈਂਦੇ ਹਨ , ਫੇਰ ਵਿਅਕਤੀ ਮਦਾਰੀ ਦੇ ਬਾਂਦਰ ਵਾਂਗ ਨੱਚਦਾ ਹੈ , ਅੰਦਰੋਂ ਭਾਵੇਂ ਦੁਖੀ ਹੀ ਹੋਵੇ । ਮੇਰਾ ਇਕ ਵਾਕਿਫਕਾਰ ਜੋ ਇੱਕ ਚੀਫ ਸੈਕਟਰੀ ਸਮੇਤ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦਾ ਸਾਥੀ ਸੀ ਨੂੰ ਮੈਂ ਪੁੱਛਿਆ ਕਿ ਭਾਈ ਸਾਹਿਬ ਇਮਾਨਦਾਰ ਨੂੰ ਕਿਵੇਂ ਕਾਬੂ ਕਰਦੇ ਹੋ , ਉਸਦਾ ਜਬਾਬ ਸੀ ਇਹ ਆਖ ਕੇ ਕਿ ਤੁਸੀਂ ਕੋਈ ਗਲਤ ਕੰਮ ਨਹੀ ਕਰਦੇ ਦੀ ਸਿਫ਼ਤ ਕਰਕੇ ਮਾਮੂਲੀ ਕੰਮ ਦੱਸਕੇ ।
ਕੁਦਰਤ ਦੀ ਮੇਹਰ ਨਾਲ ਅਰੰਭ ਵਿੱਚ ਹੀ, ਹੌਲੀ ਹੌਲੀ ਅਪਰਾਧੀਆਂ ਨੂੰ ਪਤਾ ਲੱਗ ਗਿਆ ਕਿ ਇਹ ਸਾਡੇ ਕਾਬੂ ਆਉਣ ਵਾਲਾ ਨਹੀਂ । ਪਰ ਫੇਰ ਵੀ ਕੋਈ ਜਗ੍ਹਾ ਅਜੇਹੀ ਨਹੀਂ ਮਿਲੀ , ਜਿੱਥੇ ਅਪਰਾਧੀਆਂ ਤੇ ਚਾਪਲੂਸ ਦਾ ਕਬਜ਼ਾ ਨਹੀਂ , ਇਹ ਲੋਕ ਹੀ ਪੰਜਾਬ ਤੇ ਪੰਜਾਬੀਆਂ ਨੂੰ ਲੈ ਡੁੱਬੇ । ਪਰ ਇਹ ਪੱਕੇ ਬੇਸ਼ਰਮ ਹੁੰਦੇ ਹਨ ਤੇ ਆਪਣੇ ਕੀਤੇ ਕੰਮਾਂ ਤੇ ਇਨਾ ਨੂੰ ਪਛਤਾਵਾ ਨਹੀਂ ਹੁੰਦਾ । ਇੱਕ ਵਿਅਕਤੀ ਨੂੰ ਚੋਰੀ ਕਰਨ ਦੀ ਆਦਤ ਸੀ , ਇੱਕ ਦਿਨ ਆਪਣੀ ਬੇਟੀ ਦੇ ਸੁਹਰੇ ਚਲਾ ਗਿਆ , ਮੌਕਾ ਵੇਖ ਚੋਰੀ ਕਰ ਲਈ , ਪਿੱਛੇ ਪਿੰਡ ਦੇ ਲੋਕ ਲੱਗ ਪਏ , ਕੁੱਟ ਕੁੱਟ ਕੇ ਅਧਮੋਇਆ ਕਰ ਦਿੱਤਾ । ਕਿਸੇ ਨੇ ਪੁੱਛਿਆ ਕੀ ਹੋਇਆ , ਆਖਣ ਲੱਗਾ ਜਦੋਂ ਉਨ੍ਹਾਂ ਵੇਖਿਆ ਕਿ ਸਾਡਾ ਮਾਸੜ ਹੈ ਤੇ ਬੜੇ ਸ਼ਰਮਿੰਦੇ ਹੋਏ । ਚੋਰ ਨੂੰ ਭਲਾ ਕੀ ਸ਼ਰਮ ਆਉਣੀ ਸੀ ?
ਇੱਕ ਤਜੁਰਬਾ ਸਾਂਝਾ ਕਰਦਾ ਹਾਂ , ਸਾਲ 1996 ਵਿੱਚ ਤਰਨ ਤਾਰਨ ਤਾਇਨਾਤੀ ਸਮੇਂ ਇੱਕ ਹਫ਼ਤਾ ਕੋਈ ਮਿਲਣ ਲਈ ਨਹੀਂ ਆਇਆ , ਪੁੱਛਣ ਤੇ ਪਤਾ ਚੱਲਿਆ ਕਿ ਪਹਿਲੇ ਸਾਹਬ ਫ਼ਰਿਆਦੀ ਨੂੰ ਉਸ ਅਫਸਰ ਦੇ ਹੀ ਹਵਾਲੇ ਕਰ ਦਿੰਦੇ ਸਨ , ਜਿਸਦੀ ਉਹ ਸ਼ਿਕਾਇਤ ਕਰਦੇ ਸਨ । ਇੱਕ ਵੱਡੀ ਰਕਮ ਹਰ ਮਹੀਨੇ ਥਾਣਿਆਂ ਵਿੱਚੋਂ ਘਰ ਪਹੁੰਚ ਜਾਂਦੀ ਸੀ , ਇਹ ਸਿਲਸਲਾ ਉੱਪਰ ਤੋਂ ਥੱਲੇ ਤੱਕ ਦਾ ਸੀ , ਆਪ ਨੂੰ ਵੀ ਕੰਮ ਕਰਨ ਦੀ ਲੋੜ ਨਹੀ । ਉਸਦੀ ਸਲਾਹ ਮੰਨਣ ਦੀ ਆਤਮਾ ਨੇ ਆਗਿਆ ਨਹੀਂ ਦਿੱਤੀ । ਬਦਲ ਵਿਚ ਲੋਕਾਂ ਨਾਲ ਪਿੰਡ ਪਿੰਡ ਪੁੱਜ ਕੇ ਮਿਲਣਾ ਸ਼ੁਰੂ ਕੀਤਾ , ਮਿਲੀਟੈਂਸੀ ਪ੍ਰਭਾਵਿਤ ਜ਼ਿਲ੍ਹਾ ਜਿੱਥੇ ਲੋਕਾਂ ਨੇ ਕੇਵਲ ਤਸ਼ਦਦ ਤੇ ਲੁੱਟ ਮਾਰ ਵੇਖੀ ਸੀ , ਅਮਨ ਸ਼ਾਂਤੀ ਆਪਸੀ ਭਾਈਚਾਰੇ ਦੀ ਮਿਸਾਲ ਬਣ ਗਿਆ ਤੇ 6 ਸਤੰਬਰ 1997 ਨੂੰ ਭੀਖੀਵਿੰਡ ਵਿਖੇ 60—70 ਹਜ਼ਾਰ ਤੋਂ ਵੱਧ ਲੋਕਾ ਨੇ ਅਮਨ ਸ਼ਾਂਤੀ ਦਾ ਸੰਕਲਪ ਲੈਣ ਲਈ ਇਕੱਠੇ ਹੋ ਰੈਲੀ ਦਾ ਰਿਕਾਰਡ ਸਥਾਪਿਤ ਕਰ ਦਿੱਤਾ।
ਮੁਸ਼ਕਿਲ ਇਹ ਹੈ , ਕਿ ਆਮ ਆਦਮੀ ਨੂੰ ਇਨਸਾਫ ਲੈਣ ਲਈ ਕਿਸੇ ਦੀ ਮਦਦ ਲੈਣੀ ਪੈਂਦੀ ਹੈ, ਜਿਸ ਲਈ ਕੀਮਤ ਵੀ ਤਾਰਨੀ ਹੁੰਦੀ ਹੈ , ਉਹ ਭਾਵੇਂ ਕੰਮ ਕਰਨ ਵਾਲਾ ਲੈ ਜਾਵੇ ਜਾਂ ਕਰਵਾਉਣ ਵਾਲਾ , ਕੰਮ ਵਾਲੇ ਨੂੰ ਪੈਸੇ ਦੇਣੇ ਪੈਂਦੇ ਹਨ ਅਦਾਰਾ ਭਾਵੇਂ ਕੋਈ ਵੀ ਹੋਵੇ ।
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)
test