ਇਕਬਾਲ ਸਿੰਘ ਲਾਲਪੁਰਾ
ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1406 ਤੋਂ 1409 ਤੱਕ ਭੱਟਾਂ ਦੇ ਸਵੈਯੇ ਦਰਜ ਹਨ। ਸੰਸਾਰ ਦੇ ਦੁੱਖਾਂ ਤੇ ਆਵਾਗਮਨ ਤੋਂ ਮੁਕਤੀ ਲਈ ਗੁਰੂ ਅਰਜਨ ਦੇਵ ਜੀ ਦੀ ਅਰਾਧਨਾ ਸਪਸ਼ਟ ਮਾਰਗ ਹੈ
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨਿ ਗਰਭ ਨ ਆਯਉ॥॥
ਗੁਰੂ ਸਾਹਿਬ ਦੇ ਹੋਰ ਗੁਣ ਗਾਇਣ ਕਰਦੇ ਦਰਜ ਹੈ।
ਕਿ ਭੂਲ ਕਿ ਵੀ ਪ੍ਰਭੂ ਤੇ ਗੁਰੂ ਵਿਚ ਭੇਦ ਨਾ ਜਾਨਉ ਇਹ ਪਧਤੀ ਤੇ ਮਤ ਚੂਕਹਿ ਰੇ ਮਨ ਭੇਦ ਬਿਭੇਦ ਨ ਜਾਨ ਬੀਅਉ ॥
ਗੁਰੂ ਜੀ ਡਰ ਤੇ ਦਰਦ ਦੂਰ ਕਰਨ ਵਾਲੇ ਹਕ “ਭਯ ਭੰਜਨ ਪਰਦੁਖ ਨਿਵਾਰੁ ਅਧਾਰੁ ਅਨੰਭਊ॥ ਕਲਜੁਗ ਵਿਚ ਜਗ ਨੂੰ ਤਾਰਨ ਲਈ ਗੁਰੂ ਅਰਜਨ ਦੇਵ ਹੀ ਜਹਾਜ ਹਨ। ਗੁਰੂ ਅਰਜਨ ਦੇਵ ਜੀ ਬਹਾਦਰ ਤੇ ਹਠੀ ਵੀ ਹਨ ਅਤੇ ਉਹ ਮੈਦਾਨ ਛੱਡਣ ਵਾਲੇ ਨਹੀਂ ਗੁਰੂ ਅਰਜੁਨ ਪੁਰਖੁ ਪ੍ਰਮਾਣ ਪਾਰਥਉ ਚਾਲੈ ਨਹੀਂ ॥ ਗੁਰੂ ਜੀ ਦੇ ਹੱਥ ਵਿਚ ਪ੍ਰਭੂ ਦੇ ਨਾਮ ਦਾ ਨੇਜ਼ਾ ਰਹਿੰਦਾ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕੌਮ ਨੂੰ ਦੇਣ ਤੇ ਸ਼ਖਸ਼ੀਅਤ ਦਾ ਜ਼ਿਕਰ ਕਰਦੇ ਗੰਜ ਨਾਮਾ ਵਿਚ ਭਾਈ ਨੰਦ ਲਾਲ ਜੀ ਦਰਜ ਕਰਦੇ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਸੱਚ ਧਰਮਵਾਲਾ ਹੈ, ਉਸ ਜਿਹਾ ਹੋਰ ਕੋਈ ਦਰਵੇਸ਼, ਸੰਸਾਰ ਵਿਚ ਨਹੀਂ ਆਇਆ, ਅਕਾਲ ਪੁਰਖ ਨੇ ਉਨ੍ਹਾਂ ਨੂੰ ਇਸ ਲਈ ਭੇਜਿਆ ਹੈ, ਕਿ ਉਹ ਸਾਰੇ ਸੰਸਾਰ ਨੂੰ ਸਹੀ ਰਾਹ ਦਿਖਾ ਦੇਣ । ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਗੱਦੀ ਰੱਬੀ ਨੂਰ ਦੀਆਂ ਚੋਹਾਂ ਮਸਾਲਾਂ ਦੀ ਰੋਸ਼ਨੀ ਨੂੰ ਚਮਕਾਉਣ ਵਾਲੀ ਹੈ। ਗੁਰੂ ਅਰਜਨ ਦੇਵ ਜੀ, ਉੱਚ ਅਸਥਾਨ ਉਚਰੀ ਰੱਬੀ ਸ਼ਾਨ ਸ਼ੋਕਤ ਵਾਲੇ, ਸੱਚ ਦੇ ਪਾਲਣਹਾਰ ਹਨ। ਉਹ ਅਕਾਲਪੁਰਖ ਦੀ ਦਰਗਾਹ ਦੇ ਲਾਡਲੇ ਅਤੇ ਬੇਨਜ਼ੀਰ ਦਰਬਾਰ ਦੇ ਪਿਆਰੇ ਹਨ । ਉਹ ਰੱਥ ਵਿਚ ਹਨ ਅਤੇ ਰੱਥ ਉਨ੍ਹਾਂ ਦੀ ਜਾਤ ਵਿਚ। ਉਸ ਦੀਆਂ ਸਿਫ਼ਤਾਂ ਦਾ ਵਰਣਨ ਸਾਡੀ ਜੀਭ ਦੇ ਬਿਆਨ ਤੋਂ ਬਾਹਰ ਹੈ। ਰੱਬੀ ਫਰਿਸਤੇ ਉਸ ਦੀ ਪਨਾਹ ਦੀ ਛਤਰ ਛਾਇਆ ਹੇਠ ਹਨ ਰੱਬੀ ਵਿਚਾਰ ਵਾਲੀ ਬਾਣੀ ਉਸ ਤੋਂ ਉਤਰਦੀ ਹੈ। ਸਿਦਕ ਭਰੋਸੇ ਵਾਲੇ ਗਿਆਨ ਭਰਪੂਰ ਲੇਖ ਵੀ ਉਸਦੇ ਹੀ ਹਨ। ਅਜੋ ਨਜਮ ਕਾਲਿ ਹੱਕ ਅੰਦੇਸ਼ਾ ਰਾ॥ਬਦੋ ਨਸਕ ਇਲਇ ਯਕੀਂ ਪੇਸ਼ਾ-ਰਾ॥
ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਲਈ ਗੁਰੂ ਦਰਬਾਰੀਆਂ ਪਾਸ ਹੀ ਸ਼ਬਦਾਂ ਦੀ ਘਾਟ ਰਹੀ ਹੈ। ਸਤਿਗੁਰੂ ਚਰਣ ਕਵਲ ਰਿਦਿ ਧਾਰੰ॥ ਗੁਰੁ ਅਰਜਨ ਗੁਣ ਸਹਿਜ ਬਿਚਾਰੰ॥ਇਹ ਹੀ ਸਥਾਪਿਤ ਵਿਧੀ ਹੈ ਕਿ ਮੈਂ ਸਤਿਗੁਰੂ ਦੇ ਕੰਵਲ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ ਤੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ ॥
ਸ੍ਰੀ ਗੁਰੂ ਅਰਜਨ ਜੀ ਦਾ ਜਨਮ 15 ਅਪ੍ਰੈਲ 1563 ਈ. 18 ਵੈਸਾਖ ਬਦੀ 7 ਮੰਗਲ ਸੰਮਤ 1620 ਬਿਕਰਮੀ ਨੂੰ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਕੁੱਖੋਂ ਗੋਬਿੰਦਵਾਲ ਵਿਖੇ ਹੋਇਆ ਆਪ ਗੁਰੂ ਰਾਮਦਾਸ ਜੀ ਦੇ ਤੀਜੇ ਸਪੁੱਤਰ ਸਨ ਵੱਡੇ ਭਾਈ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਸਨ।
ਗੁਰੂ ਅਰਜਨ ਦੇਵ ਜੀ ਇਕ ਆਗਿਆਕਾਰੀ ਪੁੱਤਰ ਸਨ ਤੇ ਗੁਰੂ ਰਾਮ ਦਾਸ ਜੀ ਨੂੰ ਬਹੁਤ ਪਿਆਰੇ ਸਨ। ਇਕ ਵਾਰ, ਸਹਾਰੀ ਮੱਲ ਜੋ ਗੁਰੂ ਰਾਮਦਾਸ ਜੀ ਦੇ, ਤਾਏ ਦਾ ਪੁੱਤਰ ਸੀ, ਦੇ ਬੇਟੇ ਦੀ ਸ਼ਾਦੀ ਸੀ। ਸਹਾਰੀ ਮੱਲ ਜੀ ਨੇ ਗੁਰੂ ਜੀ ਨੂੰ ਲਾਹੌਰ ਆਉਣ ਦੀ ਬੇਨਤੀ ਕੀਤੀ। ਗੁਰੂ ਪਾਤਸ਼ਾਹ ਨੇ ਵੱਡੇ ਬੇਟੇ ਪ੍ਰਿਥੀ ਚੰਦ ਜੀ ਨੂੰ ਲਾਹੌਰ ਜਾਣ ਲਈ ਆਖਿਆ ਪਰ ਉਸ ਨੇ ਗੁਰੂ ਹੁਕਮ ਨੂੰ ਪ੍ਰਬੰਧ ਵਿਚ ਖਲਲ ਪੈ ਜਾਣ ਦਾ ਬਹਾਨਾ ਬਣਾ ਕੇ ਨਾ ਕਰ ਦਿੱਤੀ। ਮਹਾਂਦੇਵ ਜੀ ਵੀ ਜਾਣ ਨੂੰ ਤਿਆਰ ਨਾ ਹੋਏ ਤਾਂ ਗੁਰੂ ਜੀ ਨੇ ਅਰਜਨ ਦੇਵ ਜੀ ਨੂੰ ਆਖਿਆ ਕਿ ਆਪ ਇਕ ਮਹੀਨਾ ਸਹਾਰੀ ਮੱਲ ਦੇ ਘਰ ਠਹਿਰਨ, ਫਿਰ ਸੰਗਤ ਨੂੰ ਸਿੱਖੀ ਉਪਦੇਸ਼ ਕਰਨ ਤੇ ਗੁਰੂ ਹੁਕਮ ਹੋਣ ਤੇ ਹੀ ਵਾਪਸ ਆਉਣਾ । ਮਾਤਾ ਪਿਤਾ ਦੀ ਆਗਿਆ ਮੰਨਣਾ ਪੁੱਤਰ ਦਾ ਸਭ ਤੋਂ ਵੱਡਾ ਧਰਮ ਹੈ ਜਿਸ ਦੀ ਪਾਲਣਾ ਕਰਦੇ ਗੁਰੂ ਸਾਹਿਬ ਇਕ ਸਾਲ ਤੋਂ ਜ਼ਿਆਦਾ ਸਮਾਂ ਲਾਹੌਰ ਵਿਖੇ ਠਹਿਰੇ ਅਤੇ ਗੁਰੂ ਰਾਮ ਦਾਸ ਜੀ ਦਾ ਹੁਕਮ ਭਾਈ ਬੁੱਢਾ ਅਤੇ ਭਾਈ ਗੁਰੀਏ ਰਾਂਹੀ ਪ੍ਰਾਪਤ ਹੋਣ ਤੇ ਹੀ ਵਾਪਸ ਗੋਇੰਦਵਾਲ ਸਾਹਿਬ ਆਏ।
ਗੁਰੂ ਅਮਰਦਾਸ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ। ਬਾਲ ਅਰਜਨ ਦੇਵ ਕਰੀਬ 11 ਸਾਲ ਗੁਰੂ ਨਾਨਾ ਜੀ ਦੀ ਸੰਗਤ ਵਿਚ ਰਹੇ। ਗੁਰੂ ਜੀ ਨੇ ਉਨ੍ਹਾਂ ਨੂੰ “ਬਾਨੀ ਕਾ ਬੋਹਿਥਾ ਦਾ ਵਰ ਦਿੱਤਾ ਸੀ।
ਗੁਰੂ ਰਾਮ ਦਾਸ ਜੀ ਨੇ ਆਪ ਨੂੰ ਹਰ ਤਰਾਂ ਨਾਲ ਗੁਰੂ ਨਾਨਕ ਦੇਵ ਜੀ ਗੱਦੀ ਦੇ ਯੋਗ ਜਾਣ ਕੇ ਪ੍ਰਿਥੀ ਚੰਦ ਤੇ ਮਹਾਂਦੇਵ ਨੂੰ ਛੱਡ ਕੇ ਭਾਦਰੋ ਸੁਦੀ ਸੰਬਤ 1638 ਬਿਕਰਮੀ, 1 ਸਤੰਬਰ 1681 ਈ: ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ।
ਗੁਰੂ ਅਰਜਨ ਦੇਵ ਜੀ ਦਾ ਪਹਿਲਾ ਵਿਆਹ ਮਾਤਾ ਰਾਮਦੇਈ ਪੁੱਤਰੀ ਚੰਦਨ ਦਾਸ ਵਾਸੀ ਮੌੜ ਨਾਲ ਹੋਇਆ ਸੀ, ਪਰ ਉਹ ਅਕਾਲ ਚਲਾਣਾ ਕਰ ਗਏ ਤੇ ਦੂਜੀ ਸ਼ਾਦੀ ਮਾਤਾ ਗੰਗਾ ਦੇਵੀ ਪੁੱਤਰੀ ਕਿਸ਼ਨ ਚੰਦ ਵਾਸੀ ਮਊ ਸਾਹਿਬ ਨੇੜੇ ਫਿਲੋਰ ਨਾਲ ਹੋਈ। ਇਨ੍ਹਾਂ ਦੀ ਕੁੱਖ ਤੋਂ ਹੀ ਛੇਵੇਂ ਗੁਰੂ ਹਰਗੋਬਿੰਦ ਰਾਏ ਸਾਹਿਬ ਦਾ ਜਨਮ ਗੁਰੂ ਕੀ ਵਡਾਲੀ ਵਿਖੇ ਹੋਇਆ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪ੍ਰਣਾਲੀ ਦੇ ਇਕ ਰੂਪ ਬਾਰੇ ਦਰਜ ਕੀਤਾ ਹੈ। ਭਿੰਨ-ਭਿੰਨ ਸਬਹੂੰ ਕਰ ਜਾਣਾ । ਏਕ ਰੂਪ ਕਨਿਹੁ ਪਹਿਚਾਨਾ॥ ਜਿਨ ਜਾਨਾ ਤਿਨ ਹੀ ਸਿਧ ਪਾਈ॥ ਬਿਨ ਬੂਝੇ ਸਿਧ ਹਾਥ ਨਾ ਆਈ॥ ਭਾਵ ਗੁਰੂ ਨਾਨਕ ਦੇ ਸਾਰੇ ਰੂਪ ਇਕ ਹੀ ਹਨ। ਇਨ੍ਹਾਂ ਵਿਚ ਕੋਈ ਭੇਦ ਨਹੀਂ। ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀ ਵਾਲਤਾ ਤੇ ਕਲਿਆਣਕਾਰੀ ਪੰਥ ਨੂੰ ਹੋਰ ਅੱਗੇ ਵਧਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦੇ ਭਲੇ ਲਈ ਤਲਾਬ, ਬਾਉਲੀਆਂ, ਖੂਹ ਲਗਵਾਏ ਤਰਨਤਾਰਨ ਸ੍ਰੀ ਹਰਗੋਬਿੰਦਪੁਰ ਛੇਹਰਟਾ,ਕਰਤਾਰਪੁਰ ਆਦਿ ਕਸਬੇ ਵਸਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 1599 ਈ ਤੋਂ 1604 ਈ. ਤੱਕ ਕੀਤੀ। ਇਸ ਸਰਬ ਸਾਂਝੇ ਪ੍ਰਚਾਰ ਪ੍ਰਸਾਰ ਨੂੰ ਵਿਵਸਸਿਤ ਕਰਨ ਲਈ ਮਸੰਦ (ਮਸਨਦ ਵੱਡੀ ਚਾਰਪਾਈ) ਪ੍ਰਥਾ ਨੂੰ ਸੁਚਾਰੂ ਕੀਤਾ। ਭਾਈ ਪ੍ਰਿਥੀ ਚੰਦ ਦੇ ਵਿਰੋਧ ਤੋਂ ਬਾਅਦ ਵੀ ਆਪ ਨੇ ਹਰ ਕਸ਼ਟ ਨੂੰ ਝੱਲ ਕਿ ਸਹਿਨਸ਼ੀਲਤਾ ਤੇ ਅਕਾਲ ਪੁਰਖ ਤੇ ਭਰੋਸੇ ਦੀ ਮਿਸਾਲ ਕਾਇਮ ਕੀਤੀ। ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰੂ ਵਜੋਂ ਪੇਸ਼ ਕਰ ਰਿਹਾ ਸੀ । ਪਰ ਭਾਈ ਗੁਰਦਾਸ ਜੀ ,ਭਾਈ ਬੁੱਢਾ ਜੀ ਆਦਿ ਪ੍ਰਮੁੱਖ ਸਿੱਖਾਂ ਨੇ ਗੁਰੂ ਜੀ ਦੀ ਵਡਿਆਈ ਵੀ ਸੰਗਤ ਵਿਚ ਪੇਸ਼ ਕੀਤੀ।
ਗੁਰੂ ਜੀ ਦੇ ਜੀਵਨ ਨਾਲ ਸਬੰਧਤ ਕੁਝ ਸਾਖੀਆਂ ਅਤਿ ਪ੍ਰੇਰਨਾਦਾਇਕ ਹਨ। ਗੁਰੂ ਅਰਜਨ ਦੇਵ ਨੇ ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਅਰੰਭੇ ਕਾਰਜ ਸੀ ਅਮ੍ਰਿਤਸਰ ਸਰੋਵਰ ਦੀ ਤਿਆਰੀ ਮੁਕੰਮਲ ਕੀਤੀ ਇਹ ਕਾਰਜ 1588 ਈ. ਵਿਚ ਸੰਪੂਰਨ ਹੋਇਆ ਉਸ ਸਮੇਂ ਛੂਤਛਾਤ ਕਾਰਨ ਪਾਣੀ ਦੀ ਸਾਂਝ ਵੀ ਨਹੀਂ ਸੀ ਪਰ ਅੰਮ੍ਰਿਤ ਸਰੋਵਰ ਵਿਚ ਚਾਰ ਬਰਨ ਇੱਕਠੇ ਇਸ਼ਨਾਨ ਕਰਕੇ ਇਕ ਪੰਗਤ ਵਿਚ ਗੁਰੂ ਕਾ ਲੰਗਰ ਛੱਕਦੇ ਸਨ ਤੇ ਅੰਨ ਪਾਣੀ ਦੀ ਸਾਂਝ ਗੁਰੂ ਪਾਤਸ਼ਾਹ ਨੇ ਸਥਾਪਿਤ ਕੀਤੀ। ਇਸ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 1588 ਈ. ਨੂੰ ਰੱਖੀ ਗਈ। ਇਹ ਧਰਮਾਂ ਦੇ ਇਤਿਹਾਸ ਵਿਚ ਸ਼ਾਇਦ ਪਹਿਲਾ ਹਰਿ, ਭਾਵ ਪ੍ਰਭੂ ਜਾਂ ਅਕਾਲ ਪੁਰਖ ਦਾ ਮੰਦਿਰ ਤਿਆਰ ਕੀਤਾ ਗਿਆ । ਜਿਥੇ ਏਕ ਪਿਤਾ ਏਕਸ ਕੇ ਹਮ ਬਾਰਿਕ, ਇਕੱਠੇ ਬੈਠ ਕੇ ਪ੍ਰਭੂ ਦਾ ਚਿੰਤਨ ਗਾਇਨ ਕਰ ਸਕਦੇ ਹਨ। ਇਸ ਧਰਮ ਮੰਦਿਰ ਅਸਥਾਨ ਦੀ ਨੀਂਹ 3 ਜਨਵਰੀ ਸਾਂਈ ਮੀਆਂ ਮੀਰ ਜੀ ਵਲੋਂ ਰੱਖੀ ਜਾਣੀ ਵੀ ਸਰਬਸਾਂਝੀਵਾਲਤਾ ਦੀ ਗਵਾਹੀ ਭਰਦੀ ਹੈ।
ਆਪਣੀਆਂ ਚਾਰ ਉਦਾਸੀਆਂ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਵੀ ਗਏ, ਪੋਥੀ ਪਰਮੇਸਰ ਕਾ ਥਾਨ ਵਿਚ ਆਪਣੀ ਬਾਣੀ ਵੀ ਦਰਜ ਕਰਦੇ ਗਏ ਤੇ ਹੋਰ ਭਗਤ ਜੋ ਕੇਵਲ ਇਕ ਅਕਾਲ ਪੁਰਖ ਦੇ ਪੁਜਾਰੀ ਸਨ ਤੇ ਕਰਮ ਕਾਡਾਂ ਨੂੰ ਪ੍ਰਭੂ ਪ੍ਰਾਪਤੀ ਦਾ ਰਾਹ ਨਹੀਂ ਮੰਨਦੇ ਸਨ ਦੀ ਬਾਣੀ ਵੀ ਇਕੱਤਰ ਕਰਦੇ ਗਏ। ਇਹ ਪੋਥੀ ਸਾਹਿਬ ਫੇਰ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਈ, ਦਾ ਸੰਪਾਦਨ ਆਦਿ ਗ੍ਰੰਥ ਸਾਹਿਬ ਰੂਪ ਵਿਚ ਗੁਰੂ ਅਰਜਨ ਦੇਵ ਸਾਹਿਬ ਨੇ ਰਾਮਸਰ ਸਾਹਿਬ ਕੋਲ ਤੰਬੂ ਲਗਵਾ ਕੇ ਭਾਈ ਗੁਰਦਾਸ ਜੀ ਤੋਂ ਲਿਖਾਰੀ ਰੂਪ ਵਿਚ ਅਰੰਭ ਕਰਵਾਇਆ। ਆਦਿ ਗ੍ਰੰਥ ਸਾਹਿਬ ਵਿਚ 5 ਗੁਰੂ ਸਾਹਿਬਾਨ 3 ਗੁਰੂ ਸਿੱਖ ਭਾਈ ਸੁੰਦਰ ਜੀ, ਸਤਾ, ਬਲਵੰਡ, 11 ਭੱਟਾਂ ਤੇ 15 ਭਗਤਾਂ ਦੀ ਬਾਣੀ ਦਰਜ ਕੀਤੀ। ਆਦਿ ਗ੍ਰੰਥ ਸਾਹਿਬ ਦੀ ਬੀੜ 1604 ਈ. ਵਿਚ ਤਿਆਰ ਹੋ ਗਈ ਸੀ ਤੇ ਇਸ ਸਰਬ ਸਾਂਝੇ ਧਰਮ ਗ੍ਰੰਥ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਸੰਮਤ 1661 ਬਿਕਰਮੀ, 16 ਅਗਸਤ 1604 ਨੂੰ ਹਰਿਮੰਦਰ ਸਾਹਿਬ ਵਿੱਚ ਕੀਤਾ। ਭਾਈ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਥਾਪਿਆ। ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਪਾਸੋ ਦਮਦਮਾ ਸਹਿਬ ਵਿਖੇ ਦਰਜ ਕਰਵਾਈ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਰਾਗਾਂ ਵਿਚ ਉਚਾਰੀ ਬਾਣੀ ਸ੍ਰੀ ਰਾਗ ਜੋ ਸੰਧਿਆ ਕਾਲ ਦਾ ਰਾਗ ਹੈ ਤੇ ਅਰੰਭ ਹੋ ਕੇ ਰਾਗ ਪ੍ਰਭਾਤੀ ਤੱਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੀ ਜੋ ਮਨੁੱਖਤਾ ਨੂੰ ਗੁਰੂ ਦੇ ਸ਼ਬਦੀ ਅਰਥ ਹਨੇਰੋ ਤੋਂ ਚਾਨਣ ਵੱਲ ਲੈ ਕੇ ਆਉਂਦੀ ਹੈ। ਅੰਤਿਮ ਰਾਗ ਜੈ ਜੈਵੰਤੀ ਸਿਮਰਨ ਕਰਨ ਤੇ ਉੱਚਾ ਕਰਨ ਲਈ ਪਰੇਰਦਾ ਹੈ। ਅੰਤ ਵਿਚ ਮੁੰਦਾਵਣੀ ਤੇ ਮਨ ਦੀ ਤ੍ਰਿਪਤੀ ਤੇ ਮੋਕਸ਼ ਦੀ ਪ੍ਰਾਪਤੀ ਦਾ ਰਾਹ ਦੱਸਦੀ ਹੈ। ਗੁਰਬਾਣੀ ਦਾ ਹਰ ਸ਼ਬਦ ਸ਼ਾਂਤੀ, ਗਿਆਨ ਤੇ ਪ੍ਰਭੂ ਵੱਲ ਪ੍ਰੇਰਿਤ ਕਰਨ ਵਾਲਾ, ਕਰਮ ਕਾਡਾਂ ਦਾ ਤਿਆਗ ਤੇ ਗੁਰੂ ਦੇ ਦੱਸੇ ਮਾਰਗ ਤੇ ਚਲ ਕੇ ਅਕਾਲਪੁਰਖ ਨਾਲ ਸਾਂਝ, ਪਿਆਰ, ਸ਼ਰਧਾ,ਵਿਸ਼ਵਾਸ ਤੋਂ ਮੋਕਸ਼ ਦੇ ਰਾਹ ਵੱਲ ਪ੍ਰੇਰਦਾ ਹੈ। ਸੁਖਮਨੀ ਵੀ ਪ੍ਰਭੂ ਦਾ ਨਾਮ ਹੀ ਹੈ ਤੇ ਇਹ ਭਗਤਾਂ ਦੇ ਮਨਾਂ ਵਿਚ ਵਸਦਾ ਹੈ। 24 ਸ਼ਲੋਕ ਤੇ 24 ਅਸ਼ਟਪਦੀਆਂ ਜੀਵਨ ਦੇ ਹਰ ਪੱਖ ਨੂੰ ਰੋਸਨਾਉਣ ਤੇ ਗਿਆਨ ਦੀ ਬਖਸ਼ਿਸ਼ ਕਰਦੀਆਂ ਹਨ। ਕੇਵਲ ਮਨ ਸਤਿਗੁਰੂ ਨੂੰ ਅਰਪਣ ਕਰਨ ਦੀ ਲੋੜ ਹੈ ਫੇਰ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਭਾਈ ਮੰਝ ਵੀ ਗੁਰੂ ਜੀ ਦਾ ਅਜਿਹਾ ਸਿੱਖ ਹੋਇਆ ਹੈ ਜੋ ਦੁਆਬੇ ਦਾ ਅਮੀਰ ਜ਼ਿਮੀਦਾਰ ਸੀ ਪਰ ਪਹਿਲਾ ਨਗਾਹੇ ਸਖੀ ਸਰੋਵਰ ਦਾ ਪੁਜਾਰੀ ਸੀ। ਗੁਰੂ ਜੀ ਦੇ ਦਰਸ਼ਣ ਕਰਕੇ ਇਕ ਅਕਾਲ ਦਾ ਪੁਜਾਰੀ ਬਣ ਗਿਆ। ਗੁਰੂ ਹੁਕਮ ਮੰਨ ਕੇ ਭਰਾਵਾਂ ਦਾ ਵਿਰੋਧ ਤੇ ਅਮੀਰੀ ਤੋਂ ਅਤਿ ਗਰੀਬੀ ਵਾਲਾ ਜੀਵਨ ਕੁਝ ਸਮੇਂ ਬਤੀਤ ਕਰਨਾ ਪਿਆ। ਪਰ ਗੁਰੂ ਜੀ ਦੇ ਹੁਕਮ ਤੇ ਕਿੰਤੂ ਨਹੀਂ ਕੀਤਾ। ਜਦੋਂ ਗੁਰੂ ਸਾਹਿਬ ਦੇ ਹਰਕਾਰੇ ਨੇ ਹੁਕਮ ਨਾਮੇ ਦਰਸ਼ਨ ਕਰਵਾਉਣ ਲਈ 21 ਰੁਪਏ ਭੇਟਾਂ ਮੰਗੀ ਤਾਂ ਮੰਝ ਗਰੀਬ ਨੇ ਆਪਣੀ ਬੇਟੀ ਦਾ ਰਿਸ਼ਤਾ ਇਕ ਅਮੀਰ ਸਰਦਾਰ ਨਾਲ ਮੰਨ ਕੇ 21 ਰੁ. ਭੇਟ ਕੀਤੇ ਫਿਰ ਦੂਜੀ ਜਦੋਂ ਕੁਝ ਸਾਲ ਬਾਅਦ ਹਰਕਾਰਾ ਆਇਆ ਤਾਂ ਹੁਕਮਨਾਮੇ ਦੀ ਦਰਸ਼ਨ ਭੇਟ ਲਈ 21 ਰੁ. ਦੀ ਮੰਗ ਪੂਰੀ ਕਰਨ ਲਈ ਕਿਸੇ ਦੇ ਘਰ ਬਰਤਨ ਸਾਫ ਕਰਨ ਦੀ ਨੌਕਰੀ ਮਨਜ਼ੂਰ ਕਰਨੀ ਪਈ। ਫਿਰ ਗੁਰੂ ਸਾਹਿਬ ਅਮ੍ਰਿਤਸਰ ਲੰਗਰ ਵਿਚੋ ਸੇਵਾ ਕਰਨ ਦੇ ਬਾਅਦ ਵੀ ਪਰਸ਼ਾਦਾ ਕਰਨ ਤੇ ਮਨਾਹੀ ਕਰ ਦਿੱਤੀ ਤੇ ਵਚੀ ਜੂਠ ਖਾ ਕੇ ਵੀ ਸੇਵਾ ਤੋਂ ਪਿਛੇ ਨਾ ਹਟੇ। ਫਿਰ ਪਰਖ ਪੂਰੀ ਹੋਣ ਦਾ ਸਮਾਂ ਆਇਆ ਤਾਂ ਹਨੇਰੇ ਵਿਚ ਲੰਗਰ ਲਈ ਲੱਕੜੀਆਂ ਲੈ ਕੇ ਆਉਂਦੇ। ਲੱਕੜੀਆਂ ਸਮੇਤ ਸੁਲਤਾਨ ਪਿੰਡ ਤੋਂ ਬਾਹਰ ਖੂਹ ਵਿਚ ਡਿੱਗ ਪਏ, ਗੁਰੂ ਸਾਹਿਬ ਨੇ, ਭਾਈ ਮੰਝ ਨੂੰ, ਲੱਕੜੀਆਂ ਨੂੰ ਸੰਭਾਲ ਕੇ ਖੂਹ ਵਿਚੋਂ ਖੜਿਆਂ ਨੂੰ ਬਾਹਰ ਕੱਢਿਆ ਤੇ ਬਚਨ ਕੀਤਾ “ਮੰਝ ਪਿਆਰਾ ਗੁਰੂ ਨੂੰ ਮੰਝ ਗੁਰੂ ਕਾ ਬੋਹਥਾ ਜਗ ਲੰਘਨਿ ਹਾਰਾ॥ ਅੱਜ ਵੀ ਭਾਈ ਮੰਝ ਦੇ ਦਰ ਤੇ ਮੁਰਾਦਾਂ ਮੰਗਣ ਲਈ ਹਾਜ਼ਰ ਹੁੰਦੇ ਹਨ। ਗੁਰੂ ਦੇ ਰਾਹ ਚੱਲਿਆ ਦੁੱਖ ਵੀ ਆਤਮਿਕ ਗੁਣ ਪ੍ਰਾਪਤ ਹੋਣ ਵਿਚ ਸਹਾਈ ਹੁੰਦੇ ਹਨ ।
ਸਿੱਖ ਦਾ ਵਚਨ ਗੁਰੂ ਵੀ ਨਹੀ ਬਦਲਦੇ। ਬੁੱਧੂ ਦਾ ਆਵਾ ਕੱਚਾ। ਬੁੱਧੂ ਨਾਮੀ ਇਕ ਸੇਵਕ ਇੱਟਾਂ ਦੇ ਭੱਠੇ ਦਾ ਕੰਮ ਕਰਦਾ ਸੀ। ਇੱਕ ਵਾਰੀ ਗੁਰੂ ਪਾਤਸ਼ਾਹ ਦੇ ਦਰਬਾਰ ਵਿਚ ਬੇਨਤੀ ਕੀਤੀ ਕਿ ਮੇਰਾ ਆਵਾ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸਿੱਖਾਂ ਦੀ ਸੇਵਾ ਕਰ । ਬੁੱਧੂ ਨੇ ਗੁਰੂ ਹੁਕਮ ਮੰਨਿਆ ਤਾਂ ਨਾਲ ਇੱਟਾਂ ਦਾ ਆਵਾ ਪੱਕਾ ਨਿਕਲਿਆ। ਬਹੁਤ ਵੱਡਾ ਲਾਭ ਹੋਇਆ। ਅਗਲੀ ਵਾਰ ਫਿਰ ਆਵਾ ਪਾਇਆ ਤੇ ਸਿੱਖਾਂ ਦੀ ਸੇਵਾ ਲਈ ਲੰਗਰ ਲਾਇਆ। ਬਹੁਤ ਸਿੱਖਾਂ ਨੇ ਪਰਸ਼ਾਦਾ ਛਕਿਆ । ਇੱਕ ਸਿੱਖ ਕੁੱਝ ਦੇਰੀ ਨਾਲ ਆਇਆ ਤੇ ਲੰਗਰ ਮਸਤਾਨਾ ਹੋ ਚੁੱਕਾ ਸੀ ਉਸ ਦੀ ਭੁੱਖ ਪੂਰੀ ਨਹੀ ਹੋਈ ਤਾਂ ਮੂੰਹ ਤੋਂ ਬਚਨ ਕੀਤਾ ਬੁੱਧੂ ਦਾ ਆਵਾ ਕੱਚਾ ਆਵਾ ਕੱਚਾ ਨਿਕਲਿਆ ਬੁੱਧੂ ਗੁਰੂ ਦਰਬਾਰ ਵਿਚ ਬੇਨਤੀ ਲੈ ਕੇ ਹਾਜ਼ਰ ਹੋਇਆ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਕਿ ਸਿੱਖ ਦਾ ਬਚਨ ਮੈਂ ਨਹੀਂ ਬਦਲ ਸਕਦਾ ਤੇਰ ਕੱਚੇ ਆਵੇ ਦੀਆਂ ਇੱਟਾਂ ਮਹਿੰਗੇ ਭਾਅ ਵਿਕ ਜਾਣਗੀਆਂ। ਗੁਰੂ ਹੁਕਮ ਪੂਰਾ ਹੋਇਆ ਲਾਹੌਰ ਵਿਚ ਇੱਟਾਂ ਦੀ ਘਾਟ ਕਾਰਨ ਬੁੱਦੂ ਦੀਆਂ ਇੱਟਾਂ ਵੀ ਮਹਿੰਗੇ ਭਾਅ ਵਿਕ ਗਈਆਂ।
ਦੀਵਾਨ ਚੰਦੂ ਲਾਲ ਸ਼ਾਹੀ ਖੱਤਰੀ ਰੁਹੇਲੇ ਪਿੰਡ (ਹੁਣ ਸ੍ਰੀ ਗੁਰੂ ਹਰਿਗੋਬਿੰਦਪੁਰ) ਮੁਗਲ ਸਰਕਾਰ ਦਾ ਅਹਿਲਕਾਰ ਨੇ ਆਪਣੀ ਬੇਟੀ ਦੇ ਰਿਸ਼ਤੇ ਲਈ ਬਚੋਲੇ ਭੇਜੋ, ਜੋ ਗੁਰੂ ਦਰਬਾਰ ਦੀ ਸ਼ਾਨ ਤੇ ਹਰਿਗੋਬਿੰਦ ਰਾਏ ਦੀ ਸਖਸ਼ੀਅਤ ਦੇਖ ਕੇ ਪ੍ਰਭਾਵਿਤ ਹੋਏ । ਉਨ੍ਹਾਂ ਚੰਦੂ ਨੂੰ ਇਹ ਰਿਸ਼ਤਾ ਕਰਨ ਦੀ ਸਲਾਹ ਦਿੱਤੀ। ਚੰਦੂ ਹੰਕਾਰੀ ਸੀ ਰਿਸ਼ਤਾ ਕਰਨਾ ਤਾਂ ਮੰਨ ਗਿਆ,ਪਰ ਆਖਿਆ ਕਿ ਪੰਡਿਤ ਜੀ ਤੁਸਾਂ ਚੁਬਾਰੇ ਦੀਆਂ ਇੱਟਾਂ ਮੋਰੀ ਨੂੰ ਲਾਣੀ ਹੈ। ਪਰ ਮੇਰੀ ਧੀ ਸਿੱਖਾਂ ਦੀ ਮਾਤਾ ਕਹਾਏਗੀ। ਇਹ ਕੁਬੋਲ ਦਿੱਲੀ ਦੀ ਸਿੱਖ ਸੰਗਤ ਨੂੰ ਬਹੁਤ ਬੁਰਾ ਲੱਗਾ, ਉਨ੍ਹਾਂ ਗੁਰੂ ਦਰਬਾਰ ਵਿਚ ਬੇਨਤੀ ਲਿਖ ਭੇਜੀ ਕਿ ਚੰਦੂ ਦੀ ਬੇਟੀ ਦਾ ਰਿਸ਼ਤਾ ਪਰਵਾਨ ਨਾ ਕੀਤਾ ਜਾਵੇ। ਕਿਉਂਕਿ ਉਸ ਨੇ ਗੁਰੂ ਘਰ ਨੂੰ ਮੋਰੀ ਤੇ ਆਪ ਨੂੰ ਚੂਬਾਰਾ ਆਖਿਆ ਹੈ। ਸੰਗਤ ਦਾ ਬਚਨ ਮੰਨ ਕੇ ਗੁਰੂ ਪਾਤਸ਼ਾਹ ਨੇ ਚੰਦੂ ਦੇ ਰਿਸ਼ਤੇ ਤੋਂ ਨਾਂਹ ਕਰ ਦਿੱਤੀ। ਭਾਵੇਂ ਚੰਦੂ ਗੁਰੂ ਜੀ ਦਾ ਵੱਡਾ ਦੁਸ਼ਮਣ ਬਣ ਗਿਆ। ਗੁਰੂ ਪਾਤਸ਼ਾਹ ਨੇ ਮਾਝੇ ਦੇ ਇਲਾਕੇ ਵਿਚ ਕੋਹੜ ਰੋਗਾਂ ਦੇ ਨਿਵਾਰਨ ਲਈ ਤਰਨਤਾਰਨ ਸਰੋਵਰ ਦਾ ਨਿਰਮਾਣ ਅਰੰਭ ਕੀਤਾ। ਇਥੇ ਗੁਰੂ ਪਾਤਸ਼ਾਹ ਆਪ ਕੋਹੜੀਆਂ ਦੀ ਸੇਵਾ ਕਰਦੇ ਜੋ ਤੰਦਰੁਸਤ ਹੁੰਦੇ ਗਏ ਸਨ | ਅੱਜ ਵੀ ਚਮੜੀ ਦੇ ਰੋਗਾਂ ਵਾਲੇ ਤਰਨਤਾਰਨ ਸਰੋਵਰ ਵਿਚ ਸ਼ਰਧਾ ਨਾਲ ਇਸ਼ਨਾਨ ਕਰਕੇ ਨਿਰੋਗ ਹੁੰਦੇ ਹਨ।
ਇਸੇ ਤਰਾਂ ਵਜ਼ੀਰ ਖਾਂ ਨਾਇਬ ਵਜੀਰ, ਬਾਦਸ਼ਾਹ ਅਕਬਰ , ਜੋ ਲਾਹੌਰ ਦਾ ਰਹਿਣ ਵਾਲਾ ਸੀ, ਗੁਰੂ ਘਰ ਦਾ ਸੇਵਕ ਸੀ।ਵਜੀਰ ਖਾਂ ਨੂੰ ਜਲੋਧਰ ਦਾ ਰੋਗ ਹੋ ਗਿਆ। ਦਵਾ-ਦਾਰੂ ਤੇ ਖਰਚ ਕਰਨ ਤੋਂ ਬਾਅਦ ਵੀ ਅਰਾਮ ਨਾ ਆਇਆ। ਲਾਚਾਰ ਹੋ ਕੇ ਅਮ੍ਰਿਤਸਰ ਹਾਜ਼ਰ ਹੋਇਆ। ਗੁਰੂ ਪਾਤਸ਼ਾਹ ਦੁੱਖ ਭੰਜਨੀ ਬੇਰੀ ਕੋਲ ਸਰੋਵਰ ਦੀ ਸਫਾਈ ਕਰਵਾ ਰਹੇ ਸਨ | ਵਜ਼ੀਰ ਖਾਂ ਨੇ ਦੂਰੋਂ ਹੀ ਹੱਥ ਜੋੜ ਕੇ ਬੇਨਤੀ ਕੀਤੀ। ਬਖਸ਼ੇ॥ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਜੋ ਗਾਰ ਕੱਢ ਰਿਹਾ ਸੀ ਬੇਨਤੀ ਕੀਤੀ ਵਜੀਰ ਖਾਂ ਤੇ ਕਿਰਪਾ ਕਰੋ। ਭਾਈ ਬੁੱਢਾ ਜੀ ਦੋਚਿੱਤੀ ਵਿਚ ਸਨ ਤਾਂ ਗੁਰੂ ਜੀ ਨੇ ਦੁਬਾਰਾ ਆਖਿਆ । ਭਾਈ ਬੁੱਢਾ ਜੀ ਨੇ ਗਾਰ ਦੀ ਟੋਕਰੀ ਜੋਰ ਨਾਲ ਵਜ਼ੀਰ ਖਾਂ ਦੇ ਢਿੱਡ ਤੇ ਸੁੱਟ ਦਿੱਤੀ ਫੇਰ ਕੀ ਸਾਰੀ ਗੰਦਗੀ ਬਾਹਰ ਨਿਕਲ ਗਈ ਗੁਰੂ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਦੀ ਦੇਗ ਆਪਣ ਦਸਤ ਕਮਲਾ ਨਾਲ ਦਿੱਤੀ ਤਾਂ ਵਜ਼ੀਰ ਖਾ ਤੰਦਰੁਸਤ ਹੋ ਗਿਆ। ਵਜੀਰ ਖਾਂ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਸਿੱਖ ਉਸਨੂੰ ਦਿੱਤਾ ਜਾਵੇ ਜਿਸ ਤੋਂ ਉਹ ਰੋਜ ਸੁਖਮਨੀ ਸਾਹਿਬ ਦਾ ਪਾਠ ਸੁਣਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਸਕੇ।
ਗੁਰੂ ਪਾਤਸ਼ਾਹ ਲਈ ਰਾਜਾ ਪਰਜਾ ਇਕ ਬਰਾਬਰ ਸਨ। ਅਕਬਰ ਬਾਦਸ਼ਾਹ ਨਾਲ ਗੁਰੂ ਸਾਹਿਬ ਦੀ ਇਕ ਵਾਰ ਮੁਲਾਕਾਤ ਹੋਈ ਤੇ ਇਕ ਵਾਰੀ ਦੋਖੀਆ ਦੀ ਸ਼ਿਕਾਇਤ ਤੇ ਆਦਿ ਗ੍ਰੰਥ ਬਾਰੇ ਸ਼ੰਕੇ ਨਿਵਾਰਨ ਕਰਨ ਲਈ ਬਟਾਲੇ ਭਾਈ ਗੁਰਦਾਸ ਜੀ ਤੇ ਭਾਈ ਬੁੱਢਾ ਜੀ ਆਦਿ ਸਿੱਖਾਂ ਨੂੰ ਭੇਜਿਆ । ਬਾਦਸ਼ਾਹ ਨੇ ਆਦਿ ਗ੍ਰੰਥ ਸਾਹਿਬ ਦੀ ਬਾਣੀ ਦੇ ਕੁਝ ਸ਼ਬਦਾਂ ਦਾ ਪਾਠ ਸੁਣਿਆ, ਤਾਂ ਉਸਦਾ ਨਿਸ਼ਚਾ ਹੋ ਗਿਆ ਕਿ ਇਸ ਗ੍ਰੰਥ ਵਿਚ ਕੇਵਲ ਪ੍ਰਮੇਸ਼ਰ ਦੀ ਮਹਿਮਾ ਹੈ ਕਿਸੇ ਦੀ ਨਿੰਦਾ ਨਹੀਂ। 51 ਮੋਹਰਾਂ ਆਦਿ ਗ੍ਰੰਥ ਨੂੰ ਭੇਟ ਕੀਤੀਆਂ ਤੇ ਸਿੱਖਾਂ ਨੂੰ ਦੁਸ਼ਾਲੇ ਭੇਟ ਕਰਕੇ ਮਾਣ ਦਿੱਤਾ। ਦੂਜੀ ਵਾਰੀ ਕਾਬਲ ਤੋਂ ਵਾਪਸੀ ਸਮੇਂ ਅਮ੍ਰਿਤਸਰ ਗੁਰੂ ਪਾਤਸ਼ਾਹ ਦੇ ਦਰਬਾਰ ਵਿਚ ਹਾਜ਼ਰ ਹੋਇਆ। ਗੁਰੂ ਜੀ ਦੀ ਸੰਗਤ ਦਾ ਨਿੱਘ ਮਾਣਿਆ ਤੇ 12 ਪਿੰਡ ਦੀ ਆਮਦਨੀ ਭੇਟ ਕਰਨੀ ਚਾਹੀ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਤੇ ਪੰਜਾਬ ਵਿਚ ਉਸ ਸਮੇਂ ਬਾਰਸ਼ ਨਾ ਹੋਣ ਕਰਕੇ ਅਕਾਲ ਵਰਗੀ ਸਥਿਤੀ ਵਿਚ ਲੋਕਾਂ ਦੀ ਮਦਦ ਕਰਨ ਲਈ ਆਖਿਆ। ਅਕਬਰ ਬਾਦਸ਼ਾਹ ਨੇ ਸਾਰੇ ਪੰਜਾਬ ਦਾ ਮਾਮਲਾ ਵੀ ਮੁਆਫ ਕਰ ਦਿੱਤਾ ਤੇ ਅੰਨ ਵੀ ਵੱਡੀ ਮਾਤਰਾ ਵਿਚ ਪੰਜਾਬ ਭਜਿਆ।
ਗੁਰੂ ਪਾਤਸ਼ਾਹ ਦੇ ਜੀਵਨ ਕਾਲ ਨਾਲ ਸਬੰਧਤ ਪ੍ਰੇਰਨਾਦਾਇਕ ਕਹਾਣੀਆਂ ਅਨੇਕ ਹਨ। ਸਤਾ-ਬਲਵੰਡ ਦਾ ਹੰਕਾਰ ਦੂਰ ਕਰਨਾ ਤੇ ਭਾਈ ਲਧੇ ਵਰਗੇ ਪਰਉਪਕਾਰੀ ਦੀ ਬੇਨਤੀ ਪਰਵਾਨ ਕਰਨੀ, ਆਪ ਕਾਬਲੀ ਸੰਗਤ ਦੀ ਸੇਵਾ ਕਰਨੀ ਆਦਿ ਆਦਿ। ਪਹਿਲਾ ਮਰਣੁ ਕਬੂਲਿ ਜੀਵਨ ਕੀਛਡ ਆਸਿ ਹਉ ਸਭਨਾਂ ਕੀ ਰੇਨੁਕਾ ਤਉ ਆਉ ਹਮਾਰੇ ਪਾਸ।
ਸਿੱਖ ਧਰਮ ਨੂੰ ਧਾਰਨ ਕਰਨ ਦੀ ਇਕ ਲਲਕਾਰ ਗੁਰੂ ਨਾਨਕ ਦੇਵ ਜੀ ਨੇ ਕੀਤੀ। ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ 1412 ਅੰਗ | ਮਰਨ ਤੋਂ ਡਰਨ ਵਾਲਾ ਜੀਵਨ ਦਾ ਆਨੰਦ ਨਹੀਂ ਮਾਣ ਸਕਦਾ ਤੇ ਸੰਤ ਦੀ ਪਰੀਭਾਸ਼ਾ ਵੀ ਸੂਰਬੀਰ ਬਚਨ ਕੇ ਬਲੀ ਅੰਕਿਤ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਇਕ ਵਿਸ਼ੇਸਤਾ, ਉਨ੍ਹਾਂ ਦਾ ਅਡੋਲ ਮੈਦਾਨ ਨਾ ਛੱਡਣ ਵਾਲਾ ਸੁਬਾਅ ਭੱਟਾਂ ਵਲੋਂ ਅੰਕਿਤ ਹੈ। ਬਾਬਰ, ਹਿਮਾਯੂੰ, ਅਕਬਰ ਬਾਦਸ਼ਾਹ ਵੀ ਸਿੱਖ ਗੁਰੂ ਸਾਹਿਬਾਨ ਤੋਂ ਪ੍ਰਭਾਵਿਤ ਸਨ ਤੇ ਵਿਰੋਧੀ ਉਨ੍ਹਾਂ ਪਾਸ ਸ਼ਿਕਾਇਤਾਂ ਵੀ ਕਰਦੇ ਸਨ। ਅਕਬਰ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਸਲੀਮ ਜਹਾਂਗੀਰ ਦੇ ਨਾਂ ਤੇ 1605 ਈ ਵਿਚ ਗੱਦੀ ਤੇ ਬੈਠਾ। ਉਸਦੇ ਪੁੱਤਰ ਅਮੀਰ ਖੁਸਰੋ ਨੇ 6 ਅਪ੍ਰੈਲ 1606 ਈ. ਜਹਾਂਗੀਰ ਵਿਰੁੱਧ ਬਗਾਵਤ ਕਰ ਦਿੱਤੀ। ਦਰਿਆ ਬਿਆਸ ਪਾਰ ਕਰਕੇ ਉਹ ਗੁਰੂ ਦਰਬਾਰ ਵਿਚ ਹਾਜ਼ਰ ਹੋਇਆ । ਉਸਨੇ ਸਾਥੀਆਂ ਸਮੇਤ ਲੰਗਰ ਛਕਿਆ ਤੇ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਤੋਂ 1 ਲੱਖ ਰੁਪਏ ਦਿ ਮਦਾਦ ਦੀ ਮੰਗ ਕੀਤੀ। ਗੁਰੂ ਪਾਤਸ਼ਾਹ ਨੇ ਮਾਲੀ ਮਦਦ ਨਹੀਂ ਕੀਤੀ ਕੁਝ ਇਤਿਹਾਸਕਾਰਾਂ ਅਨੁਸਾਰ ਪੰਜ ਹਜਾਰ ਰੁਪਏ ਦਿੱਤੇ। ਜਹਾਂਗੀਰ ਉਸਦਾ ਪਿੱਛਾ ਕਰ ਰਿਹਾ ਸੀ ਤੇ ਉਸਨੂੰ ਦਿਲਾਵਰ ਖਾਂ ਸੂਬਾ ਲਾਹੌਰ ਦੀ ਮਦਦ ਨਾਲ ਭਰੋਵਾਲ ਦੀ ਲੜਾਈ ਵਿਚ ਹਰਾ ਦਿੱਤਾ ਜੋ ਬਾਅਦ ਵਿਚ ਚਨਾਬ ਪਾਰ ਕਰਦਾ ਫੜਿਆ ਗਿਆ। ਗੁਰੂ ਦੋਖੀਆਂ ਕੋਲ ਇਹ ਸਮਾਂ ਗੁਰੂ ਸਾਹਿਬ ਦਾ ਨੁਕਸਾਨ ਕਰਨ ਦਾ ਮੌਕਾ ਸੀ। ਜਿਨ੍ਹਾਂ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁੱਧ ਭੜਕਾਇਆ। ਜਹਾਂਗੀਰ ਆਪਣੀ ਸਵੈਜੀਵਨੀ ਤੁਜਕੇ ਜਹਾਂਗੀਰੀ ਦੇ ਪੰਨਾ 35 ਲਿਖਦਾ ਹੈ । ਉਨ੍ਹਾਂ ਦਿਨਾਂ ਵਿਚ ਖੁਸਰੋ ਉਸ ਰਸਤੇ ਲੰਘਿਆ ਉੱਥੇ ਪੜ੍ਹਾ ਕੀਤਾ, ਜਿਥੇ ਉਸਦਾ (ਗੁਰੂ ਅਰਜਨ ਦੇਵ ਜੀ ਦਾ) ਟਿਕਾਣਾ ਸੀ। ਕਈ ਗੱਲਾਂ ਕੀਤੀਆਂ ਤੇ ਉਸਦੇ ਮੱਥੇ ਤੇ ਆਪਣੀ ਉਂਗਲ ਨਾਲ ਕੇਸਰ ਜਿਸਨੂੰ ਹਿੰਦੂ ਤਿਲਕ ਕਹਿੰਦ ਹਨ ਦਾ ਟਿੱਕਾ ਲਗਾਇਆ।
ਜਦੋਂ ਇਹ ਖਬਰ ਮੇਰੇ ਕੰਨਾਂ ਵਿਚ ਪਹੁੰਚੀ,ਮੈਂ ਉਸਦੇ ਝੂਠ ਨੂੰ ਚੰਗੀ ਤਰਾਂ ਜਾਣਦਾ ਸਾਂ, ਮੈਂ ਹੁਕਮ ਦਿੱਤਾ ਉਸਨੂੰ ਹਾਜ਼ਰ ਕਰਨ, ਉਸਦੇ ਘਰ-ਵਾਰ ਦੇ, ਪੁੱਤਰਾਂ ਨੂੰ ਮੁਰਤਜ਼ਾ ਖਾਂ ਨੂੰ ਬਖਸ਼ ਦਿੱਤਾ ਤੇ ਉਸਦੇ ਮਹਲ, ਜਾਇਦਾਦ ਜ਼ਬਤ ਕਰਕੇ ਮੈਂ ਹੁਕਮ ਦਿੱਤਾ ਕਿ ਉਸਨੂੰ ਯਾਸਾ ਕਤਲ ਦੀ ਸਖਤ ਸਜ਼ਾ ਦਿੱਤੀ ਜਾਵੇ। ਹੋਰ ਲਿਖਦਾ ਹੈ ਗੋਇੰਦਵਾਲ ਜੋ ਕਿ ਦਰਿਆ ਦੇ ਕੰਢੇ ਤੇ ਹੈ ਵਿੱਚ ਅਰਜਨ ਨਾਮੀ ਇਕ ਹਿੰਦੂ ਪੀਰੀ ਤੇ ਸ਼ੇਖੀ ਦੇ ਭੇਸ਼ ਵਿੱਚ ਰਹਿੰਦਾ ਸੀ ਕਿਉਂ ਕਿ ਸਿੱਧੇ-ਸਾਧੇ ਹਿੰਦੂਆਂ ਵਿਚੋਂ ਸਾਰਿਆਂ ਮੂਰਖ ਤੋਂ ਬੇਅਕਲ ਮੁਸਲਮਾਨਾਂ ਨੂੰ ਵੀ ਆਪਣੀ ਬਾਣੀ ਰਹਿਤ ਦਾ ਧਾਰਨੀ ਬਣਾ ਕੇ ਆਪਣੀ ਪੀਰੀ ਤੇ ਗੁਰੂ ਬਾਣੇ ਦਾ ਢੋਲ ਬੜੇ ਜੋਰ-ਸ਼ੋਰ ਨਾਲ ਵਜਾਇਆ ਹੋਇਆ ਸੀ। ਉਸਨੂੰ ਗੁਰੂ ਕਹਿੰਦੇ ਸਨ। ਸਭਨਾਂ ਪਾਸਿਓ ਪੁਜਾਰੀਆਂ ਦੇ ਟੋਲੀਆਂ ਦੋ ਟੋਲੇ ਉਸ ਵੱਲ ਨੂੰ ਆਉਂਦੇ ਤੇ ਉਸ ਵੱਲ ਪੂਰਾ ਭਰੋਸਾ ਪ੍ਰਗਟ ਕਰਦੇ ਸਨ। ਤਿੰਨ-ਚਾਰ ਪੀੜ੍ਹੀਆਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਚਿਰ ਤੋਂ ਮੇਰੇ ਦਿਲ ਵਿੱਚ ਇਹ ਆਉਂਦਾ ਸੀ ਕਿ ਇਸ ਬੂਠੀ ਦੁਕਾਨ ਨੂੰ ਦੂਰ ਕਰ ਦਿੱਤਾ ਜਾਵੇ ਜਾਂ ਉਸਨੂੰ ਦੀਨ ਏ ਇਸਲਾਮ ਦੀ ਜਮਾਤ ਵਿਚ ਲੈ ਆਉਂਦਾ ਜਾਏ।
ਮੁਰਤਜ਼ਾ ਖਾਂ ਨੂੰ ਇਹ ਹੁਕਮ ਦੇ ਕੇ ਜਹਾਗੀਰ ਲਾਹੌਰ ਚਲਾ ਗਿਆ। ਇਸ ਉਬਾਂ ਚੰਦੂ ਵਜੀਰ ਤੋਂ ਸਾਥੀਆਂ ਨੂੰ ਗੁਰੂ ਪਾਤਸ਼ਾਹ ਪਾਸ ਬਦਲਾ ਲੈਣ ਤੋਂ ਤੰਗ ਕਰਨ ਦਾ ਮੌਕਾ ਮਿਲ ਵਿਆ। ਜਹਾਂਗੀਰ ਦੇ ਆਪਣੇ ਲਫਜਾਂ ਵਿਚ ਹੀ ਗੁਰੂ ਦੀ ਮਹਿਮਾ ਤੇ ਹਿੰਦੂ ਮੁਸਲਮਾਨਾਂ ਵਿੱਚ ਉਹਨਾ ਦੀ ਮਕਬੂਲੀਅਤ ਬਾਤ ਤੋਂ ਉਹਨਾਂ ਨੂੰ ਖਤਮ ਕਰਨ ਜਾਂ ਇਸਲਾਮ ਧਾਰਨ ਕਰਨ ਦੀ ਗੱਲ ਨਜ਼ਰ ਆਉਂਦੀ ਹੈ।
ਯਾਸਾ ਕਾਨੂੰਨ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਹੈ। ਗੁਰੂ ਪਾਤਸ਼ਾਹ ਨੇ ਇਸਲਾਮ ਧਾਰਨ ਕਰਨ, 2 ਲੱਖ ਰੁਪਏ ਜੁਰਮਾਨਾ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦਰਜ ਕਰਨ ਜਾਂ ਚੰਦੁ ਦੀ ਬੇਟੀ ਦਾ ਰਿਸ਼ਤਾ ਪਰਵਾਨ ਕਰਨ ਦੀ ਕੋਈ ਵੀ ਸ਼ਰਤ ਜੀਵਨ ਬਚਾਉਣ ਲਈ ਮੰਨਣ ਤੋਂ ਨਾਂਹ ਕਰ ਦਿੱਤੀ। ਫੇਰ ਉਨ੍ਹਾਂ ਨੂੰ ਲਾਹੌਰ ਵਿੱਚ ਹੀ ਕੈਦ ਕਰਕੇ, ਦੇਗ ਵਿੱਚ ਉਬਾਲ ਤੇ ਤੱਤੀ ਤਵੀ ਤੇ ਬਿਠਾ ਕੇ ਘੋਰ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ।22 ਜੇਠ ਸੁਦੀ ਚੌਥੀ ਸੰਮਤ 1662 ਬਿਕਰਮੀ, 30 ਮਈ 1606 ਈ. ਨੂੰ ਗੁਰੂ ਪਾਤਸ਼ਾਹ ਨੇ ਆਪਣੇ ਬਚਨ “ਪਹਿਲਾ ਮਰਨ, ਕਬੁਲਿ ਜੀਵਨ ਕੀ ਛਡ ਆਸਿ” ਨੂੰ ਪੂਰਾ ਕਰਦੇ ਸ਼ਹੀਦਾਂ ਦੇ ਸਿਰਤਾਜ ਬਣੇ। | ਗੁਰੂ ਸਾਹਿਬ ਦੀ ਅਮ੍ਰਿਤ-ਰੂਪੀ ਬਾਣੀ ਤੇ ਜੀਵਨ ਸਾਡੀ ਰਹਿਨੁਮਾਈ ਲਈ ਅੱਜ ਵੀ ਮੌਜੂਦ ਹੈ, ਜਿਸ ਤੇ ਚੱਲ ਕੇ ਅਸੀ ਆਪਣਾ ਜੀਵਨ ਸਫਲ ਕਰ ਸਕਦੇ ਹਾਂ।
test